ਅਮਰੀਕਾ ‘ਚ ਭਾਰਤੀਆਂ ਖਿਲਾਫ਼ ਵਧਦੀ ਹਿੰਸਾ

ਅਮਰੀਕਾ ਵਿੱਚ ਭਾਰਤੀਆਂ ਖਾਸ ਤੌਰ ‘ਤੇ ਸਿੱਖਾਂ ਖਿਲਾਫ਼ 9-11 ਦੇ ਹਮਲਿਆਂ ਤੋਂ ਬਾਦ ਸ਼ੁਰੂ ਹੋਈ ਹਿੰਸਾ ਹੁਣ ਵਿਕਰਾਲ ਰੂਪ ਧਾਰਨ ਕਰ ਗਈ ਹੈ। ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਤੇ ਮੁਸਲਮਾਨਾਂ ਖਿਲਾਫ਼ ਅੱਗ ਉਗਲਦੇ ਬਿਆਨਾਂ ਕਾਰਨ ਨਸਲਵਾਦੀ ਗਰੋਹਾਂ ਦੇ ਹਮਲਿਆਂ ‘ਚ ਕਈ ਗੁਣਾ ਵਾਧਾ ਹੋ ਗਿਆ ਹੈ। ਰੋਜ਼ਾਨਾ ਕਿਸੇ ਨਾ ਕਿਸੇ ਭਾਰਤੀ ‘ਤੇ ਹਮਲੇ ਦੀ ਖ਼ਬਰ ਆ ਰਹੀ ਹੈ।
23 ਫਰਵਰੀ ਨੂੰ ਸਾਫ਼ਟ ਵੇਅਰ ਇੰਜੀਨੀਅਰ ਸ੍ਰੀਨਿਵਾਸ ਕੁੱਚੀਭੋਤਲਾ ਨੂੰ ਕਤਲ ਤੇ ਉਸ ਦੇ ਦੋਸਤ ਅਲੋਕ ਨੂੰ ਜ਼ਖਮੀ ਨੂੰ ਕਰ ਦਿੱਤਾ ਗਿਆ। ਹਮਲਾਵਰ ਨੇ ਉਨ੍ਹਾਂ ਨੂੰ ਗੋਲੀਆਂ ਮਾਰਨ ਤੋਂ ਪਹਿਲਾਂ ਨਸਲਵਾਦੀ ਟਿੱਪਣੀਆਂ ਕੀਤੀਆਂ ਤੇ ਗਾਲ੍ਹਾਂ ਦਿੱਤੀਆਂ ਕਿ ਮੇਰੇ ਦੇਸ਼ ‘ਚੋਂ ਦਫ਼ਾ ਹੋ ਜਾਓ। ਇਸ ਤੋਂ 10 ਦਿਨ ਬਾਦ 3 ਮਾਰਚ ਨੂੰ ਸਾਊਥ ਕੈਰੋਲੀਨਾ ਦੇ ਲੈਂਕੇਸਟਰ ਸ਼ਹਿਰ ‘ਚ ਜਨਰਲ ਸਟੋਰ ਚਲਾਉਣ ਵਾਲੇ ਹਾਰਨਿਸ਼ ਪਟੇਲ ਦੀ ਉਸ ਦੇ ਘਰ ਦੇ ਨਜ਼ਦੀਕ ਹੱਤਿਆ ਕਰ ਦਿੱਤੀ ਗਈ ਤੇ ਹੁਣ 4 ਫਰਵਰੀ ਨੂੰ ਵਾਸ਼ਿੰਗਟਨ ਨੇੜਲੇ ਕੈਂਟ ਸ਼ਹਿਰ ‘ਚ ਇੱਕ ਸਿੱਖ ਨੌਜਵਾਨ ਨੂੰ ਇੱਕ ਗੋਰੇ ਹਮਲਾਵਰ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ।
ਅਮਰੀਕਾ ਵਿੱਚ ਭਾਰਤੀ ਸਦੀਆਂ ਤੋਂ ਰਹਿ ਰਹੇ ਹਨ ਤੇ ਉਦੋਂ ਤੋਂ ਹੀ ਨਸਲੀ ਹਿੰਸਾ ਦੇ ਸ਼ਿਕਾਰ ਹਨ। ਭਾਵੇਂ ਸਾਰੇ ਗੋਰੇ ਵੀ ਪ੍ਰਵਾਸੀ ਹੀ ਹਨ ਪਰ ਉਹ ਅਮਰੀਕਾ ‘ਤੇ ਆਪਣਾ ਵੱਧ ਅਧਿਕਾਰ ਸਮਝਦੇ ਹਨ। 1917 ਦੇ ਵਿਤਕਰੇ ਭਰੇ ਇੰਮੀਗਰੇਸ਼ਨ ਐਕਟ ਨੇ ਭਾਰਤੀਆਂ ਲਈ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨੀ ਬਹੁਤ ਮੁਸ਼ਕਲ ਕਰ ਦਿੱਤੀ ਸੀ। 1923 ‘ਚ ਅਮਰੀਕੀ ਸੁਪਰੀਮ ਕੋਰਟ ਨੇ ਭਾਰਤੀਆਂ ਦੇ ਅਮਰੀਕਨ ਨਾਗਰਿਕਤਾ ਹਾਸਲ ਕਰਨ ‘ਤੇ ਪਾਬੰਦੀ ਲਾ ਦਿੱਤੀ ਕਿ ਉਹ ਆਪਣੀ ਨਸਲ ਤੇ ਰੰਗਤ ਕਾਰਨ ਅਮਰੀਕੀ ਨਾਗਰਿਕ ਬਣਨ ਯੋਗ ਨਹੀਂ ਹਨ। ਉਸ ਸਮੇਂ ਅਨੇਕਾਂ ਅਮਰੀਕੀ ਅਖ਼ਬਾਰਾਂ ਨੇ ਵੱਡੀ ਗਿਣਤੀ ‘ਚ ਭਾਰਤੀਆਂ ਦੇ ਅਮਰੀਕਾ ਪ੍ਰਵਾਸ ਕਰਨ ਨੂੰ ਹਿੰਦੂ ਇਨਵੇਜ਼ਨ ਤੇ ਟਰਬਨ ਟਾਈਡ ਦਾ ਨਾਂਅ ਦੇ ਦਿੱਤਾ ਸੀ। ਇਸ ਤਰ੍ਹਾਂ ਦਰਸਾਇਆ ਗਿਆ ਜਿਵੇਂ ਹਿੰਦੂ-ਸਿੱਖ ਅਮਰੀਕਾ ‘ਤੇ ਕਬਜ਼ਾ ਕਰਨ ਲਈ ਆ ਰਹੇ ਹੋਣ। ਇਸ ਦਾ ਆਮ ਅਮਰੀਕੀਆਂ ਦੇ ਮਨ ‘ਤੇ ਬੁਰਾ ਪ੍ਰਭਾਵ ਪਿਆ। ਫਲਸਵਰੂਪ ਭਾਰਤੀਆਂ ਨੂੰ ਸ਼ਹਿਰਾਂ ‘ਚੋਂ ਦਰ ਬਦਰ ਕੀਤਾ ਗਿਆ, ਥਾਂ-ਥਾਂ ਕੁੱਟਿਆ ਗਿਆ ਤੇ ਗੋਰੀਆਂ ਔਰਤਾਂ ਨਾਲ ਵਿਆਹ ਕਰਾਉਣ ਵਾਲੇ ਭਾਰਤੀਆਂ ਨੂੰ ਕੈਦ ਕਰ ਦਿੱਤਾ ਗਿਆ। ਉਨ੍ਹਾਂ ਨੂੰ ਮਜ਼ਬੂਰਨ ਕਾਲੀ ਵਸੋਂ ਵਾਲੇ ਇਲਾਕਿਆਂ ‘ਚ ਸ਼ਰਨ ਲੈਣੀ ਪਈ। 1980ਵਿਆਂ ‘ਚ ਨਿਊਜਰਸੀ ਸੂਬੇ ‘ਚ ਇੱਕ ਡਾਟ ਬਸਟਰ ਨਾਮਕ ਨਸਲਵਾਦੀ ਗਰੋਹ ਭਾਰਤੀ ਲੋਕਾਂ ਦੇ ਘਰਾਂ ਤੇ ਕਾਰਾਂ ਦੇ ਸ਼ੀਸ਼ੇ ਭੰਨ ਦੇਂਦੇ ਸਨ। ਭਾਰਤੀਆਂ ਵੱਲੋਂ ਕੀਤੇ ਜਾਣ ਵਾਲੇ ਵਿਆਹ ਆਦਿ ਸਮਾਗਮਾਂ ‘ਚ ਖੱਲਰ ਪਾਇਆ ਜਾਂਦਾ ਸੀ ਤੇ ਬਿੰਦੀ ਲਾਉਣ ਵਾਲੀਆਂ ਔਰਤਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ।
ਪਰ ਹੌਲੀ-ਹੌਲੀ ਅਮਰੀਕੀ ਇੰਮੀਗਰੇਸ਼ਨ ਕਾਨੂੰਨ ਨਰਮ ਹੋਣ ਲੱਗੇ ਤੇ ਕੰਪਿਊਟਰ ਯੁੱਗ ਆਉਣ ਕਾਰਨ ਭਾਰਤੀ ਸਾਫ਼ਟਵੇਅਰ, ਸਿਆਸਤ, ਵਪਾਰ ਤੇ ਨੌਕਰੀਆਂ ਆਦਿ ‘ਤੇ ਛਾ ਗਏ। ਪਰ ਲਾਦੇਨ ਦੇ ਅੱਤਵਾਦੀਆਂ ਵੱਲੋਂ ਵਰਲਡ ਟਰੇਡ ਸੈਂਟਰ ‘ਤੇ 9 ਸਤੰਬਰ 2001 (9-11) ਨੂੰ ਕੀਤੇ ਹਮਲੇ ਤੋਂ ਬਾਦ ਹਾਲਾਤ ਖਾਸ ਤੌਰ ‘ਤੇ ਸਿੱਖਾਂ ਲਈ ਬਹੁਤ ਮੁਸ਼ਕਲ ਹੋ ਗਏ। ਪਗੜੀ ਅਤੇ ਦਾੜ੍ਹੀ ਕੇਸਾਂ ਕਾਰਨ ਉਨ੍ਹਾਂ ਨੂੰ ਅਰਬੀ ਸਮਝਿਆ ਜਾਣ ਲੱਗਾ। ਇਸ ਹਿੰਸਾ ਦਾ ਸਭ ਤੋਂ ਪਹਿਲਾ ਸ਼ਿਕਾਰ ਹੋਣ ਵਾਲਾ ਵਿਅਕਤੀ 52 ਸਾਲਾ ਪੈਟਰੌਲ ਪੰਪ ਮਾਲਕ ਬਲਬੀਰ ਸਿੰਘ ਸੋਢੀ ਸੀ। ਉਸ ਦੀ ਅਰਬੀ ਸਮਝ ਕੇ  ਨਸਲਵਾਦੀ ਗੋਰੇ ਨੇ 15 ਸਤੰਬਰ 2001 ਵਾਲੇ ਦਿਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਫਰੈਂਕ ਸਿਲਵਾ ਹੁਣ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।
ਮੰਦਰਾਂ ਤੇ ਗੁਰਦੁਆਰਿਆਂ ‘ਤੇ ਹਮਲੇ ਆਮ ਹਨ । ਅਗਸਤ 2012 ਨੂੰ ਇੱਕ ਨਸਲਵਾਦੀ ਗੋਰੇ ਨੇ ਹਮਲਾ ਕਰ ਕੇ ਵਿਸਕਾਨਸਨ ਗੁਰਦੁਆਰੇ ‘ਚ 6 ਸਿੱਖਾਂ ਨੂੰ ਕਤਲ ਕਰ ਦਿੱਤਾ ਤੇ ਆਪ ਵੀ ਆਤਮ ਹੱਤਿਆ ਕਰ ਲਈ। ਹੁਣ ਤੱਕ ਨਸਲੀ ਹਮਲਿਆਂ ‘ਚ 15 ਤੋਂ ਵੱਧ ਭਾਰਤੀ ਹਿੰਦੂ-ਸਿੱਖ ਮਾਰੇ ਜਾ ਚੁੱਕੇ ਹਨ ਤੇ ਦਰਜ਼ਨਾਂ ਜ਼ਖਮੀ ਹੋਏ ਹਨ। ਸਕੂਲਾਂ ‘ਚ ਭਾਰਤੀ ਬੱਚਿਆਂ ਨੂੰ ਗੋਰੇ ਬੱਚਿਆਂ ਤੋਂ ਮਜ਼ਾਕ ਤੇ ਅਪਮਾਨ ਸਹਿਣਾ ਪੈਂਦਾ ਹੈ। ਅਨੇਕਾਂ ਮੰਦਰ ਤੇ ਗੁਰਦੁਆਰਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਤੇ ਉਨ੍ਹਾਂ ‘ਤੇ ਨਸਲੀ ਨਾਅਰੇ ਤੇ ‘ਗੈੱਟ ਆਊਟ’ ਆਦਿ ਲਿਖਿਆ ਜਾ ਚੁੱਕਾ ਹੈ। ਆਮ ਗੋਰਿਆਂ ਨੂੰ ਐਨੀ ਸਮਝ ਨਹੀਂ ਕਿ ਸਿੱਖ ਅਤੇ ਅਰਬੀ ਵੱਖ-ਵੱਖ ਹਨ। ਇੱਥੋਂ ਤੱਕ ਕਿ ਕਈ ਹਾਲੀਵੱਡ ਫਿਲਮਾਂ ‘ਚ ਕੰਮ ਕਰਨ ਵਾਲੇ ਮਸ਼ਹੂਰ ਅਮਰੀਕਨ ਸਿੱਖ ਮਾਡਲ ਵਾਰਸ ਆਹਲੂਵਾਲੀਆ ਨੂੰ ਵੀ ਅਰਬੀ ਸਮਝਿਆ ਜਾਂਦਾ ਹੈ। ਉਸ ਦੇ ਪੋਸਟਰਾਂ ‘ਤੇ ਵੀ ਨਸਲਵਾਦੀ ਨਾਅਰੇ ਲਿਖੇ ਜਾ ਚੁੱਕੇ ਹਨ ।
ਅਜਿਹੇ ਹਮਲੇ ਵਧਣ ‘ਚ ਟਰੰਪ ਦੀਆਂ ਗਲਤ ਨੀਤੀਆਂ ਦਾ ਬਹੁਤ ਵੱਡਾ ਹੱਥ ਹੈ। ਪਰ ਸ੍ਰੀਨਿਵਾਸ ਦੇ ਕਤਲ ਨੇ ਇਸ ਸਬੰਧੀ ਅੰਤਰ ਰਾਸ਼ਟਰੀ ਬਹਿਸ ਛੇੜ ਦਿੱਤੀ ਹੈ ਤੇ ਟਰੰਪ ਦੀਆਂ ਨੀਤੀਆਂ ਦੀ ਨਿਖੇਧੀ ਹੋ ਰਹੀ ਹੈ। ਅਮਰੀਕਾ ਦੀ ਨਸਲੀ ਹਮਲਿਆਂ ‘ਤੇ ਨਿਗਾਹ ਰੱਖਣ ਵਾਲੀ ਇੱਕ ਸੰਸਥਾ ਸਾਊਦਰਨ ਪਾਵਰਟੀ ਲਾਅ ਸੈਂਟਰ ਨੇ ਰਿਪੋਰਟ ਦਿੱਤੀ ਹੈ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਦ ਨਸਲੀ ਹਮਲਿਆਂ ‘ਚ 10% ਦਾ ਵਾਧਾ ਹੋਇਆ ਹੈ। ਅਮਰੀਕਾ ‘ਚ ਪਹਿਲਾਂ ਨਸਲੀ ਝਗੜਿਆਂ-ਹਮਲਿਆਂ ਦੀ ਔਸਤ 7-8 ਰੋਜ਼ਾਨਾ ਸੀ ਜੋ ਹੁਣ 200 ਤੱਕ ਵਧ ਗਈ ਹੈ। ਉਸ ਦੀ ਸਹੁੰ ਚੁੱਕਣ ਦੇ ਪਹਿਲੇ 9 ਦਿਨਾਂ ‘ਚ ਪ੍ਰਵਾਸੀਆਂ ‘ਤੇ 867 ਹਮਲੇ ਹੋਏ। ਕਈ ਕੇਸਾਂ ‘ਚ ਫਸਾਦੀਆਂ ਨੇ ਟਰੰਪ ਦਾ ਨਾਂਅ ਖੁੱਲ੍ਹ ਕੇ ਲਿਆ। ਨਿਊ ਯਾਰਕ ਪੁਲਿਸ ਚੀਫ਼ ਡਿਟੈਕਟਿਵ ਰਾਬਰਟ ਬੌਇਸ ਨੇ ਕਿਹਾ ਹੈ ਕਿ ਟਰੰਪ ਦੇ ਸਹੁੰ ਚੁੱਕਣ ਤੋਂ ਬਾਦ ਨਿਊਯਾਰਕ ‘ਚ ਨਸਲੀ ਹਮਲਿਆਂ ‘ਚ 115% ਦਾ ਵਾਧਾ ਹੋਇਆ ਹੈ।
ਟਰੰਪ ਨੇ ਭਾਵੇਂ ਨਸਲਵਾਦੀ ਹਮਲਿਆਂ ਦੀ ਨਿਖੇਧੀ ਕੀਤੀ ਹੈ ਪਰ ਉਸ ਦੇ ਮੁਸਲਮਾਨਾਂ ਖਿਲਾਫ਼ ਲਗਾਤਰ ਅੱਗ ਉਗਲਣ ਕਾਰਨ ਅਜਿਹੇ ਗਰੋਹਾਂ ਨੂੰ ਭਾਰੀ ਉਤਸ਼ਾਹ ਮਿਲਿਆ ਹੈ। ਮੁਸਲਮਾਨਾਂ ਨੂੰ ਨਫ਼ਰਤ ਕਰਨ ਵਾਲੇ ਗਰੋਹਾਂ ਦੀ ਗਿਣਤੀ ਤਿੰਨ ਗੁਣਾ ਵਧ ਗਈ ਹੈ ਤੇ ਮੁਸਲਮਾਨਾਂ ਖਿਲਾਫ਼ ਹਮਲਿਆਂ ‘ਚ ਵੀ 67% ਦਾ ਵਾਧਾ ਹੋਇਆ ਹੈ। ਉਹ ਹਰ ਭੂਰੀ ਰੰਗਤ ਤੇ ਪਗੜੀ ਵਾਲੇ ਆਦਮੀ ਨੂੰ ਅਰਬੀ ਅੱਤਵਾਦੀ ਸਮਝਣ ਲੱਗ ਪਏ ਹਨ। ਟਰੰਪ ਨੇ ਆਪਣੇ ਸਟਾਫ਼ ‘ਚ ਨਸਲਵਾਦੀ ਵਿਚਾਰਾਂ ਵਾਲੇ ਕਈ ਲੋਕਾਂ ਨੂੰ ਜਗ੍ਹਾ ਦਿੱਤੀ ਹੈ। ਉਸ ਦਾ ਮੁੱਖ ਸਲਾਹਕਾਰ ਸਟੀਵ ਬੈਨਨ ਮੰਨਿਆ ਹੋਇਆ ਨਸਲਵਾਦੀ ਹੈ। ਨਸਲੀ ਹਮਲਿਆਂ ਦੇ ਨਜਾਇਜ਼ ਇੰਮੀਗਰੇਸ਼ਨ, ਧਾਰਮਿਕ ਵਖਰੇਵਾਂ, ਸਮਾਜਿਕ ਤੇ ਆਰਥਿਕ ਕਾਰਨ ਹਨ। ਪਰ ਹੁਣ ਆਰਥਿਕ ਕਾਰਨ ਸਭ ਤੋਂ ਵੱਡਾ ਮਸਲਾ ਬਣਦਾ ਜਾ ਰਹੇ ਹਨ। ਅਮਰੀਕਨ ਪ੍ਰਵਾਸੀਆਂ ਨੂੰ ਬੇਰੁਜ਼ਗਾਰੀ ਦਾ ਸਭ ਤੋਂ ਵੱਡਾ ਕਾਰਨ ਸਮਝਦੇ ਹਨ ਕਿਉਂਕਿ ਪ੍ਰਵਾਸੀ ਘੱਟ ਤਨਖਾਹ ‘ਤੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ।
ਅਮਰੀਕਨਾਂ ਨੂੰ ਲੱਗ ਰਿਹਾ ਹੈ ਕਿ ਪ੍ਰਵਾਸੀ ਸਾਡੇ ਟੈਕਸਾਂ ‘ਤੇ ਐਸ਼ ਕਰ ਰਹੇ ਹਨ ਤੇ ਬੁਢਾਪਾ ਪੈਨਸ਼ਨਾਂ, ਇਲਾਜ ਤੇ ਹੋਰ ਸਹੂਲਤਾਂ ਮਾਣ ਰਹੇ ਹਨ। ਜਦੋਂ ਪ੍ਰਵਾਸੀ ਆਲੀਸ਼ਾਨ ਮਕਾਨਾਂ ‘ਚ ਰਹਿੰਦੇ ਹਨ ਤੇ ਮਹਿੰਗੀਆਂ ਗੱਡੀਆਂ ‘ਚ ਘੁੰਮਦੇ ਹਨ ਤਾਂ ਨਸਲਵਾਦੀਆਂ ਨੂੰ ਤਕਲੀਫ਼ ਹੁੰਦੀ ਹੈ। ਅਮਰੀਕਾ ‘ਚ ਆਰਥਿਕ ਪਾੜਾ ਵਧਦਾ ਜਾ ਰਿਹਾ ਹੈ ਤੇ ਲੋਕ ਗਾਹੇ ਬਗਾਹੇ ਹੋਣ ਵਾਲੇ ਅੱਤਵਾਦੀ ਹਮਲਿਆਂ ਤੋਂ ਡਰੇ ਪਏ ਹਨ। ਇਸ ਕਾਰਨ ਨੇੜਲੇ ਭਵਿੱਖ ‘ਚ ਨਸਲਵਾਦੀ ਨਫ਼ਰਤ ਖਤਮ ਹੋਣੀ ਮੁਸ਼ਕਲ ਲੱਗਦੀ ਹੈ। ਲੋਕ ਆਪਣੀਆਂ ਸੁਰੱਖਿਆ ਸਬੰਧੀ ਮੁਸ਼ਕਲਾਂ ਦਾ ਕਾਰਨ ਅਰਬੀਆਂ ਨੂੰ ਸਮਝਣ ਲੱਗ ਪਏ ਹਨ। ਇਸੇ ਕਾਰਨ ਭਾਰਤੀ ਅਤੇ ਸਿੱਖ ਵੀ ਲਪੇਟੇ ‘ਚ ਆ ਰਹੇ ਹਨ।
ਭਾਰਤੀਆਂ ਵਾਸਤੇ ਰਾਹਤ ਦੀ ਗੱਲ ਹੈ ਕਿ ਆਮ ਅਮਰੀਕਨ ਉਨ੍ਹਾਂ ਨੂੰ ਬਹੁਤ ਮਿਹਨਤੀ ਅਤੇ ਸ਼ਰੀਫ ਮੰਨਦੇ ਹਨ। ਸ੍ਰੀਨਿਵਾਸਨ ਦੀ ਹੱਤਿਆ ਵੇਲੇ ਇੱਕ ਗੋਰੇ ਨੇ ਹੀ ਹਮਲਾਵਰ ਨੂੰ ਫੜਨ ‘ਚ ਮੱਦਦ ਕੀਤੀ ਸੀ ਤੇ ਉਹ ਆਪ ਵੀ ਜ਼ਖਮੀ ਹੋ ਗਿਆ ਸੀ। 2013 ‘ਚ ਅਮਰੀਕੀ ਸੈਨੇਟ ਨੇ ਇਹ ਕਾਨੂੰਨ ਪਾਸ ਕਰ ਦਿੱਤਾ ਹੈ ਕਿ ਸਿੱਖਾਂ, ਹਿੰਦੂਆਂ, ਬੋਧੀਆਂ ਤੇ ਅਰਬਾਂ ‘ਤੇ ਹੋਣ ਵਾਲੇ ਹਮਲੇ ਨਸਲਵਾਦੀ ਹਿੰਸਾ ਗਿਣੀ ਜਾਵੇਗੀ। ਇਸ ਕਾਰਨ ਅਮਰੀਕਨ ਪੁਲਿਸ ਤੇ ਅਦਾਲਤਾਂ ਹੁਣ ਨਸਲਵਾਦੀ ਜ਼ੁਰਮਾਂ ਨਾਲ ਬਹੁਤ ਸਖ਼ਤੀ ਨਾਲ ਨਿਪਟ ਰਹੀਆਂ ਹਨ। ਟਰੰਪ ਦੀ ਚੋਣ ਤੋਂ ਬਾਦ ਨਿਊਯਾਰਕ ‘ਚ ਹੋਣ ਵਾਲੇ ਅੱਧੇ ਨਸਲੀ ਹਮਲੇ ਯਹੂਦੀਆਂ ਦੇ ਖਿਲਾਫ਼ ਸਨ ਜਦਕਿ ਟਰੰਪ ਦਾ ਜਵਾਈ ਵੀ ਯਹੂਦੀ ਹੈ।
ਕਿਸੇ ਨੇ ਠੀਕ ਹੀ ਕਿਹਾ ਹੈ ”ਨਫ਼ਰਤ ਅਜਿਹੀ ਬਿਮਾਰੀ ਹੈ ਜੋ ਨਫ਼ਰਤ ਕਰਨ ਵਾਲੇ ਨੂੰ ਨਫ਼ਰਤ ਦੇ ਸ਼ਿਕਾਰ ਨਾਲੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ।” ਹੁਣ ਅਮਰੀਕਾ ‘ਚ ਵੱਖ-ਵੱਖ ਥਾਵਾਂ ‘ਤੇ ਟਰੰਪ ਦੇ ਖਿਲਾਫ਼ ਸਖ਼ਤ ਮੁਜ਼ਾਹਰੇ ਹੋ ਰਹੇ ਹਨ। ਲੱਗਦਾ ਹੈ ਕਿ ਉਹ ਜ਼ਿਆਦਾ ਦੇਰ ਆਪਣੀਆਂ ਨਸਲਵਾਦੀ ਨੀਤੀਆਂ ਨਹੀਂ ਚਲਾ ਪਾਵੇਗਾ ਤੇ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਵੇਗਾ। ਭਾਰਤੀਆਂ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਪ੍ਰਚਾਰ ਕਰ ਕੇ ਆਪਣੀ ਵਿਲੱਖਣ ਪਛਾਣ ਆਮ ਅਮਰੀਕਨਾਂ ਨੂੰ ਦੱਸਣ ਕਿ ਉਹ ਅਰਬੀ ਨਹੀਂ ਸਗੋਂ ਸ਼ਾਂਤੀ ਪਸੰਦ ਭਾਰਤੀ ਹਨ।
ਬਲਰਾਜ ਸਿੰਘ ਸਿੱਧੂ
ਪੰਡੋਰੀ ਸਿੱਧਵਾਂ
ਮੋ.9815124449