ਸੰਪਾਦਕੀ

ਭਾਰਤ ਤੇ ਚੀਨ ਲਈ ਅਮਨ ਹੀ ਇੱਕ ਰਾਹ

Peace, Only, Way, India and China

ਭਾਵੇਂ ਫੌਜੀ ਤਾਕਤ ਦੇ ਦਾਅਵੇ ਦੋਵਾਂ ਮੁਲਕਾਂ ਵੱਲੋਂ ਅਸਿੱਧੇ ਤੌਰ ‘ਤੇ ਜਵਾਬ ਦੇ ਰੂਪ ‘ਚ ਸਮੇਂ-ਸਮੇਂ ‘ਤੇ ਕੀਤੇ ਗਏ ਹਨ ਪਰ ਅਜਿਹੀ ਬਿਆਨਬਾਜ਼ੀ ਸਰਹੱਦੀ ਮਸਲਿਆਂ ਦੇ ਪ੍ਰਸੰਗ ਤੋਂ ਬਾਹਰ ਰਹੀ ਹੈ

ਭਾਰਤ ਤੇ ਚੀਨ ਨੇ ਸਰਹੱਦਾਂ ‘ਤੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ। ਜਿਨਪਿੰਗ ਇਸ ਗੱਲ ‘ਤੇ ਸਹਿਮਤ ਹੋ ਗਏ ਹਨ ਕਿ ਅਕਤੂਬਰ ਮਹੀਨੇ ‘ਚ ਚੀਨੀ ਰੱਖਿਆ ਮੰਤਰੀ ਭਾਰਤ ਆਉਣਗੇ। ਇਸੇ ਤਰ੍ਹਾਂ ਭਾਰਤ ਵੱਲੋਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਚੀਨ ਭੇਜਿਆ ਜਾਏਗਾ।

ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੋਵਾਂ ਮੁਲਕਾਂ ਲਗਭਗ ਪਿਛਲੇ ਦੋ ਸਾਲਾਂ ਤੋਂ ਡੋਕਲਾਮ ਮਾਮਲੇ ‘ਚ ਸੰਜਮ ਤੇ ਜ਼ਿੰਮੇਵਾਰੀ ਤੋਂ ਕੰਮ ਲਿਆ ਹੈ। ਭਾਵੇਂ ਫੌਜੀ ਤਾਕਤ ਦੇ ਦਾਅਵੇ ਦੋਵਾਂ ਮੁਲਕਾਂ ਵੱਲੋਂ ਅਸਿੱਧੇ ਤੌਰ ‘ਤੇ ਜਵਾਬ ਦੇ ਰੂਪ ‘ਚ ਸਮੇਂ-ਸਮੇਂ ‘ਤੇ ਕੀਤੇ ਗਏ ਹਨ ਪਰ ਅਜਿਹੀ ਬਿਆਨਬਾਜ਼ੀ ਸਰਹੱਦੀ ਮਸਲਿਆਂ ਦੇ ਪ੍ਰਸੰਗ ਤੋਂ ਬਾਹਰ ਰਹੀ ਹੈ। ਚੀਨ ਦੇ ਸਰਕਾਰੀ ਅਖ਼ਬਾਰ ਦੀ ਭਾਸ਼ਾ ਭਾਰਤ ਪ੍ਰਤੀ ਤਿੱਖੀ ਰਹੀ ਹੈ ਫਿਰ ਵੀ ਡਿਪਲੋਮੈਟਿਕ ਪੱਧਰ ‘ਤੇ ਕਿਸੇ ਤਰ੍ਹਾਂ ਤਲਖ਼ੀ ਤੋਂ ਬਚਾਅ ਹੀ ਰਿਹਾ ਹੈ।

ਆਪਸੀ ਗੱਲਬਾਤ ਤੋਂ ਬਿਨਾ ਹੁਣ ਕੋਈ ਚਾਰਾ ਵੀ ਨਹੀਂ ਸ਼ਾਇਦ ਇਸੇ ਕਰਕੇ ਹੀ ਦੋਵਾਂ ਮੁਲਕਾਂ ਦੇ ਆਗੂਆਂ ਦਰਮਿਆਨ ਗੈਰ-ਰਸਮੀ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਹੋਇਆ। ਚੀਨ ਦੁਨੀਆ ਦੀ ਤਾਕਤਵਰ ਆਰਥਿਕ ਤੇ ਫੌਜੀ ਤਾਕਤ ਹੈ। ਚੀਨ ਲਈ ਭਾਰਤ ਵੱਡਾ ਬਜ਼ਾਰ ਹੈ ਫਿਰ ਵੀ ਚੀਨ ਦੀਆਂ ਨੀਤੀਆਂ ‘ਚ ਸਾਮਰਾਜਵਾਦ ਦੀ ਝਲਕ ਭਾਰਤ ਲਈ ਚੁਣੌਤੀ ਹੈ। ਇਸ ਦੇ ਬਾਵਜ਼ੂਦ ਦੋਵਾਂ ਮੁਲਕਾਂ ਦਰਮਿਆਨ ਵਪਾਰ ਵਧ ਰਿਹਾ ਹੈ।

ਇਸ ਲਈ ਚੀਨ ਨੂੰ ਇਹ ਸਮਝਣਾ ਪਵੇਗਾ ਕਿ ਉਹ ਭਾਰਤ ਦੀ ਘੇਰਾਬੰਦੀ ਕਰਕੇ ਸਰਹੱਦਾਂ ‘ਤੇ ਤਣਾਅ ਪੈਦਾ ਕਰਕੇ ਭਾਰਤੀ ਬਜ਼ਾਰਾਂ ‘ਚ ਆਪਣੇ ਪੈਰ ਨਹੀਂ ਪਸਾਰ ਸਕਦਾ।  ਚੀਨ ਨੂੰ ਆਪਣੀਆਂ ਭਾਰਤ ਵਿਰੋਧੀ ਸਰਗਰਮੀਆਂ ਦਾ ਅਹਿਸਾਸ ਵੀ ਹੋ ਚੁੱਕਾ ਹੈ। ਪਿਛਲੇ ਸਾਲਾਂ ‘ਚ ਚੀਨੀ ਮਾਲ ਦੀ ਵਿੱਕਰੀ ਦਾ ਭਾਰਤੀ ਜਨਤਾ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ, ਜਿਸ ਨਾਲ ਚੀਨੀ ਮਾਲ ਬਜ਼ਾਰਾਂ ‘ਚੋਂ ਅਲੋਪ ਹੋ ਗਿਆ ਕੁਝ ਹੀ ਦਿਨਾਂ ‘ਚ ਚੀਨੀ ਆਰਥਿਕਤਾ ਬੁਰੀ ਤਰ੍ਹਾਂ ਹੇਠਾਂ ਡਿੱਗ ਪਈ ਵਿਸ਼ਵੀਕਰਨ ਦੇ ਦੌਰ ‘ਚ ਧੌਂਸ ਲਈ ਕੋਈ ਥਾਂ ਨਹੀਂ ਤੇ ਇਸ ਗੱਲ ਦਾ ਅਹਿਸਾਸ ਅਮਰੀਕਾ ਸਮੇਤ ਹੋਰ ਅਮੀਰ ਮੁਲਕਾਂ ਨੂੰ ਵੀ ਹੈ।

ਸਹਿ-ਅਸਤੀਤਵ ਦੀ ਧਾਰਨਾ ਤੋਂ ਬਿਨਾ ਵਪਾਰਕ ਸਾਂਝ ਦਾ ਕੋਈ ਅਧਾਰ ਹੀ ਨਹੀਂ ਭਾਰਤ ਦੀ ਚੀਨ ਸਬੰਧੀ ਨੀਤੀ ਦੀ ਇਹ ਇੱਕ ਪ੍ਰਾਪਤੀ ਹੈ ਕਿ ਇਸ ਗੁਆਂਢੀ ਮੁਲਕ ਨਾਲ ਬਰਾਬਰੀ ਦੇ ਅਧਾਰ ‘ਤੇ ਰਿਸ਼ਤੇ ਬਣਾਏ ਜਾ ਰਹੇ ਹਨ। ਚੀਨ ਦੇ ਵਨ ਰੋਡ ਵਨ ਬੈਲਟ ਨੂੰ ਵੀ ਭਾਰਤ ਨੇ ਅਸਵੀਕਾਰ ਕਰਕੇ ਆਪਣੀ ਖੁਦਮੁਖਤਿਆਰੀ ਨੂੰ ਬਰਕਰਾਰ ਰੱਖਿਆ ਹੈ। ਚੀਨ ਨਾਲ ਨੇੜਤਾ ਰਾਹੀਂ ਪਾਕਿਸਤਾਨ ਨਾਲ ਨਜਿੱਠਣ ਦੀ ਰਣਨੀਤੀ ਵੀ ਮਜ਼ਬੂਤ ਹੋਈ ਹੈ। ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਤੇ ਵਿਵਾਦਾਂ ਨੂੰ ਆਪਸੀ ਸਹਿਮਤੀ ਨਾਲ ਹੀ ਸੁਲਝਾਇਆ ਜਾ ਸਕਦਾ ਹੈ। ਇਹ ਗੱਲ ਚੀਨ ਸਮੇਤ ਪਾਕਿਸਤਾਨ ‘ਚ ਆਮ ਚੋਣਾਂ ‘ਚ ਉੱਭਰੀ ਸਭ ਤੋਂ ਵੱਡੀ ਪਾਰਟੀ ਦਾ ਆਗੂ ਵੀ ਕਹਿ ਰਿਹਾ ਹੈ। ਗੱਲ ਸਹੀ ਦਿਸ਼ਾ ਵੱਲ ਤੁਰ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top