ਲੇਖ

ਲਾਸਾਨੀ ਸ਼ਹੀਦ ਬਾਬਾ ਜੀਵਨ ਸਿੰਘ ਰੰਘਰੇਟਾ

5 ਸਤੰਬਰ ਜਨਮ ਦਿਨ ਨੂੰ ਸਮਰਪਿਤ

ਸਿੱਖ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਹੈ ਜਿੱਥੇ ਬਹਾਦਰ ਸੂਰਬੀਰਾਂ ਨੇ ਮਾਨਵਤਾ ਦੇ ਭਲੇ ਹਿੱਤ ਜ਼ਿੰਦੜੀਆਂ ਵਾਰ ਦਿੱਤੀਆਂ ਪੰਜਾਬ ਦੀ ਧਰਤੀ ਨੂੰ ਇਹ ਸੁਭਾਗ ਪ੍ਰਾਪਤ ਹੈ ਕਿ ਇੱਥੇ ਸੰਤ ਸਿਪਾਹੀ ਪੈਦਾ ਹੋਏ ਜਿਨ੍ਹਾਂ ਨੇ ਧਰਮ ਤੇ ਦੱਬੇ ਕੁਚਲੇ ਲੋਕਾਂ ਦੀ ਰੱਖਿਆ ਲਈ ਭਗਤੀ ਦੇ ਨਾਲ-ਨਾਲ ਜਾਬਰ ਵਿਰੁੱਧ ਸ਼ਸ਼ਤਰ ਵੀ ਉਠਾਏ ਅਜਿਹੇ ਗੁਣਾਂ ਦੇ ਧਾਰਨੀ ਸਿੱਖ ਇਤਿਹਾਸ ‘ਚ ਬਾਬਾ ਜੀਵਨ ਸਿੰਘ ਰੰਘਰੇਟਾ ਜੀ ਦਾ ਨਾਂਅ ਸੂਰਜ ਵਾਂਗ ਚਮਕਦਾ ਹੈ ਖੋਖਰ ਖਾਨਦਾਨ ਦੇ ਇਸ ਮਹਾਨ ਸਪੂਤ ਦਾ ਜਨਮ 5 ਸਤੰਬਰ 1658 ਈ. ਨੂੰ ਪਿੰਡ ਗੱਗੋਮਾਹਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਉਨ੍ਹਾਂ ਦੇ ਜਨਮ ਸਥਾਨ ‘ਤੇ ਸਮੇਂ ਬਾਰੇ ਵਿਦਵਾਨਾਂ ‘ਚ ਮੱਤਭੇਦ ਹਨ
ਉਨ੍ਹਾਂ ਦੇ ਪਿਤਾ ਦਾ ਨਾਂਅ ਭਾਈ ਸਦਾ ਨੰਦ ਤੇ ਮਾਤਾ ਪ੍ਰੇਮੋ ਜੀ ਸੀ ਬਚਪਨ ‘ਚ ਬਾਬਾ ਜੀ ਦਾ ਨਾਂਅ ਭਾਈ ਜੈਤਾ ਰੱਖਿਆ ਗਿਆ ਜੋ ਦਸ਼ਮੇਸ਼ ਪਿਤਾ ਨੇ  ਭਾਈ ਜੀਵਨ ਸਿੰਘ ਰੱਖ ਦਿੱਤਾ ਬਾਬਾ ਜੀ ਦਾ ਖਾਨਦਾਨ ਪੀੜ੍ਹੀ ਦਰ ਪੀੜ੍ਹੀ ਗੁਰੂ ਘਰ ਦੀ ਸੇਵਾ ‘ਚ ਹਾਜ਼ਰ ਰਿਹਾ ਭਾਈ ਸਦਾ ਨੰਦ ਦੇ ਪੜਦਾਦਾ ਭਾਈ ਕਲਿਆਣਾ ਜੀ ਨੂੰ ਛੇ ਪਾਤਸ਼ਾਹੀਆਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੈ
ਬਾਬਾ ਜੀ ਤੇ ਉਨ੍ਹਾਂ ਦੇ ਛੋਟੇ ਭਾਈ ਸੰਗਤੇ ਜੀ ਨੂੰ ਬਾਲ ਗੋਬਿੰਦ ਰਾਏ ਜੀ ਨਾਲ ਖੇਡਣ ਦਾ ਮਾਣ ਹਾਸਲ ਹੈ ਇੱਕ ਦਿਨ ਖੇਡਦੇ ਹੋਏ ਘਰ ਜਾਣ ‘ਚ ਥੋੜ੍ਹੀ ਦੇਰ ਹੋ ਗਈ ਤਾਂ ਬਾਬਾ ਜੀ ਨੇ ਜਲਦਬਾਜ਼ੀ ‘ਚ ਗੋਬਿੰਦ ਰਾਏ ਜੀ ਦੀ ਪਗੜੀ ਆਪਣੇ ਸੀਸ ‘ਤੇ ਸਜਾ ਲਈ ਇਹ ਦੇਖ ਕੇ ਗੋਬਿੰਦ ਰਾਏ ਜੀ ਨੇ ਕਿਹਾ ਜੈਤਾ ਜੀ ਅਜੇ ਇਸਦਾ ਵੇਲਾ ਨਹੀਂ ਆਇਆ, ਜਦੋਂ ਸਮਾਂ ਆਵੇਗਾ ਤਾਂ ਮੈਂ ਆਪਣੇ ਹੱਥੀਂ ਤੁਹਾਡੇ ਸੀਸ ‘ਤੇ ਆਪਣੀ ਪਗੜੀ ਸਜਾ ਦੇਵਾਗਾਂ’
ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਜੁਲਮਾਂ ਤੋਂ ਤੰਗ ਕਸ਼ਮੀਰੀ ਪੰਡਤਾਂ ਦੀ ਪੁਕਾਰ ‘ਤੇ ਨੌਵੇਂ ਪਾਤਸ਼ਾਹ ਧਰਮ ਦੀ ਰੱਖਿਆ ਲਈ ਦਿੱਲੀ 20 ਜੁਲਾਈ 1675 ਨੂੰ ਗਏ ਤੇ 15 ਸਤੰਬਰ 1675 ਨੂੰ ਉਨ੍ਹਾਂ ਨੂੰ ਆਗਰਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਗੁਰੂ ਜੀ ਨੇ ਬਾਬਾ ਜੀ ਦੇ ਹੱਥ ਗੁਰਿਆਈ ਹੁਕਮਨਾਮਾ ਆਨੰਦਪੁਰ ਸਾਹਿਬ ਭੇਜਿਆ ਇਨ੍ਹਾਂ ਹਾਲਾਤਾਂ ‘ਚ ਆਪਣੇ ਧਰਮ ‘ਚ ਪਰਿਪੱਕ ਰਹਿਣ ਕਾਰਨ ਉਨ੍ਹਾਂ ਦੀ ਸ਼ਹੀਦੀ ਤੈਅ ਸੀ ਬਾਲ ਗੋਬਿੰਦ ਰਾਏ ਜੀ ਨੇ ਗੁਰੂ ਪਿਤਾ ਦੇ ਪਾਵਨ ਸਰੀਰ ਦੇ ਸਸਕਾਰ ਲਈ ਸੰਗਤ ਨੂੰ ਪੁੱਛਿਆ ਤਾਂ ਬਾਬਾ ਜੀ ਨੇ ਇਸ ਕਾਰਜ ਦਾ ਜਿੰਮਾ ਲਿਆ 11 ਨਵੰਬਰ 1675 ਈ. ਨੂੰ ਜਦ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਬਾਬਾ ਜੀ ਨੇ ਮੁਗਲਾਂ ਦੇ ਸਖ਼ਤ ਪਹਿਰੇ ਤੇ ਮੀਂਹ ਝੱਖੜ ਦੇ ਬਾਵਜੂਦ ਆਪਣੇ ਜਿੰਮੇ ਲਾਏ ਕਾਰਜ ਨੂੰ ਸਫਲਤਾਪੂਰਵਕ ਅੰਜ਼ਾਮ ਦਿੱਤਾ
ਇੱਥੇ ਇਹ ਗੱਲ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹੈ ਕਿ ਬਾਬਾ ਜੀ ਨੇ ਨੌਵੇਂ ਗੁਰੂ ਦੇ ਸੀਸ ਤੇ ਧੜ ਚਾਂਦਨੀ ਚੌਂਕ ‘ਚੋਂ ਚੁੱਕਣ ਲਈ ਆਪਣੇ ਪਿਤਾ ਨਾਲ ਬਣਾਈ ਤਰਕੀਬ ਅਨੁਸਾਰ ਆਪਣੇ ਪਿਤਾ ਜੀ ਨੂੰ ਉਨ੍ਹਾਂ ਦੀ ਹੀ ਆਗਿਆ ਨਾਲ ਸ਼ਹੀਦ ਕੀਤਾ ਤੇ ਫਿਰ ਬੜੀ ਸੂਝਬੂਝ ਤੇ ਚਤੁਰਾਈ ਨਾਲ ਆਪਣੇ ਪਿਤਾ ਜੀ ਦੇ ਸੀਸ ਤੇ ਧੜ ਨਾਲ ਗੁਰੂ ਜੀ ਦਾ ਸੀਸ ਤੇ ਧੜ ਬਦਲੀ ਕੀਤਾ ਮੀਂਹ ਝੱਖੜ ਤੇ ਬਿਖੜੇ ਪੈਂਡੇ ਨੂੰ ਤੈਅ ਕਰਦੇ ਹੋਏ ਦਿੱਲੀ ਤੋਂ ਨੌਵੇਂ ਪਾਤਸ਼ਾਹ ਦਾ ਸੀਸ ਲੈਕੇ ਕੀਰਤਪੁਰ ਸਾਹਿਬ ਪਹੁੰਚੇ ਇਸ ਬਹਾਦਰੀ ਭਰੇ ਕਾਰਨਾਮੇ ਤੋਂ ਪ੍ਰਭਾਵਿਤ ਹੋਕੇ ਦਸਮ ਪਿਤਾ ਨੇ ਉਨ੍ਹਾਂ ਨੂੰ ਗਲ ਨਾਲ ਲਾਕੇ ‘ਰੰਘਰੇਟਾ ਗੁਰੂ ਕਾ ਬੇਟਾ’ ਸਤਿਕਾਰਤ ਖ਼ਿਤਾਬ ਨਾਲ ਨਿਵਾਜ਼ਿਆ
ਬਾਬਾ ਜੀ ਦੀ ਬਹਾਦਰੀ ਤੇ ਸੂਝਬੂਝ ਕਾਰਨ ਉਨ੍ਹਾਂ ਨੂੰ ਫੌਜ ਦਾ ਜਰਨੈਲ ਨਿਯੁਕਤ ਕੀਤਾ ਗਿਆ ਉਹ ਉੱਚ ਕੋਟੀ ਦੇ ਨੀਤੀਵਾਨ ਸਨ, ਯੁੱਧ ਖੇਤਰ ਦੀ ਵਿਉਂਤਬੰਦੀ ‘ਚ ਮਾਹਿਰ ਸਨ ਬਾਬਾ ਜੀ ਇੱਕੋ ਸਮੇਂ ਦੋਵੇਂ ਹੱਥਾਂ ਨਾਲ ਤਲਵਾਰ ਤੇ ਬੰਦੂਕ ਚਲਾਉਣ ‘ਚ ਮਾਹਿਰ ਸਨ  ਇਸੇ ਕਰਕੇ ਉਨ੍ਹਾਂ ਨੂੰ ਦੋਵੇਂ ਵੱਡੇ ਸਾਹਿਬਜ਼ਾਦਿਆਂ ਨੂੰ ਸ਼ਸਤਰ ਵਿੱਦਿਆ ਸਿਖਾਉਣ ਦਾ ਕੰਮ ਸੌਂਪਿਆ ਗਿਆ  ਬਾਬਾ ਜੀ ਉੱਚ ਕੋਟੀ ਦੇ ਲੇਖਕ ਵੀ ਸਨ ਆਪ ਜੀ ਦੁਆਰਾ ਰਚਿਤ ਸੀ੍ਰ ਗੁਰ ਕਥਾ ਅੱਵਲ ਦਰਜੇ ਦੀ ਰਚਨਾ ਹੈ
ਆਪ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਗੁਰੂ ਜੀ ਨਾਲ ਮਿਲਕੇ 15 ਲੜਾਈਆਂ ਲੜੀਆਂ ਤੇ ਜਿੱਤ ਪ੍ਰਾਪਤ ਕੀਤੀ ਸਰਸਾ ਨਦੀ ‘ਤੇ ਪਰਿਵਾਰ ਵਿਛੋੜੇ ਸਮੇਂ ਬਾਬਾ ਜੀ ਚਾਲੀ ਸਿੰਘਾਂ ਸਮੇਤ ਗੁਰੂ ਜੀ ਨਾਲ ਚਮਕੌਰ ਦੀ ਗੜ੍ਹੀ ‘ਚ ਆ ਗਏ ਮੁਗਲ ਫੌਜ ਪਿੱਛਾ ਕਰਦੀ ਹੋਈ ਪਿੱਛੇ ਆ ਗਈ ਤੇ ਗੜ੍ਹੀ ਨੂੰ ਘੇਰਾ ਪੈ ਗਿਆ
ਚਮਕੌਰ ਦੀ ਗੜ੍ਹੀ ਦੀ ਜੰਗ ਦਾ ਇਤਿਹਾਸ ‘ਚ ਅਹਿਮ ਸਥਾਨ ਹੈ ਕਿਉਂਕਿ ਇੱਕ ਪਾਸੇ ਭੁੱਖੇ ਪਿਆਸੇ ਚਾਲੀ ਸਿੰਘ ਦੂਜੇ ਪਾਸੇ ਭਾਰੀ ਤਾਦਾਦ ‘ਚ ਮੁਗਲ ਫੌਜ ਪੰਜ-ਪੰਜ ਦੇ ਜਥੇ ਬਣਾ ਕੇ ਸਿੰਘ ਗੜ੍ਹੀ ‘ਚੋਂ ਬਾਹਰ ਨਿੱਕਲਦੇ ਤੇ ਮੁਗਲ ਫੌਜ ‘ਤੇ ਬਿਜਲੀ ਵਾਂਗ ਟੁੱਟ ਪੈਂਦੇ ਤੇ ਆਖਰ ਸ਼ਹੀਦ ਹੋ ਜਾਂਦੇ ਇੱਥੇ ਹੀ ਦੋਵੇਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਬਾਕੀ ਬਚੇ ਕੁਝ ਸਿੰਘਾਂ ਦੇ ਜਿਆਦਾ ਜ਼ੋਰ ਪਾਉਣ ‘ਤੇ ਗੁਰੂ ਜੀ ਨੇ ਗੜ੍ਹੀ ਛੱਡੀ ਤੇ ਬਚਪਨ ‘ਚ ਕੀਤੇ ਪਗੜੀ ਦੇਣ ਵਾਲੇ ਬਚਨ ਪੂਰੇ ਕਰ ਦਿਖਾਏ ਗੁਰੂ ਜੀ ਨੇ ਆਪਣੀ ਪੁਸ਼ਾਕ, ਕਲਗੀ ਬਾਬਾ ਜੀ ਨੂੰ ਬਖ਼ਸ਼ੀ
22-23 ਦਸੰਬਰ 1705 ਦੀ ਰਾਤ ਤੇ ਦਿਨ ਚੜ੍ਹਦੇ ਤੱਕ ਬਾਬਾ ਜੀ ਆਖਰੀ ਦਮ ਤੱਕ ਦੁਸ਼ਮਣਾਂ ਨਾਲ ਲੋਹਾ ਲੈਂਦੇ ਰਹੇ ਤੇ ਮੁਗਲ ਫੌਜ ਨੂੰ ਇਹੀ ਭੁਲੇਖਾ ਪਾਈ ਰੱਖਿਆ ਕਿ ਗੁਰੂ ਜੀ ਗੜ੍ਹੀ ‘ਚ ਮੌਜੂਦ ਹਨ ਆਖਿਰ ਬਾਬਾ ਜੀ ਸ਼ਹਾਦਤ ਦਾ ਜਾਮ ਪੀ ਗਏ ਮੁਗਲ ਫੌਜ਼ ਬਾਬਾ ਜੀ ਦੇ ਸੀਸ ‘ਤੇ ਗੁਰੂ ਜੀ ਵਾਲੀ ਕਲਗੀ ਵੇਖਕੇ ਭੁਲੇਖਾ ਖਾ ਗਈ ਕਿ ਇਹ ਸੀਸ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਜਦ ਪਤਾ ਲੱਗਾ ਕਿ ਇਹ ਸੀਸ ਤਾਂ ਗੁਰੂ ਜੀ ਦੇ ਸਿੱਖ ਭਾਈ ਜੀਵਨ ਸਿੰਘ ਦਾ ਹੈ ਤਾਂ ਉਹ ਦਿੱਲੀ ਦਰਬਾਰ ‘ਚ ਬਹੁਤ ਸ਼ਰਮਸਾਰ ਹੋਏ ਬਾਬਾ ਜੀ ਦੀ ਸ਼ਹੀਦੀ ਬਾਰੇ ਕਵੀ ਕੰਕਣ ਨੇ ਲਿਖਿਆ ਹੈ
‘ਅੰਤ ਅਕੇਲਾ ਗੜ੍ਹੀ ਮੇ ਬੰਦੂਕੀ ਪ੍ਰਬੀਨ,
ਜੀਵਨ ਸਿੰਘ ਰੰਘਰੇਟੜੋ ਜੋ ਜੂਝ ਗਿਉ ਸੰਗਦੀਨ

ਗੁਰਤੇਜ ਸਿੰਘ
ਚੱਕ ਬਖਤੂ (ਬਠਿੰਡਾ )

ਪ੍ਰਸਿੱਧ ਖਬਰਾਂ

To Top