Breaking News

ਡੇਰਾ ਸ਼ਰਧਾਲੂ ਨੂੰ ਅਣਪਛਾਤਿਆਂ ਨੇ ਗੋਲੀ ਮਾਰੀ

ਬਰਗਾੜੀ/ਜੈਤੋ/ਕੋਟਕਪੂਰਾ (ਕੁਲਦੀਪ ਰਾਜ/ਕੁਲਦੀਪ/ਸੰਦੀਪ) ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਅੱਜ ਸਵੇਰੇ ਅਣਪਛਾਤਿਆਂ ਵੱਲੋਂ ਇੱਕ ਡੇਰਾ ਸ਼ਰਧਾਲੂ ਨੂੰ ਗੋਲੀ ਮਾਰਨ ਦੀ ਘਟਨਾ ਵਾਪਰੀ ਹੈ ਡੇਰਾ ਸ਼ਰਧਾਲੂ ਨੂੰ ਗੰਭੀਰ ਜਖਮੀ ਹਾਲਤ ‘ਚ ਡੀਐੱਮਸੀ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ

ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਇੰਸਾਂ (35) ਪੁੱਤਰ ਰਾਮ ਸਿੰਘ ਵਾਸੀ ਬੁਰਜ ਜਵਾਹਰ ਸਿੰਘ ਵਾਲਾ ਨੇ ਰੋਜਾਨਾ ਦੀ ਤਰ੍ਹਾਂ ਸਵੇਰੇ ਕਰੀਬ ਸਵਾ ਕੁ ਪੰਜ ਵਜੇ ਆਪਣੀ ਦੁਕਾਨ ਦਾ ਸ਼ਟਰ ਖੋਲ੍ਹਿਆ ਹੀ ਸੀ ਕਿ ਦੋ ਵਿਅਕਤੀ ਚਿੱਟੇ ਰੰਗ ਦੀ ਸ਼ਵਿਫਟ ਕਾਰ ‘ਚੋਂ ਨਿਕਲੇ ਅਤੇ ਗੁਰਦੇਵ ਸਿੰਘ ਦੇ ਸਿਰ ‘ਚ ਗੋਲੀ ਮਾਰ ਦਿੱਤੀ, ਜਿਸ ਕਾਰਨ ਉਹ ਦੁਕਾਨ ‘ਚ ਹੀ ਡਿੱਗ ਪਿਆ। ਗੋਲੀ ਦੀ ਆਵਾਜ਼ ਸੁਣ ਕੇ 8-10 ਕੁ ਦੁਕਾਨਾਂ ਅੱਗੇ ਆਰ.ਓ. ਕੋਲ ਖੜੇ ਦਿਲਬਾਗ ਸਿੰਘ ਸਾਬਕਾ ਪੰਚ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਦੋ ਵਿਅਕਤੀ ਕਾਹਲੀ ਨਾਲ ਇੱਕ ਚਿੱਟੇ ਰੰਗ ਦੀ ਸ਼ਵਿਫਟ ਕਾਰ ਬਿਨਾਂ ਨੰਬਰ ਪਲੇਟ ‘ਚ ਫਰਾਰ ਹੋ ਗਏ। ਮੌਕੇ ‘ਤੇ ਪਹੁੰਚੇ ਵਿਅਕਤੀਆਂ ਨੇ ਗੁਰਦੇਵ ਸਿੰਘ ਇੰਸਾਂ ਨੂੰ ਤੁਰੰਤ ਮੈਡੀਕਲ ਕਾਲਜ ਫਰੀਦਕੋਟ ਲਿਆਂਦਾ ਜਿੱਥੇ ਉਨ੍ਹਾਂ ਨੂੰ ਡੀ.ਐਮ.ਸੀ. ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ।
ਇਸ ਸਮੇਂ ਘਟਨਾ ਸਥਾਨ ਦਾ ਜਾਇਜਾ ਲੈਣ ਰਣਬੀਰ ਸਿੰਘ ਖੱਟੜਾ (ਆਈ.ਪੀ.ਐਸ.) ਡੀ.ਆਈ.ਜੀ. ਰੇਂਜ ਫਿਰੋਜ਼ਪੁਰ, ਐਸ.ਐਸ.ਪੀ. ਫਰੀਦਕੋਟ ਸੁਖਮੰਦਰ ਸਿੰਘ ਮਾਨ, ਅਮਰਜੀਤ ਸਿੰਘ ਪੀਪੀਐਸ (ਐਸ.ਪੀ. ਇੰਸਵੈਸਟੀਡੇਟਰ ਫਰੀਦਕੋਟ), ਜਗਦੀਸ਼ ਬਿਸ਼ਨੋਈ ਡੀ.ਐਸ.ਪੀ. ਜੈਤੋ, ਡੀ.ਐਸ.ਪੀ. ਦਰਸ਼ਨ ਸਿੰਘ ਸਪੈਸ਼ਲ ਬਰਾਂਚ ਫਰੀਦਕੋਟ, ਥਾਣਾ ਬਾਜਾਖਾਨਾ ਦਲਬੀਰ ਸਿੰਘ, ਐਡੀਸ਼ਨ ਐਸ.ਐਚ.ਓ. ਛਿੰਦਰਪਾਲ ਸਿੰਘ, ਲਛਮਣ ਸਿੰਘ ਐਸ.ਐਚ.ਓ. ਜੈਤੋ, ਬਲਵਿੰਦਰ ਸਿੰਘ ਮੁੱਖ ਅਫਸਰ ਸਦਰ ਕੋਟਕਪੂਰਾ, ਚੌਕੀ ਇੰਚਾਰਜ ਬਰਗਾੜੀ ਹਾਕਮ ਸਿੰਘ, ਐਫ.ਐਸ.ਐਲ. ਟੀਮ ਫਰੀਦਕੋਟ ਆਦਿ ਪੁਲਿਸ ਪਾਰਟੀ ਸਮੇਤ ਪਹੁੰਚੇ। ਐਸ.ਐਸ.ਪੀ. ਫਰੀਦਕੋਟ ਨੇ ਕਿਹਾ ਕਿ ਉਨਾਂ ਗੁਰਦੇਵ ਸਿੰਘ ਇੰਸਾਂ ਦੀ ਪਤਨੀ ਸਰਬਜੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 307/34 ਆਈ.ਪੀ.ਸੀ. ਅਤੇ 25/27/54/59 ਅਸਲਾ ਐਕਟ ਤਹਿਤ ਮੁਕੱਦਮਾ ਨੰਬਰ 51 ਦਰਜ ਕਰ ਲਿਆ ਹੈ।
ਇਸ ਸਮੇਂ 45 ਮੈਂਬਰ ਸੁਖਰਾਜ ਸਿੰਘ ਇੰਸਾਂ, ਕੇਵਲ ਬਰਾੜ ਐਡਵੋਕੇਟ ਇੰਸਾਂ ਬਠਿੰਡਾ, ਸੇਵਕ ਸਿੰਘ ਇੰਸਾਂ ਗੋਨਿਆਣਾ, ਜਗਜੀਤ ਸਿੰਘ ਬੀਜਾਪੁਰ ਮੈਂਬਰ ਸਾਧ-ਸੰਗਤ ਰਾਜਨੀਤਿਕ ਵਿੰਗ ਪੰਜਾਬ ਅਤੇ ਜਸਵੰਤ ਸਿੰਘ ਗਰੇਵਾਲ ਨੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਦੋਸ਼ੀਆ ਖਿਲਾਫ ਤੁਰੰਤ ਸਖਤ ਕਾਰਵਾਈ ਕਰੇ, ਕਿਉਂਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਮਨ ਸ਼ਾਂਤੀ ਦੇ ਪੁਜਾਰੀ ਹਨ ਅਤੇ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਰੱਖਦੇ  ਉਨਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਅੱਜ ਸ਼ਾਮ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਕੱਲ੍ਹ ਨੂੰ ਅਗਲੇ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਗੁਰਦੇਵ ਸਿੰਘ ਇੰਸਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਮੌਕੇ ਕੇਵਲ ਸਿੰਘ ਪ੍ਰੇਮੀ, ਵੱਖ-ਵੱਖ ਬਲਾਕਾਂ ਦੇ 25 ਮੈਂਬਰ, 15 ਮੈਂਬਰ, ਵੱਖ-ਵੱਖ ਸੇਵਾ ਸੰਮਤੀਆਂ ਦੇ ਸੇਵਾਦਾਰ ਅਤੇ ਸਾਧ-ਸੰਗਤ ਹਾਜ਼ਰ ਸੀ।

ਪ੍ਰਸਿੱਧ ਖਬਰਾਂ

To Top