ਲੇਖ

ਸਾਹਿਤ ਦੀ ਮੂਲ ਭਾਵਨਾ ਤੋਂ ਟੁੱਟ ਰਿਹਾ ਲੇਖਕ

ਪੰੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਕੀਤੀ ਜਾਂਦੀ ਪੰਜਾਬੀ ਵਿਕਾਸ ਕਾਨਫਰੰਸ ਨੂੰ ਅਕਾਦਮਿਕ ਖੇਤਰ ‘ਚ ਚੰਗਾ ਸਤਿਕਾਰ ਹਾਸਲ ਹੈ ਕੁਝ ਅਰਸਾ ਪਹਿਲਾਂ ਇਸ ਵਿਭਾਗ ਵੱਲੋਂ ਮਹਾਰਾਜਾ ਰਣਜੀਤ ਸਿੰਘ ਕਾਲ ਦੇ ਪੰਜਾਬੀ ਸਾਹਿਤ ਨੂੰ ਸਮਰਪਿਤ ਕਾਨਫ਼ਰੰਸ ‘ਚ ਮੈਨੂੰ ਵੀ ਡੈਲੀਗੇਟ ਵਜੋਂ ਸ਼ਾਮਲ ਹੋਣ ਦਾ ਮੌਕਾ ਮਿਲਿਆ ਮੈਂ ਕਾਨਫ਼ਰੰਸ ਹਾਲ ਵਿੱਚ ਪੁੱਜਾ ਤਾਂ ਆਸ ਮੁਤਾਬਕ ਭਾਰਤ ਦੇ ਕੋਨੇ-ਕੋਨੇ ‘ਚੋਂ ਨਾਮਵਰ ਪੰਜਾਬੀ ਲੇਖਕ ਤੇ ਵਿਦਵਾਨ ਆਲੋਚਕ ਪੁੱਜੇ ਹੋਏ ਸਨ ਲੜੀਵਾਰ ਕਾਲਮ ‘ਮੇਰੇ ਹਿੱਸੇ ਦਾ ਅਦਬੀ ਸੱਚ’ ਲਈ ਲਿਖੀ ਗਈ ਇਸ ਸੰਖੇਪ ਲਿਖਤ ਦਾ ਮੰਤਵ ਇਸ ਕਾਨਫਰੰਸ ‘ਚ ਪੰਜਾਬੀ ਦੇ ਉੱਚ ਕੋਟੀ ਦੇ ਵਿਦਵਾਨਾਂ ਵੱਲੋਂ ਪੜ੍ਹੇ ਤੇ ਵਿਚਾਰੇ ਗਏ ਪਰਚਿਆਂ ‘ਤੇ ਅਖ਼ਬਾਰੀ ਰਿਪੋਰਟ ਤਿਆਰ ਕਰਨਾ ਨਹੀਂ ਹੈ ਮੈਂ ਤਾਂ ਕਾਨਫਰੰਸ ਦੀਆਂ ਰਸਮੀ ਕਾਰਵਾਈਆਂ ਦੀ ਬਜ਼ਾਇ ਇੱਥੇ ਪਹੁੰਚੇ ਲੇਖਕਾਂ ਦੀ ਉਸ ਗੈਰ ਰਸਮੀ ਗੱਲ ਬਾਤ ਨੂੰ ਫੋਕਸ ਵਿੱਚ ਲਿਆਉਣਾ ਚਾਹੁੰਦਾ ਹਾਂ , ਜੋ ਸਰਕਾਰੀ ਪੱਧਰ ‘ਤੇ ਹੋਣ ਵਾਲੀਆਂ ਸਾਹਿਤਕ ਗੋਸ਼ਟੀਆਂ ਤੇ ਕਾਨਫਰੰਸ ਦੇ ਪਹਿਲੇ ਸੈਸ਼ਨ ‘ਚ ਗਹਿਰ ਗੰਭੀਰ ਤੇ ਵਿੱਦਵਤਾ ਪੂਰਨ ਅਲੋਚਨਾਤਮਕ ਪਰਚੇ ਸੁਣਨ ਤੋਂ ਬਾਅਦ ਜਦੋਂ ਮੈਂ ਤੇ ਮੇਰੇ ਸਾਥੀ ਲੇਖਕ ਦੋਸਤ ਦੁਪਹਿਰ ਦੇ ਖਾਣੇ ਲਈ ਬਾਹਰ ਖੁੱਲ੍ਹੀ ਹਵਾ ‘ਚ ਆਏ ਤਾਂ ਆਸ ਮੁਤਾਬਕ ਲੇਖਕਾਂ ਦੀ ਗੈਰ ਰਸਮੀ ਗੱਲਬਾਤ ਸ਼ੁਰੂ ਹੋ ਗਈ
‘ਇਹ ਗੋਸ਼ਟੀਆਂ ਤਾਂ ਆਪਸ ‘ਚ ਮਿਲਣ ਦਾ ਬਹਾਨਾ ਨੇ ਹੋਰ ਇਨ੍ਹਾਂ ਗੋਸ਼ਟੀਆਂ ‘ਚ ਪੜ੍ਹੇ ਪੇਪਰ ਸੁਣ ਕੇ ਬੋਰ ਹੋਣ ਕੌਣ ਆਉਂਦਾ ਹੈ’ ਇੱਕ ਲੇਖਕ ਨੇ ਕਿਹਾ
‘ਹਾਂ ਯਾਰ! ਸਰਕਾਰੀ ਸਮਾਗਮਾਂ ‘ਤੇ ਆਉਣ-ਜਾਣ ਦਾ ਕਿਰਾਇਆ ਭਾੜਾ ਮਿਲ ਜਾਂਦੈ, ਵਧ ਰਹੇ ਕਿਰਾਇਆਂ ਕਾਰਨ ਹੁਣ ਹਰ ਸਮਾਗਮ ‘ਤੇ ਤਾਂ ਅੱਪੜਿਆ ਨਹੀਂ ਜਾ ਸਕਦਾ ਬਹਾਨੇ ਨਾਲ ਤੁਹਾਡੇ ਵਰਗੇ ਦੋਸਤਾਂ ਨੂੰ ਮਿਲ ਲਈਦਾ ਹੈ, ਨਹੀਂ ਤਾਂ ਇਨ੍ਹਾਂ ਗੋਸ਼ਟੀਆਂ ‘ਚ ਕੀ ਪਿਐ ਦੂਜੇ ਲੇਖਕ ਨੇ ਇਸ ਦੀ ਪ੍ਰੋੜਤਾ ਕੀਤੀ’
ਲੇਖਕਾਂ ਦੀ ਅਜਿਹੀ ਗੈਰ ਰਸਮੀ ਗੱਲਬਾਤ ਮੈਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਕਈ ਸਾਹਿਤਕ ਸਮਾਗਮਾਂ ਸਮੇਂ ਵੀ ਸੁਣੀ ਹੈ ਵਿਭਾਗ ਵੱਲੋਂ ਕਰਵਾਏ ਜਾਂਦੇ ਸਮਾਗਮ ਦੇ ਪਹਿਲੇ ਸੈਸ਼ਨ ‘ਚ ਤਾਂ ਲੇਖਕਾਂ ਦੀ ਭਰਵੀਂ ਹਾਜ਼ਰੀ ਹੁੰਦੀ ਹੈ ਪਰ ਜਦੋਂ ਸਮਾਗਮ ਦੂਜੇ ਸ਼ੈਸ਼ਨ ‘ਚ ਦਾਖ਼ਲ ਹੁੰਦਾ ਹੈ ਤਾਂ ਲੇਖਕ ਵੱਖ-ਵੱਖ ਜੁੰਡਲੀਆਂ ਬਣਾ ਕੇ ਸਮਾਗਮ ਵਾਲੇ ਹਾਲ ਤੋਂ ਬਾਹਰ ਬੈਠੇ ਗੱਪਾਂ ਮਾਰ ਰਹੇ ਹੁੰਦੇ ਹਨ ਇਸ ਸਮੇਂ ਦੂਰ-ਦੁਰਾਡਿਓਂ ਆਏ ਲੇਖਕ ਸਾਹਿਤ ਨਾਲ ਜੁੜੇ ਗਹਿਰ ਗੰਭੀਰ ਮੁੱਦਿਆਂ ਜਾਂ ਸਾਹਿਤ ਦੇ ਆਧੁਨਿਕ ਝੁਕਾਵਾਂ ਬਾਰੇ ਵਿਚਾਰ-ਵਟਾਂਦਰਾ ਕਰਕੇ ਆਪਣੇ ਸਮੇਂ ਦਾ ਸਦ ਉਪਯੋਗ ਕਰਨ ਦੀ ਬਜਾਇ ਦੂਜੇ ਲੇਖਕਾਂ ਦੀ ਨਿੰਦਿਆ ਚੁੰਗਲੀ ਕਰਕੇ ਸਮਾਂ ਨਸ਼ਟ ਕਰਦੇ ਹਨ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਨ੍ਹਾਂ ਲੇਖਕਾਂ ਦੇ ਐਨੀ ਦੂਰ ਪਹੁੰਚਣ ਦਾ ਇੱਕੋ-ਇੱਕ ਮੰਤਵ ਸਾਹਿਤਕ ਚੁਗਲੀਆਂ ਕਰਕੇ ਆਪਣਾ ਮਨ ਹੌਲਾ ਕਰਨਾ ਹੋਵੇ
ਸਰਕਾਰੀ ਅਦਾਰਿਆਂ ਵੱਲੋਂ ਕਰਵਾਏ ਸਾਹਿਤ ਸੈਮੀਨਾਰਾਂ ਸਮੇਂ ਮੈਂ ਇਹ ਗੱਲ ਵੀ ਵਿਸ਼ੇਸ਼ ਤੌਰ ‘ਤੇ ਨੋਟ ਕੀਤੀ ਹੈ ਕਿ ਬਾਹਰੋਂ ਆਏ ਲੇਖਕਾਂ ਦਾ ਧਿਆਨ ਇਸ ਗੱਲ ਵੱਲ ਵੀ ਰਹਿੰਦਾ ਹੈ ਕਿ ਸਬੰਧਤ ਅਦਾਰੇ ਵੱਲੋਂ ਲੇਖਕਾਂ ਨੂੰ ਮਾਣ ਭੱਤੇ ਤੇ ਕਿਰਾਏ ਦੀ ਅਦਾਇਗੀ ਕਦੋਂ ਕੀਤੀ ਜਾਵੇਗੀ ਪ੍ਰਬੰਧਕ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਜੇਬ ‘ਚ ਪੈਸੇ ਪੈਣ ਤੋਂ ਬਾਅਦ ਬਹੁਤ ਘੱਟ ਲੇਖਕਾਂ ਦੀ ਦਿਲਚਸਪੀ ਚੱਲ ਰਹੀ ਸਾਹਿਤਕ ਗੋਸ਼ਟੀ ‘ਚ ਰਹਿ ਜਾਵੇਗੀ ਇਸ ਤਰ੍ਹਾਂ ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਮਾਣ-ਭੱਤਾ ਰੂਪੀ ਪੈਸਿਆਂ ਦੀ ਅਦਾਇਗੀ ਗੋਸ਼ਟੀ ਦੇ ਅੰਤ ‘ਤੇ ਹੀ ਕੀਤੀ ਜਾਵੇ ਪਹੁੰਚੇ ਲੇਖਕ ਵਾਰ-ਵਾਰ ਆਪਣੇ ਮਾਣ ਭੱਤੇ ਦੀ ਅਦਾਇਗੀ ਛੇਤੀ ਕੀਤੇ ਜਾਣ ਲਈ ਜ਼ੋਰ ਪਾਉਂਦੇ ਹਨ ਤੇ ਕਈ ਪਹੁੰਚ ਵਾਲੇ ਲੇਖਕ ਗੋਸ਼ਟੀ ਸਮਾਪਤ ਹੋਣ ਤੋਂ ਪਹਿਲਾਂ ਹੀ ਪੈਸੇ ਲੈ ਕੇ ਆਪਣੇ ਘਰਾਂ ਵੱਲ ਚਾਲੇ ਪਾ ਦਿੰਦੇ ਹਨ ਸੋਚਣ ਵਾਲੀ ਗੱਲ ਹੈ ਇਹ ਹੈ ਕਿ ਜੇ ਲੇਖਕਾਂ ‘ਚ ਹੀ ਸਾਹਿਤਕ ਸੁਹਰਦਿਤਾ ਦੀ ਐਨੀ ਘਾਟ ਹੈ ਤਾਂ ਉਹ ਪਾਠਕਾਂ ਨੂੰ ਇਹ ਉਲਾਂਭਾ ਕਿਸ ਮੂੰਹ ਨਾਲ ਦਿੰਦੇ ਹਨ ਕਿ ਉਨ੍ਹਾਂ ‘ਚ ਸਾਹਿਤ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ ਹੈ
ਵਿਦਵਾਨ ਲੇਖਕ ਕਈ ਦਿਨ ਲਾ ਕੇ ਗੋਸ਼ਟੀਆਂ ਲਈ ਪੇਪਰ ਲਿਖਦੇ ਹਨ ਤੇ ਇਨ੍ਹਾਂ ਗੋਸ਼ਟੀਆਂ ਤੇ ਸੈਮੀਨਾਰਾਂ ਲਈ ਬਹੁਤ ਸਾਰਾ ਪੈਸਾ ਤੇ ਸਮਾਂ ਖਰਚ ਹੁੰਦਾ ਹੈ ਜੇ ਗੋਸ਼ਟੀਆਂ  ‘ਚ ਪੁੱਜਣ ਵਾਲੇ ਲੇਖਕ ਉੱਥੇ ਪੜ੍ਹੇ ਜਾਣ ਵਾਲੇ ਪਰਚਿਆਂ ਨੂੰ ਸਜਾ ਭੁਗਤਣ ਵਾਂਗ ਹੀ ਸੁਣਦੇ ਹਨ ਤਾਂ ਫਿਰ ਇਨ੍ਹਾਂ ਦੀ ਸਾਰਥਿਕਤਾ ਹੀ ਕੀ ਰਹਿ ਜਾਂਦੀ ਹੈ ਇਸ ਵਿੱਚ ਕਸੂਰ ਅਜਿਹੀਆਂ ਗੋਸ਼ਟੀਆਂ ਕਰਵਾਉਣ ਵਾਲੀਆਂ ਸੰਸਥਾਵਾਂ ਦਾ ਹੈ, ਪੇਪਰ ਪੜ੍ਹਨ ਵਾਲੇ ਵਿਦਵਾਨਾਂ ਦਾ ਹੈ ਜਾਂ ਫਿਰ ਇਨ੍ਹਾਂ ਨੂੰ ਗੰਭੀਰਤਾ ਨਾਲ ਨਾ ਲੈਣ ਵਾਲੇ ਲੇਖਕਾਂ ਦਾ, ਇਹ ਵਿਸ਼ਾ ਗਹਿਰ ਗੰਭੀਰ ਬਹਿਸ ਦੀ ਮੰਗ ਕਰਦਾ ਹੈ
ਸਾਹਿਤਕ ਗੋਸ਼ਟੀਆਂ ਤੇ ਸੈਮੀਨਾਰਾਂ ‘ਚ ਲੇਖਕਾਂ ਦੀ ਘਟ ਰਹੀ ਦਿਲਚਸਪੀ ਦੇ ਕਾਰਨ ਲੱਭਣ ਲਈ ਵੀ ਇੱਕ ਵੱਖਰੀ ਸਾਹਿਤਕ ਗੋਸ਼ਟੀ ਕਰਵਾਏ ਜਾਣ ਦੀ ਲੋੜ ਹੈ ਮੇਰਾ ਇਹ ਵੀ ਵਿਚਾਰ ਹੈ ਕਿ ਲੇਖਕਾਂ ਦੀ ਸਾਹਿਤ ਤੇ ਇਸ ਨਾਲ ਜੁੜੀਆਂ ਪ੍ਰੰਪਰਾਵਾਂ ਵੱਲ ਘੱਟ ਰਹੀ ਸੁਹਰਦਿਤਾ ਕਾਰਨ ਹੀ ਉਹ ਸਾਹਿਤ ਸਿਰਜਣਾ ‘ਚੋਂ ਮਿਲਣ ਵਾਲੀ ਮਾਨਸਿਕ ਸੰਤੁਸ਼ਟੀ ਨੂੰ ਪਹਿਲਾਂ ਵਾਂਗ ਨਹੀਂ ਮਾਣ ਸਕਦੇ ਇਹੋ ਕਾਰਨ ਹੈ ਕਿ ਅੱਜ ਦਾ ਪੰਜਾਬੀ ਲੇਖਕ ਆਪਣੀ ਪਹੁੰਚ ਮੁਤਾਬਕ ਵੱਖ-ਵੱਖ ਟੀਵੀ ਚੈਨਲਾਂ ਵੱਲ ਭੱਜ ਰਿਹਾ ਹੈ, ਅਖਬਾਰਾਂ ਲਈ ਖ਼ਬਰਾਂ ਲਿਖ ਰਿਹਾ ਹੈ ਜਾਂ ਪੈਸੇ ਕਮਾਉਣ ਦੇ ਚੱਕਰ ‘ਚ ਪੈ ਗਿਆ ਹੈ ਕੀ ਇੱਕਵੀਂ ਸਦੀ ‘ਚ ਪਹੁੰਚਿਆ ਸਾਡਾ ਪੰਜਾਬੀ ਲੇਖਕ ਇਸ ਸਦੀ ਦੇ ਖ਼ਪਤ ਸੱਭਿਆਚਾਰ ਦਾ ਸ਼ਿਕਾਰ ਹੋ ਕੇ ਸਾਹਿਤ ਦੀ ਮੂਲ ਭਾਵਨਾ ਨਾਲੋਂ ਬਿੱਲਕੁਲ ਟੁੱਟ ਤਾਂ ਨਹੀਂ ਜਾਵੇਗਾ?
ਅੱਜ ਨਹੀਂ ਤਾਂ ਕੱਲ੍ਹ ਸਾਨੂੰ ਇਸ ਭਖ਼ਦੇ ਸਵਾਲ ਦੇ ਰੂ-ਬ-ਰੂ ਜ਼ਰੂਰ ਹੋਣਾ ਪਵੇਗਾ ਪੈਸੇ ਦੀ ਦੌੜ ਵਾਂਗ ਪ੍ਰਸਿੱਧੀ ਵੀ ਪ੍ਰਾਪਤੀ ਦੀ ਇੱਕ ਦੌੜ ਹੀ ਬਣ ਗਈ ਹੈ ਤੇ ਸਾਡਾ ਲੇਖਕ ਬਿਨਾਂ ਸੋਚੇ ਸਮਝੇ ਇਸ ਦੌੜ ‘ਚ ਸ਼ਾਮਲ ਹੁੰਦਾ ਜਾ ਰਿਹਾ ਹੈ

ਨਿਰੰਜਣ ਬੋਹਾ
ਬੋਹਾ (ਮਾਨਸਾ)
ਮੋ.89682-82700

ਪ੍ਰਸਿੱਧ ਖਬਰਾਂ

To Top