ਸਿੱਖਿਆ

ਸਮੱਸਿਆਵਾਂ ਦਾ ਹੱਲ ਦਸਤਕਾਰੀ ਸਿੱਖਿਆ

ਯੂਨਾਨੀ ਦਾਰਸ਼ਨਿਕਾਂ ਦਾ ਵਿਚਾਰ ਹੈ ਕਿ ਜਦੋਂ ਤੋਂ ਮਨੁੱਖ ਨੇ ਆਪਣੇ ਹੱਥਾਂ ਨੂੰ ਕਿਸੇ ਆਹਰ ਵਿੱਚ ਲਾਉਣਾ ਸ਼ੁਰੂ ਕੀਤਾ ਉਸ ਸਮੇਂ ਤੋਂ ਉਸ ਦੀ ਬੁੱਧੀ ਤੇਜ਼ੀ ਨਾਲ ਵਿਕਾਸ ਕਰਨ ਲੱਗੀ।  ਵਿੱਦਿਆ ਦਾ ਅਸਲੀ ਮਨੋਰਥ ਮਨੁੱਖ ਦੇ ਗਿਆਨ ਭੰਡਾਰ ਵਿੱਚ ਵਾਧਾ ਕਰਨਾ ਹੀ ਨਹੀਂ, ਸਗੋਂ ਉਸ ਨੂੰ ਜ਼ਿੰਦਗੀ ਦੀਆਂ ਸਰਵਪੱਖੀ ਅਤੇ ਬਹੁਪੱਖੀ ਗੁੰਝਲਾਂ ਨੂੰ ਹੱਲ ਕਰਨ ਦੇ ਯੋਗ ਬਣਾਉਣਾ ਹੈ। ਮੌਜੂਦਾ ਵਿੱਦਿਅਕ ਢਾਂਚੇ ਵਿੱਚ ਕਿੱਤੇ ਦੀ ਸਿਖਲਾਈ ਦੀ ਘਾਟ ਨੇ ਪੜ੍ਹੇ-ਲਿਖੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਪੈਦਾ ਕਰ ਦਿੱਤੀ ਹੈ। ਜਿਸ ਦੇ ਨਤੀਜੇ ਵਜੋਂ ਉਹ ਨਿਰਾਸ਼ਤਾ ਦੇ ਆਲਮ ਵਿੱਚ ਸਰੀਰਕ ਅਤੇ ਮਾਨਸਿਕ ਬੇਚੈਨੀ ਦਾ ਸ਼ਿਕਾਰ ਹੋ ਰਹੇ ਹਨ।

edu1
LEARNING BY DOING:- ਫਰੋਬਲ ਨੇ ਠੀਕ ਹੀ ਕਿਹਾ ਹੈ ਕਿ ‘ਕੰਮ ਦੁਆਰਾ ਪੜ੍ਹਾਈ’ ਦਾ ਅਸੂਲ ਇੱਕ ਵਿਗਿਆਨਕ ਅਸੂਲ ਹੈ ਜੋ ਜ਼ਿੰਦਗੀ ‘ਚ ਆਉਣ ਵਾਲੀਆਂ ਕਠਿਨਾਈਆਂ ਉੱਪਰ ਜਿੱਤ ਪ੍ਰਾਪਤ ਕਰਦਾ ਹੈ।
ਦਸਤਕਾਰੀ ਦੀ ਪ੍ਰਾਚੀਨਤਾ ਮਨੁੱਖੀ ਸੱਭਿਅਤਾ ਦੇ ਅਮੀਰ ਹੋਣ ਬਾਰੇ ਸੰਕੇਤ ਕਰਦੀ ਹੈ। ਇਹ ਮਨੁੱਖ ਵਿੱਚ ਉਸਾਰੂ ਰਚਨਾਤਮਕ ਰੁਚੀ ਪੈਦਾ ਕਰਦੀ ਹੈ।  ਦਸਤਕਾਰੀ ਮਨੁੱਖ ਦੀ ਮੁੱਢਲੀ ਕਿਰਿਆ ਹੈ। ਇੱਕ ਅਜਿਹਾ ਕੁਦਰਤੀ ਅਮਲ, ਜਿਸ ਦੁਆਰਾ ਉਹ ਆਉਣ ਵਾਲੀਆਂ ਆਪਣੀਆਂ ਨਸਲਾਂ ਨੂੰ ਹੁਨਰ ਦੀ ਅਸਲੀ ਵਰਤੋਂ, ਸੁਹਜ਼ ਦੀ ਪ੍ਰਸੰਸਾ ਕਰਨੀ ਸਿਖਾਉਂਦਾ ਹੈ। ਮਨੁੱਖ ਦੇ ਸਮੁੱਚੇ ਵਿਅਕਤੀਤਵ ਦਾ ਵਿਕਾਸ ਵਿੱਦਿਆ ਦੇ ਸਰਵੋਤਮ ਮਨੋਰਥ ‘ਚੋਂ ਇੱਕ ਹੈ। ਮੌਜੂਦਾ ਵਿੱਦਿਅਕ ਢਾਂਚੇ ਦੀ ਵਿਸ਼ਾਲਤਾ ਵਿੱਚ ਮੁਹਾਰਤ ਦਾ ਹਰ ਖੇਤਰ ਵਿੱਚ ਮਹੱਤਵ ਵਧ ਗਿਆ ਹੈ।

edu2
ਆਪਣੇ ਕਿੱਤੇ ਵਿੱਚ ਮੁਹਾਰਤ (ਹੁਨਰ) ਨੂੰ ਬਿਆਨਦੀ ਫਾਰਸੀ ਕਹਾਵਤ ਹੈ ਕਿ ‘ਕਸਬੇ ਕਮਾਲ ਕੁਨ ਕਿ ਅਜ਼ੀਜੇ ਜਹਾ ਸਵੀ”  ਭਾਵ, ਆਪਣੇ ਹੁਨਰ ਵਿੱਚ ਕਮਾਲ ਦਾ ਹਾਸਲ ਕਰ ਤਾਂ ਜੋ ਸੰਸਾਰ ਵਿੱਚ ਹਰਮਨ ਪਿਆਰਾ ਹੋ ਸਕੇਂ
ਦਸਤਕਾਰੀ ਆਪਣੇ-ਆਪ ਵਿੱਚ ਹੀ ਅਨਮੋਲ ਹੈ।  ਬੱਚੇ ਅੰਦਰ ਆਪਣੇ ਹੱਥੀਂ ਕੰਮ ਕਰਨ ਦੀ ਕੁਦਰਤੀ ਇੱੱਛਾ ਹੈ। ਜੇਕਰ ਸਮਝਦਾਰੀ ਅਤੇ ਉਚਿਤ ਢੰਗ ਨਾਲ ਬੱਚੇ ਦੀ ਇਸ ਇੱਛਾ ਨੂੰ ਸਹੀ ਢਾਂਚੇ ਵਿੱਚ ਢਾਲਿਆ ਜਾਵੇ ਤਾਂ ਉਸ ਦੀ ਸਰਵਪੱਖੀ ਸਖਸ਼ੀਅਤ ਦਾ ਅਤੇ ਮਨੋਵਿਗਿਆਨਕ ਵਿਕਾਸ ਸਹਿਜੇ ਹੀ ਕੀਤਾ ਜਾ ਸਕਦਾ ਹੈ।
ਦਸਤਕਾਰੀ ਸਿੱਖਿਆ ਦਾ ਮਨੋਰਥ ਮਨੁੱਖ ਦੀ ਬੁੱਧੀ ਤੇਜ ਕਰਕੇ ਉਸ ਦੀ ਸੰਪੂਰਨ ਸਖਸ਼ੀਅਤ ਦੀ ਉਸਾਰੀ ਕਰਨਾ ਹੈ। ਦਸਤਕਾਰੀ ਦੇ ਸੰਸਾਰ ਵਿੱਚ ਵਿਚਰਦਿਆਂ ਕੁੱਝ ਸਿੱਖਣ ਅਤੇ ਸਿਖਾਉਣ ਦਾ ਸਿਲਸਿਲਾ ਚਲਦਾ ਰਹਿੰਦਾ ਹੈ। ਇਸ ਖੇਤਰ ਵਿੱਚ ਸਿੱਖਿਆਰਥੀ ਆਪਣੇ-ਆਪ ਕੀਤੇ ਗਏ ਅਮਲਾਂ, ਯਤਨਾਂ ਦੀ ਸਫਲਤਾ ਅਤੇ ਅਸਫਲਤਾ ਨੂੰ ਦੇਖ ਕੇ ਆਪਣਾ ਮੁਲਾਂਕਣ ਕਰਨ ਦੇ ਯੋਗ ਬਣਦਾ ਹੈ। ਹੱਥਾਂ ਦੁਆਰਾ ਕੀਤੀ ਗਈ ਕਿਰਤ ਇੱਕ ਵਿਸ਼ੇਸ਼ ਸੁਗੰਧੀ ਬਖਸ਼ਦੀ ਹੈ। ਕਿਰਤੀ ਆਪਣੇ ਦੁਆਰਾ ਬਣਾਈ ਵਸਤੂ ਵੱਲ ਤੱਕ ਕੇ ਖੁਸ਼ੀ ਮਹਿਸੂਸ ਕਰਦਾ ਹੈ। ਇਹ ਹਾਸਲ ਕੀਤੀ ਖੁਸ਼ੀ ਅਤੇ ਉਤਸ਼ਾਹ ਦੇ ਜੋਸ਼ ਨਾਲ ਮਨੁੱਖ ਆਪਣੇ ਹੁਨਰ ਨੂੰ ਹੋਰ ਵਧੇਰੇ ਤਰਾਸ਼ ਕੇ ਸੰਪੂਰਨਤਾ ਦੀ ਮੰਜਿਲ ਵੱਲ ਵਧਦਾ ਹੈ।
ਦੁਨੀਆ ਦੇ ਵਿਕਸਿਤ ਦੇਸ਼ਾਂ ਵਿੱਚ ਹਰ ਕਿੱਤੇ ਦੇ ਦਸਤਕਾਰਾਂ ਨੂੰ ਸਨਮਾਨਯੋਗ ਰੁਤਬਾ ਹਾਸਿਲ ਹੈ। ਯੂਰਪੀ ਦੇਸ਼ ਜਰਮਨੀ ਵਿੱਚ ਸਰਕਾਰੀ ਤੌਰ ‘ਤੇ ਮੁਲਕ ਦੇ ਨਿਪੁੰਨ ਦਸਤਕਾਰਾਂ ਨੂੰ ਆਪਣੇ ਕਿੱਤੇ ਵਿੱਚ ਹੋਰ ਪ੍ਰਵੀਨਤਾ ਹਾਸਲ ਕਰਨ ਅਤੇ ਆਧੁਨਿਕ ਟੈਕਨਾਲੋਜੀ ਦੀਆਂ ਬਾਰੀਕੀਆਂ ਸਿੱਖਣ ਲਈ ਦੁਨੀਆਂ ਦੀ ਸੈਰ ਕਰਨ ਹਿੱਤ ਜਰਨੀਮੈਨ ਬਣਾ ਕੇ ਭੇਜਿਆ ਜਾਂਦਾ ਹੈ। ਇਨ੍ਹਾਂ ਦੇਸ਼ਾਂ ਵਿੱਚ ਕਿਰਤੀ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਆਪਣੇ ਫਰਜ ਨਿਭਾਉਣ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾ ਕੇ ਪ੍ਰਸੰਸਾ ਅਤੇ ਵਡਿਆਈ ਹਾਸਲ ਕਰਦਾ ਹੈ। ਸਾਡੇ ਮਹਾਨ ਭਾਰਤ ਵਿੱਚ ਅਜਿਹੀ ਸਮਰਪਿਤ ਭਾਵਨਾ ਦੀ ਬੇਹੱਦ ਘਾਟ ਹੋਣ ਕਰਕੇ ਨੌਜਵਾਨ ਪੀੜ੍ਹੀ ਵਿੱਚ ਨਿਰਾਸ਼ਤਾ ਦਾ ਆਲਮ ਹੈ। ਸਾਡੇ ਢਾਂਚੇ ਵਿੱਚ ਗੁਣਾਤਮਕ ਸੁਧਾਰਾਂ ਅਤੇ ਇਸ ਦੇ ਪੁਨਰ ਮੁਲਾਂਕਣ ਦੀ ਬੇਹੱਦ ਲੋੜ ਹੈ।

edu4ਅਜ਼ਾਦੀ ਦੇ ਦਹਾਕਿਆਂ ਬਾਅਦ ਵੀ ਭਾਰਤੀ ਮਾਨਸਿਕਤਾ ਸਫੇਦਪੋਸ਼ ਬਾਬੂਸ਼ਾਹੀ ਦੇ ਦਾਇਰਿਆਂ ਨੂੰ ਪਾਰ ਨਹੀਂ ਕਰ ਸਕੀ। ਸਿੱਟੇ ਵਜੋ ਅਜੋਕੀ ਪੀੜ੍ਹੀ ਡਿਗਰੀਆਂ ਦੀ ਅੰਨ੍ਹੀ ਦੌੜ ਵਿੱਚ ਮਸ਼ਰੂਫ ਹੈ। ਬੇਰੁਜਗਾਰੀ ਦੀਆਂ ਚੁਣੌਤੀਆਂ ਅਤੇ ਮੁਲਕ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸਾਨੂੰ ਨਵੀਂ ਪੀੜ੍ਹੀ ਨੂੰ ਦਸਤਕਾਰੀ ਪਾਸੇ ਉਤਸ਼ਾਹਿਤ ਕਰਨਾ ਹੀ ਪਵੇਗਾ।  ਇਸ ਰਸਤੇ ਚੱਲ ਕੇ ਅਸੀਂ ਕਿਰਤ ਦੀ ਸ਼ਾਨ ਬਰਕਰਾਰ ਰੱਖ ਸਕਦੇ ਹਾਂ। ਦਸਤਕਾਰੀ ਹੀ ਸਭ ਮੂਲ ਸਮੱਸਿਆਵਾਂ ਦਾ ਸਮਾਧਾਨ ਹੈ।
ਐਚ.ਜੀ. ਵੇਲਜ ਨੇ ਠੀਕ ਹੀ ਕਿਹਾ ਹੈ:- Fundamental instinct of life is to create to discover to make to grow to progress   (ਹੱਥ ਤੇ ਦਿਮਾਗ ਦਾ ਮਿਲ ਕੇ ਕੰਮ ਕਰਨਾ ਸੱਭਿਅਤਾ ਦੇ ਅਮੀਰ ਹੋਣ ਦੀ ਨਿਸ਼ਾਨੀ ਹੈ।)

ਕਮਲਜੀਤ ਸਿੰਘ,ਕਾਰਪੇਂਟਰ ਇੰਸਟ੍ਰਕਟਰ,
ਸਰਕਾਰੀ ਆਈ.ਟੀ.ਆਈ. ਮਾਲਰੇਕੋਟਲਾ (ਸੰਗਰੂਰ)
ਮੋ. 94782-08833

ਪ੍ਰਸਿੱਧ ਖਬਰਾਂ

To Top