ਅਦਾਲਤ ‘ਚ ਪੇਸ਼ ਨਾ ਹੋਏ ਦਲੇਰ ਮਹਿੰਦੀ

ਖੁਸ਼ਵੀਰ ਸਿੰਘ ਤੂਰ ਪਟਿਆਲਾ, ।
ਕਬੂਰਤਬਾਜ਼ੀ ਮਾਮਲੇ ਵਿੱਚ ਘਿਰੇ ਪੋਪ ਗਾਇਕ ਦਲੇਰ ਮਹਿੰਦੀ ਸਮੇਤ ਹੋਰਨਾਂ ਖਿਲਾਫ਼ ਇੱਥੇ ਚੱਲ ਰਹੇ ਮਾਮਲੇ ਦੀ ਸੁਣਵਾਈ ਮਾਣਯੋਗ ਜੱਜ ਸੁਖਵਿੰਦਰ ਸਿੰਘ ਦੀ ਅਦਾਲਤ ‘ਚ ਹੋਈ। ਦਲੇਰ ਮਹਿੰਦੀ, ਉਸਦੇ ਭਰਾ ਸਮਸ਼ੇਰ ਸਿੰਘ ਮਹਿੰਦੀ ਅਤੇ ਬੁਲਬੁਲ ਮਹਿਤਾ ਵੱਲੋਂ ਪੇਸ਼ੀ ਤੋਂ ਛੋਟ ਲਈ ਹੋਣ ਕਾਰਨ ਉਹ ਖੁਦ ਅਦਾਲਤ ‘ਚ ਪੇਸ਼ ਨਾ ਹੋਏ ਜਦਕਿ ਉਨ੍ਹਾਂ ਦੇ ਵਕੀਲਾਂ ਨੇ ਆਪਣੀ ਹਾਜ਼ਰੀ ਲਗਵਾਈ। ਅਦਾਲਤੀ ਪ੍ਰਕਿਰਿਆ ਦੌਰਾਨ ਇੱਕ ਗਵਾਹ ਸਾਹਿਲ ਖਾਨ ਦੇ ਬਿਆਨ ਦਰਜ ਹੋਏ। ਇਸ ਦੌਰਾਨ ਅਗਲੀ ਪੇਸ਼ੀ ਮੌਕੇ ਦਲਬੀਰ ਸਿੰਘ ਨਾਮ ਦੇ ਇੱਕ ਹੋਰ ਗਵਾਹ ਨੂੰ ਪਾਬੰਦ ਰਹਿਣ ਲਈ ਕਿਹਾ। ਦਲੇਰ ਮਹਿੰਦੀ ਦੇ ਵਕੀਲ ਬਲਜਿੰਦਰ ਸਿੰਘ ਸੋਢੀ ਅਦਾਲਤ ‘ਚ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਦਲੇਰ ਮਹਿੰਦੀ ਸਮੇਤ ਹੋਰਨਾਂ ਵੱਲੋਂ ਅੱਜ ਪੇਸ਼ੀ ਤੋਂ ਛੋਟ ਲਈ ਹੋਈ ਸੀ। ਅਦਾਲਤ ਵੱਲੋਂ ਅਗਲੀ ਪੇਸ਼ੀ 16 ਮਾਰਚ ‘ਤੇ ਪਾ ਦਿੱਤੀ ਗਈ। ਦੱਸਣਯੋਗ ਹੈ ਕਿ ਬਲਬੇੜਾ ਵਾਸੀ ਬਖਸੀਸ ਸਿੰਘ ਵੱਲੋਂ ਸਾਲ 2003 ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਦਲੇਰ ਮਹਿੰਦੀ ਸਮੇਤ ਉਸ ਦੇ ਸਾਥੀਆਂ ਵੱਲੋਂ ਬਾਹਰ ਭੇਜਣ ਦੇ ਨਾਂਅ ‘ਤੇ ਲੱਖਾਂ ਰੁਪਏ ਲੈ ਲਏ ਗਏ ਪਰ ਉਸ ਨੂੰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਦੋਂ ਬਾਅਦ ਕਈ ਹੋਰ ਲੋਕਾਂ ਨੇ ਵੀ ਪੈਸੇ ਲੈਣ ਦੇ ਦੋਸ਼ ਲਾਏ। ਇੱਕ ਦਹਾਕੇ ਦੇ ਵੱਧ ਸਮੇਂ ਤੋਂ ਹੀ ਇਹ ਮਾਮਲਾ ਅਦਾਲਤ ਚੱਲ ਰਿਹਾ ਹੈ।