Breaking News

ਪੰਜ ਖਿਲਾਫ਼ ਮਾਮਲਾ ਦਰਜ ਹੋਣ ‘ਤੇ ਪਰਿਵਾਰ ਨੇ ਕੀਤਾ ਅੰਤਿਮ ਸੰਸਕਾਰ

Punjab,Police, Register, Case, Accused, Funeral 

ਮਾਮਲਾ ਪੁਲਿਸ ਹਿਰਾਸਤ ‘ਚ ਹੋਈ ਬਜ਼ੁਰਗ ਦੀ ਮੌਤ ਦਾ
ਸਿਵਲ ਹਸਪਤਾਲ ਬਣਿਆ ਪੁਲਿਸ ਛਾਉਣੀ
ਤਿੰਨ ਪੁਲਿਸ ਮੁਲਾਜ਼ਮਾਂ ਸਣੇ ਪੰਜ ਖ਼ਿਲਾਫ਼ 302 ਆਈਪੀਸੀ ਤਹਿਤ ਮਾਮਲਾ ਦਰਜ

ਸੁਨੀਲ ਚਾਵਲਾ/ਮਨੋਜ/ਜਗਸੀਰ
ਸਮਾਣਾ/ਘੱਗਾ, 3 ਜਨਵਰੀ
ਪਿੰਡ ਬੇਲੂਮਾਜਰਾ ਦੇ ਇੱਕ 70 ਸਾਲਾ ਬਜ਼ੁਰਗ ਦੀ ਪੁਲਿਸ ਹਿਰਾਸਤ ‘ਚ ਹੋਈ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਕਥਿਤ ਦੋਸ਼ੀ ਪੁਲਿਸ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਸਬੰਧੀ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਨਾ ਲੈਣ ਦੀ ਗੱਲ ‘ਤੇ ਅੜ ਗਏ, ਜਿਸ ਕਾਰਨ ਮਾਹੌਲ ਕਾਫ਼ੀ ਤਨਾਅਪੂਰਨ ਬਣਿਆ ਰਿਹਾ। ਪਾਤੜਾਂ ਦੇ ਐਸਡੀਐਮ, ਡੀਐਸਪੀ ਅਤੇ ਸਮਾਣਾ ਦੇ ਡੀਐਸਪੀ ਵੱਲੋਂ ਦੋਸ਼ੀਆਂ ਨੂੰ ਤੁਰੰਤ ਸਸਪੈਂਡ ਕਰਨ, ਵਿਭਾਗੀ ਕਾਰਵਾਈ ਦੇ ਨਾਲ ਨਾਲ ਉਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 302 ਤਹਿਤ ਮਾਮਲਾ ਦਰਜ ਹੋਣ ‘ਤੇ ਛੇਤੀ ਹੀ ਕਥਿਤ ਦੋਸ਼ੀ ਪੁਲਿਸ ਮੁਲਾਜ਼ਮਾਂ ਸਣੇ ਹੋਰਾਂ ਦੀ ਗ੍ਰਿਫ਼ਤਾਰੀ ਦਾ ਭਰੋਸਾ ਦਵਾਉਣ ਉਪਰੰਤ ਲਾਸ਼ ਦਾ ਸੰਸਕਾਰ ਕੀਤਾ।

ਜਾਣਕਾਰੀ ਅਨੁਸਾਰ ਸਥਾਨਕ ਸਿਵਲ ਹਸਪਤਾਲ ਵਿਖੇ ਅੱਜ ਸਵੇਰ ਬੇਲੁਮਾਜਰਾ ਦੇ ਬਜ਼ੁਰਗ ਹਰਨੇਕ ਸਿੰਘ ਜਿਸ ਦੀ ਪੁਲਿਸ ਹਿਰਾਸਤ ਵਿਚ ਮੌਤ ਹੋ ਗਈ ਸੀ, ਦੀ ਲਾਸ਼ ਦਾ ਪੋਸਟਮਾਰਟਮ ਹੋਣਾ ਸੀ, ਜਿਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਸਣੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਹੋਰ ਲੋਕ ਸਿਵਲ ਹਸਪਤਾਲ ਪੁਜੇ ਹੋਏ ਸਨ ਦੂਜੇ ਪਾਸੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪੁਲਿਸ ਨੇ ਵੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਹੋਈ ਸੀ। ਮ੍ਰਿਤਕ ਦੇ ਲੜਕੇ ਸੁਖਵਿੰਦਰ ਸਿੰਘ ਅਤੇ ਭਤੀਜੇ ਗੁਰਨਾਮ ਸਿੰਘ ਨੇ ਦੱਸਿਆ ਕਿ ਸਾਦੇ ਕੱਪੜਿਆਂ ‘ਚ ਆਏ ਪੁਲਿਸ ਮੁਲਾਜ਼ਮਾਂ ਨੇ ਝੂਠੇ ਦੋਸ਼ ਤਹਿਤ ਉਸ ਦੇ ਪਿਤਾ ਨੂੰ ਧਰਮਸ਼ਾਲਾ ਵਿੱਚੋਂ ਮਾਰਕੁੱਟ ਕਰਕੇ ਗ੍ਰਿਫ਼ਤਾਰ ਕਰ ਲਿਆ ਤੇ ਗੱਡੀ ਵਿੱਚ ਸੁੱਟ ਕੇ ਲੈ ਗਏ।

ਉਸ ਨੇ ਦੱਸਿਆ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਹਾਲਾਂਕਿ ਪ੍ਰਸ਼ਾਸਨ ਕਾਫ਼ੀ ਸਮਾਂ ਉਨ੍ਹਾਂ ਨੂੰ ਸਮਝਾਉਂਦਾ ਰਿਹਾ ਪਰ ਉਹ ਇਸੇ ਗੱਲ ‘ਤੇ ਅੜੇ ਰਹੇ ਕਿ ਪਹਿਲਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਕੀਤੀ ਜਾਵੇ ਜਿਸ ਤੋਂ ਬਾਅਦ ਹੀ ਉਹ ਆਪਣੇ ਬਜ਼ੁਰਗ ਦਾ ਅੰਤਿਮ ਸੰਸਕਾਰ ਕਰਨਗੇ।

ਬਾਅਦ ਵਿਚ ਐਸਡੀਐਮ ਪਾਤੜਾਂ ਕਾਲਾ ਰਾਮ ਕਾਂਸਲ, ਡੀਐਸਪੀ ਡੀ  ਸੁਖਵਿੰਦਰ ਸਿੰਘ ਚੋਹਾਣ, ਡੀਐਸਪੀ ਪਾਤੜਾਂ ਦਵਿੰਦਰ ਸਿੰਘ ਅੱਤਰੀ, ਡੀਐਸਪੀ ਸਮਾਣਾ ਰਾਜਵਿੰਦਰ  ਸਿੰਘ ਰੰਧਾਵਾ, ਤਹਿਸੀਲਦਾਰ ਸਮਾਣਾ ਰਾਮ ਕ੍ਰਿਸ਼ਨ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸਮਝਾਇਆ ਕਿ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਵਿਭਾਗ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਤਿੰਨੇ ਪੁਲਿਸ ਮੁਲਾਜ਼ਮਾਂ ਸਣੇ ਪੰਜ ਦੋਸ਼ੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਬਜ਼ੁਰਗ ਨੂੰ ਚੁੱਕ ਕੇ ਲਿਆਉਣ ਵਾਲੇ ਤਿੰਨੇ ਪੁਲਿਸ ਮੁਲਾਜ਼ਮ ਮੁਅੱਤਲ

ਖੁਸ਼ਵੀਰ ਸਿੰਘ ਤੂਰ
ਪਟਿਆਲਾ
ਪਟਿਆਲਾ ਦੇ ਘੱਗਾ ਨੇੜਲੇ ਪਿੰਡ ਬੇਲੂਮਾਜਰਾ ਵਿਖੇ ਪੁਲਿਸ ਹਿਰਾਸਤ ‘ਚ ਬਜੁਰਗ ਦੀ ਹੋਈ ਮੌਤ ਸਬੰਧੀ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਂਜ ਅਜੇ ਉਕਤ ਪੁਲਿਸ ਮੁਲਾਜ਼ਮ ਪੁਲਿਸ ਦੀ ਗ੍ਰਿਫ਼ਤ ‘ਚੋਂ ਬਾਹਰ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਐਸ. ਭੁਪਤੀ ਨੇ ਦੱਸਿਆ ਕਿ ਮੁਅੱਤਲ ਮੁਲਜ਼ਮਾਂ ਵਿੱਚ ਹੌਲਦਾਰ ਭੋਲਾ ਸਿੰਘ, ਗੁਰਮੇਲ ਸਿੰਘ ਤੇ ਜਸਵਿੰਦਰ ਸਿੰਘ ਸ਼ਾਮਲ ਹਨ।

ਉਂਜ ਪੁਲਿਸ ਵੱਲੋਂ ਪੰਜ ਜਣਿਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਤਿੰਨ ਬਕਾਇਦਾ ਨਾਂਅ ਸਮੇਤ ਜਦਕਿ 2 ਅਣਪਛਾਤੇ ਸ਼ਾਮਲ ਸਨ। ਇਨ੍ਹਾਂ ਤਿੰਨਾਂ ਪੁਲਿਸ ਮੁਲਾਜ਼ਮਾਂ ਦੀ ਅਜੇ ਗ੍ਰਿਫਤਾਰੀ ਨਹੀਂ ਹੋਈ ਤੇ ਪੁਲਿਸ ਵੱਲੋਂ ਜਲਦੀ ਗ੍ਰਿਫਤਾਰ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਨ੍ਹਾਂ ਪੁਲਿਸ ਮੁਲਾਜ਼ਮਾਂ ਵੱਲੋਂ ਸਿਵਲ ਕੱਪੜਿਆਂ ‘ਚ ਬੀਤੇ ਦਿਨੀਂ ਬੇਲੂਮਾਜਰਾ ਦੇ ਬਜ਼ੁਰਗ ਹਰਨੇਕ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਕਤ ਪੁਲਿਸ ਮੁਲਾਜ਼ਮ ਰਸਤੇ ਵਿੱਚ ਹੀ ਗੱਡੀ ਨੂੰ ਛੱਡ ਕੇ ਫਰਾਰ ਹੋ ਗਏ ਸਨ। ਇਹ ਮਾਮਲਾ ਬੁਰੀ ਤਰ੍ਹਾਂ ਉਲਝ ਗਿਆ ਸੀ ਅਤੇ ਲੋਕਾਂ ਨੇ ਘੱਗਾ ਨੇੜੇ ਰੋਡ ਜਾਮ ਕਰਕੇ ਪੁਲਿਸ ਦੀਆਂ ਗੱਡੀਆਂ ਨੂੰ ਵੀ ਪਲਟਾ ਦਿੱਤਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top