ਸਿੱਖਿਆ

ਮੌਜ਼ਦਾ ਸਿੱਖਿਆ ਪ੍ਰਣਾਲੀ: ਮੁਸ਼ਕਲਾਂ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੀ ਲੋੜ

ਪੰਜਾਬ ਵਿੱਚ ਜਿੱਥੇ ਹੋਰ ਸਮੱਸਿਆਵਾਂ ਦਾ ਹੜ੍ਹ ਆਇਆ ਹੋਇਆ ਹੈ ਉੱਥੇ ਹੀ ਜਿੰਦਗੀ ਦਾ ਮੂਲ ਤੇ ਦੇਸ਼  ਦੀ ਤਰੱਕੀ ਦਾ ਆਧਾਰ ਬਣਦੀ ਸਿੱਖਿਆ ਵਿਚ ਅਨੇਕਾਂ ਹੀ ਮੁਸ਼ਕਲਾਂ ਹੱਲ ਹੋਣ ਦੀ ਆਸ ਕਰ ਰਹੀਆਂ ਹਨ ਅੱਜ ਸਿਰਫ ਸਕੂਲੀ ਸਿੱਖਿਆ ਨੂੰ ਹੀ ਔਕੜਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਸਗੋਂ ਉਚੇਰੀ ਸਿੱਖਿਆ ਵੀ ਮੁਸ਼ਕਲਾਂ ਨਾਲ ਦੋ ਚਾਰ ਹੋ ਰਹੀ ਹੈ  ਪਿਛਲੇ ਕਈ ਦਹਾਕਿਆਂ ਤੋਂ ਹੀ ਸਰਕਾਰਾਂ ਨੇ ਸਿੱਖਿਆ ਪ੍ਰਤੀ ਅਣਗਹਿਲੀ ਵਰਤਕੇ ਸਿੱਖਿਆ ਦਾ ਪੱਧਰ ਕਾਫੀ ਹੇਠਾਂ ਡੇਗ ਦਿੱਤਾ ਹੈ ਸਿੱਖਿਆ ‘ਚ ਲਗਾਤਾਰ ਵਧ ਰਿਹਾ ਵਪਾਰੀਕਰਨ ਵੀ ਗਰੀਬ ਵਿਦਿਆਰਥੀਆਂ ਦੇ ਹੌਂਸਲੇ ਤੋੜ ਰਿਹਾ ਹੈ ਅਸਲ ‘ਚ ਸਮੱਸਿਆਵਾਂ ਦੀਆਂ ਜੜ੍ਹਾਂ ਅਗਿਆਨਤਾ, ਭ੍ਰਿਸ਼ਟਾਚਾਰ, ਅਨਪੜ੍ਹਤਾ ਤੇ ਬੇਰੁਜਗਾਰੀ ਹੇਠ ਦੱਬ ਕੇ ਰਹਿ ਗਈਆਂ ਹਨ  ਸਿੱਖਿਆ ਨੂੰ ਡੋਬਣ ਦਾ ਸਭ ਤੋਂ ਵੱਡਾ ਕਾਰਨ ਅੱਜ ਵਿਤਕਰਾ ਹੈ ਕਿਉਂਕਿ ਸਿੱਖਿਆ ‘ਚ ਵੀ ਅਮੀਰੀ ਤੇ ਗਰੀਬੀ ਦੀ ਰੇਖਾ ਖਿੱਚੀ ਗਈ ਹੈ ਜਿੱਥੇ ਦੇਸ਼ ਦੇ 85 ਫੀਸਦੀ ਬੱਚੇ ਸਰਕਾਰੀ ਸਕੂਲਾਂ ਤੇ ਕਾਲਜਾਂ ‘ਚ ਪੜ੍ਹਦੇ ਹਨ, ਉਹ ਅਜੇ ਵੀ ਨਿੱਜੀ ਸਕੂਲਾਂ ਤੇ ਕਾਲਜਾਂ ਵਾਲੇ ਵਿਦਿਆਰਥੀਆਂ ਤੋਂ ਹਰ ਖੇਤਰ ‘ਚ ਨੀਵੇਂ ਤੇ ਕਮਜ਼ੋਰ ਮੰਨੇ ਜਾਂਦੇ ਹਨ
ਸਰਕਾਰੀ ਸਕੂਲਾਂ ਦੀਆਂ ਸਮੱਸਿਆਵਾਂ –
ਅੱਜ ਸਰਕਾਰੀ ਸਕੂਲਾਂ ‘ਚ ਦਿਨ ਪ੍ਰਤੀ ਦਿਨ ਬੱਚਿਆਂ ਦੀ ਗਿਣਤੀ ਘਟਦੀ ਹੀ ਜਾ ਰਹੀ ਹੈ  ਨਿੱਜੀ ਸਕੂਲ ਗਰੀਬ ਤੋਂ ਗਰੀਬ ਬੱਚਿਆਂ ਨੂੰ ਵੀ ਆਕ੍ਰਸ਼ਿਤ ਕਰਨ ‘ਚ ਸਫਲ ਹੋ ਰਹੇ ਹਨ ਕਿਉਂਕਿ ਸਰਕਾਰੀ ਸਕੂਲਾਂ ਦੀ ਹਾਲਤ ਏਨੀ ਮਾੜੀ ਹੋ ਗਈ ਹੈ ਕਿ ਕਿਤੇ ਤਾਂ ਪ੍ਰਾਇਮਰੀ ਸਕੂਲ ‘ਚ ਇੱਕ ਅਧਿਆਪਕ 40-50  ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਸਕੂਲ ਦਾ ਬਾਕੀ ਸਾਰਾ ਪ੍ਰਬੰਧ ਵੀ ਦੇਖ ਰਿਹਾ ਹੈ ਕਿਤੇ 5 ਅਧਿਆਪਕ ਦਸ ਬੱਚਿਆਂ ਨੂੰ ਪੜ੍ਹਾ ਰਹੇ ਹਨ ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ‘ਚ ਵੀ ਬੁਰਾ ਹਾਲ ਹੈ ਮਿਡ-ਡੇ-ਮੀਲ ਤੋਂ ਇਲਾਵਾ ਸਰਕਾਰਾਂ ਦੁਆਰਾ ਵਜੀਫੇ, ਮੁਫਤ ਸਾਇਕਲਾਂ, ਬਰਦੀਆਂ ਵੰਡਣ ਤੋਂ ਇਲਾਵਾ ਹੋਰ ਸਹੂਲਤਾਂ ਦੇਣ ਤੋਂ ਬਾਅਦ ਵੀ ਸਰਕਾਰੀ ਸਕੂਲ ਬੱਚਿਆਂ ਦੀ ਗਿਣਤੀ ਨੂੰ ਸਥਿਰ ਰੱਖਣ ‘ਚ ਨਾਕਾਮ ਹੋ ਰਹੇ ਹਨ ਯੋਗ ਅਧਿਆਪਕਾਂ ਦੀ ਘਾਟ ਤੋਂ ਇਲਾਵਾ ਸੁਰੱਖਿਅਤ ਇਮਾਰਤਾਂ, ਸਾਫ ਪਖਾਨੇ, ਬਿਜਲੀ ਤੇ ਸਾਫ਼ ਪਾਣੀ ਦਾ ਪ੍ਰਬੰਧ ਆਦਿ ਨਾ ਹੋਣ ਤੋਂ ਇਲਾਵਾ ਹੋਰ ਅਨੇਕਾਂ ਸਮੱਸਿਆਵਾਂ ਬੱਚਿਆਂ ਦੀ ਘਾਟ ਪ੍ਰਤੀ ਜ਼ਿੰਮੇਵਾਰ ਹਨ  ਮਾੜੇ ਨਤੀਜੇ ਆਉਣ ਦਾ ਮੁੱਖ ਕਾਰਨ ਹਨ ਫੇਲ੍ਹ ਨਾ ਕਰਨ ਦੀ ਨੀਤੀ ਤੇ ਅਧਿਆਪਕਾਂ ਤੋਂ ਗੈਰ ਜਰੂਰੀ ਕੰਮ ਲੈਣਾ,  ਜਿਸ ਕਾਰਨ ਅੱਜ ਹਰ ਸਕੂਲ ‘ਚ ਅੱਧੇ ਸਟਾਫ ਮੈਂਬਰ ਤਾਂ ਦਫਤਰੀ ਕੰਮਾਂ ਤੇ ਮਿਡ-ਡੇ-ਮੀਲ ਤੋਂ ਇਲਾਵਾ ਸਰਕਾਰੀ ਡਾਕਾਂ ਜਾਂ ਸਿੱਖਿਆ ਦਫਤਰਾਂ ਦੇ ਚੱਕਰਾਂ ‘ਚ ਹੀ ਫਸੇ ਰਹਿ ਜਾਂਦੇ ਹਨ
ਉੱਚ ਸਿੱਖਿਆ ਸੰਬੰਧੀ ਸਮੱਸਿਆਵਾਂ-  

ਸਕੂਲਾਂ ਦੇ ਨਾਲ-ਨਾਲ ਅੱਜ ਪੰਜਾਬ ‘ਚ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਗਿਣਤੀ ਵੀ ਵਧ ਰਹੀ ਹੈ ਪਹਿਲਾਂ  ਕੋਈ-ਕੋਈ ਵਿਦਿਆਰਥੀ ਹੀ ਡਾਕਟਰੀ ਜਾਂ ਇੰਜਨੀਅਰਰਿੰਗ, ਲਾਅ ਵਰਗੀਆਂ ਔਖੀਆਂ ਪੜ੍ਹਾਈਆਂ ਦੇ ਰਾਹ ਚੁਣਦਾ ਸੀ ਇਸਦਾ ਵੱਡਾ ਕਾਰਨ ਉਚੇਰੀ ਸਿੱਖਿਆ ਪ੍ਰਾਪਤੀ ਦੇ ਸਾਧਨਾਂ ਦੀ ਕਮੀ ਹੀ ਸੀ ਪਰ ਅੱਜ ਸਾਡੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਲਈ ਲਗਾਤਾਰ ਕਾਲਜਾਂ ਤੇ ਯੂਨੀਵਰਸਿਟੀਆਂ ਹੋਂਦ ‘ਚ ਆ ਰਹੀਆਂ ਹਨ ਪਰ ਇਨ੍ਹਾਂ ਦੀ ਹੋਂਦ ਅੱਜ ਸਮੱਸਿਆਵਾਂ ਦਾ ਕਾਰਨ ਬਣ ਰਹੀ ਹੈਨਵੇਂ ਕਾਲਜ ਜਾਂ ਯੂਨੀਵਰਸਿਟੀਆਂ ਵਿਦਿਆਰਥੀਆਂ ਦੀ ਕਮੀ ਨਾਲ ਜੂਝ ਰਹੀਆਂ ਹਨ ਫੀਸਾਂ ਹੱਦੋਂ ਵੱਧ ਹੋਣ ਕਾਰਨ ਨੌਜਵਾਨਾਂ ਵੱਲੋਂ ਉਚੇਰੀ ਪੜ੍ਹਾਈ ਕਰਨ ਤੋਂ ਪਾਸਾ ਵੱਟਿਆ ਜਾ ਰਿਹਾ ਹੈ ਫੀਸਾਂ ਜਿਆਦਾ ਹੋਣ ਕਾਰਨ ਜਿਆਦਾਤਰ ਨੌਜਵਾਨ ਬਾਹਰਲੇ ਰਾਜਾਂ ਤੋਂ ਘਰੇ ਬੈਠੇ ਹੀ ਸਸਤੀਆਂ ਡਿਗਰੀਆਂ ਪ੍ਰਾਪਤ ਕਰਨ ਨੂੰ ਤਰਜ਼ੀਹ ਦੇ ਰਹੇ ਹਨ ਡਾਕਟਰੀ ਦੀ ਪੜ੍ਹਾਈ ਐਨੀ ਮਹਿੰਗੀ ਹੋ ਗਈ ਹੈ ਕਿ ਇੱਕ ਮੱਧ ਵਰਗੀ ਵਿਅਕਤੀ  ਮੈਡੀਕਲ ਸਿੱਖਿਆ ਬਾਰੇ ਸੋਚ  ਵੀ ਨਹੀਂ ਸਕਦਾ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵੀ ਬੇਰੁਜਗਾਰੀ ਦਾ ਵਧਣਾ ਅੱਜ ਨੌਜਵਾਨਾਂ ਨੂੰ ਵਿਦੇਸ਼ਾਂ ‘ਚ  ਨਿਗੁਣੇ ਕੰਮ ਕਰਨ ਨੂੰ ਮਜ਼ਬੂਰ ਕਰ ਰਿਹਾ ਹੈ
ਅਧਿਆਪਕਾਂ ਦੀ ਘਾਟ-
ਸਿੱਖਿਆ ਦਾ ਪੱਧਰ ਨੀਵਾਂ ਹੋਣ ਦਾ ਇੱਕ ਵੱਡਾ ਕਾਰਨ ਯੋਗ ਅਧਿਆਪਕਾਂ ਦੀ ਘਾਟ ਹੋਣਾ ਵੀ ਹੈ ਅੱਜ ਪੂਰੇ ਪੰਜਾਬ ‘ਚ ਹੀ ਸਰਕਾਰੀ ਸਕੂਲਾਂ ਤੋਂ ਇਲਾਵਾ  ਕਾਲਜਾਂ ‘ਚ ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਆਧਾਰ ਕਮਜ਼ੋਰ ਹੋ ਰਿਹਾ ਹੈ ਜਿਸ ਕਾਰਨ ਸਕੂਲਾਂ ਕਾਲਜਾਂ ਦੇ ਨਤੀਜਿਆਂ ਦੀ ਫੀਸਦੀ ਘਟਦੀ ਜਾ ਰਹੀ ਹੈ ਅਧਿਆਪਕਾਂ ਦੀ ਘਾਟ ਨੂੰ ਦੇਖਕੇ ਹੋਏ ਸਰਕਾਰ ਵੱਲੋਂ ਕੀਤੀ ਜਾਂਦੀ ਭਰਤੀ ਹਮੇਸ਼ਾ ਹੀ ਵਿਵਾਦਾਂ ‘ਚ ਘਿਰ ਜਾਂਦੀ ਹੈ ਜਿਸ ਕਾਰਨ ਸਕੂਲ ਸਟਾਫ ਦੀ ਪੂਰਤੀ ਕਰਨ ‘ਚ ਮੁਸ਼ਕਲਾਂ ਆ ਰਹੀਆਂ ਹਨ ਕਾਲਜਾਂ ‘ਚ ਵੀ ਲੰਮੇ ਸਮੇਂ ਤੋਂ ਪ੍ਰੋਫੈਸਰਾਂ ਦੀਆਂ ਭਰਤੀਆਂ ਨਾ ਹੋਣ ਕਾਰਨ ਵਿਦਿਆਰਥੀਆਂ ਦਾ ਭਵਿੱਖ ਧੁੰਧਲਾ ਜਾਪ ਰਿਹਾ ਹੈ ਟੈੱਟ ਦਾ ਹਰ ਵਾਰ ਇੱਕ ਦੋ ਫੀਸਦੀ ਨਤੀਜਾ ਆਉਣਾ ਯੋਗ ਅਧਿਆਪਕਾਂ ਦੀ ਯੋਗਤਾ ‘ਤੇ ਪ੍ਰਸ਼ਨ ਚਿੰਨ੍ਹ ਲੱਗਕੇ ਉੱਭਰ ਰਿਹਾ ਹੈ  ਇਸ ਤੋਂ ਇਲਾਵਾ ਪੀ.ਐਚ.ਡੀ ਜਾਂ ਹੋਰ ਉੱਚ ਡਿਗਰੀਆਂ ਪ੍ਰਾਪਤ ਕਰਕੇ ਬੇਰੁਜਗਾਰ ਬੈਠੇ ਨੌਜ਼ਵਾਨ ਵੀ ਪੰਜਾਬ ਦੇ ਭਵਿੱਖ ਤੇ ਸਿਸਟਮ ਤੇ ਪ੍ਰਸ਼ਨ ਚਿੰਨ੍ਹ ਲਾ ਰਹੇ ਹਨ
ਵਜ਼ੀਫਿਆਂ ਦੀ ਘਾਟ –
ਅੱਜ ਸਕੂਲਾਂ ਤੇ ਕਾਲਜਾਂ ‘ਚ ਮਿਲਣ ਵਾਲੇ ਵਜੀਫਿਆਂ ਦੀ ਰਕਮ ਬਹੁਤ ਹੀ ਮਾਮੂਲੀ ਹੋਣ ਕਾਰਨ ਗਰੀਬ ਵਿਦਿਆਰਥੀ ਵਜੀਫਿਆਂ ਦੇ ਸਹਾਰੇ ਆਪਣੀ ਸਿੱਖਿਆ ਨੂੰ ਪੂਰਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਪਹਿਲਾਂ ਤਾਂ ਲਗਭਗ ਦੋ ਚਾਰ ਫੀਸਦੀ ਜਾਂ ਇਸ ਤੋਂ ਕੁਝ ਜਿਆਦਾ ਵਿਦਿਆਰਥੀਆਂ ਨੂੰ ਲਗਭਗ ਚਾਰ ਪੰਜ ਸੌ ਤੱਕ ਹੀ ਵਜੀਫਾ ਮਿਲਦਾ ਹੈ ਜਿਨ੍ਹਾਂ ਨੂੰ ਵੀ ਮਿਲਦਾ ਹੈ ਉਹ ਵੀ ਜਾਂ ਤਾਂ ਸਮੇਂ ਤੋਂ ਬਹੁਤ ਦੇਰ ਬਾਅਦ ਮਿਲਦਾ ਹੈ ਤੇ ਮਿਲਦਾ ਵੀ ਸਿਰਫ ਨਾ ਮਾਤਰ ਹੈ ਜਿਸ ਨਾਲ ਅੱਜ ਦੀ ਮਹਿੰਗੀ ਪੜ੍ਹਾਈ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੋ ਸਕਦਾ ਵਜੀਫਿਆਂ ਦੀ ਘਾਟ ਅਤੇ ਨਾ ਮਿਲਣ ਕਾਰਨ ਅੱਜ ਸਾਡੇ ਦੇਸ਼ ਦੇ  ਲੱਖਾਂ ਹੀ ਗਰੀਬ ਬੱਚੇ ਆਪਣੀ ਪੜ੍ਹਾਈ ਵਿਚਾਲੇ ਛੱਡਕੇ ਬਾਲ ਮਜਦੂਰੀ ਵਿਚ ਵਾਧਾ ਕਰ ਰਹੇ ਹਨ ਜਾਂ ਨਸ਼ਿਆਂ ਤੇ ਹੋਰ ਅਪਰਾਧਾਂ ਵੱਲ ਕਦਮ ਵਧਾ ਰਹੇ ਹਨ ਰੈਲੀਆਂ ਜਾਂ ਹੋਰ ਗੈਰ ਜਰੂਰੀ ਕੰਮਾਂ ‘ਤੇ ਪੈਸਾ ਖਰਚਣ ਤੋਂ ਪਹਿਲਾਂ ਸਰਕਾਰਾਂ ਨੂੰ ਗਰੀਬ ਵਿਦਿਆਰਥੀਆਂ ਨੂੰ ਮਿਲਣ ਵਾਲੇ ਵਜੀਫਿਆਂ ਪ੍ਰਤੀ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਲੋੜ ਹੈ
ਸਿੱਖਿਆ ਦਾ ਵਪਾਰੀਕਰਨ –
ਅੱਜ ਹੋਰ ਚੀਜਾਂ ਦੇ ਨਾਲ-ਨਾਲ ਸਿੱਖਿਆ ਦਾ ਵਪਾਰ ਹੋਣਾ ਵੀ ਇੱਕ ਵੱਡੀ ਸਮੱਸਿਆ ਬਣ ਕੇ ਖੜ੍ਹਾ ਹੈ ਨਿੱਜੀ ਸਕੂਲਾਂ ਜਾਂ ਕਾਲਜਾਂ ‘ਚ ਦਾਖਲੇ ਸਮੇਂ ਦਾਨ ਦੇ ਰੂਪ ‘ਚ ਮੋਟੀ ਰਕਮ ਲੈਕੇ ਸੀਟਾਂ ਵੇਚੀਆਂ ਜਾਂਦੀਆਂ ਹਨ ਨਿੱਜੀ ਸੰਸਥਾਵਾਂ ਵੱਲੋਂ ਮਨ ਮਰਜੀ ਦੀਆਂ ਫੀਸਾਂ ਵਸੂਲਣ ਤੋਂ ਇਲਾਵਾ ਗੈਰ ਜਰੂਰੀ ਫੰਡਾਂ ਜਾਂ ਹੋਰ ਢੰਗਾਂ ਨਾਲ ਵਿਦਿਆਰਥੀਆਂ ਤੋਂ ਪੈਸੇ ਵਸੂਲਕੇ ਮਾਪਿਆਂ ਦੀ ਆਰਥਿਕਤਾ ਨੂੰ ਢਾਹ ਲਾਈ ਜਾ ਰਹੀ ਹੈ ਬਾਹਰਲੇ ਰਾਜਾਂ ਤੋਂ ਨੋਟ ਬਦਲੇ ਡਿਗਰੀ ਹਾਸਲ ਕਰਨ ਦਾ ਰੁਝਾਨ ਵਧਦਾ ਜਾ ਰਿਹਾ ਹੈ  ਸਿੱਖਿਆ ਦੀ ਵਿਕਰੀ ਲਈ ਸੰਸਥਾਵਾਂ ਵੱਲੋਂ ਦਾਖਲਿਆਂ ਸਮੇਂ ਪ੍ਰਚਾਰ ਜੋਰਾਂ ‘ਤੇ ਕੀਤਾ ਜਾਂਦਾ ਹੈ ਕਈ ਵਾਰ ਦਾਖਲੇ ਸਮੇਂ ਦੱਸੀਆਂ ਸਹੂਲਤਾਂ ਬਾਅਦ ‘ਚ ਮੁਹੱਈਆ ਨਹੀਂ ਕਰਵਾਈਆਂ ਜਾਂਦੀਆਂ  ਹਾਲਾਤ ਇਹ ਹੋ ਗਏ ਹਨ ਕਿ ਸਿੱਖਿਆ ਵਿੱਚ ਵੀ ਵਿਆਪਮ ਵਰਗੇ ਘੁਟਾਲੇ ਹੋਣ ਲੱਗੇ ਹਨ ਕੋਚਿੰਗ ਕਲਾਸਾਂ ਨੇ ਵਿਦਿਆਰਥੀਆਂ ਤੋਂ ਕਮਾਈ ਕਰਨ ਦਾ ਪੱਕਾ ਤੇ ਵਧੀਆ ਢੰਗ ਬਣਾ ਲਿਆ ਹੈ ਲੋੜ ਹੈ ਕਿ ਸਰਕਾਰ ਜਾਂ ਪ੍ਰਸ਼ਾਸਨ ਵਲੋਂ ਅੱਗੇ ਆਕੇ ਇਨ੍ਹਾਂ  ਨਿੱਜੀ ਸੰਸਥਾਵਾਂ ‘ਤੇ ਸ਼ਿਕੰਜਾ ਕਸਿਆ ਜਾਵੇ ਤੇ ਮਾਪਿਆਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ
ਕਾਨੂੰਨ ਤੇ ਸਜਾਵਾਂ ਲਾਗੂ ਹੋਣ –   ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਿਆ ਵਿਚ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ ਤੇ ਜੋ ਸੰਸਥਾਵਾਂ ਸਿੱਖਿਆ ਪ੍ਰਤੀ ਅਣਗਹਿਲੀ ਵਰਤ ਰਹੀਆਂ ਹਨ ਤੇ ਆਪਣੀ ਮਰਜੀ ਮੁਤਾਬਕ ਫੀਸਾਂ ਵਸੂਲ ਕਰ ਰਹੀਆਂ ਹਨ ਉਨ੍ਹਾਂ ਲਈ ਕਾਨੂੰਨ ਲਾਗੂ ਕੀਤੇ ਜਾਣ ਤੇ ਦੋਸ਼ੀ ਪਾਏ ਜਾਣ ‘ਤੇ ਸਖ਼ਤ ਸਜਾ ਵੀ ਦਿੱਤੀ ਜਾਵੇ ਮੁਨਾਫਾ ਖੱਟਣ ਲਈ ਬਣ ਰਹੀਆਂ ਨਿੱਜੀ ਸੰਸਥਾਵਾਂ ਅਤੇ ਕੋਚਿੰਗ ਕਲਾਸਾਂ ‘ਤੇ ਵੀ ਹੋਰਾਂ ਖੇਤਰਾਂ ਦੀ ਤਰ੍ਹਾਂ ਕਾਨੂੰਨ ਲਾਗੂ ਕੀਤੇ ਜਾਣ ਅਤੇ ਹੱਦਾਂ ਮਿੱਥੀਆਂ ਜਾਣ ਜਿਸ ਕਾਰਨ ਸਿੱਖਿਆ ਵਿਚ ਵਧ ਰਿਹਾ ਵਪਾਰੀਕਰਨ ਤਾਂ  ਘੱਟ ਹੋਵੇਗਾ ਹੀ ਨਾਲ ਹੀ ਸਿੱਖਿਆ ਦੇ ਖੇਤਰ ਵਿਚ ਪਾਰਦਰਸ਼ਿਤਾ ਵੀ ਆਵੇਗੀ ਤੇ ਨਾਲ ਹੀ ਅਜਿਹੀਆ ਸੰਸਥਾਵਾਂ ਦੇ ਬੰਦ ਹੋਣ ਦਾ ਰਾਹ ਵੀ ਪੱਧਰਾ ਹੋ ਜਾਵੇਗਾ ਜੋ ਵੱਧ ਫੀਸਾਂ ਵਸੂਲਕੇ ਘਰ ਬੈਠੇ ਹੀ ਨੌਜਵਾਨਾਂ ਨੂੰ ਡਿਗਰੀਆਂ ਮੁਹੱਈਆ ਕਰਾ ਦਿੰਦੀਆਂ ਹਨ
ਉਪਰੋਕਤ ਸਮੱਸਿਆਵਾਂ ਤੋਂ ਇਲਾਵਾ ਅੱਜ ਹੋਰ ਵੀ ਅਨੇਕਾਂ ਸਮੱਸਿਆਵਾਂ ਹਨ ਜੋ ਸਿੱਖਿਆ ਦੇ ਖੇਤਰ ਦੀਆਂ ਜੜਾਂ  ਖੋਖਲੀਆਂ ਕਰਨ  ‘ਚ ਲੱਗੀਆਂ ਹੋਈਆਂ ਹਨ ਹਰ ਵਾਰ ਸਰਕਾਰਾਂ ਬਦਲਣ ‘ਤੇ ਸਿੱਖਿਆ ਨੂੰ ਉੱਚਾ ਚੁੱਕਣ ਤੇ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੇ ਵਾਅਦੇ ਕੀਤੇ ਜਾਂਦੇ ਹਨ ਪਰ ਉਨ੍ਹਾਂ ਵਿਚੋਂ ਸਿਰਫ ਕੁਝ ਫੀਸਦੀ ਹੀ ਪੂਰੇ ਹੁੰਦੇ ਹਨ ਜੇ ਅੱਜ ਅਸੀਂ ਪੰਜਾਬ ਦੀ ਤਰੱਕੀ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ ਤੇ ਪੰਜਾਬ ਵਿਚੋਂ ਭ੍ਰਿਸ਼ਟਾਚਾਰ, ਨਸ਼ੇ, ਅਨਪੜ੍ਹਤਾ, ਬੇਰੁਜਗਾਰੀ ਨੂੰ ਖਤਮ ਕਰਨਾ ਚਾਹੁੰਦੇ ਹਾਂ ਤਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਪਹਿਲਾਂ ਸਾਡੀ ਜਿੰਦਗੀ ਦੀ ਸਭ ਤੋਂ ਕੀਮਤੀ ਲੋੜ ਸਿੱਖਿਆ ਨੂੰ ਸਮੱਸਿਆਵਾਂ ਵਿਚੋਂ ਬਾਹਰ ਕੱਢਣਾ ਪਵੇਗਾ ਜਿਸ ਨਾਲ ਨੌਜਵਾਨ ਪੀੜ੍ਹੀ ਜਾਗਰੂਕ ਹੋਵੇਗੀ ਸਭ ਆਪਣੇ ਫਰਜਾਂ ਤੇ ਸਮਾਜ ਪ੍ਰਤੀ ਇਮਾਨਦਾਰ ਹੋਕੇ ਜਿੰਦਗੀ ਬਤੀਤ ਕਰਨਗੇ  ਲੋੜ ਹੈ ਸਾਡੇ ਦੇਸ਼ ਵਿਚੋਂ ਸਿੱਖਿਆ ਸੰਬੰਧੀ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ‘ਤੇ ਕੱਢਣ ਦੀ ਤਾਂ ਜੋ ਸਿੱਖਿਆ ਦਾ ਪੱਧਰ ਉੱਚਾ ਹੋਵੇ ਤੇ ਸਭ ਦੇਸ਼ ਦੀ ਤਰੱਕੀ ਵਿਚ ਹਿੱਸਾ ਪਾਉਣ
ਪਟਿਆਲਾ ਮੋ :99149-57073

ਪ੍ਰਸਿੱਧ ਖਬਰਾਂ

To Top