ਕਹਾਣੀਆਂ

ਓਵਰਬ੍ਰਿਜ

ਕਹਾਣੀ
ਫਾਟਕ ਵਾਲੀ ਸੜਕ ਸ਼ਹਿਰ ਵਿੱਚ ਇਹ ਇੱਕ ਅਜਿਹਾ ਨਾਂਅ ਬਣ ਗਿਆ ਸੀ, ਜਿਸਨੂੰ ਸੁਣਦਿਆਂ ਹੀ ਸਭ ਨੂੰ ਸਹਿਮ ਜਿਹਾ ਚੜ੍ਹ ਜਾਂਦਾ ਜਦੋਂ ਵੀ ਕੋਈ ਫਾਟਕ ਵਾਲੀ ਸੜਕ ਦਾ ਨਾਂਅ ਲੈਂਦਾ ਤਾਂ ਕੋਲ ਖੜ੍ਹਾ ਵਿਅਕਤੀ ਵੀ ਤੌਬਾ-ਤੌਬਾ ਕਰਨ ਲੱਗਦਾ ਕੋਈ ਬਾਹਰੋਂ ਆਇਆ ਵਿਅਕਤੀ ਜਦੋਂ ਫਾਟਕ ਵਾਲੀ ਸੜਕ ਬਾਰੇ ਪੁੱਛਦਾ ਤਾਂ ਦੱਸਣ ਵਾਲਾ ਪਹਿਲਾਂ ਉਸਨੂੰ ਤਰਸ ਭਰੀਆਂ ਨਜ਼ਰਾਂ ਨਾਲ ਦੇਖਦਾ, ਫਿਰ ਫਾਟਕ ਵਾਲੀ ਸੜਕ ਦੱਸਦਾ, ਤੇ ਜਾਂਦੇ ਨੂੰ ਤਾਕੀਦ ਕਰਦਾ, ਬਈ ਏਨਾ ਸੌਖਾ ਤਾਂ ਨ੍ਹੀਂ Àੁੱਥੋਂ ਲੰਘਣਾ
ਸੁਣਨ ਵਾਲਾ ਹੈਰਾਨ ਹੋਇਆ, ਜਿਸ ਕੰਮ ਆਇਆ ਹੁੰਦਾ ਉਸਨੂੰ ਭੁੱਲਕੇ, ਫਾਟਕ ਵਾਲੀ ਸੜਕ ਦੇ ਰਹੱਸ ਬਾਰੇ ਸੋਚਦਾ-ਸੋਚਦਾ ਜਦੋਂ ਫਾਟਕ ਵਾਲੀ ਸੜਕ ਕੋਲ ਅੱਪੜਦਾ ਤਾਂ ਉਸਨੂੰ ਸਾਰੇ ਸੁਆਲਾਂ ਦਾ ਜੁਆਬ ਖੁਦ-ਬ-ਖੁਦ ਮਿਲ ਜਾਂਦਾ ਸ਼ਹਿਰਵਾਸੀਆਂ ਦੇ ਮੁਤਾਬਿਕ ਚੌਵੀ ਘੰਟਿਆਂ ‘ਚੋਂ ਵੀਹ ਘੰਟਿਆਂ ਤੋਂ ਵੱਧ ਫਾਟਕ ਬੰਦ ਰਹਿੰਦਾ ਸ਼ਹਿਰ ‘ਚ ਇਹ ਗੱਲ ਆਮ ਹੀ ਪ੍ਰਚੱਲਤ ਸੀ ਕਿ ਇਸ ਸ਼ਹਿਰ ਦੇ ਵਾਸੀਆਂ ਦੀ ਕੁੱਲ ਉਮਰ ਵਿੱਚੋਂ ਦੋ ਤਿਹਾਈ ਇਸ ਫਾਟਕ ‘ਤੇ ਹੀ ਗੁਜ਼ਰੀ ਜਿਹੜੇ ਲੋਕਾਂ ਦਾ ਇਸ ਫਾਟਕ ਵਾਲੀ ਸੜਕ ਤੋਂ ਕੁੱਝ ਜ਼ਿਆਦਾ ਹੀ ਆਉਣ-ਜਾਣ ਸੀ ਉਹ ਤਾਂ ਕਈ ਵਾਰੀ ਰਾਤ ਨੂੰ ਸੁਫਨਿਆਂ ‘ਚ ਵੀ ਹਾਏ ਫਾਟਕ! ਫਾਟਕ!! ਬੁੜਬੁੜਾਉਂਦੇ
ਸ਼ਹਿਰ ਵਿਚੋਂ ਜਿਹੜੇ ਸੱਜਣ ਮਾੜਾ-ਮੋਟਾ ਰਾਜਨੀਤੀ ਵਿੱਚ ਪੈਰ ਧਰਦਿਆਂ ਸ਼ੇਖੀ ਮਾਰਦੇ ਕੋਈ ਕੰਮ ਬਾਰੇ ਪੁੱਛਦੇ ਤਾਂ ਮੂਹਰਲਾ ਝੱਟ ਕਹਿ ਦਿੰਦਾ, ‘ਆਪਣੇ ਇਸ ਫਾਟਕ ਦਾ ਹੀਲਾ ਕਰੋ, ਬਣਵਾਓ ਕੋਈ ਓਵਰਬ੍ਰਿਜ ਜਾਂ ਅੰਡਰਪਾਸ ਫਿਰ ਮੰਨਾਗੇ’ ਇਹ ਸੁਣਕੇ ਰਾਜਨੀਤੀ ਵਿੱਚ ਆਪਣਾ ਦੂਜਾ ਪੈਰ ਰੱਖਣ ਤੋਂ ਪਹਿਲਾਂ ਹੀ ਉਹ ਸੱਜਣ ਮੌਨ ਹੋ ਜਾਂਦਾ ਸਵੇਰੇ, ਦੁਪਹਿਰੇ, ਸ਼ਾਮ, ਕੀ ਰਾਤ ਹਰ ਸਮੇਂ ਫਾਟਕ ਬੰਦ ਮਿਲਦਾ ਸ਼ਹਿਰ ਮੁੱਖ ਜੰਕਸ਼ਨ ਹੋਣ ਕਾਰਨ ਸੈਂਕੜੇ ਰੇਲ ਗੱਡੀਆਂ ਧੂੰਆਂ-ਧਾਰ ਕਰਦੀਆਂ ਫਾਟਕ ਦੇ ਦੋਵੇਂ ਪਾਸੇ ਖੜ੍ਹੇ ਲੋਕਾਂ ਦੇ ਹਜੂਮ ਦੇ ਕੰਨ ਪਾੜਵੀਆਂ ਕੂਕਾਂ ਮਾਰਦੀਆਂ ਗੁਜ਼ਰਦੀਆਂ
ਸਕੂਲ ਵੈਨ, ਗੱਡੀਆਂ, ਕਾਰਾਂ ਤਾਂ ਛੱਡੋ ਕਈ ਵਾਰੀ ਤਾਂ ਅੰਤਿਮ ਯਾਤਰਾ ਵਿੱਚ ਸ਼ਾਮਲ ਸੰਗਤ ਵੀ ਬੰਦ ਫਾਟਕ ਅੱਗੇ ਬੇਬਸ ਖੜ੍ਹੀ ਹੁੰਦੀ ਕੋਈ ਮਾਈ ਦਾ ਲਾਲ ਜੇ ਘਰੋਂ ਇਹ ਤੈਅ ਕਰਕੇ ਤੁਰਦਾ ਕਿ ਮੈਂ ਫਲਾਣੇ ਥਾਂ ਇਸ ਸਮੇਂ ਜਾਣਾ ਹੀ ਜਾਣਾ, ਤਾਂ ਫਾਟਕ ਕੋਲ ਆ ਕੇ ਉਸਦਾ ਸਾਰਾ ਹਿਸਾਬ-ਕਿਤਾਬ ਵਿਗੜ ਜਾਂਦਾ ਪੈਦਲ, ਸਾਈਕਲ ਜਾਂ ਰਿਕਸ਼ੇ ਵਾਲੇ ਆਪਣੀ ਜਾਨ ਤਲੀ ‘ਤੇ ਧਰਕੇ ਫਾਟਕ ਥੱਲੋਂ ਦੀ ਲੰਘਣ ਦੀ ਕੋਸ਼ਿਸ਼ ਕਰਦੇ ਰਹਿੰਦੇ ਚੰਗੇ ਭਾਗੀਂ ਜੇ ਮਿੰਟ ਦੋ ਮਿੰਟ ਫਾਟਕ ਖੁੱਲ੍ਹਦਾ ਵੀ ਤਾਂ ਲੋਕੀਂ ਜਲਦਬਾਜੀ ਵਿੱਚ ਐਦਾਂ ਲੰਘਦੇ ਜਿੰਵੇਂ ਸਾਰੀ ਜਿੰਦਗੀ ਮੁੜ ਕੇ ਉਨ੍ਹਾਂ ਨੂੰ ਦੁਬਾਰਾ ਕੋਈ ਮੌਕਾ ਹੀ ਨਹੀਂ ਮਿਲੇਗਾ? ਇਸ ਸ਼ਹਿਰ ਦੇ ਇਤਹਾਸ ਜਾਂ ਸ਼ਹਿਰ ਦੀ ਕੋਈ ਹੋਰ ਪੁਰਾਣੀ ਧਰੋਹਰ ਬਾਰੇ ਕੋਈ ਸ਼ਾਇਦ ਨਾ ਜਾਣਦਾ ਹੋਵੇ ਪਰ ਬੱਚੇ ਤੋਂ ਲੈ ਕੇ ਬਜੁਰਗ ਤੱਕ ਹਰ ਕੋਈ ਇਸ ਫਾਟਕ ਤੋਂ ਚੰਗੀ ਤਰ੍ਹਾਂ ਵਾਕਿਫ ਸੀ ਕੋਈ ਪ੍ਰੋਪਰਟੀ ਡੀਲਰ ਜਦੋਂ ਕਿਸੇ ਗਾਹਕ ਨੂੰ ਮਕਾਨ ਦਿਖਾਉਣ ਲਈ ਇਸ ਫਾਟਕ ਵਾਲੀ ਸੜਕ ਵੱਲ ਆਉਂਦਾ ਤਾਂ ਫਾਟਕ ਦੇਖਦਿਆਂ ਹੀ ਗਾਹਕ ਰਸਤੇ ‘ਚੋਂ ਗਾਇਬ ਹੋ ਜਾਂਦਾ ਸ਼ਹਿਰਵਾਸੀ ਦਿਨ-ਰਾਤ ਇਸ ਫਾਟਕ ਦੇ ਹੱਲ ਦੀਆਂ ਦੁਆਵਾਂ ਮੰਗਦੇ ਕਿੰਨੇ ਹੀ ਵਾਰੀ ਉਹ ਸ਼ਹਿਰ ਦੇ ਛੋਟੇ ਅਫ਼ਸਰ ਤੋਂ ਲੈ ਕੇ ਵੱਡੇ ਤੱਕ ਇਸ ਮਸਲੇ ਬਾਰੇ ਚਿੱਠੀਆਂ ਪਾ ਚੁੱਕੇ ਸਨ ਪਰ ਨਤੀਜਾ ਜ਼ੀਰੋ ਲੱਗੇ ਫਾਟਕ ‘ਤੇ ਦੋਵੇਂ ਪਾਸੇ ਕਰਾਹ ਰਹੇ ਲੋਕ ਆਪਣੀ ਭੜਾਸ ਵੱਖਰੇ-ਵੱਖਰੇ ਤਰੀਕੇ ਨਾਲ ਕੱਢਦੇ ਕੋਈ ਸਰਕਾਰਾਂ, ਕੋਈ ਰੱਬ ਇੱਥੋਂ ਤੱਕ ਕਿ ਕੋਈ ਅੱਕਿਆ ਆਪਣੇ ਨਿਆਣਿਆਂ ਤੱਕ ਨੂੰ ਝਿੜਕ ਰਿਹਾ ਹੁੰਦਾ ਕੋਈ ਖੜ੍ਹਾ ਪਿੰਜਰੇ ‘ਚ ਬੰਦ ਕਿਸੇ ਬੇਬੱਸ ਪੰਛੀ ਵਾਂਗ ਬਿਟਰ-ਬਿਟਰ ਦੇਖ ਰਿਹਾ ਹੁੰਦਾ
ਜੋ ਉੱਥੇ ਚੁੱਪ-ਚਾਪ ਸ਼ਾਂਤ ਖੜ੍ਹਾ ਹੁੰਦਾ ਉਹ ਇੰਝ ਜਾਪਦਾ ਜਿਵੇਂ ਕਿਸੇ ਫਾਂਸੀ ਵਾਲੇ ਕੈਦੀ ਦੀ ਰਹਿਮ ਦੀ ਆਖ਼ਰੀ ਅਪੀਲ ਵੀ ਖਾਰਜ ਹੋ ਗਈ ਹੋਵੇ ਤੇ ਉਸ ਲਈ ਕੋਈ ਉਮੀਦ ਬਾਕੀ ਨਾ ਹੋਵੇ ਇਸ ਫਾਟਕ ਕਾਰਨ ਹੀ ਇੱਥੋਂ ਦੀ ਨੌਜਵਾਨ ਪੀੜ੍ਹੀ ਦੇ ਰਿਸ਼ਤੇ ਤੱਕ ਪ੍ਰਭਾਵਿਤ ਹੋਣ ਲੱਗੇ ਚੋਣਾਂ ਨਜਦੀਕ ਕਿਸੇ ਵੀ ਪਾਰਟੀ ਦਾ ਕੋਈ ਵੱਡਾ ਲੀਡਰ ਇੱਥੇ ਆਪਣੀ ਪਾਰਟੀ ਦੇ ਪ੍ਰਚਾਰ ਲਈ ਨਾ ਆਉਂਦਾ ਕਿਉਂਕਿ ਇਸ ਤੋਂ ਪਹਿਲਾਂ ਕਈ ਲੀਡਰ ਆਪਣੀ ਪਾਰਟੀ ਦੇ ਦਮਗਜੇ ਮਾਰਦੇ ਸਮੇਂ ਇਸ ਫਾਟਕ ਕਾਰਨ ਹੀ ਸ਼ਹਿਰਵਾਸੀਆਂ ਦੇ ਰੋਹ ਦਾ ਸ਼ਿਕਾਰ ਸਟੇਜ ‘ਤੇ ਹੀ ਹੋ ਚੁੱਕੇ ਸਨ ਆਪਣੀਆਂ ਕਿਸਮਤ ਦੀਆਂ ਲਕੀਰਾਂ ਵਿੱਚ ਸਦਾ ਲਈ ਦਰਜ ਇਸ ਫਾਟਕ ਨੂੰ ਸ਼ਹਿਰਵਾਸੀ ਗੌਡ ਗਿਫਟ ਸਮਝ ਕੇ ਦੁਖੀ ਹੋਏ ਸਮਾਂ ਲੰਘਾ ਰਹੇ ਸਨ
ਵੋਟਾਂ ਦਾ ਸਮਾਂ ਫਿਰ ਸਿਰ ‘ਤੇ ਆ ਗਿਆ ਇਸ ਵਾਰ ਸ਼ਹਿਰਵਾਸੀਆਂ ਦੀ ਇੱਕੋ-ਇੱਕ ਮੰਗ ਪੂਰੀ ਹੋਣ ਦੇ ਵਿਚਾਰ ‘ਤੇ ਬੂਰ ਪੈਣ ਲੱਗਾ ਤੇ ਉਨ੍ਹਾਂ ਦੀ ਕਰੀਬ ਇੱਕ ਸਦੀ ਪੁਰਾਣੀ ਮੰਗ ਆਖਰ ਪੂਰੀ ਹੋ ਗਈ ਰੇਲਵੇ ਲਾਈਨ ਉੱਪਰ ਦੀ ਓਵਰਬ੍ਰਿਜ ਮਨਜੂਰ ਹੋ ਗਿਆ ਇਹ ਖ਼ਬਰ ਸ਼ਹਿਰ ਵਿੱਚ ਅੱਗ ਵਾਂਗ ਫੈਲ ਗਈ ਸਾਰੇ ਖੁਸ਼ੀ ਨਾਲ ਝੂਮ ਉੱਠੇ ਇੱਕ-ਦੂਜੇ ਨੂੰ ਵਧਾਈਆਂ ਦੇਣ ਲੱਗੇ ਨਵੇਂ ਸਾਲ ਜਾਂ ਕਿਸੇ ਹੋਰ ਵੱਡੇ ਤਿਓੁਹਾਰ ਵਾਂਗ ਮੋਬਾਇਲ ‘ਤੇ ਇੱਕ-ਦੂਜੇ ਨੂੰ ਮੈਸੇਜ ਭੇਜਣ ਲੱਗੇ ਰਿਸ਼ਤੇਦਾਰੀਆਂ ਵਿੱਚ ਫੋਨ ਕਰਕੇ ਆਪਣੀ ਖੁਸ਼ੀ ਸਾਂਝੀ ਕਰਨ ਲੱਗੇ ਆਪਣੀ ਇਸ ਪੂਰੀ ਹੋਣ ਜਾ ਰਹੀ ਮੁਰਾਦ ਲਈ ਰੱਬ ਵੱਲ ਹੱਥ ਕਰਕੇ ਉਸਦਾ ਲੱਖ-ਲੱਖ ਧੰਨਵਾਦ ਕਰਨ ਲੱਗੇ ਕਈ ਜ਼ਿਆਦਾ ਹੀ ਖੁਸ਼ੀ ‘ਚ ਆ ਕੇ ਢੋਲ ਵਜਾਉਂਦੇ ਸ਼ਹਿਰ ‘ਚ ਲੱਡੂ ਵੰਡਣ ਲੱਗੇ ਓਵਰਬ੍ਰਿਜ ਉਸਾਰੀ ਦਾ ਉਦਘਾਟਨ ਸੱਤਾਧਾਰੀ ਪਾਰਟੀ ਦੇ ਇੱਕ ਸਥਾਨਕ ਮੰਤਰੀ ਨੇ ਕੀਤਾ ਜਿਸਦੇ ਯਤਨਾਂ ਸਦਕਾ ਹੀ ਸ਼ਹਿਰਵਾਸੀਆਂ ਦੀ ਇਹ ਜਾਇਜ ਮੰਗ ਸਿਰੇ ਚੜ੍ਹੀ ਓਵਰਬ੍ਰਿਜ ਦਾ ਕੰਮ ਜਲਦੀ ਹੀ ਸ਼ੁਰੂ ਹੋਣ ਲੱਗਾ ਜਿਵੇਂ ਪਹਿਲਾਂ ਬੰਦ ਫਾਟਕ ਨੂੰ ਦੇਖ ਹਮੇਸ਼ਾ ਦੁਖੀ ਰਹਿੰਦੇ ਲੋਕੀਂ ਕੁੱਝ ਨਾ ਕੁੱਝ ਬੁੜਬੁੜਾਉਂਦੇ ਰਹਿੰਦੇ ਪਰ ਹੁਣ ਉਸਾਰੀ ਅਧੀਨ ਓਵਰਬ੍ਰਿਜ ਨੂੰ ਦੇਖ ਬੰਦ ਫਾਟਕ ਦਾ ਦੁੱਖ ਭੁੱਲ ਜਿਹਾ ਜਾਂਦੇ ਓਵਰਬ੍ਰਿਜ ਮੱਠੀ ਰਫ਼ਤਾਰ ਨਾਲ ਬਣਨ ਲੱਗਾ ਕਦੇ-ਕਦੇ ਕੰਮ ਬੰਦ ਵੀ ਹੋ ਜਾਂਦਾ ਇਸਨੂੰ ਤਿਆਰ ਹੋਣ ਨੂੰ ਕਈ ਸਾਲ ਲੱਗ ਗਏ ਇਸੇ ਦੌਰਾਨ ਵੋਟਾਂ ਦਾ ਸਮਾਂ ਫਿਰ ਆ ਗਿਆ ਸੱਤਾ ‘ਤੇ ਇਸ ਵਾਰੀ ਦੂਜੀ ਧਿਰ ਦਾ ਕਬਜ਼ਾ ਹੋ ਗਿਆ
ਓਵਰਬ੍ਰਿਜ ਹੁਣ ਮੁਕੰਮਲ ਹੋਣ ਕੰਢੇ ਸੀ ਬੱਸ ਕੁੱਝ ਦਿਨਾਂ ਵਿੱਚ ਹੀ ਸ਼ਹਿਰਵਾਸੀਆਂ ਲਈ ਖੋਲ੍ਹ ਦੇਣਾ ਸੀ ਸ਼ਹਿਰਵਾਸੀ ਆਪਣੀ ਇਸ ਪੂਰੀ ਹੋਈ ਮੁਰਾਦ ਨੂੰ ਦੇਖ ਇਸਦੇ ਚਾਲੂ ਹੋਣ ਲਈ ਬੇਸਬਰੇ ਸਨ ਪਹਿਲਾਂ ਜਿਹੜੇ ਸ਼ਹਿਰਵਾਸੀ ਫਾਟਕ ਵੱਲ ਮੂੰਹ ਨਹੀਂ ਸਨ ਕਰਦੇ, ਹੁਣ ਆਨ-ਬਾਹਨੇ ਉੱਥੋਂ ਦੀ ਲੰਘਦੇ ਤੇ ਓਵਰਬ੍ਰਿਜ ਦੇਖ ਖੁਸ਼ੀ ‘ਚ ਖੀਵੇ ਹੋਏ ਫੁੱਲੇ ਨਾ ਸਮਾਉਂਦੇ ਓਵਰਬ੍ਰਿਜ ਦੇ ਚਾਲੂ ਹੋਣ ਦੇ ਇੰਤਜਾਰ ਵਿੱਚ ਇੱਕ-ਇੱਕ ਦਿਨ ਉਨ੍ਹਾਂ ਦਾ ਬੜੀ ਮੁਸ਼ਕਿਲ ਨਾਲ ਲੰਘ ਰਿਹਾ ਸੀ
ਅਚਾਨਕ ਇੱਕ ਦਿਨ ਪਹੁ-ਫੁਟਾਲੇ ਹੀ ਓਵਰਬ੍ਰਿਜ ਚਾਲੂ ਹੋਣ ਦੀ ਖ਼ਬਰ ਸ਼ਹਿਰ ਵਿੱਚ ਅੱਗ ਵਾਂਗ ਫੈਲ ਗਈ ਸਾਰਾ ਸ਼ਹਿਰ ਹੀ ਓਵਰਬ੍ਰਿਜ ਕੋਲ ਆ ਉੱਲਰਿਆ ਸ਼ਹਿਰਵਾਸੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ
ਬੜੀ ਹੀ ਰਫ਼ਤਾਰ ਨਾਲ ਓਵਰਬ੍ਰਿਜ ‘ਤੇ ਆਵਾਜਾਈ ਲੰਘ ਰਹੀ ਸੀ ਪੱਤਰਕਾਰ ਅਗਲੇ ਦਿਨ ਦੇ ਅਖ਼ਬਾਰ ਦੀ ਮੁੱਖ ਸੁਰਖੀ ਲਈ ਇਸਦੀ ਕਵਰੇਜ ਕਰਦੇ ਫੋਟੋਆਂ ਖਿੱਚ ਰਹੇ ਸਨ ਪਰ ਸਦੀ ਭਰ ਤੋਂ ਇਸ ਖੁਸ਼ੀ ਲਈ ਤਰਸਦੇ ਸ਼ਹਿਰਵਾਸੀਆਂ ਦੀ ਸੱਜਰੀ ਖੁਸ਼ੀ ਮਿੰਟਾਂ ਵਿੱਚ ਉਦੋਂ ਕਫੂਰ ਹੋ ਗਈ ਜਦੋਂ ਪ੍ਰਸ਼ਾਸਨ ਨੇ ਇੱਕਦਮ ਹੀ ਓਵਰਬ੍ਰਿਜ ਫਿਰ ਤੋਂ ਬੰਦ ਕਰ ਦਿੱਤਾ ਸ਼ਹਿਰ ਵਿੱਚ ਹੋ-ਹੱਲਾ ਜਿਹਾ ਪੈ ਗਿਆ ਸ਼ਹਿਰਵਾਸੀ ਡੌਰ-ਭੌਰ ਹੋਏ  ਇੱਕ-ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਪਰ ਕਿਸੇ ਨੂੰ ਵੀ ਇਸ ਅਚਾਨਕ ਹੋਈ ਅਣਹੋਣੀ ਬਾਰੇ ਪਤਾ ਨਾ ਲੱਗਾ ਹਰ ਕੋਈ ਇਸਦਾ ਕਾਰਨ ਜਾਣਨ ਲਈ ਉਤਸੁਕ ਸੀ ਅੰਤ ਪਤਾ ਲੱਗਾ ਕਿ ਜਿਹੜੇ ਮੰਤਰੀ ਦੇ ਯਤਨਾਂ ਸਦਕਾ ਇਹ ਓਵਰਬ੍ਰਿਜ ਮਨਜੂਰ ਹੋਇਆ ਸੀ ਤੇ ਉਸਨੇ ਹੀ ਇਸ ਓਵਰਬ੍ਰਿਜ ਦੇ ਨਿਰਮਾਣ ਦਾ ਉਦਘਾਟਨ ਵੀ ਕੀਤਾ ਸੀ, ਜੋ ਹੁਣ ਹਾਰਿਆ ਹੋਇਆ ਸੀ ਤੇ ਉਸਦੀ ਪਾਰਟੀ ਵੀ ਸੱਤਾ ਤੋਂ ਪਰੇ ਸੀ, ਪਤਾ ਨਹੀਂ ਅੱਜ ਅਚਾਨਕ ਸਵੇਰੇ-ਸਵੇਰੇ ਮੂੰਹ ‘ਨ੍ਹੇਰੇ ਕਿਧਰੋਂ ਆਇਆ ਤੇ ਆਪਣੇ ਕੁੱਝ ਗਿਣਤੀ ਦੇ ਪਾਰਟੀ ਵਰਕਰਾਂ ਨਾਲ ਉਸਾਰੀ ਅਧੀਨ ਅੰਤਿਮ ਛੋਹਾਂ ‘ਤੇ ਓਵਰਬ੍ਰਿਜ ਦਾ ਉਦਘਾਟਨ ਕਰਕੇ ਚਲਦਾ ਬਣਿਆ
ਇਹ ਦੇਖ ਸੱਤਾਧਾਰੀ ਪਾਰਟੀ ਦੇ ਹੋਸ਼ ਉੱਡ ਗਏ ਤੇ ਬੌਖਲਾਹਟ ‘ਚ ਆ ਕੇ ਉਸਨੇ ਪ੍ਰਸ਼ਾਸਨ ਰਾਹੀਂ ਓਵਰਬ੍ਰਿਜ ਫਿਰ ਤੋਂ ਬੰਦ ਕਰਵਾ ਦਿੱਤਾ, ਤੇ ਇਸਦਾ ਉਦਘਾਟਨ ਕੁੱਝ ਦਿਨਾਂ ਬਾਅਦ ਸੱਤਾਧਾਰੀ ਪਾਰਟੀ ਵੱਲੋਂ ਕਰਨ ਬਾਰੇ ਕਿਹਾ ਇਹ ਦੇਖ ਸ਼ਹਿਰਵਾਸੀ ਦੰਗ ਰਹਿ ਗਏ ਤੇ ਉਨ੍ਹਾਂ ਮਨ-ਮਸੋਸ ਕੇ ਸੋਚਿਆ, ਚਲੋ ਕੋਈ ਗੱਲ ਨਹੀਂ ਥੋੜ੍ਹੇ ਦਿਨਾਂ ਵਿੱਚ ਹੀ ਇਹ ਮੁੜ ਚਾਲੂ ਹੋ ਜਾਵੇਗਾ ਕੁੱਝ ਦਿਨਾਂ ਵਿੱਚ ਓਵਰਬ੍ਰਿਜ ਦਾ ਬਾਕੀ ਰਹਿੰਦਾ ਕੰਮ ਵੀ ਪੂਰਾ ਹੋ ਗਿਆ ਸੀ ਦੇਖਦੇ-ਦੇਖਦੇ ਮਹੀਨਾਭਰ ਤੋਂ ਵੀ ਵੱਧ ਸਮਾਂ ਗੁਜਰ ਗਿਆ ਪਰ ਓਵਰਬ੍ਰਿਜ ਦਾ ਉਦਘਾਟਨ ਨਹੀਂ ਕੀਤਾ ਗਿਆ ਸ਼ਹਿਰਵਾਸੀਆਂ ਲਈ ਇੰਤਜ਼ਾਰ ਦਾ ਇੱਕ-ਇੱਕ ਮਿੰਟ ਭਾਰਾ ਪੈ ਰਿਹਾ ਸੀ ਇਸੇ ਦੌਰਾਨ ਇੱਕ ਨਵੀਂ ਮੁਸੀਬਤ ਵੀ ਹੌਲੀ-ਹੌਲੀ ਜਨਮ ਲੈ ਰਹੀ ਸੀ ਮੌਕੇ ਦੀ ਸੱਤਾਧਾਰੀ ਧਿਰ, ਜੋ ਕਈ ਛੋਟੀਆਂ-ਵੱਡੀਆਂ ਪਾਰਟੀਆਂ ਦਾ ਸੁਮੇਲ ਸੀ ਜਿਸ ਕਾਰਨ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਅੰਦਰੋਂ-ਅੰਦਰੀਂ ਆਪ ਇਸ ਓਵਰਬ੍ਰਿਜ ਦੇ ਉਦਘਾਟਨ ਦੇ ਰਿਬਨ ਕੱਟਣ ਦਾ ਸਿਹਰਾ ਲੈਣਾ ਚਾਹੁੰਦੇ ਸਨ ਤੇ ਉਦਘਾਟਨ ਦਾ ਦਿਨ ਵੀ ਆਪ ਮੁਕੱਰਰ ਕਰਨਾ ਚਾਹੁੰਦੇ ਸਨ ਪਰ ਦੂਜੇ ਇਸ ਲਈ ਹਰਗਿਜ਼ ਤਿਆਰ ਨਹੀਂ ਸਨ
ਸੱਤਾਧਾਰੀ ਪਾਰਟੀ ਨੇ ਆਪਸ ਵਿੱਚ ਆਈ ਕੁੜੱਤਣ ਪਹਿਲਾਂ ਤਾਂ ਜੱਗ ਜ਼ਾਹਿਰ ਨਾ ਹੋਣ ਦਿੱਤੀ ਤੇ ਅੰਦਰ ਹੀ ਨਿਬੇੜਨ ਦੇ ਲੱਖ ਹੀਲੇ ਕੀਤੇ, ਪਰ ਮਸਲਾ ਕਿਸੇ ਲੀਹ ‘ਤੇ ਨਾ ਲੱਗਾ ਤੇ ਭਖਦਾ-ਭਖਦਾ ਜੱਗ ਜਾਹਿਰ ਹੋ ਹੀ ਗਿਆ ਸੱਤਾਧਾਰੀ ਪਾਰਟੀ ਵਿੱਚ ਓਵਰਬ੍ਰਿਜ ਦੇ ਉਦਘਾਟਨ ਕਾਰਨ ਆਏ ਮੱਤਭੇਦ ਦੀਆਂ ਅਖਬਾਰਾਂ ਵਿੱਚ ਖਬਰਾਂ ਲੱਗਣ ਲੱਗੀਆਂ ਦੂਜੀਆਂ ਵਿਰੋਧੀ ਪਾਰਟੀਆਂ ਨੂੰ ਬੈਠੇ ਬਿਠਾਏ ਮੁੱਦਾ ਕੀ ਮਿਲਿਆ, ਉਹ ਵੀ ਤਰ੍ਹਾਂ-ਤਰ੍ਹਾਂ ਦੇ ਬਿਆਨ ਦੇ ਕੇ ਮਹੌਲ ਹੋਰ ਭਖਾਉਣ ਲੱਗੀਆਂ ਅੰਤ ਇੱਕ-ਦੂਜੇ ‘ਤੇ ਬੇਵਿਸ਼ਵਾਸੀ ਹੋਈ ਸੱਤਾ ਧਿਰ ਨੇ ਓਵਰਬ੍ਰਿਜ ‘ਤੇ ਪੁਲਿਸ ਦਾ ਪਹਿਰਾ ਲਗਵਾ ਦਿੱਤਾ ਸ਼ਹਿਰਵਾਸੀ ਹੱਕੇ-ਬੱਕੇ ਹੋਏ ਆਪਣੇ ਨਾਲ ਹੋਈ ਇਸ ਜੱਗੋ ਤੇਰ੍ਹਵੀਂ ਨਾਲ ਠੱਗੇ-ਠੱਗੇ ਜਿਹੇ ਮਹਿਸੂਸ ਕਰਦੇ, ਤਿਆਰ ਬਰ ਤਿਆਰ ਓਵਰਬ੍ਰਿਜ ਨੂੰ ਦੁਖੀ ਮਨ ਨਾਲ ਦੇਖ ਰਹੇ ਸਨ ਓਵਰਬ੍ਰਿਜ ਉਨ੍ਹਾਂ ਨੂੰ ਮੂੰਹ ਚਿੜਾਉਂਦਾ ਪ੍ਰਤੀਤ ਹੋ ਰਿਹਾ ਸੀ ਓਵਰਬ੍ਰਿਜ ਜਿਸ ‘ਤੇ ਅਵਾਜਾਈ ਦੌੜਨੀ ਸੀ, ਉਸ ‘ਤੇ ਸਿਆਸਤ ਦੌੜ ਰਹੀ ਸੀ
ਨੀਲ ਕਮਲ ਰਾਣਾਕਹਾਣੀ
ਦਿੜ੍ਹਬਾ (ਸੰਗਰੂਰ)
ਮੋ. 98151-71874

ਪ੍ਰਸਿੱਧ ਖਬਰਾਂ

To Top