Breaking News

ਘੜ੍ਹਾਮ ਦੇ ਵਿਕਾਸ ਲਈ ਤਜਵੀਜ਼ ਬਣਾਈ ਜਾਵੇਗੀ : ਸੁਰੇਸ਼ ਕੁਮਾਰ

ਆਈਜੀ ਰਾਏ, ਡਾਇਰੈਕਟਰ ਲੋਕ ਸੰਪਰਕ ਅਨਿੰਨਦਿਤਾ ਮਿੱਤਰਾ, ਡੀਸੀ, ਐੱਸਐੱਸਪੀ ਸਮੇਤ ਵੱਡੀ ਗਿਣਤੀ ਪਟਿਆਲਵੀਆਂ ਵੱਲੋਂ ਸ਼ਿਰਕਤ

ਪਟਿਆਲਾ ਫਾਊਂਡੇਸ਼ਨ ਵੱਲੋਂ ‘ਆਈ ਹੈਰੀਟੇਜ’ ਪ੍ਰੋਜੈਕਟ ਤਹਿਤ ‘ਗੋ ਯੂਨੈਸਕੋ’ ਨਾਲ ਸਾਂਝਾ ਉਪਰਾਲਾ

ਪਟਿਆਲਾ
ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨੇ ਕਿਹਾ ਹੈ ਕਿ ਵਿਰਾਸਤੀ ਤੇ ਇਤਿਹਾਸਕ ਪਿੰਡ ਘੜ੍ਹਾਮ ਨੂੰ ਪੰਜਾਬ ਸਰਕਾਰ ਦੀ ਵਿਰਾਸਤੀ ਪਿੰਡਾਂ ਨੂੰ ਵਿਕਸਤ ਕਰਨ ਤੇ ਇਨ੍ਹਾਂ ਦੀ ਜਾਣਕਾਰੀ ਸਾਰੇ ਨਾਗਰਿਕਾਂ ਨੂੰ ਦੇਣ ਵਾਲੀ ਸਕੀਮ ਤਹਿਤ ਵਿਕਸਤ ਕਰਨ ਦੀ ਤਜਵੀਜ਼ ਬਣਾ ਕੇ ਉਸਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਨਜੂਰ ਕਰਵਾਇਆ ਜਾਵੇਗਾ। ਸ੍ਰੀ ਸੁਰੇਸ਼ ਕੁਮਾਰ ਅੱਜ ਵਿਸ਼ਵ ਵਿਰਾਸਤ ਦਿਵਸ ਮੌਕੇ ਪਟਿਆਲਾ ਦੀ ਇੱਕ ਨਿੱਜੀ ਸੰਸਥਾ ਪਟਿਆਲਾ ਫਾਊਂਡੇਸ਼ਨ ਵੱਲੋਂ ‘ਆਈ ਹੈਰੀਟੇਜ’ ਪ੍ਰੋਜੈਕਟ ਤਹਿਤ ‘ਗੋ ਯੂਨੈਸਕੋ’ ਸੰਸਥਾ ਨਾਲ ਮਿਲਕੇ ਆਮ ਲੋਕਾਂ ਨੂੰ ਵਿਰਾਸਤੀ ਥਾਵਾਂ ਬਾਰੇ ਜਾਗਰੂਕ ਕਰਨ ਲਈ ‘ਮੇਕ ਹੈਰੀਟੇਜ ਫਨ 2018’ ਨਾਂਅ ਦੀ ਕਰਵਾਈ ਗਈ ਤੀਸਰੀ ਵਿਰਾਸਤੀ ਸੈਰ ਦੌਰਾਨ ਪੰਜਾਬ ਤੇ ਹਰਿਆਣਾ ਦੀ ਹੱਦ ‘ਤੇ ਵਸੇ ਪਟਿਆਲਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਘੜ੍ਹਾਮ ਵਿਖੇ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖ਼ੁਦ ਇੱਕ ਇਤਿਹਾਸਕਾਰ ਤੇ ਵਿਰਾਸਤ ਨੂੰ ਪਿਆਰ ਕਰਨ ਵਾਲੀ ਸ਼ਖ਼ਸੀਅਤ ਹਨ, ਇਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਘੜ੍ਹਾਮ ਦੇ ਵਸਨੀਕਾਂ ਦੀ ਮੰਗ ‘ਤੇ ਇਸਨੂੰ ਵਿਕਸਤ ਕਰਨ ਦੀ ਮਨਜੂਰੀ ਦੇ ਦੇਣਗੇ। ਉਨ੍ਹਾਂ ਦੱਸਿਆ ਕਿ ਘੜ੍ਹਾਮ ਵਿਖੇ ਮਾਤਾ ਕੌਸ਼ੱਲਿਆ ਦੇ ਨਾਂਅ ‘ਤੇ ਕਾਲਜ, ਗੇਟ, ਸਟਰੀਟ ਲਾਈਟਾਂ, ਵਿਰਾਸਤੀ ਥਾਵਾਂ ‘ਤੇ ਉਨ੍ਹਾਂ ਨੂੰ ਜੋੜਦੇ ਰਸਤਿਆਂ ਦੀ ਨਿਸ਼ਾਨਦੇਹੀ ਆਦਿ ਲਈ ਡਿਪਟੀ ਕਮਿਸ਼ਨਰ ਪਟਿਆਲਾ ਇੱਕ ਤਜਵੀਜ਼ ਬਣਾ ਕੇ ਭੇਜਣਗੇ, ਜਿਸ ਨੂੰ ਮੁੱਖ ਮੰਤਰੀ ਕੋਲ ਭੇਜਿਆ ਜਾਵੇਗਾ। ਇਸ ਵਿਰਾਸਤੀ ਸੈਰ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸੁਰੇਸ਼ ਕੁਮਾਰ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਨਾਂਗੀਆ ਸਮੇਤ ਪਟਿਆਲਾ ਜੋਨ ਦੇ ਆਈਜੀ ਏ. ਐੱਸ. ਰਾਏ, ਸੂਚਨਾ ਤੇ ਲੋਕ ਸੰਪਰਕ ਵਿਭਾਗ ਤੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਨਦਿਤਾ ਮਿੱਤਰਾ, ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ, ਐੱਸਐੱਸਪੀ ਫਤਹਿਗੜ੍ਹ ਸਾਹਿਬ ਸ੍ਰੀਮਤੀ ਅਲਕਾ ਮੀਨਾ, ਐੱਸਐੱਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਤੇ ਉਨ੍ਹਾਂ ਦੀ ਧਰਮ ਪਤਨੀ ਡਾ. ਸੁਖਵੀਨ ਸਿੱਧੂ, ਡੀਆਈਜੀ ਹੋਮ ਗਾਰਡਜ ਹਰਮਨਜੀਤ ਸਿੰਘ, ਏਡੀਸੀ (ਡੀ) ਸ੍ਰੀਮਤੀ ਪੂਨਮਦੀਪ ਕੌਰ ਤੇ ਹੋਰ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਦੌਰਾਨ ਦਰਗਾਹ ਸ਼ਰੀਫ਼ ਪੀਰ ਭੀਖਨ ਸ਼ਾਹ ਮੀਰਾਂ ਜੀ ਵਿਖੇ ਇਸ ਵਿਰਾਸਤੀ ਸੈਰ ਦੌਰਾਨ ਇਕੱਤਰ ਹੋਏ ਲੋਕਾਂ ਨੂੰ ਸੰਬੋਧਤ ਹੋਣ ਮੌਕੇ ਪ੍ਰਮੁੱਖ ਸਕੱਤਰ ਨੇ ਕਿਹਾ ਕਿ ਸਾਡੇ ਸਮਾਜ ‘ਚ ਬੁਰਾਈਆਂ ਪੈਦਾ ਹੋਣ ਦਾ ਇੱਕ ਕਾਰਨ ਆਪਣੇ ਵਿਰਸੇ ਤੋਂ ਦੂਰ ਜਾਣਾ ਵੀ ਹੈ, ਇਸ ਲਈ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਤੇ ਵਿਰਸੇ ਨਾਲ ਜੋੜਨਾ ਪਟਿਆਲਾ ਫਾਊਂਡੇਸ਼ਨ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।  ਇਸ ਵਿਰਾਸਤੀ-ਸੈਰ-ਸਮਾਰੋਹ ਦੌਰਾਨ ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ-ਜਨਰਲ ਸਕੱਤਰ ਸ੍ਰੀ ਰਵੀ ਆਹਲੂਵਾਲੀਆ ਨੇ ਘੜ੍ਹਾਮ ਦੇ ਇਤਿਹਾਸ ਬਾਬਤ ਹਸਨ ਨਿਜਾਮੀ, ਡਾ. ਫ਼ੌਜਾ ਸਿੰਘ ਤੇ ਡਾ. ਗੰਡਾ ਸਿੰਘ ਵੱਲੋਂ ਪੇਸ਼ ਕੀਤੇ ਹਵਾਲੇ ਦਿੰਦਿਆਂ ਬਹੁਮੁੱਲੀ ਜਾਣਕਾਰੀ ਪ੍ਰਦਾਨ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top