ਕਵਿਤਾਵਾਂ

ਕਾਵਿ-ਕਿਆਰੀ

ਨਿੱਘ ਅਪਣੱਤ ਦਾ
ਕੁਝ ਮਾਣ ਕਰੀਂਦੇ ਅਹੁਦਿਆਂ ਦਾ,
ਕੁਝ ਪੁੱਤ ਆਉਂਦੇ ਤਾਈਂ ਮੋਢਿਆਂ ਦਾ
ਕੁਝ ਮਾਣ ਕਰੀਂਦੇ ਭੋਆਂ ਦਾ,
ਕੁਝ ਕੁਰਸੀ ਨੂੰ ਪੈਂਦੇ ਫੋਆਂ ਦਾ
ਕਿਹੜੇ ਪੱਤਰ ਪਿਆਰ ਦੇ ਢੂੰੁਡਣ ਲਈ,
ਮੈਂ ਜੰਗਨਾਮੇ ਪਿਆ ਫਰੋਲਦਾ ਹਾਂ
ਇਨ੍ਹਾਂ ਘਮਸਾਨੀ ਤੇ ਫਾਨੀ ਮੂਰਤਾਂ ‘ਚੋਂ,
ਕਿਹੜਾ ਨਿੱਘ ਅਪਣੱਤ ਦਾ ਟੋਲਦਾ ਹਾਂ
ਇਨ੍ਹਾਂ ਭਖ਼ਦੇ, ਬਲਦੇ ਕੋਲ਼ਿਆਂ ‘ਤੇ,
ਭਰ ਬੁੱਕ ਮੋਹਾਂ ਦੇ ਡੋਲ੍ਹਦਾ ਹਾਂ
ਕੁਝ ਮਾਣ ਕਰੀਂਦੇ ਬਾਣਿਆਂ ਦਾ,
ਕੁਝ ਰੱਜੇ-ਪੁੱਜੇ ਲਾਣਿਆਂ ਦਾ
ਕੁੱਝ ਖੁੱਲ੍ਹ ਗਏ ਰਸਤੇ ਚੌਹਾਂ ਦਾ,
ਕੁਝ ਕਰਦੇ ਪੁੱਤਾਂ-ਨੂੰਹਾਂ ਦਾ
ਮਰ ਗਿਆ ਮੈਂ ਹੇਠਾਂ ਆ ਕੇ ਉਹ,
ਕਿਹੜਾ ਰੱਬ ਦਾ ਸ਼ੁਕਰ ਟਟੋਲਦਾ ਹਾਂ
ਇਨ੍ਹਾਂ ਘਮਸਾਨੀ ਤੇ ਫਾਨੀ ਮੂਰਤਾਂ ‘ਚੋਂ,
ਕਿਹੜਾ ਨਿੱਘ ਅਪਣੱਤ ਦਾ ਟੋਲਦਾ ਹਾਂ
ਕੁਝ ਕਰਦੇ ਕੋਠੀਆਂ-ਕਾਰਾਂ ਦਾ,
ਕੁਝ ਕਰਦੇ ਬੇਲੀ-ਯਾਰਾਂ ਦਾ
ਕੁਝ ਕਰਨ ਪਏ ਚੰਗੀਆਂ ਫ਼ਸਲਾਂ ਦਾ,
ਕੁਝ ਪਸ਼ੂਆਂ ਦੀਆਂ ਚੰਗੀਆਂ ਨਸਲਾਂ ਦਾ
ਕਦੇ ਆਖਾਂ ਖੁਦ ਨੂੰ ਛੱਡ ਝੱਲਿਆ,
ਕਿਉਂ ਦੂਜਿਆਂ ਦੇ ਔਗੁਣ ਫੋਲਦਾ ਹਾਂ
ਇਨ੍ਹਾਂ ਘਮਸਾਨੀ ਤੇ ਫਾਨੀ ਮੂਰਤਾਂ ‘ਚੋਂ,
ਕਿਹੜਾ ਨਿੱਘ ਅਪਣੱਤ ਦਾ ਟੋਲਦਾ ਹਾਂ
ਕੁਝ ਕਰਦੇ ਸੋਹਣੇ ਰੂਪਾਂ ਦਾ,
ਕੁਝ ਵੱਡੀਆਂ ਛਕੀਆਂ ਫੂਕਾਂ ਦਾ
ਕੁਝ ਕਰਦੇ ਗੂੜ੍ਹੇ ਮੋਹ ਪਿਆਂ ਦਾ,
ਕੁਝ ਕਰਦੇ ਮਹਿੰਗੇ ਤੋਹਫ਼ਿਆਂ ਦਾ
ਮੈਂ ਆਖਿਆ ਖੁਦ ਨੂੰ ਮੋਹ ਮਤਲਬੀ ਨੇ,
ਕਾਹਨੂੰ ‘ਸੁਖਪ੍ਰੀਤ’ ਜ਼ਜ਼ਬਾਤ ਪਿਆ ਰੋਲਦਾ ਹਾਂ
ਇਨ੍ਹਾਂ ਘਮਸਾਨੀ ਤੇ ਫਾਨੀ ਮੂਰਤਾਂ ‘ਚੋਂ,
ਕਿਹੜਾ ਨਿੱਘ ਅਪਣੱਤ ਦਾ ਟੋਲਦਾ ਹਾਂ
ਸੁਖਪ੍ਰੀਤ ਸਿੰਘ, ਪੱਕੀ ਟਿੱਬੀ
(ਸ੍ਰੀ ਮੁਕਤਸਰ ਸਾਹਿਬ)
ਮੋ. 94680-65631

ਆਇਆ ਸਾਉਣ ਮਹੀਨਾ
ਚੜ੍ਹ ਆਇਆ ਸਾਉਣ ਮਹੀਨਾ ਜੀ, ਠੰਢ ਵਰਤਾਉਣ ਲਈ,
ਪਿੰਡ ਪੇਕਿਆਂ ਦੇ ਆਈਆਂ ਕੁੜੀਆਂ ਤੀਆਂ ਲਾਉਣ ਲਈ
ਭਾਗਾਂ ਵਾਲੀਆਂ ਵੀਰ ਜਿਨ੍ਹਾਂ ਨੂੰ ਸਹੁਰਿਆਂ ਤੋਂ ਲੈ ਆਏ ਨੇ,
ਸੰਧਾਰਾ ਤੀਆਂ ਦਾ ਮੱਠੀਆਂ-ਗੁਲਗੁਲੇ, ਬਿਸਕੁਟ ਵੀ ਦੇ ਆਏ ਨੇ
ਬੋਹੜਾਂ-ਪਿੱਪਲਾਂ ਦੇ ਨਾਲ ਪਾ ਕੇ ਪੀਂਘ ਚੜ੍ਹਾਉਣ ਲਈ,
ਪਿੰਡ ਪੇਕਿਆਂ ਦੇ ਆਈਆਂ ਕੁੜੀਆਂ ਤੀਆਂ ਲਾਉਣ ਲਈ
ਚੂੜੇ ਪਾਏ ਮਹਿੰਦੀਆਂ ਲਾਈਆਂ ਨੱਚਦੀਆਂ ਸੱਜ ਵਿਆਹੀਆਂ ਨੇ,
ਜਿਉਂਦਾ ਰਹਿ ਵੇ ਸਾਵਣ ਵੀਰਾ ਵਿੱਛੜੀਆਂ ਸਭ ਮਿਲਾਈਆਂ ਨੇ
ਕੁਝ ਬੈਠੀਆਂ ਅੰਮੜੀ ਦੇ ਕੋਲ ਆਪਣਾ ਦੁੱਖ ਵੰਡਾਉਣ ਲਈ,
ਪਿੰਡ ਪੇਕਿਆਂ ਦੇ ਆਈਆਂ ਕੁੜੀਆਂ ਤੀਆਂ ਲਾਉਣ ਲਈ
ਇੱਕ-ਦੂਜੀ ਨੂੰ ਮਿਲਣ ਸਹੇਲੀਆਂ ਗਲ ਨਾਲ ਲਾ-ਲਾ ਕੇ,
ਦੁੱਖ-ਸੁੱਖ ਨਣਦਾਂ ਦੇ ਫੋਲਦੀਆਂ ਕਈ ਬੋਲੀਆਂ ਪਾ-ਪਾ ਕੇ
‘ਕੱਠੀਆਂ ਹੋ ਕੇ ਵਿੱਚ ਪਿੜਾਂ ਦੇ ਗਿੱਧਾ ਪਾਉਣ ਲਈ,
ਪਿੰਡ ਪੇਕਿਆਂ ਦੇ ਆਈਆਂ ਕੁੜੀਆਂ ਤੀਆਂ ਲਾਉਣ ਲਈ
ਕੁੜੀਆਂ ਚਿੜੀਆਂ, ਪੰਛੀ, ਭੌਰੇ  ਗੀਤ ਸਾਉਣ ਦੇ ਗਾਉਂਦੇ ਨੇ,
ਵੇਖ ਘਟਾਵਾਂ ਕੋਇਲਾਂ ਕੂਕਣ, ਮੋਰ ਵੀ ਪੈਲਾਂ ਪਾਉਂਦੇ ਨੇ
ਬਿਜਲੀ ਲਿਸ਼ਕੇ, ਬੱਦਲ ਗਰਜਣ, ਮੀਂਹ ਵਰਸਾਉਣ ਲਈ,
ਪਿੰਡ ਪੇਕਿਆਂ ਦੇ ਆਈਆਂ ਕੁੜੀਆਂ ਤੀਆਂ ਲਾਉਣ ਲਈ
ਸੁਖੀ ਵੱਸੇ ਬਾਬਲ ਦਾ ਖੇੜਾ ਸੁੱਖਾਂ ਸੁੱਖਣ ਨਿਮਾਣੀਆਂ ਏ,
ਮਾਪਿਆਂ ਸਿਰ ‘ਤੇ ਬਾਬਲ ਵਿਹੜੇ, ਭੁੱਲਣ ਨਾ ਮੌਜਾਂ ਮਾਣੀਆਂ ਨੇ
ਸਾਨੂੰ ਲੈ ਆਈਂ ‘ਬੰਗੜ’ ਵੀਰਾ ਵੇ ਪਿੰਡ ਕੱਟੂ, ਆਉਂਦੇ ਸਾਉਣ ਲਈ,
ਪਿੰਡ ਪੇਕਿਆਂ ਦੇ ਆਈਆਂ ਕੁੜੀਆਂ ਤੀਆਂ ਲਾਉਣ ਲਈ
ਮੱਘਰ ਸਿੰਘ ਬੰਗੜ,
ਕੱਟੂ (ਬਰਨਾਲਾ)
ਮੋ. 94646-97297

ਹਰ ਪਾਸੇ ਖੁਸ਼ਹਾਲੀ
ਸਾਉਣ ਮਹੀਨਾ ਚੜ੍ਹਿਆ ਹਰ ਪਾਸੇ ਹੈ ਖੁਸ਼ਹਾਲੀ,
ਲੰਮੀਆਂ ਹੋਈਆਂ ਮੱਕੀਆਂ-ਚਰ੍ਹੀਆਂ ਖੇਤਾਂ ਵਿੱਚ ਹਰਿਆਲੀ
ਮੀਂਹ ਦੇ ਨਾਲ ਕਿਸਾਨਾਂ ਦਾ ਚਿਹਰਾ ਹੈ ਮੁਸਕੁਰਾਇਆ,
ਦੇਖੋ ਸਾਉਣ ਮਹੀਨਾ ਆਇਆ….
ਸਾਉਣ ਮਹੀਨਾ ਦਿਨ ਤੀਆਂ ਦੇ ਕੁੜੀਆਂ ਪੀਂਘਾਂ ਪਾਈਆਂ,
ਕਈ ਕੁਆਰੀਆਂ ਝੂਟਣ ਪੀਂਘਾਂ ਕਈ ਨੇ ਸੱਜ ਵਿਆਹੀਆਂ
ਭੈਣਾਂ ਨੂੰ ਵੀਰ ਤੀਆਂ ਦੇ ਲਈ ਸਾਹੁਰਿਆਂ ਤੋਂ ਲੈ ਆਇਆ,
ਦੇਖੋ ਸਾਉਣ ਮਹੀਨਾ ਆਇਆ….
ਤ੍ਰਿੰਝਣਾਂ ਵਿੱਚ ਚਰਖਾ ਕੱਤਣ ਕੁੜੀਆਂ ਨਾਲੇ ਕੱਢਣ ਫੁਲਕਾਰੀ,
ਰੰਗ-ਬਿਰੰਗੇ ਫੁੱਲਾਂ ਦੇ ਨਾਲ ਸੁੰਦਰ ਪਈਆ ਅਹੁ ਸ਼ਿੰਗਾਰੀ
ਫੁਲਕਾਰੀ Àੁੱਤੇ ਫੁੱਲਾਂ ਦੇ ਨਾਲ ਸੋਹਣਾ ਹੈ ਬਾਗ ਸਜਾਇਆ,
ਦੇਖੋ ਸਾਉਣ ਮਹੀਨਾ ਆਇਆ….
ਬੱਦਲ ਦੇ ਗਰਜਣ ਦੇ ਮਗਰੋਂ ਵਰਖਾ ਹੈ ਫਿਰ ਆਉਂਦੀ,
ਵਰਖਾ ਮੌਸਮ ਠੰਢਾ ਕਰਦੀ ਸੀਨੇ ਠੰਢ ਹੈ ਪਾਉਂਦੀ
ਗਰਮੀ ਤੋਂ ਠੰਢਕ ਪਾ ਕੇ ਰੱਬ ਦਾ ਸ਼ੁਕਰ ਮਨਾਇਆ,
ਦੇਖੋ ਸਾਉਣ ਮਹੀਨਾ ਆਇਆ….
ਕਿਧਰੇ ਗੁਲਗੁਲੇ ਪੂੜੇ ਪੱਕਦੇ ਕਿਤੇ ਹੈ ਰਿੱਝਦੀ ਖੀਰ,
ਖਾ ਕੇ ਮਿੱਠੇ ਪਕਵਾਨ ‘ਡਿੰਪੀ’ ਨੂੰ ਮਜਾ ਆ ਗਿਆ ਅਖ਼ੀਰ
ਮਿੱਠੀ ਖੁਸ਼ਬੋ ਨਾਲ ਸਭ ਦੇ ਮੂੰਹ ਪਾਣੀ ਭਰ ਆਇਆ,
ਦੇਖੋ ਸਾਉਣ ਮਹੀਨਾ ਆਇਆ….

ਕਮਲਜੀਤ ਇੰਸਾਂ ‘ਡਿੰਪੀ’,
ਡੂਡੀਆਂ (ਸੰਗਰੂਰ)
ਮੋ. 92177-70009

ਪ੍ਰਸਿੱਧ ਖਬਰਾਂ

To Top