ਪੰਜਾਬ

ਸਮਾਜ ਭਲਾਈ ਵਿਭਾਗ  ਸਿੱਖਿਆ ਬੋਰਡ ਨੂੰ ਜਾਰੀ ਕਰੇਗਾ  50 ਕਰੋੜ 

ਮੋਹਾਲੀ,  (ਸੱਚ ਕਹੂੰ ਨਿਊਜ਼) ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਚਲ ਰਹੇ ਆਰਥਿਕ ਮੰਦਵਾੜੇ ਨੂੰ ਉਸ ਸਮੇਂ ਕੁਝ ਸੁੱਖ ਦਾ ਸਾਹ ਆਇਆ ਜਦੋਂ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਵੱਲੋਂ ਪਹਿਲੀ ਤੋਂ 10ਵੀਂ ਸ਼੍ਰੇਣੀ ਦੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆ ਪਾਠ ਪੁਸਤਕਾਂ ਦੀ ਰਹਿੰਦੀ ਰਕਮ ਵਿਚੋਂ 50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਪੱਤਰ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਿੱਖਿਆ ਵਿਭਾਗ ਅਤੇ ਅਨੁਸੂਚਿਤ ਜਾਤੀ ਤੇ ਪੱਛੜੀਆਂ ਸ਼੍ਰੇਣੀਆਂ ਵਿਭਾਗ ਵੱਲ ਪਾਠ ਪੁਸਤਕਾਂ ਅਤੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਦਾਖਲਾ ਫੀਸ ਕਰੀਬ ਦੋ ਅਰਬ ਤੋਂ ਵੱਧ ਦੀ ਰਕਮ ਬਕਾਇਆ ਖੜੀ ਹੈ।
ਸਿੱਖਿਆ ਬੋਰਡ ਦੀ ਚੇਅਰਪਰਸ਼ਨ ਡਾ. ਤੇਜਿੰਦਰਪਾਲ ਕੌਰ ਧਾਲੀਵਾਲ ਵੱਲੋਂ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਕੇ ਰਹਿੰਦੀ ਰਕਮ ਦੀ ਅਦਾਇਗੀ ਲਈ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਡਾ. ਧਾਲੀਵਾਲ ਵੱਲੋਂ ਸਿੱਖਿਆ ਵਿਭਾਗ ਅਤੇ ਅਨੁਸੂਚਿਤ ਜਾਤੀ ਵਿਭਾਗ ਨੂੰ ਇਹ ਵੀ ਕਿਹਾ ਸੀ ਕਿ ਜੇਕਰ ਉਨਾਂ ਵੱਲੋਂ ਰਹਿੰਦੀ ਰਕਮ ਤੁਰੰਤ ਨਾ ਦਿੱਤੀ ਗਈ ਤਾਂ ਸਿੱਖਿਆ ਬੋਰਡ 2017-18 ਦੇ ਅਕਾਦਮਿਕ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਮੁਫਤ ਕਿਤਾਬਾਂ ਦੀ ਛਪਾਈ ਕਰਾਉਣ ਤੋਂ ਅਸਮਰਥ ਹੋਵੇਗਾ। ਸਿੱਖਿਆ ਬੋਰਡ ਵੱਲੋਂ 14 ਜੁਲਾਈ ਨੂੰ ਲਿਖੇ ਪੱਤਰ ਅਧੀਨ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਭਾਗ ਵੱਲੋਂ 27 ਜੁਲਾਈ ਨੂੰ ਪੱਤਰ ਲਿਖਕੇ ਕਿਹਾ ਗਿਆ ਹੈ ਕਿ ਸਾਲ 2014-15 ਅਤੇ ਸਾਲ 2015-16 ਦੌਰਾਨ ਸਪਲਾਈ ਕੀਤੀਆਂ ਮੁਫਤ ਪਾਠ ਪੁਸਤਕਾਂ ਦੇ ਬਿਲਾਂ ਦੀ 50 ਕਰੋੜ ਦੀ ਰਾਸ਼ੀ ਦੀ ਅਦਾਇਗੀ ਬਰਾਬਰ ਚਾਰ ਕਿਸਤਾਂ ਵਿਚ ਰਿਲੀਜ਼ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਪ੍ਰਸਿੱਧ ਖਬਰਾਂ

To Top