ਲੇਖ

ਹਰ ਤਰ੍ਹਾਂ ਦੇ ਅੱਤਵਾਦ ਨੂੰ ਪਵੇ ਨੱਥ

ਅਜੋਕੀ ਮਾਨਵ ਸੱਭਿਅਤਾ, ਅਤਿਆਧੁਨਿਕ ਸੱਭਿਅਤਾ ਅਖਵਾਉਂਦੀ ਹੈ ਪਰ ਇਸ ਦਾ ਕੌੜਾ ਸੱਚ ਇਹ ਹੈ ਕਿ ਮਾਨਵ ਜਾਤੀ ਅੱਜ ਆਪਣੇ ਵੱਲੋਂ ਸਿਰਜੀ ਇਸ ਆਧੁਨਿਕ ਅਤੇ ਨਵੀਨਤਾਵਾਦੀ ਸੱਭਿਅਤਾ ‘ਚ ਇਸ ਧਰਤੀ ਦੇ ਕਿਸੇ ਹਿੱਸੇ ‘ਚ ਸੁਰੱਖਿਅਤ ਨਹੀਂ ਹੈ। ਅਜਿਹਾ ਇਸ ਕਰਕੇ ਹੈ ਕਿ ਮਨੁੱਖ ਨੇ ਇਸ ਸੱਭਿਅਤਾ ‘ਚ ਅਤਿ ਅਸੱਭਿਅਕ ਅੱਤਵਾਦ ਵੀ ਸਮਾਨੰਤਰ ਪੈਦਾ ਕਰ ਰੱਖਿਆ ਹੈ। ਵਿਸ਼ਵ ਸ਼ਾਂਤੀ ਲਈ ਅਹਿੰਸਾ ਦਾ ਤਾਕਤਵਰ ਹਥਿਆਰ ਭੱਜ ਕੇ ਹਿੰਸਾ ਦਾ ਦਰਿੰਦਗੀ ਭਰਿਆ ਹਥਿਆਰ ਪ੍ਰਮਾਣੂ ਤੇ ਹੋਰ ਅਨੇਕ ਮਾਰੂ ਅਸਤਰਾਂ– ਸਸ਼ਤਰਾਂ ਦੇ ਚਿੱਲੇ ਚੜ੍ਹਾ ਰਖਿਆ ਹੈ।
ਇਨ੍ਹਾਂ ਮਾਰੂ ਅਸਤਰਾਂ–ਸਸ਼ਤਰਾਂ ‘ਚ ਕੱਟੜਵਾਦੀ, ਨਸਲਵਾਦੀ, ਇਲਾਕਾਈ, ਵਿਚਾਰਧਾਰਕ, ਬਹੁਗਿਣਤੀ ਅਤੇ ਤਾਕਤਵਰ ਸ਼ਕਤੀ ਸਬੰਧਤ ਅਤਿਵਾਦ ਸ਼ਾਮਲ ਹੈ। ਇਸ ਅਤਿਵਾਦ ਰਾਹੀਂ ਹਿੰਸਾ, ਦਹਿਸ਼ਤ, ਸਹਿਮ, ਸਮਰਪਣ, ਅਧੀਨਤਾ ਅਤੇ ਦਬਾਉ ਪੈਦਾ ਹੁੰਦਾ ਹੈ  ਖੂੰਖਾਰ ਅਤਿਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਦੇ ਵੀਡਿਓ ਅਨੁਸਾਰ ਜੋ ਸੰਨ 2014 ਤੋਂ ਪ੍ਰਚਾਰਿਆ ਜਾ ਰਿਹਾ ਹੈ, ‘ਹਥਿਆਰ ਚੁੱਕੋ ਅਤੇ ਈਰਖਾਲੂ ਅਤੇ ਗੰਦੇ ਫਰਾਂਸੀਸੀ ਨੂੰ ਮਾਰ ਮੁਕਾਉ। ਉਸ ਦਾ ਸਿਰ ਚਟਾਨ ਨਾਲ ਪਟਕ ਕੇ ਜਾਂ ਚਾਕੂ ਮਾਰ ਕੇ ਜਾਂ ਕਾਰ ਹੇਠਾਂ ਦਰੜ ਕੇ ਮਾਰ ਮੁਕਾਉ।’ ਕਟੱੜਵਾਦ ਤੋਂ ਪ੍ਰਭਾਵਿਤ ਨੌਜਵਾਨ ਜਹਾਦੀ ਇਵੇਂ ਹੀ ਕਰਦੇ ਹਨ। ਫਰਾਂਸ ਅੰਦਰ ਮਨਮੋਹਣੇ ਨਾਈਸ ਅੰਦਰ ਜਦੋਂ ਹਜ਼ਾਰਾਂ ਫਰਾਂਸੀਸੀ ‘ਬੈਸਟਿਲ ਡੇਅ’ ਰਾਸ਼ਟਰੀ ਛੁੱਟੀ ਕਾਰਨ ਬੱਚੇ–ਬੁੱਢੇ ਪਰਿਵਾਰਾਂ ਸਮੇਤ ਅਜ਼ਾਦੀ, ਬਰਾਬਰੀ, ਭਾਈਚਾਰੇ ਦੇ ਗੀਤ ਗਾਉਂਦੇ ਮਨਾ ਰਹੇ ਸਨ ਤਾਂ ਇਕ ਟਿਊਨੇਸ਼ੀਅਨ ਮੂਲ ਦੇ ਫਰਾਂਸੀਸੀ ਜਹਾਦੀ ਮੁਹੰਮਦ ਬਾਹੁਲੇਲ ਨੇ ਇਸੇ ਪ੍ਰਾਪੇਗੰਡੇ ‘ਤੇ ਅਮਲ ਕੀਤਾ। ਉਸ ਨੇ 45 ਟਨ ਟਰੱਕ ਨੂੰ ਆਪਣਾ ਮਾਰੂ ਸੰਦ ਬਣਾਉਂਦੇ ਦੋ–ਢਾਈ ਕਿਲੋਮੀਟਰ ਦੀ ਦੂਰੀ ਤੱਕ ਬੇਗੁਨਾਹ, ਨਿਹੱਥੇ, ਮਾਸੂਮ ਬੱਚੇ, ਬੁੱÎਢਿਆਂ, ਨੌਜਵਾਨਾਂ ਨੂੰ ਕੁਚਲ ਕੇ ਮਾਰਨਾ ਸ਼ੁਰੂ ਕਰ ਦਿੱਤਾ । ਇਸ ਵਹਿਸ਼ੀ ਦਰਿੰਦੇ ਜਹਾਦੀ ਅੱਤਵਾਦੀ ਨੇ 84 ਲੋਕ ਮਾਰ ਦਿੱਤੇ ਤੇ 200 ਦੇ ਕਰੀਬ ਨੂੰ ਸਖ਼ਤ ਜਖ਼ਮੀ ਕਰ ਦਿੱਤਾ।
ਫਰਾਂਸ ‘ਚ ਪਿਛਲੇ ਡੇਢ ਸਾਲ ‘ਚ ਇਹ ਤੀਜਾ ਬਰਬਰਤਾਪੂਰਵਕ ਕੱਟੜਵਾਦੀ ਹਮਲਾ ਹੈ ਜਿਨ੍ਹਾਂ ‘ਚ ਹੁਣ ਤੱਕ 230 ਵਿਅਕਤੀ ਮਾਰੇ ਜਾ ਚੁੱਕੇ ਹਨ । ਪਹਿਲਾ ਹਮਲਾ ‘ਸ਼ਰਲੀ ਹੈਬਦੋ’ ਵਿਅੰਗਕਾਰ ਮੈਗਜ਼ੀਨ ਦੇ ਪੈਰਿਸ ਸਥਿੱਤ ਦਫ਼ਤਰ ‘ਤੇ 7 ਜਨਵਰੀ, 2015 ਨੂੰ ਤੇ ਦੂਜਾ 13 ਨਵੰਬਰ, 2015 ਨੂੰ ਪੈਰਿਸ ‘ਚ ਵੱਖ–ਵੱਖ ਥਾਵਾਂ ‘ਤੇ ਕੀਤਾ ਗਿਆ ਸੀ। ਇਨ੍ਹਾਂ ਹਮਲਿਆਂ ਦੇ ਪ੍ਰਤੀਕਰਮ ਵਜੋਂ ਫਰਾਂਸੀਸੀ ਪ੍ਰਧਾਨ ਫਰਾਂਸੋ ਹੌਲਾਂਦ ਦਾ ਕਹਿਣਾ ਹੈ ਕਿ ਪੂਰੇ ਦਾ ਪੂਰਾ ਫਰਾਂਸ ਇਸ ਸਮੇਂ ਅੱਤਵਾਦ ਦੇ ਨਿਸ਼ਾਨੇ ‘ਤੇ ਹੈ।  ਫਰਾਂਸੋ ਮੋਲਿਨਜ਼, ਪੈਰਿਸ ਪ੍ਰਾਸੀਕਿਊਟਰ ਅਨੁਸਾਰ ਜਹਾਦੀ ਅਤਿਵਾਦੀ ਅਜਿਹੇ ਮਾਰੂ ਹਮਲੇ ਅਤਿਵਾਦੀ ਸੰਗਠਨਾਂ ਦੇ ਆਦੇਸ਼ਾਂ ‘ਤੇ ਅੰਜ਼ਾਮ ਦਿੰਦੇ ਹਨ। ਇਸ ਦਾ ਸਬੂਤ ਅਜੋਕਾ ਟਰੱਕ ਹਮਲਾ ਕਰਨ ਵਾਲਾ ਹੈ
ਅਜਿਹੇ ਮਾਰੂ ਅੱਤਵਾਦੀ ਕਾਰਨਾਮੇ ਨਸਲਵਾਦੀ ਅੱਤਵਾਦ ਤਹਿਤ ਅਮਰੀਕੀ ਪੁਲਿਸ ਅਮਰੀਕਾ ‘ਚ ਕਾਲੇ ਲੋਕਾਂ, ਵੀਅਤਨਾਮ, ਦੱਖਣੀ ਕੋਰੀਆ, ਇਰਾਕ, ਅਫਗਾਨਿਸਤਾਨ, ਸੀਰੀਆ ਆਦਿ ਵਿਰੁੱਧ ਫ਼ੌਜੀ ਦਰਿੰਦਗੀ ਰਾਹੀਂ ਜਿਨ੍ਹਾਂ ‘ਚ ਨਾਟੋ ਰਾਸ਼ਟਰ ਵੀ ਸ਼ਾਮਲ ਰਹੇ ਹਨ, ਇਸਰਾਈਲੀ ਨਸਲਘਾਤੀ ਫਲਸਤੀਨ ‘ਚ, ਅਫਰੀਕਨ, ਲਾਤੀਨੀ ਅਮਰੀਕੀ, ਪਾਕਿਸਤਾਨ, ਮਿਆਂਮਾਰ, ਉੱਤਰੀ ਕੋਰੀਆਈ, ਅਰਬ ਤਾਨਾਸ਼ਾਹ ਆਪਣੇ ਦੇਸ਼ਾਂ ‘ਚ ਕਰਦੇ ਵੇਖੇ ਜਾ ਸਕਦੇ ਹਨ ।
ਅਫਗਾਨਿਸਤਾਨ, ਪਾਕਿਸਤਾਨ, ਇਰਾਕ, ਸੀਰੀਆ, ਲੈਬਨਾਨ, ਸੂਡਾਨ, ਭਾਰਤ, ਬੰਗਲਾਦੇਸ਼, ਮਿਸਰ, ਯੂਰਪੀਨ ਅਤੇ ਅਫਰੀਕੀ ਰਾਸ਼ਟਰ ਅਕਸਰ ਇਸਲਾਮਿਕ ਕਟੱੜਵਾਦੀ ਅੱਲ ਕਾਇਦੀ–ਆਈ.ਐੱਸ.ਆਈ.ਐੱਸ., ਲਸ਼ਕਰ–ਏ–ਤੋਇਬਾ, ਬੋਕੋ ਹਰਮ ਅੱਤਵਾਦੀ ਹਮਲਿਆਂ ਦੇ ਸ਼ਿਕਾਰ ਬਣੇ ਰਹਿੰਦੇ ਹਨ । ਮਿਸਾਲ ਵਜੋਂ ਰਮਜ਼ਾਨ ਰੋਜ਼ੇ ਮਨਾਉਂਦੇ ਸ਼ੀਆ ਲੋਕ ਬਗਦਾਦ (ਇਰਾਕ) ‘ਚ ਆਤਮਘਾਤੀ ਬੰਬਾਂ ਦਾ ਸ਼ਿਕਾਰ ਹੋਏ। ਲਾਹੌਰ ‘ਚ ਈਸਟਰ ਤਿਉਹਾਰ ਮਨਾਉਂਦੇ ਈਸਾਈ ਫਿਰਕੇ ਦੇ ਲੋਕ ਬੰਬ ਹਮਲੇ ਰਾਹੀਂ ਇੱਕ ਪਾਰਕ ‘ਚ 74 ਦੇ ਕਰੀਬ ਮਾਰ ਦਿੱਤੇ। ਇਵੇਂ ਹੀ ਬੰਗਲਾ ਦੇਸ਼, ਕਾਬੁਲ ਵਿਖੇ। ਭਾਰਤ ‘ਚ ਪੰਜਾਬ ‘ਚ ਪਾਕਿ ਨਾਲ ਲਗਦੀ ਸਰਹੱਦ ਨੇੜੇ ਦੀ ਨਾਨਗਰ ਪੁਲਿਸ ਸਟੇਸ਼ਨ ਤੇ ਪਠਾਨਕੋਟ ਏਅਰਪੋਰਟ ਨਿਸ਼ਾਨਾ ਬਣਾਏ ਗਏ। ਅਜੋਕੀ ਅਤਿ–ਆਧੁਨਿਕ ਮਾਨਵਵਾਦੀ ਵਿਕਾਸਮਈ ਸੱਭਿਅਤਾ ਕਿਧਰੇ ਵੀ ਸੁਰੱਖਿਅਤ ਨਹੀਂ।
ਅਮਰੀਕਾ ਵਰਗੀ ਮਹਾਂਸ਼ਕਤੀ ਬੁਰੀ ਤਰ੍ਹਾਂ ਨਸਲੀ ਹਿੰਸਾ ਦੀ ਸ਼ਿਕਾਰ ਹੈ। ਉਸਦਾ ‘ਬਦੂੰਕ ਸੱਭਿਆਚਾਰ’ ਅਤੇ ਨਸਲੀ ਵਿਤਕਰੇਬਾਜ਼ੀ ਉਸਦੀ ਘਰੋਗੀ ਮੁਹਾਜ਼ ਤੇ ਕਬਰ ਖ਼ੋਦ ਰਹੇ ਹਨ । ਅਮਰੀਕਾ ਦੀ ਸਦੀਆਂ ਪੁਰਾਣੀ ਨਸਲਵਾਦੀ ਹਿੰਸਾ ਤੇ ਵਿਤਕਰੇਬਾਜ਼ੀ ਵਿਰੁੱਧ ਸੰਨ 1955 ‘ਚ ਸ਼ਹੀਦ ਮਾਰਟਿਨ ਲੂਥਰ ਕਿੰਗ ਨੇ  ਚਿਤਾਵਨੀ ਦਿੱਤੀ ਸੀ, ”ਹੁਣ ਉਹ ਘੜੀ ਆ ਗਈ ਹੈ, ਜਦੋਂ ਲੋਕ ਥੱਕ ਤੇ ਅੱਕ ਚੁੱਕੇ ਹਨ।’ ਪਰ ਅਮਰੀਕੀ ਸ਼ਾਸਕਾਂ ਦਾ ਵਰਤਾਰਾ ਨਹੀਂ ਬਦਲਿਆ । ਹੁਣ ਕਾਲੇ ਅਫਰੀਕਨ–ਅਮਰੀਕੀਆਂ ਨੇ ਬਦਲੇ ਵਜੋਂ ਅਮਰੀਕੀ ਪੁਲਿਸ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। 7 ਜੁਲਾਈ, 2016 ਨੂੰ ਡਲਸ (ਟੈਕਸਾਸ) ਵਿਖੇ ਨਸਲੀ ਗੋਲੀਬਾਰੀ ‘ਚ 5 ਪੁਲਿਸ ਅਫਸਰ ਮਾਰੇ ਗਏ ਤੇ 7 ਜਖ਼ਮੀ ਹੋ ਗਏ। ਇਵੇਂ ਹੀ ਬੈਟਨ ਰੋਗ (ਲੁਸਿਆਨਾ) ਵਿਖੇ ਗੋਲੀਬਾਰੀ ‘ਚ 17 ਜੁਲਾਈ, 2016 ਨੂੰ ਤਿੰਨ ਪੁਲਿਸ ਅਫਸਰ ਮਾਰੇ ਗਏ। ਇਹ ਅਮਰੀਕੀ ਬਹੁਗਿਣਤੀ ਗੋਰੀ ਨਸਲਵਾਦੀ ਹਿੰਸਾ ਤੇ ਵਿਤਕਰੇਬਾਜ਼ੀ ਦਾ ਨਤੀਜਾ ਹੈ। ਕਾਫੀ ਸਮਾਂ ਪਹਿਲਾਂ ਇੱਕ ਪ੍ਰਸਿੱਧ ਕਾਲਮਨਵੀਸ ਟਿਮੋਥੀ ਹਿੰਦੇ ਨੇ ਬੜੇ ਦਲੇਰਾਨਾ ਢੰਗ ਨਾਲ ਫਰਾਂਸ, ਬ੍ਰਿਟੇਨ ਤੇ ਅਮਰੀਕਾ ਨੂੰ ਚਿਤਾਵਨੀ ਦਿੰਦੇ ਲਿਖਿਆ ਸੀ,” ਫਰਾਂਸ, ਬ੍ਰਿਟੇਨ ਤੇ ਅਮਰੀਕਾ ਐਸੀ ਸ਼ਿਕਾਇਤ ਕਰਨੀ ਨਹੀਂ ਸ਼ੁਰੂ ਕਰਨਗੇ ਜੋ ਇਹ ਹੁਣ ਲਿਬੀਆ ‘ਚ ਕਰ ਰਹੇ ਹਨ ਜਦੋਂ ਉਨ੍ਹਾਂ ਦੇ ਦਰਵਾਜ਼ਿਆਂ ਮੂਹਰੇ ਅਜਿਹਾ ਵਾਪਰਿਆ।” ਸ਼ਾਇਦ ਵਿਸ਼ਵ ਇਹ ਹਕੀਕਤ ਨਹੀਂ ਜਾਣਦਾ ਕਿ ਫਰਾਂਸ ਨੇ ਲਿਬੀਆ ਅੰਦਰ ਫ਼ੌਜੀ ਬਲ ਦੇ ਅਤਿਵਾਦ ਦੀਆਂ ਸਾਰੀਆਂ ਹੱਦਾਂ ਟੱਪੀਆਂ ਸਨ। ਉਸ ਨਾਲ ਸਥਾਨਕ ਭਾੜੇ ਦੇ ਅੱਤਵਾਦੀ ਵੀ ਸ਼ਾਮਲ ਸਨ । ਉਸ ਦੇ ਹਵਾਈ ਅਤੇ ਫ਼ੌਜੀ ਹਮਲਿਆਂ ਨੇ ਸਮੁੱਚਾ ਸਿਵਲ ਮੂਲ ਢਾਂਚਾ, ਫ਼ੌਜੀ ਸਾਜੋ–ਸਮਾਨ, ਬਿਜਲੀ ਗਰਿੱਡ , ਪਾਣੀ ਸਪਲਾਈ ਤਹਿਸ–ਨਹਿਸ ਕਰ ਦਿੱਤੇ ਸਨ। ਇਸ ਦਾ ਅਤਿ ਅਣਮਨੁੱਖੀ ਘਿਨਾਉਣਾ ਤਾਂਡਵ ਕਰ ਦਿੱਤਾ ਤਾਂਕਿ ਤਬਾਹ ਕੀਤੀ ਪਾਣੀ ਸਪਲਾਈ ਮੁੜ  ਬਹਾਲ ਨਾ ਕੀਤੀ ਜਾ ਸਕੇ। ਜਿਵੇਂ ਹਿਟਲਰੀ ਫ਼ੌਜਾਂ ਨੇ ਦੂਜੀ ਵਿਸ਼ਵ ਜੰਗ ‘ਚ ਔਰਤਾਂ ਤੇ ਤਸ਼ੱਦਦ, ਦੁਰਾਚਾਰਾਂ ਸਬੰਧੀ ਜ਼ੁਲਮ ਹੀ ਨਹੀਂ ਢਾਹੇ ਸਗੋਂ ਉਨ੍ਹਾਂ ਨੂੰ ਫਾਂਸੀ ਲਾਇਆ ਸੀ ਇਸ ਦਰਿੰਦਗੀ ਦੇ ਤਾਂਡਵ ਨਾਚ ‘ਚ ਅਮਰੀਕਾ ਅਤੇ ਬਰਤਾਨੀਆ ਵੀ ਸ਼ਾਮਲ ਸਨ । ਉਨ੍ਹਾਂ ਦੀ ਐਸੀ ਕਾਰਵਾਈ ਯੂ.ਐੱਨ. ਸੁਰੱਖਿਆ ਕੌਂਸਲ ਦੇ ਪ੍ਰਭੂਸੱਤਾ ਸੰਪੰਨ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ‘ਚ ਦਖ਼ਲ ਨਾ ਦੇਣ ਸਬੰਧੀ ਮਤੇ ਵਿਰੁੱਧ ਸੀ, ਜਿਸ ਮਤੇ ਨੂੰ ਪਾਸ ਕਰਨ ‘ਚ ਇਹ ਤਿੰਨੇ ਮੁਲਕ ਸਥਾਈ ਮੈਂਬਰਾਂ ਵਜੋਂ ਮੌਜੂਦ ਸਨ।
ਇਵੇਂ ਇਹ ਬਰਬਰਤਾ ਯੂ.ਐੱਨ. ਸੁਰਖਿਆ ਕੌਂਸਲ ਦੇ 1970, 1973 ਤੇ 2011 ਦੇ ਮਤਿਆਂ ਦੀ ਘੋਰ ਉਲੰਘਣਾ ਸੀ। ਅਸੀਂ ਬੇਬਾਕੀ ਨਾਲ ਕਹਿੰਦੇ ਹਾਂ ਕਿ ਲਿਬੀਆ ‘ਚ ਬੰਬਾਰੀ ਤੇ ਤੋਪਖਾਨੇ ਨਾਲ ਬੇਗੁਨਾਹ ਸ਼ਹਿਰੀਆਂ ਦਾ ਮਾਰਿਆ ਜਾਣਾ ਬਿਲਕੁਲ ਗਲਤ ਸੀ। ਉਵੇਂ ਹੀ ਹੁਣ ਫਰਾਂਸ ਦੇ ਸਿਵਲੀਅਨਾਂ ਦਾ ਮਾਰਿਆ ਜਾਣਾ ਗਲਤ ਹੈ। ਹਕੀਕਤ ਇਹ ਵੀ ਹੈ ਕਿ ਫਰਾਂਸ ਲਿਬੀਆ ਤੇ ਹੋਰਨਾਂ ਅਫਰੀਕੀ ਦੇਸ਼ਾਂ ‘ਚ ਢਾਹੇ ਅਣਮਨੁੱਖੀ ਜ਼ੁਲਮ ਤੇ ਜ਼ਬਰ ਦੀ ਹੁਣ ਭਾਰੀ ਮਨੁੱਖੀ ਕੀਮਤ ਅਦਾ ਕਰ ਰਿਹਾ ਹੈ। ਹਰ ਐਕਸ਼ਨ ਦਾ ਰਿਐਕਸ਼ਨ ਹੋਣਾ ਕੁਦਰਤੀ ਹੁੰਦਾ ਹੈ। ਅੱਜ ਵੀ 10 ਅਫ਼ਰੀਕੀ ਦੇਸ਼ਾਂ ‘ਚ ਉਸਦੀ ਫੌਜ ਮੌਜੂਦ ਹੈ।
ਅੱਜ ਜ਼ਹਾਦੀ ਫਰਾਂਸ, ਯੂਰਪ, ਕੈਨੇਡਾ ਤੇ ਹੋਰ ਦੇਸ਼ਾਂ ‘ਚ ਬੱਸਾਂ, ਰੇਲਾਂ,  ਸਟੇਸ਼ਨਾਂ, ਹਵਾਈ ਅੱਡਿਆਂ, ਸਕੂਲਾਂ, ਯੂਨੀਵਰਸਿਟੀਆਂ, ਹਸਪਤਾਲਾਂ, ਪੁਲਿਸ ਪੋਸਟਾਂ ਬਦਲਾਖ਼ੋਰ ਹਿੰਸਾ ਦਾ ਸ਼ਿਕਾਰ ਬਣਾ ਰਿਹਾ ਹੈ। ਇਹ ਬਦਲਾਖੋਰੀ ਦੀ ਰਾਜਨੀਤੀ ਹੈ। ਜੋ ਬੀਜਿਆ ਗਿਆ ਸੀ, ਉਹੀ ਹੁਣ ਕੱਟਿਆ ਜਾ ਰਿਹਾ ਹੈ। ਅਮਰੀਕਾ, ਬਰਤਾਨੀਆ, ਫਰਾਂਸ ਨੇ ਸਮੇਤ ਨਾਟੋ ਇਤਹਾਦੀਆਂ ਦੇ 10 ਲੱਖ ਇਰਾਕੀਆਂ ਨੂੰ ਬੰਬਾਂ ਤੇ ਗੋਲਾ–ਬਾਰੂਦ ਨਾਲ ਨਿਸ਼ਾਨਾ ਬਣਾ ਦਿੱਤਾ। ਜਦੋਂ ਇਨ੍ਹਾਂ ਦੇਸ਼ਾਂ ਦੇ ਆਗੂ ਐਸੇ ਕਾਰਨਾਮੇ ਕਰਦੇ ਹਨ ਤਾਂ ਫਿਰ ਲੋਕ ਪ੍ਰਤੀਕਰਮ ਵਜੋਂ ਕੀ ਵਿਚਾਰ ਰੱਖਦੇ ਹਨ? ਪੱਛਮੀ ਜਗਤ ਬੜੀ ਚਲਾਕੀ ਨਾਲ ਚੰਗੇ-ਬੁਰੇ ਅੱਤਵਾਦ ਦੀ ਵੀ ਵੰਡ ਪਾਉਂਦਾ ਵਿਖਾਈ ਦਿੰਦਾ ਹੈ। ਪਰ ਅੱਤਵਾਦ ਤਾਂ ਅੱਤਵਾਦ ਹੀ ਹੁੰਦਾ ਹੈ। ਕਟੱੜਵਾਦ ਦੇ ਨਿਸ਼ਾਨੇ ‘ਤੇ ਇਸ ਸਮੇਂ ਪੂਰਾ ਪੱਛਮੀ ਜਗਤ ਹੈ, ਭਾਵੇਂ ਇਸ ਤੋਂ ਵਿਸ਼ਵ ਦਾ ਕੋਈ ਹੋਰ ਖਿੱਤਾ ਵੀ ਖਾਲੀ ਨਹੀਂ ਹੈ।।
ਕਟੱੜਵਾਦੀ ਜਹਾਦ ਨੇ ਪੱਛਮੀ ਜਗਤ ਤੇ ਵਿਸ਼ਵ ਦੇ ਹੋਰ ਅਨੇਕ ਥਾਵਾਂ ‘ਤੇ ਤਰਥੱਲੀ ਮਚਾਈ ਹੋਈ ਹੈ। ਉਨ੍ਹਾਂ ਨੇ ਅਮਰੀਕਾ ਸਮੇਤ ਪੱਛਮ ਵਿਰੁੱਧ ਗਲੋਬਲ ਜੰਗ ਛੇੜ ਰੱਖੀ ਹੈ। ਭਾਰਤ ਵਰਗਾ ਦੇਸ਼ ਵੀ ਇਸ ਤੋਂ ਅਛੂਤਾ ਨਹੀਂ। ਕਸ਼ਮੀਰ ‘ਚ ਜੋ ਹੋ ਰਿਹਾ ਹੈ ਉਹ ਐਸੇ ਰਾਜਕੀ ਅਤੇ  ਕਟੱੜਵਾਦੀ ਅੱਤਵਾਦ ਦਰਮਿਆਨ ਦਵੰਦ ਦਾ ਨਤੀਜਾ ਹੈ। ਐਜਾਜ਼ ਹੁਸੈਨ 18 ਜੁਲਾਈ, 2016 ਦੀ  ਕੈਨੇਡੀਅਨ ਮਸ਼ਹੂਰ ਅਖ਼ਬਾਰ ‘ਟਰਾਂਟੋ ਸਟਾਰ’ ਵਿਚ ਰਿਪੋਰਟਿੰਗ ਕਰਦਾ ਹੈ ਕਿ ਸੰਨ 1989 ਤੋਂ ਲੈ ਕੇ ਹੁਣ ਤਕ 68,000 ਕਸ਼ਮੀਰੀ ਜਹਾਦੀ ਭਾਰਤੀ ਫੌਜੀ ਬਰਬਰਤਾ ਕਰਕੇ ਮਾਰੇ ਜਾ ਚੁੱਕੇ ਹਨ ।
ਵਿਚਾਰਾਂ ਦੇ ਪ੍ਰਗਟਾਵੇ ਅਤੇ ਜਾਣਕਾਰੀ ਪ੍ਰਾਪਤ ਕਰਨ ਦਾ ਅਧਿਕਾਰ ਪ੍ਰੈੱਸ ‘ਤੇ ਪਾਬੰਦੀ ਰਾਹੀਂ ਖ਼ਤਮ ਕੀਤਾ ਗਿਆ ਹੈ। ਲੋਕ ਰੋਟੀ ਅਤੇ ਰੋਜ਼ਮੱਰਾ ਦੀਆਂ ਜ਼ਰੂਰਤਾਂ ਤੋਂ ਮਰਹੂਮ ਹਨ । ਇਸ ਕਰਕੇ ਭਾਰਤੀ ਆਗੂਆਂ ਕਸ਼ਮੀਰੀ ਜਹਾਦੀਆਂ ਵਿਰੁੱਧ ਬਰਬਰਤਾ ਦਾ ਖ਼ਮਿਆਜ਼ਾ ਬੇਗੁਨਾਹ ਅਤੇ ਅਣਜਾਣ ਸ਼ਹਿਰੀਆਂ ਨੂੰ ਭੁਗਤਣਾ ਪਵੇਗਾ , ਭੁਗਤ ਰਹੇ ਵੀ ਹਨ । ਇਹ ਸਾਰਾ ਬਰਬਰਤਾ ਪੂਰਵਕ ਹਿੰਸਕ ਵਰਤਾਰਾ ਆਧੁਨਿਕ ਸੱਭਿਅਤਾ ਦੇ ਵਿਨਾਸ਼ ਵੱਲ ਇਸ ਜਗਤ ਨੂੰ ਧਕੇਲ ਰਿਹਾ ਹੈ। ਜੇ ਅਮਰੀਕੀ ਪ੍ਰੋਟੈਸਟੈਂਟ ਗੋਰੀ ਮਹਾਂਸ਼ਕਤੀ ਅਤੇ ਪੱਛਮੀ ਦੇਸ਼ਾਂ ਨੇ ਆਪਣੀ ਫ਼ੌਜੀ ਧੌਂਸ ਜਾਰੀ ਰੱਖੀ ਅਤੇ ਇਸਲਾਮ ਕੱਟੜਵਾਦ ਨੇ ਹਿੰਸਾ ਅਤੇ ਆਪਣੀ ਉੱਤਮਤਾ ਨਾ ਛੱਡੀ ਤਾਂ ਇਹ ਲੋਕ ਇਕ–ਦੂਜੇ ਨੂੰ ਮਾਰਦੇ ਰਹਿਣਗੇ। ਸੱਭਿਅਤਾ ਖ਼ਤਮ ਹੋ ਜਾਵੇਗੀ। ਇਸ ਦੇ ਬਚਾਅ, ਵਿਕਾਸ ਅਤੇ ਸੁਰੱਖਿਅਤਾ ਦਾ ਇਹੀ ਮੂਲ ਹੱਲ ਹੈ ਕਿ ਹਰ ਤਰ੍ਹਾਂ ਦਾ ਅੱਤਵਾਦ ਸਮਾਪਤ ਕਰਨ ਲਈ ਸਭ ਧਿਰਾਂ ਗੱਲਬਾਤ ਦੀ ਮੇਜ਼ ‘ਤੇ ਬੈਠਣ । ਅਹਿੰਸਾ ਦਾ ਪੱਲਾ ਨਾ ਛੱਡਣ ਦਾ ਅਹਿਦ ਕਰਨ ।

ਲੇਖਕ ਪੰਜਾਬ ਦੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਹਨ।          

ਪ੍ਰਸਿੱਧ ਖਬਰਾਂ

To Top