ਪੰਜਾਬ

ਵਿੱਤ ਮੰਤਰੀ ਦੀ ਕੋਠੀ ਮੂਹਰੇ ਆਂਗਣਵਾੜੀ ਵਰਕਰਾਂ ਤੇ ਪੁਲਿਸ ਵਿਚਾਲੇ ਖਿੱਚ ਧੂਹ

ਕਈ ਪ੍ਰਦਰਸ਼ਨਕਾਰੀਆਂ ਡਿੱਗੀਆਂ, ਚੁੰਨੀਆਂ ਲੱਥੀਆਂ
ਸੰਗਰੂਰ, ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ 
ਅੱਜ ਆਪਣੀਆਂ ਮੰਗਾਂ ਦੇ ਹੱਕ ‘ਚ ਵਿੱਤ ਮੰਤਰੀ ਦੀ ਕੋਠੀ ਮੂਹਰੇ ਰੋਸ ਪ੍ਰਦਰਸ਼ਨ ਕਰਨ ਪੁੱਜੀਆਂ ਆਂਗਣਵਾੜੀ ਮੁਲਾਜ਼ਮਾਂ ਪੁਲਿਸ ਨਾਲ ਧੱਕਾ-ਮੁੱਕੀ ਹੋ ਗਈਆਂ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਪੁਲਿਸ ਦੀ ਖਿੱਚ ਧੂਹ ਕਾਰਨ ਡਿੱਗ ਪਈਆਂ ਤੇ ਕਈਆਂ ਦੇ ਸਿਰਾਂ ਤੋਂ ਚੁੰਨੀਆਂ ਲਹਿ ਗਈਆਂ
ਜਾਣਕਾਰੀ ਮੁਤਾਬਕ ਅੱਜ ਜਦੋਂ ਆਂਗਣਵਾੜੀ ਵਰਕਰਾਂ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਅੱਗੇ ਪੁੱਜੀਆਂ ਤਾਂ ਉਨ੍ਹਾਂ ਨੇ ਅੰਦਰਲੇ ਗੇਟ ਤੱਕ ਜਾਣਾ ਚਾਹਿਆ ਤਾਂ ਉਨ੍ਹਾਂ ਦੀ ਮਹਿਲਾ ਅਤੇ ਮਰਦ ਪੁਲਿਸ ਨਾਲ ਕਾਫੀ ਖਿੱਚ ਧੂਹ ਹੋਈ। ਆਂਗਣਵਾੜੀ ਮੁਲਾਜ਼ਮਾਂ ਅੱਗੇ ਵਧ ਕੇ ਮੰਤਰੀ ਦੀ ਕੋਠੀ ਵੱਲ ਵਧਣਾ ਚਾਹੁੰਦੀਆਂ ਸਨ।
ਕੁਝ ਆਂਗਣਵਾੜੀ ਵਰਕਰਾਂ ਧਰਤੀ ‘ਤੇ ਵੀ ਡਿੱਗੀਆਂ ਅਤੇ ਕੁਝ ਦੀਆਂ ਚੁੰਨੀਆਂ ਵੀ ਲਹਿ ਗਈਆਂ। ਪੁਲਿਸ ਦੀ ਵੱਧ ਗਿਣਤੀ ਅੱਗੇ ਆਂਗਣਵਾੜੀ ਵਰਕਰਾਂ ਨੂੰ ਸੜਕ ਉੱਪਰ ਹੀ ਰੋਸ ਵਿਖਾਵਾ ਕਰਨਾ ਪਿਆ। ਇਸ ਪਿੱਛੋਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਕੇਂਦਰੀ ਟਰੇਡ ਯੂਨੀਅਨ ਦੇ ਸੱਦੇ ‘ਤੇ ਅੱਜ ਭਾਰੀ ਗਿਣਤੀ ਵਿਚ ਸੰਗਰੂਰ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਰਣਜੀਤ ਕੌਰ ਦੀ ਅਗਵਾਈ ਹੇਠ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਸੱਤਵੇਂ ਪੇ-ਕਮਿਸ਼ਨ ਵਿਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਅਣਦੇਖਿਆ ਕਰਕੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਪਿਛਲੇ 5 ਸਾਲਾਂ ‘ਚ  ਕੇਂਦਰ ਸਰਕਾਰ ਵੱਲੋਂ ਆਂਗਣਵਾੜੀ ਮੁਲਾਜ਼ਮਾਂ ਦਾ ਇਕ ਪੈਸਾ ਵੀ ਨਹੀਂ ਵਧਾਇਆ।
ਇਹ ਹਨ ਮੰਗਾਂ
ਇਸ ਮੌਕੇ ਆਂਗਣਵਾੜੀ ਵਰਕਰਾਂ ਨੇ ਆਪਣੀਆਂ ਮੰਗਾਂ ਸਬੰਧੀ ਦੱਸਿਆ ਕਿ ਉਨ੍ਹਾਂ ਦੇ ਮਾਣ ਭੱਤੇ ਵਿਚ 100 ਤੇ 50 ਰੁਪਏ ਦਾ ਕੀਤਾ ਵਾਧਾ ਪੰਜਾਬ ਸਰਕਾਰ 1 ਜਨਵਰੀ 2016 ਤੋਂ ਲਾਗੂ ਕਰੇ, 44ਵੀਂ ਅਤੇ 45ਵੀਂ ਲੇਬਰ ਕਾਨਫਰੰਸ ਦੀਆਂ ਸ਼ਿਫਾਰਸ਼ਾਂ ਮੁਤਾਬਿਕ ਵਰਕਰਾਂ ਅਤੇ ਹੈਲਪਰਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿਚ ਸ਼ਾਮਿਲ ਕਰਕੇ ਵਰਕਰ ਦੀ ਤਨਖਾਹ 18000 ਅਤੇ ਹੈਲਪਰ ਦੀ ਤਨਖਾਹ 15000 ਕੀਤੀ ਜਾਵੇ। ਪੈਨਸ਼ਨ ਗ੍ਰੇਚੁਟੀ ਦਾ ਪ੍ਰਬੰਧ ਕੀਤਾ ਜਾਵੇ ਤੇ ਹੋਰ ਮੰਗਾਂ ਪੂਰੀਆਂ ਕੀਤੀਆਂ ਜਾਣ ਰੋਸ ਰੈਲੀ ਨੂੰ ਸਰਬਜੀਤ ਕੌਰ ਸੰਗਰੂਰ, ਦਲਜੀਤ ਕੌਰ ਮਾਝੀ, ਮਨਦੀਪ ਕੁਮਾਰੀ, ਰਾਜਵਿੰਦਰ ਕੌਰ, ਨਿਰਮਲ ਤੂਰ, ਜਸਵਿੰਦਰ ਰਾਣੀ, ਕੁਲਵੰਤ ਕੌਰ ਚੱਠੇ, ਬਲਵਿੰਦਰ ਕੌਰ ਅਤੇ ਪੁਸ਼ਪਾ ਰਾਣੀ ਨੇ ਵੀ ਸੰਬੋਧਨ ਕੀਤਾ।

ਪ੍ਰਸਿੱਧ ਖਬਰਾਂ

To Top