ਪੰਜਾਬ

ਪੰਜਾਬ ‘ਚ ਤੇਲ ਦੇ ਰੇਟ ਘਟਾਉਣ ਲਈ ਤਿਆਰ ਨਹੀਂ ਮਨਪ੍ਰੀਤ ਸਿੰਘ ਬਾਦਲ

Reduce, Oil Rates, Punjab, Not Ready, Manpreet Singh Badal

ਕੇਂਦਰ ‘ਤੇ ਲਾਇਆ ਚਤਰ-ਚਲਾਕੀ ਕਰਨ ਦਾ ਦੋਸ਼

ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ‘ਚ ਕੀਤਾ ਵਿਰੋਧ, ਕਿਹਾ, ਹੋਵੇਗਾ ਇਸ ਨਾਲ ਪੰਜਾਬ ਨੂੰ ਨੁਕਸਾਨ

ਅਸ਼ਵਨੀ ਚਾਵਲਾ, ਚੰਡੀਗੜ੍ਹ

ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਵਿੱਚ ਢਾਈ ਰੁਪਏ ਦੀ ਰਾਹਤ ਨਾਲ ਹੀ ਪੰਜਾਬ ਦੇ ਵਾਸੀਆਂ ਨੂੰ ਆਪਣਾ ਕੰਮ ਚਲਾਉਣਾ ਪੈਣਾ ਹੈ, ਕਿਉਂਕਿ ਪੰਜਾਬ ਸਰਕਾਰ ਅਤੇ ਮਨਪ੍ਰੀਤ ਬਾਦਲ ਕੇਂਦਰ ਦੀ ਉਹ ਬੇਨਤੀ ਸਵੀਕਾਰ ਕਰਨ ਨੂੰ ਤਿਆਰ ਨਹੀਂ , ਜਿਸ ਵਿੱਚ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਢਾਈ ਰੁਪਏ ਦੀ ਵੈਟ ਵਿੱਚ ਕਟੌਤੀ ਕਰਨ ਲਈ ਕਿਹਾ ਸੀ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਇਸ ਸਬੰਧੀ ਵਿਚਾਰ ਕਰਨ ਲਈ ਮੀਟਿੰਗ ਤਾਂ ਅੱਜ ਜ਼ਰੂਰ ਹੋਈ ਸੀ ਪਰ ਇਸ ਸਬੰਧੀ ਮਨਪ੍ਰੀਤ ਬਾਦਲ ਅਤੇ ਹੋਰਨਾਂ ਦੇ ਵਿਰੋਧ ਤੋਂ ਬਾਅਦ ਇਸ ਫੈਸਲੇ ਨੂੰ ਹਾਲ ਦੀ ਘੜੀ ਸਵੀਕਾਰ ਕਰਕੇ ਸੋਮਵਾਰ ਨੂੰ ਮੁੜ ਤੋਂ ਮੀਟਿੰਗ ਰੱਖ ਲਈ ਗਈ ਹੈ।

ਅੱਜ ਹੋਈ ਮੀਟਿੰਗ ਵਿੱਚ ਮਨਪ੍ਰੀਤ ਬਾਦਲ ਨੇ ਹਾਂ-ਪੱਖੀ ਰਵੱਈਆ ਅਪਣਾਉਣ ਦੀ ਥਾਂ ‘ਤੇ ਕੇਂਦਰ ਸਰਕਾਰ ਨੂੰ ਚਲਾਕ ਕਰਾਰ ਦੇ ਦਿੱਤਾ ਹੈ ਉਨ੍ਹਾਂ ਕਿਹਾ ਕਿ ਕੇਂਦਰ ਨੇ ਆਪਣੀ ਜੇਬ ਵਿੱਚੋਂ ਜ਼ਿਆਦਾ ਪੈਸੇ ਕੱਢਣ ਦੀ ਥਾਂ ‘ਤੇ ਸੂਬਾ ਸਰਕਾਰ ‘ਤੇ ਹੀ ਰਾਹਤ ਦਿੱਤੇ ਹੋਏ ਢਾਈ ਰੁਪਏ ਵਿੱਚੋਂ ਜ਼ਿਆਦਾ ਬੋਝ ਪਾ ਦਿੱਤਾ ਹੈ, ਜਦੋਂ ਕਿ ਅਜੇ ਸੂਬਾ ਸਰਕਾਰਾਂ ਨੂੰ ਢਾਈ ਰੁਪਏ ਹੋਰ ਮੁਆਫ਼ ਕਰਨ ਲਈ ਕਿਹਾ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਬੀਤੇ ਦਿਨੀਂ ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਐਕਸਾਈਜ਼ ਟੈਕਸ ਵਿੱਚ ਕਟੌਤੀ ਕਰਕੇ ਢਾਈ ਰੁਪਏ ਘਟਾਉਣ ਜਾ ਰਹੇ ਹਨ ਪਰ ਅਸਲ ਵਿੱਚ ਇਸ ਢਾਈ ਰੁਪਏ ਵਿੱਚ ਤੇਲ ਕੰਪਨੀਆਂ ਨੂੰ 1 ਰੁਪਏ ਘਟਾਉਣ ਲਈ ਕਿਹਾ ਗਿਆ ਹੈ ਤੇ ਡੇਢ ਰੁਪਏ ਵਿੱਚ ਪੰਜਾਬ ਦੇ ਵੈਟ ਕਟੌਤੀ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਜਿਸ ਨਾਲ ਸਿਰਫ਼ ਕੇਂਦਰ ਸਰਕਾਰ ਅਤੇ ਤੇਲ ਕੰਪਨੀਆਂ ਵੱਲੋਂ ਲਗਭਗ 2 ਰੁਪਏ ਘਟਾਏ ਗਏ ਹਨ, ਜਦੋਂ ਕਿ 50 ਪੈਸੇ ਵੈਟ ਕਟੌਤੀ ਦੇ ਪੰਜਾਬ ਦੇ ਹਿੱਸੇ ਵਿੱਚੋਂ ਗਏ ਹਨ।

ਇਸ ਨਾਲ ਹੀ ਐਕਸਾਈਜ ਟੈਕਸ ਵਿੱਚੋਂ ਪੰਜਾਬ ਨੂੰ ਮਿਲਣ ਵਾਲੇ 42 ਫੀਸਦੀ ਨਾਲ 63 ਪੈਸੇ ਵੀ ਪੰਜਾਬ ਦੀ ਜੇਬ ਵਿੱਚੋਂ ਹੀ ਜਾਣਗੇ। ਜਦੋਂ ਕਿ ਬੇਸ ਤੇਲ ਕੰਪਨੀਆਂ ਅਤੇ ਪੈਟਰੋਲ ਡੀਲਰਾਂ ਦੀ ਕਮਾਈ ਦੇ ਹਿੱਸੇ ਵਿੱਚੋਂ ਮਿਲਣ ਵਾਲਾ ਇਨਕਮ ਟੈਕਸ ਵੀ ਘੱਟ ਹੋਏਗਾ, ਉਸ ਵਿੱਚੋਂ ਵੀ ਪੰਜਾਬ ਦਾ ਹਿੱਸਾ ਜਾਏਗਾ। ਇਸ ਤਰਾਂ ਇਸ ਢਾਈ ਰੁਪਏ ਦੀ ਰਾਹਤ ਵਿੱਚ ਪੰਜਾਬ ਦੇ ਜੇਬ ਵਿੱਚੋਂ 1 ਰੁਪਏ 30 ਪੈਸੇ ਦੇ ਲਗਭਗ ਜਾ ਰਿਹਾ ਹੈ।

ਬਾਰਡਰ ਏਰੀਆ ਦੇ ਪੈਟਰੋਲ ਪੰਪ ਹੋ ਸਕਦੇ ਹਨ ਬੰਦ

ਪੰਜਾਬ ਦੇ ਬਾਰਡਰ ਏਰੀਆ ਦੇ ਨੇੜੇ ਪੈਂਦੇ ਸ਼ਹਿਰਾਂ ਵਿੱਚ ਪੈਂਦੇ ਪੈਟਰੋਲ ਪੰਪ ਬੰਦ ਹੋਣ ਕੰਢੇ ਪੁੱਜ ਸਕਦੇ ਹਨ, ਕਿਉਂਕਿ ਪੈਟਰੋਲ ਦੇ ਰੇਟ ਪਹਿਲਾਂ ਹੀ ਹਰਿਆਣਾ ਅਤੇ ਚੰਡੀਗੜ੍ਹ ਸਣੇ ਹਿਮਾਚਲ ਤੋਂ ਜ਼ਿਆਦਾ ਮਹਿੰਗੇ ਸਨ ਪਰ ਹੁਣ ਡੀਜ਼ਲ ਦੇ ਰੇਟ ਵਿੱਚ ਵੀ ਕਾਫ਼ੀ ਜ਼ਿਆਦਾ ਫਰਕ ਪੈ ਗਿਆ ਹੈ। ਇਸ ਲਈ ਜਿਹੜੇ ਬਾਰਡਰ ਏਰੀਆ ‘ਤੇ ਪੈਂਦੇ ਪੰਪ ਡੀਜ਼ਲ ਨੂੰ ਵੇਚ ਕੇ ਆਪਣਾ ਕੰਮ ਚਲਾ ਰਹੇ ਸਨ ਹੁਣ ਆਮ ਲੋਕ ਸੂਬੇ ਦੇ ਪੰਪਾਂ ਤੋਂ ਮਹਿੰਗਾ ਡੀਜ਼ਲ ਵੀ ਲੈਣ ਦੀ ਥਾਂ ਗੁਆਂਢੀ ਸੂਬਿਆਂ ਦੇ ਪੰਪਾਂ ‘ਤੇ ਜਾਣਗੇ, ਇਸ ਲਈ ਉਨ੍ਹਾਂ ਦੇ ਪੈਟਰੋਲ ਪੰਪ ਬੰਦ ਹੋਣ ਦੀ ਕਗਾਰ ‘ਤੇ ਪੁੱਜ ਸਕਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top