ਲੇਖ

ਵਿਰਾਸਤੀ ਮੇਲੇ ਬਣੇ ਸਿਆਸੀ ਸੱਥਾਂ

ਪੰਜਾਬ ਦੀ ਧਰਤੀ ਨੂੰ ਮੇਲਿਆਂ ਦੀ ਬੜੀ ਬਖਸ਼ਿਸ਼ ਹੋਈ ਹੈ ਕਿਉਂਕਿ ਰਿਸ਼ੀਆਂ-ਮੁਨੀਆਂ, ਪੀਰਾਂ-ਫਕੀਰਾਂ ਦੀ ਵਰੋਸਾਈ ਇਸ ਧਰਤੀ ‘ਤੇ ਅਣਗਿਣਤ ਮੇਲੇ ਲੱਗਦੇ ਹਨ ਅਨੇਕਾਂ ਮੇਲੇ ਪੰਜਾਬ ਦੀ ਇਸ ਸੋਹਣੀ ਫਿਜਾ ਵਿੱਚ ਸਦੀਆਂ ਤੋਂ ਰਸ ਘੋਲਦੇ ਆ ਰਹੇ ਹਨ। ਇਨ੍ਹਾਂ ਮੇਲਿਆਂ ‘ਚੋਂ ਮਾਲਵੇ ਦਾ ਮਸ਼ਹੂਰ ਮੇਲਾ ਪਿੰਡ ਛਪਾਰ ਵਿਖੇ ਲੱਗਦਾ ਹੈ ਜੋ ਕਿ ਸਰਦ ਰੁੱਤ ਵਿੱਚ ਲੱਗਣ ਵਾਲੇ ਮੇਲਿਆਂ ਲਈ ਅਗਾਜ਼ ਹੁੰਦਾ ਹੈ। ਬਾਕੀ ਮੇਲੇ ਮਾਰਚ ਮਹੀਨੇ ਤੱਕ ਲੱਗਦੇ ਰਹਿੰਦੇ ਹਨ।
ਲੁਧਿਆਣੇ ਜ਼ਿਲ੍ਹੇ ਦੀ ਹੱਦ ‘ਤੇ ਪੈਂਦਾ ਪਿੰਡ ਛਪਾਰ ਅਹਿਮਦਗੜ੍ਹ ਮੰਡੀ ਤੋਂ ਤਿੰਨ ਕਿਲੋਮੀਟਰ ਪੱਛਮ ਵੱਲ ਹੈ। ਇਸ ਪਿੰਡ ਤੋਂ ਪਰੇ ਸੰਗਰੂਰ-ਬਰਨਾਲਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਹੈ। ਇਸ ਮੇਲੇ ਅੰਦਰ ਦਿਲਖਿੱਚਵੇਂ ਦ੍ਰਿਸ਼ਾਂ ਦਾ ਲੁਤਫ ਲੈਣ ਲਈ ਲੋਕ ਵੱਡੀ ਗਿਣਤੀ ਵਿੱਚ ਪੁੱਜਦੇ ਹਨ ਜਿੱਥੇ ਦੁਲਹਨ ਵਾਂਗ ਸਜੀਆਂ ਦੁਕਾਨਾਂ ਲੋਕਾਂ ਨੂੰ ਆਪਣੇ ਵੱਲ ਨੂੰ ਖਿੱਚਦੀਆਂ ਹਨ, ਉੱਥੇ ਸਪੀਕਰਾਂ ਦੀਆਂ ਅਵਾਜਾਂ, ਅਠਖੇਲੀਆਂ ਕਰਦੇ ਬੱਚੇ, ਅੰਬਰਾਂ ਨੂੰ ਛੂੰਹਦੀਆਂ ਚਡੋਲਾਂ, ਜਾਦੂਗਰਾਂ, ਸਪੇਰਿਆਂ ਵੱਲੋਂ ਬੀਨ ਦੀਆਂ ਕੰਨਾਂ ‘ਚ ਰਸ ਘੋਲਦੀਆਂ ਸੁਰਾਂ, ਸਰਕਸਾਂ, ਢਾਡੀ ਜੱਥਿਆਂ ਦੀਆਂ ਵਾਰਾਂ, ਢੋਲ ਦੇ ਡੱਗੇ ‘ਤੇ ਪੈਂਦੇ ਭੰਗੜੇ ਤੇ ਬੋਲੀਆਂ, ਪੀਪਣੀਆਂ ਦੀਆਂ ਰਸ-ਭਿੰਨੀਆਂ ਆਵਾਜ਼ਾਂ ਵੱਖਰੇ ਹੀ ਰੰਗ ਬਿਖੇਰਦੀਆਂ ਹਨ ਅਤੇ ਰਾਤ ਵੇਲੇ ਲੱਗੀਆਂ ਸਰਕਸਾਂ ਦੇ ਪੰਡਾਲਾਂ ਲਾਗੇ ਲਾਈਟਾਂ ਤਾਰਿਆਂ ਦੀ ਮਿੰਨੀ-ਮਿੰਨੀ ਲੋਅ ਦਾ ਨਜ਼ਾਰਾ ਵੀ ਦੇਖਣਯੋਗ ਹੁੰਦਾ ਹੈ। ਇਹ ਪ੍ਰਸਿੱਧ ਮੇਲਾ ਸਾਨੂੰ ਸਾਡੇ ਸੱਭਿਆਚਾਰਕ ਤੇ ਇਤਿਹਾਸ ਨਾਲ ਜੋੜਦਾ ਹੈ।
ਇਹ ਮੇਲਾ ਭਾਦਰੋਂ ਦੀ ਚਾਨਣੀ ਰਾਤ ਨੂੰ ਬਾਬਾ ਸਿੱਧ ਸੁਲੱਖਣ, ਗੁੱਗੇ ਪੀਰ ਦੀ ਮਾੜੀ ‘ਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਛਪਾਰ ਦੇ ਇਸ ਮੇਲੇ ਨਾਲ ਸਬੰਧਤ ਕਈ ਪ੍ਰਾਚੀਨ ਕਥਾਵਾਂ ਜੁੜੀਆਂ ਹੋਈਆਂ ਹਨ। ਪਰ ਫਿਰ ਵੀ ਬਜ਼ੁਰਗਾਂ ਅਨੁਸਾਰ ਇਸ ਮੇਲੇ ਦੀ ਕਹਾਣੀ ਨਾਲ ਸਬੰਧਤ ਕੁੱਝ ਤੱਥ ਇਸ ਤਰ੍ਹਾਂ ਹਨ ਕਿ ਗੁੱਗਾ ਰਾਣੀ ਬਾਛਲ ਦੀ ਕੁੱਖੋਂ ਗੋਰਖ ਨਾਥ ਦੇ ਵਰ ਨਾਲ ਪੈਦਾ ਹੋਇਆ ਉਸਦੀ ਮੰਗਣੀ ਸੁੰਦਰ-ਸੁਸ਼ੀਲ ਲੜਕੀ ਨਾਲ ਹੋ ਗਈ, ਇਸ ਲਈ ਉਸਦੀ ਮਾਸੀ ਦੇ ਪੁੱਤ ਨਰਾਜ਼ ਹੋ ਗਏ ਉਨ੍ਹਾਂ ਨੇ ਗੁੱਗੇ ਦੀ ਮੰਗਣੀ ਤੁੜਾ ਕੇ ਹੀ ਦਮ ਲਿਆ ਨਾਗ ਦੇਵਤਾ ਇਕੱਠੇ ਹੋ ਕੇ ਗੁੱਗੇ ਦੀ ਮੱਦਦ ਲਈ ਆਏ
ਉਨ੍ਹਾਂ ਨੇ ਉਸਦੀ ਮੰਗੇਤਰ ਨੂੰ ਡੱਸ ਦਿੱਤਾ ਬਾਅਦ ਵਿੱਚ ਮਨੁੱਖ ਦਾ ਰੂਪ ਧਾਰਨ ਕਰਕੇ ਇਸ ਸ਼ਰਤ ‘ਤੇ ਜਿਉਂਦਾ ਕਰਨ ਲਈ ਕਿਹਾ ਕਿ ਇਸਦਾ ਵਿਆਹ ਗੁੱਗੇ ਨਾਲ ਕੀਤਾ ਜਾਵੇ । ਦੋਹਾਂ ਦਾ ਵਿਆਹ ਹੋਣ ਉਪਰੰਤ ਮਾਸੀ ਦੇ ਮੁੰਡੇ ਮਰ ਗਏ ਇਸ ਗੱਲੋਂ ਨਰਾਜ਼ ਹੋ ਕੇ ਗੁੱਗੇ ਦੀ ਮਾਂ ਨੇ ਉਸਨੂੰ ਜਿਉਂਦੇ ਜੀਅ ਧਰਤੀ ਵਿੱਚ ਗਰਕ ਹੋਣ ਦੀ ਬਦਅਸੀਸ ਦਿੱਤੀ, ਜਿਸ ਕਰਕੇ ਗੁੱਗੇ ਨੇ ਜਿਉਂਦੇ ਜੀਅ ਧਰਤ ਵਿੱਚ ਸਮਾ ਜਾਣ ਦਾ ਨਿਰਣਾ ਲਿਆ ਜਿਸ ਕਰਕੇ ਅੱਜ ਗੁੱਗੇ ਦੇ ਸ਼ਰਧਾਲੂ ਗੁੱਗੇ ਨੂੰ ਧਰਤੀ ਵਿੱਚੋਂ ਮਿੱਟੀ ਕੱਢ ਕੇ ਲੱਭਣ ਦੀ ਕੋਸ਼ਿਸ਼ ਕਰਦੇ ਹਨ ਇਸੇ ਤਰ੍ਹਾਂ ਹੋਰ ਸੁਣਨ ‘ਚ ਆਇਆ ਹੈ ਕਿ ਪੁਰਾਤਨ ਸਮੇਂ ਮਨੁੱਖ ਕੁਦਰਤ ਦੀ ਪੂਜਾ ਕਰਦਾ ਸੀ, ਜੋ ਕਸ਼ੱਯਪ ਕਬੀਲਿਆਂ ‘ਚ ਖਾਸ ਮੰਨੀ ਜਾਂਦੀ ਸੀ ਉਨ੍ਹਾਂ ਦਾ ਕਹਿਣਾ ਹੈ ਕਿ ਭਾਦਰੋਂ ਦੀ ਚਾਨਣੀ ਚੌਦਸ ਨੂੰ ਗੁੱਗਾ ਪੀਰ ਆਪਣੇ ਪਰਿਵਾਰ ਸਮੇਤ ਇਸ ਮਾੜੀ ‘ਤੇ ਪੁੱਜਦਾ ਹੈ, ਇਸ ਕਰਕੇ ਲੋਕ ਇਸੇ ਦਿਨ ਮਿੱਟੀ ਕੱਢਦੇ ਹਨ। ਜੋ ਵੀ ਹੈ ਇਹ ਪ੍ਰਸਿੱਧ ਮੇਲਾ ਸਾਡੇ ਪੁਰਾਤਨ ਵਿਰਸੇ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ।
ਪਹਿਲਾਂ ਘਰਾਂ ਵਿੱਚ ਜੇਕਰ ਕਿਸੇ ਚੀਜ਼ ਦੀ ਘਾਟ ਮਹਿਸੂਸ ਹੋਣੀ ਤਾਂ ਕਹਿਣਾ ਛਪਾਰ ਦੇ ਮੇਲੇ ‘ਚੋਂ ਲੈ ਆਵਾਂਗੇ। ਇਸ ਮੇਲੇ ‘ਚੋਂ ਖੇਤੀਬਾੜੀ ਨਾਲ ਸਬੰਧਿਤ ਸੰਦ ਵੀ ਅਸੀਂ ਖਰੀਦ ਸਕਦੇ ਹਾਂ, ਚਾਹੇ ਉਹ ਬਲਦਾਂ ਦੇ ਧਲਿਆਰੇ ਹੋਣ ਜਾਂ ਰੰਬਾ (ਖੁਰਪਾ) ਹੋਵੇ। ਬਜੁਰਗਾਂ ਦਾ ਕਹਿਣਾ ਹੈ ਕਿ ਵਧੀਆ ਨਸਲ ਦੇ ਘੋੜਿਆਂ ਦੀ ਮੰਡੀ ਪੁਰਾਣਿਆਂ ਸਮਿਆਂ ਤੋਂ ਲੱਗਦੀ ਆ ਰਹੀ ਹੈ ਜੋ ਹੁਣ ਵੀਂ ਲੱਗਦੀ ਹੈ
ਮੇਲੇ ਦੌਰਾਨ ਹਵਾ ਵਿੱਚ Àੁੱਡਦੇ ਰੰਗ-ਬਿਰੰਗੇ ਗੁਬਾਰੇ ਨੀਲੇ ਅਸਮਾਨ ਨੂੰ ਰੰਗੀਲਾ ਕਰ ਰਹੇ ਹੁੰਦੇ ਹਨ ਬੱਚੇ ਪੰਘੂੜੇ ਝੂਟਦੇ ਨਹੀਂ ਥੱਕਦੇ, ਉੱਥੇ ਔਰਤਾਂ ਵੀ ਸੱਜੀਆਂ-ਧੱਜੀਆ ਦੁਕਾਨਾਂ ਵੰਗਾਂ, ਪਰਾਂਦੇ ਤੇ ਹੋਰ ਸਾਜ਼ੋ ਸਮਾਨ ਦੀਆਂ ਖਰੀਦੋ-ਫਰੋਖਤ ਕਰਦੀਆਂ ਨਜ਼ਰ ਆਉਂਦੀਆਂ ਹਨ। ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ-ਨਾਚ, ਨਕਲਾਂ ਵਾਲੇ, ਰੰਗ-ਬਰੰਗੀਆਂ ਪੁਸ਼ਾਕਾਂ ਪਾ ਕੇ ਫਿਰਦੇ ਬਹਿਰੂਪੀਏ, ਪਸ਼ੂਆਂ-ਪੰਛੀਆਂ ਦੀਆਂ ਅਵਾਜਾਂ ਕੱਢਣ ਵਾਲੇ ਫਿਰਦੇ ਰਾਸਧਰੀਏ ਲੋਕ ਖਿੱਚ ਦਾ ਕੇਂਦਰ ਹੁੰਦੇ ਹਨ।ਇਸ ਸਭ ਦੇ ਨਾਲ ਹੀ ਸਿਆਸਤ ਵਿੱਚ ਆਪਣੀ ਪੈੜ ਰੱਖਣ ਵਾਲੇ ਲੋਕ ਆਪਣੀਆਂ-ਆਪਣੀਆਂ ਪਾਰਟੀਆਂ ਦੇ ਆਗੂਆਂ ਨਾਲ ਇਸ ਮੇਲੇ ਵਿੱਚ ਸਿਆਸੀ ਅਖਾੜਾ ਲਾ ਕੇ ਸਿਆਸੀ ਲਫਜਾਂ ਨਾਲ ਇੱਕ-ਦੂਸਰੇ ਖਿਲਾਫ ਜੰਮ ਕੇ ਭੜਾਸ ਕੱਢਦੇ ਹਨ ਕਈ ਲੋਕ ਇਨ੍ਹਾਂ ਸਿਆਸੀ ਲੀਡਰਾਂ ਦੇ ਭਾਸ਼ਣ ਸੁਣਨ ਲਈ ਬੜੀ ਤਕੀਦ ਨਾਲ ਇਸ ਮੇਲੇ ਵਿੱਚ ਪਹੁੰਚਦੇ ਹਨ।
ਅੱਜ-ਕੱਲ੍ਹ ਸੱਭਿਆਚਾਰਕ ਮੇਲਿਆਂ ‘ਤੇ ਸਿਆਸੀ ਪ੍ਰਭਾਵ ਬਹੁਤ ਜਿਆਦਾ ਦਿਖਾਈ ਦੇ ਰਿਹਾ ਹੈ। ਇਹ ਮੇਲਾ ਹੁਣ ਪਹਿਲਾਂ ਵਾਂਗ ਸੱਭਿਆਚਾਰਕ ਨਹੀਂ ਸਗੋਂ ਸਿਆਸੀ ਮੇਲਾ ਬਣ ਗਿਆ ਹੈ। ਆਮ ਲੋਕਾਂ ਨੂੰ ਸੱਭਿਆਚਾਰਕ ਮੇਲਿਆਂ ਦਾ ਲਾਲਚ ਦਿਖਾ ਕੇ ਸਿਆਸੀ ਲੋਕ ਆਪਣੀ ਤੇ ਪਾਰਟੀ ਦੀ ਕਾਰਗੁਜ਼ਾਰੀ ਲੋਕਾਂ ਸਾਹਮਣੇ ਰੱਖਦੇ ਹਨ ਤਾਂ ਜੋ ਉਨ੍ਹਾਂ ਨੂੰ ਆਪਣੇ ਮੱਕੜ ਜਾਲ ਵਿਚ ਫਸਾਈ ਰੱਖਣ। ਕਦੇ ਵੀ ਇਨ੍ਹਾਂ ਸਿਆਸੀ ਲੋਕਾਂ ਨੂੰ ਇਹ ਨਹੀਂ ਲੱਗਾ ਕਿ ਉਹ ਦਿਨੋ-ਦਿਨ ਅਲੋਪ ਹੁੰਦੇ ਜਾ ਰਹੇ ਪੰਜਾਬੀ ਸੱਭਿਆਚਾਰ ਦੀ ਗੱਲ ਕਰਨ। ਸਿਰਫ ਤੇ ਸਿਰਫ ਇੱਕ-ਦੂਸਰੇ ਖਿਲਾਫ ਚਿੱਕੜ ਉਛਾਲਣ ‘ਤੇ ਜ਼ੋਰ ਦਿੱਤਾ ਹੁੰਦਾ ਹੈ। ਨਾ ਹੀ ਇਨ੍ਹਾਂ ਦੀਆਂ ਸਟੇਜਾਂ ਉੱਪਰ ਕੋਈ ਸੱਭਿਆਚਾਰ ਨਾਲ ਸਬੰਧਤ ਚੀਜ਼ਾਂ ਦਿਸਦੀਆਂ ਹਨ ਸਿਰਫ ਸੱਭਿਆਚਾਰਕ ਮੇਲੇ ਦੇ ਨਾਂਅ ‘ਤੇ ਸਿਆਸੀ ਰੋਟੀਆਂ ਹੀ ਸੇਕੀਆਂ ਜਾਂਦੀਆਂ ਹਨ।
ਇਸ ਨਿੱਜੀ ਮੁਨਾਫ਼ਿਆਂ ਦੀ ਸੋਚ ਵਾਲੀ ਸਿਆਸਤ ਨੇ ਅੱਜ-ਕੱਲ੍ਹ ਮੇਲਿਆਂ ਦਾ ਰੰਗ ਫਿੱਕਾ ਕਰ ਦਿੱਤਾ। ਲੋਕ ਮੇਲਿਆਂ ਵਿੱਚ ਜਾਣੋਂ ਕੰਨੀ ਕਤਰਾਉਂਦੇ ਹਨ। ਕਈ ਬਜੁਰਗਾਂ ਦਾ ਕਹਿਣਾ ਹੈ ਕਿ ਕਾਕਾ ਹੁਣ ਕਾਹਦੇ ਮੇਲੇ ਰਹਿ ਗਏ, ਮੇਲੇ ਤਾਂ ਸਾਡੇ ਵੇਲੇ ਹੁੰਦੈ ਸਨ। ਹੁਣ ਤਾਂ ਸਿਆਸਤਾਂ ਨੇ ਮਾਰ ਲੇ! ਮੇਲੇ ਵਿੱਚ ਸਿਆਸੀ ਪਾਰਟੀਆਂ ਵੱਲੋਂ ਆਪਣੀ ਕਾਨਫਰੰਸ ਵਿੱਚ ਵੱਧ ਤੋਂ ਵੱਧ ਭੀੜ ਜੁਟਾਉਣ ਲਈ ਨਸ਼ਾ ਕਰਨ ਵਾਲੇ ਲੋਕਾਂ ਨੂੰ ਨਸ਼ੇ ਦਾ ਲਾਲਚ ਦੇ ਕੇ ਲਿਆਂਦਾ ਜਾਂਦਾ ਹੈ, ਜੋ ਕਿ ਕਾਨਫਰੰਸ ਖ਼ਤਮ ਹੁੰਦਿਆਂ ਹੀ ਨਸ਼ੇ ਵਿੱਚ ਟੱਲੀ ਹੋਏ ਆਪਣੇ ਪਿੰਡਾਂ ਨੂੰ ਡਿੱਗਦੇ-ਢਹਿੰਦੇ ਮੁੜਦੇ ਹਨ ਮੰਨਿਆ ਕਿ ਸਿਆਸਤ ਵੀ ਲੋਕਤੰਤਰ ਵਿਚ ਅਹਿਮ ਸਥਾਨ ਰੱਖਦੀ ਹੈ ਪਰ ਜਿਵੇਂ ਕਹਿਦੇ ਨੇ ਕਿ ਅਤੀ ਹਰ ਚੀਜ਼ ਦੀ ਮਾੜੀ ਹੁੰਦੀ ਹੈ, ਅਨੁਸਾਰ ਸੱਭਿਆਚਾਰਕ ਮੇਲਿਆਂ ਵਿਚ ਸਿਆਸਤ ਨੂੰ ਭਾਰੂ ਕਰਕੇ ਸੱਭਿਆਚਰਕ ਰੰਗਾਂ ਨੂੰ ਫਿੱਕਾ ਨਾ ਪਾਇਆ ਜਾਵੇ ਮੇਰੀ ਰੱਬ ਅੱਗੇ ਅਰਦਾਸ ਹੈ ਕਿ ਘੁੱਗ ਵੱਸਦੇ ਪੰਜਾਬ ਅੰਦਰ ਮੇਲਿਆ ਦੀ ਲੜੀ ਨਾ ਟੁੱਟੇ ਨਹੀਂ ਤਾਂ ਸਾਡਾ ਪੰਜਾਬ ਪਹਿਲਾਂ ਵਾਲਾ ਪੰਜਾਬ ਨਹੀਂ ਰਹਿਣਾ।
ਮਲਕੀਤ ਮੁੱਲਾਂਪੁਰ
ਮੁੱਲਾਂਪੁਰ ਦਾਖਾ
ਮੋ. 98144 00931    

ਪ੍ਰਸਿੱਧ ਖਬਰਾਂ

To Top