ਸਿਹਤ

ਵਗਦੇ ਪਾਣੀਆਂ ਵਰਗੀ ਕਵਿੱਤਰੀ ਤੇ ਕਹਾਣੀਕਾਰਾ: ਕੁਲਵਿੰਦਰ ਕੌਰ ਮਹਿਕ

ਕੁਲਵਿੰਦਰ ਕੌਰ ਮਹਿਕ ਸਾਹਿਤ ਤੇ ਸੱਭਿਆਚਾਰ ਜਗਤ ਵਿਚ ਆਪਣੀ ਕਲਮੀ-ਧਾਕ ਜਮਾ ਚੁੱਕਾ ਇੱਕ ਐਸਾ ਮਾਣ-ਮੱਤਾ ਨਾਂਅ ਹੈ  ਜਿਸ ਨੇ ‘ਅੱਖਰਾਂ ਦੇ ਮੋਤੀ’ (ਕਾਵਿ-ਸੰਗ੍ਰਹਿ) ਅਤੇ ‘ਰੌਣਕੀ ਪਿੱਪਲ’ (ਕਹਾਣੀ-ਸੰਗ੍ਰਹਿ) ਸਾਹਿਤ-ਜਗਤ ਦੀ ਝੋਲੀ ਪਾ ਕੇ ਸਾਬਤ ਕਰ ਵਿਖਾਇਆ ਹੈ ਕਿ ਵਾਰਤਕ ਅਤੇ ਕਾਵਿ-ਖੇਤਰ ਵਿਚ ਬਰਾਬਰ ਦੀ ਹੀ ਮੁਹਾਰਤ ਹਾਸਲ ਹੈ ਉਸ ਨੂੰ।   ਦੇਸ਼-ਵਿਦੇਸ਼ ਦਾ ਪੰਜਾਬੀ ਦਾ ਸ਼ਾਇਦ ਹੀ ਕੋਈ ਐਸਾ ਪੇਪਰ ਜਾਂ ਮੈਗਜ਼ੀਨ ਹੋਵੇ ਜਿੱਥੋਂ ਤੱਕ ਉਸਦੀ ਕਲਮ ਦੀ ਸਿਰਜਣਾ ਨਾ ਪਹੁੰਚੀ ਹੋਵੇ।

ਘੱਟ ਬੋਲਣ ਅਤੇ ਪਾਏਦਾਰ ਲਿਖਣ ਵਾਲੀ, ਮੁਹਾਲੀ ਸ਼ਹਿਰ ਵਿਚ ਰਹਿੰਦੀ ਇਸ ਕਲਮਕਾਰਾ ਦੀਆਂ ਜਿੱਥੇ ਕਵਿਤਾਵਾਂ ਅਤੇ ਗੀਤ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਬੁਲੰਦ ਅਵਾਜ਼ ਉਠਾਉਂਦੇ ਹਨ, ਉੱਥੇ ਉਸ ਦੀਆਂ ਕਹਾਣੀਆਂ ਵੀ ਸਮਾਜਿਕ ਕੁਰੀਤੀਆਂ ਦੀ ਵਿਰੋਧਤਾ ਅਤੇ ਆਪਣੇ ਸੱਭਿਆਚਾਰਕ ਵਿਰਸੇ ਦੀ ਸੰਭਾਲ  ਦੇ ਵਿਸ਼ਿਆਂ ਦੁਆਲੇ  ਹੀ ਘੁੰਮਦੀਆਂ ਹਨ। ਖੁਦ ਨਾਰੀ-ਵਰਗ ਨਾਲ ਸਬੰਧਤ ਹੋਣ ਕਰਕੇ ਨਾਰੀ-ਵਰਗ ਨੂੰ ਸਮਾਜ ਵਿਚ ਪੈਰ-ਪੈਰ ‘ਤੇ ਦਰਪੇਸ਼ ਅੜਚਨਾਂ, ਮੁਸ਼ਕਲਾਂ, ਉਸ ਨਾਲ ਹੋ ਰਹੇ ਜ਼ੁਲਮ ਅਤੇ ਵਧੀਕੀਆਂ ਨੂੰ ਭਲੀ-ਭਾਂਤ ਸਮਝਦੀ ਹੈ ਉਹ। ਇਸੇ ਕਰਕੇ ਨਾਰੀ-ਵਰਗ ਦੇ ਦੁਖਾਂਤ ਨੂੰ ਉਸ ਦੀ ਕਲਮ ਨੇ ਖੁੱਲ੍ਹਕੇ ਛੋਹਿਆ ਹੈ। ਧੀਆਂ-ਭੈਣਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਦੀਆਂ ਉਸ ਦੀਆਂ ਇਸ ਵਿਸ਼ੇ ਦੀਆਂ ਰਚਨਾਵਾਂ ਪੱਥਰਾਂ ਨੂੰ ਵੀ ਮੋਮ ਕਰਨ ਦਾ ਦਮ ਰੱਖਦੀਆਂ ਹਨ। ਇਸ ਤਂੋ ਇਲਾਵਾ ਆਪਣੇ ਖੁੱਸਦੇ ਜਾ ਰਹੇ  ਵੱਡਮੁੱਲੇ ਸੱਭਿਆਚਾਰਕ ਵਿਰਸੇ ਪ੍ਰਤੀ ਵੀ ਬਹੁਤ ਚਿੰਤਤ ਹੈ ਉਹ। ਉਸਦੀ ਕਲਮ ਸਿਰਫ ਦੋ ਪੁਸਤਕਾਂ ਤੱਕ ਹੀ ਸੀਮਤ ਨਹੀਂ, ‘ਕਲਮਾਂ ਦਾ ਸਫਰ’ (ਕਾਵਿ-ਸੰਗ੍ਰਹਿ), ‘ਜੋੜੀਆਂ ਜੱਗ ਥੋੜ੍ਹੀਆਂ’ (ਕਹਾਣੀ-ਸੰਗ੍ਰਹਿ) ਅਤੇ ‘ਹੋਕਾ ਕਲਮਾਂ ਦਾ’ (ਕਾਵਿ-ਸੰਗ੍ਰਹਿ) ਆਦਿ ਵਿਚ ਵੀ ਭਰਵੀਂ ਹਾਜਰੀ ਲਗਵਾ ਚੁੱਕੀ ਹੈ ਉਹ। ਇਸ ਤੋਂ ਇਲਾਵਾ ਸੰਪਾਦਨਾ ਖੇਤਰ ਵਿਚ  ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੇ  254 ਕਲਮਾਂ ਦੇ  ਕਾਵਿ-ਸੰਗ੍ਰਹਿ  ‘ਕਲਮਾਂ ਦਾ ਸਫਰ’  ਅਤੇ ਇਸੇ ਸੰਸਥਾ ਦੀ 906 ਕਲਾ-ਪ੍ਰੇਮੀਆਂ ਦੀ ਟੈਲੀਫੋਨ ਡਾਇਰੈਕਟਰੀ,  ‘ਵਿਰਸੇ ਦੇ ਪੁਜਾਰੀ’ ਦੇ ਸੰਪਾਦਕੀ ਬੋਰਡ ਵਿਚ ਵੀ ਅਹਿਮ ਰੋਲ ਨਿਭਾਇਆ ਹੈ ਉਸ ਨੇ। ਇਸ ਸੰਸਥਾ ਦੇ ਪ੍ਰਚਾਰ ਸਕੱਤਰ ਦੀਆਂ ਜਿੰਮੇਵਾਰੀਆਂ ਨਿਭਾ ਰਹੀ ਮਹਿਕ ਦੀਆਂ ਕਲਾਵਾਂ ਦੀ ਇੱਥੇ ਹੀ ਬੱਸ ਨਹੀਂ ਉਹ ਇੱਕ ਵਧੀਆ ਸਟੇਜ-ਸੰਚਾਲਕਾ, ਵਧੀਆ ਕਵਿੱਤਰੀ ਅਤੇ ਗਿੱਧਾ ਕੋਚ ਵੀ ਹੈ।

ਮਹਿਕ ਦੀਆਂ ਸਮਾਜਿਕ, ਸਾਹਿਤਕ, ਸੱਭਿਆਚਾਰਕ ਅਤੇ ਧਾਰਮਿਕ ਸੇਵਾਵਾਂ ਦੀ ਕਦਰ ਪਾਉਂਦਿਆਂ ਜਿੱਥੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਉਸਨੂੰ  ‘ਧੀ ਪੰਜਾਬ ਦੀ ਐਵਾਰਡ-2017’  ਅਤੇ  ‘ਦਲੀਪ ਕੌਰ ਟਿਵਾਣਾ ਐਵਾਰਡ-2018’  ਨਾਲ ਸਨਮਾਨਿਤ ਕਰ ਚੁੱਕੀ ਹੈ, Àੁੱਥੇ ਹੋਰ ਵੀ ਕਈ ਸੰਸਥਾਵਾਂ ਆਪੋ-ਆਪਣੇ ਢੰਗ-ਤਰੀਕੇ ਨਾਲ ਸਮਨਾਮਿਤ ਕਰ ਕੇ ਉਸ ਦੀਆਂ ਕਲਾਵਾਂ ਦੀ ਕਦਰ ਪਾ ਚੁੱਕੀਆਂ ਹਨ।

ਇੱਕ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਮੈਂ ਆਪਣੇ ਜੀਵਨ-ਸਾਥੀ ਸ੍ਰ. ਅਵਤਾਰ ਸਿੰਘ ਪਾਲ ਦੇ ਨਾਲ-ਨਾਲ ਸੁਪ੍ਰਸਿੱਧ ਗੀਤਕਾਰ ਲਾਲ ਸਿੰਘ ਲਾਲੀ ਅਤੇ ਉਨ੍ਹਾਂ ਦੀ ਟੀਮ ਦੀ ਰਿਣੀ ਹਾਂ, Àੁੱਥੇ ਆਪਣੇ ਵਿਭਾਗ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਥੀ-ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਮਿਲਦੀ ਆ ਰਹੀ ਹੱਲਾ-ਸ਼ੇਰੀ, ਸਹਿਯੋਗ ਅਤੇ ਸੁਚੱਜੀ ਅਗਵਾਈ ਲਈ ਉਨ੍ਹਾਂ ਦੀ ਦੇਣਦਾਰ ਹਾਂ।’  ਇੱਕ ਹੋਰ ਸਵਾਲ ਦਾ ਜੁਵਾਬ ਦਿੰਦਿਆਂ ਮਹਿਕ ਨੇ ਕਿਹਾ ਕਿ ਜੇਕਰ ਮਾਲਕ ਦੀ ਰਹਿਮਤ ਰਹੀ ਤਾਂ ਮੈਂ ਆਖਰੀ ਦਮ ਤੱਕ ਕਲਮ ਹੱਥੋਂ ਨਹੀਂ ਛੱਡਾਂਗੀ।
ਰੱਬ ਕਰੇ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿਚ ਜੂਝ ਰਹੀ ਕਲਾ ਦੀ ਪੁਜਾਰਨ ਕੁਲਵਿੰਦਰ ਕੌਰ ਮਹਿਕ ਇਵੇਂ ਹੀ ਸਾਬਤ ਕਦਮੀ ਵਗਦੇ ਪਾਣੀਆਂ ਵਾਂਗ ਨਿਰੰਤਰ ਤੁਰਦੀ ਪੰਜਾਬੀ ਸਾਹਿਤ ਦੇ ਖਜਾਨੇ ਨੂੰ ਅਮੀਰ ਕਰਨ ਵਿਚ ਜੁਟੀ ਰਹੇ।
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮੋ. 98764-28641

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top