ਅਸ਼ਲੀਲ ਵੀਡੀਓ ਵਇਰਲ ਹੋਣ ‘ਤੇ ਭੜਕੇ ਲੋਕ, ਕਾਰਵਾਈ ਦੀ ਮੰਗ

ਬਠਿੰਡਾ, ਅਸ਼ੋਕ ਵਰਮਾ ਪਿੰਡ ਭਾਈਰੂਪਾ ਦੇ ਇੱਕ ਜਨਤਕ ਆਗੂ ਦੀ ਥਾਣਾ ਫੂਲ ‘ਚ ਨੰਗਾ ਕਰਕੇ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਨੂੰ ਲੈ ਕੇ ਅੱਜ ਪਿੰਡ ਵਾਸੀਆਂ ਵੱਲੋਂ ਰੋਸ ਮੁਜ਼ਾਹਰਾ ਕਰਨ ਮਗਰੋਂ ਪੁਲਿਸ ਨੇ ਕੇਸ ਦਰਜ ਕਰਨ ਦੀ ਗੱਲ ਕਹੀ ਹੈ ਇਹ ਮਾਮਲਾ ਪਿੰਡ ਭਾਈਰੂਪਾ ਦੀ ਲੰਗਰ ਕਮੇਟੀ ਦੇ ਆਗੂ ਧਰਮ ਸਿੰਘ ਖਾਲਸਾ ਨਾਲ ਜੁੜਿਆ ਹੋਇਆ ਹੈ ਜੋ ਪਿਛਲੇ ਤਕਰੀਬਨ  ਇੱਕ ਸਾਲ  ਤੋਂ ਪੁਲਿਸ ਦੇ ਇੱਕ ਥਾਣੇਦਾਰ ਵੱਲੋਂ ਵਰਤਾਏ ਕਥਿਤ ਵਰਤਾਰੇ ਨੂੰ ਲੈ ਕੇ ਇਨਸਾਫ ਦੀ ਮੰਗ ਕਰ ਰਹੇ ਸਨ ਪਰ ਕੋਈ ਸੁਣਵਾਈ ਨਹੀਂ ਹੋਈ ਸੀ ਹੁਣ ਕਾਫੀ ਸਮੇਂ ਬਾਅਦ ਜਦੋਂ ਅਚਨਚੇਤ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਤਾਂ ਸਕਤੇ ‘ਚ ਆਏ ਅਫਸਰਾਂ ਨੇ ਕੇਸ ਦਰਜ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਲੰਗਰ ਕਮੇਟੀ ਦੇ ਆਗੂਆਂ ਦਾ ਪ੍ਰਤੀਕਰਮ ਹੈ ਕਿ ਪੁਲਿਸ ਨੇ ਇੱਕ ਅਕਾਲੀ ਆਗੂ ਨਾਲ ਮਿਲ ਕੇ ਜਲਾਲਤ ਵਾਲਾ ਕਾਰਾ ਕੀਤਾ ਹੈ। ਪਿੰਡ ਭਾਈਰੂਪਾ ਦੇ ਵਸਨੀਕ ਧਰਮ ਸਿੰਘ ਖਾਲਸਾ ਨੇ ਅੱਜ ਐੱਸਐੱਸਪੀ ਬਠਿੰਡਾ ਨੂੰ ਲਿਖਤੀ ਦਰਖਾਸਤ ਦਿੱਤੀ ਹੈ
ਸ੍ਰੀ ਖਾਲਸਾ ਨੇ ਦਰਖਾਸਤ ‘ਚ ਦੱਸਿਆ ਹੈ ਕਿ ਇਹ ਅਸ਼ਲੀਲ ਵੀਡੀਓ ਐੱਸਜੀਪੀਸੀ ਦੇ ਸਾਬਕਾ ਮੈਂਬਰ ਸਤਨਾਮ ਸਿੰਘ ਭਾਈਰੂਪਾ ਦੇ ਪੋਤਰੇ ਵੱਲੋਂ ਕਥਿਤ ਤੌਰ ‘ਤੇ ਵਾਇਰਲ ਕੀਤੀ ਗਈ ਹੈ ਜ਼ਿਲ੍ਹਾ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਦੀ ਡੂੰਘਾਈ ਨਾਲ ਪੜਤਾਲ ਕਰਨ ਦੇ ਆਦੇਸ਼ ਦਿੱਤੇ ਹਨ ਪਤਾ ਲੱਗਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਪਿੰਡ ਭਾਈਰੂਪਾ ‘ਚ ਲੰਗਰ ਕਮੇਟੀ ਦਾ ਵਿਵਾਦ ਚੱਲ ਰਿਹਾ ਸੀ ਇਸ ਵਿਵਾਦ ਕਾਰਨ ਹੀ ਜ਼ਿਲ੍ਹਾ ਪੁਲਿਸ ਵੱਲੋਂ 17 ਨਵੰਬਰ 2015 ਨੂੰ ਪੁਲਿਸ ਨੇ ਧਰਮ ਸਿੰਘ ਖਾਲਸਾ, ਸੁਖਦੇਵ ਸਿੰਘ, ਗੁਰਚਰਨ ਸਿੰਘ, ਦਰਸ਼ਨ ਸਿੰਘ ਕਿੰਗਰਾ ਆਦਿ ਨੂੰ ਧਾਰਾ 107, 151 ਤਹਿਤ ਥਾਣਾ ਫੂਲ ਬੰਦ ਕਰ ਦਿੱਤਾ ਗਿਆ ਸੀ ਇਸੇ ਕੇਸ ਦੇ ਅਧਾਰ ‘ਤੇ ਇਨ੍ਹਾਂ ਲੋਕਾਂ ਨੂੰ ਜੇਲ੍ਹ ਭੇਜਿਆ ਗਿਆ ਜਿੱਥੇ ਕਰੀਬ 18 ਦਿਨ ਬੰਦ ਰਹੇ ਸਨ।
ਜਾਣਕਾਰੀ ਮੁਤਾਬਕ ਧਰਮ ਸਿੰਘ ਖਾਲਸਾ ਦੇ ਪੁੱਤਰ ਗੁਰਪਿੰਦਰ ਸਿੰਘ ਨੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਤੀ ਪੱਤਰ ਭੇਜਕੇ ਆਪਣੇ ਪਿਤਾ ਦੀ ਥਾਣੇ ‘ਚ ਅਸ਼ਲੀਲ ਵੀਡੀਓ ਬਣਾਉਣ ਤੇ ਜਲੀਲ ਕਰਨ ਸਬੰਧੀ ਸ਼ਿਕਾਇਤ ਕੀਤੀ ਸੀ ਸੂਤਰਾਂ ਮੁਤਾਬਕ ਐੱਸਐੱਸਪੀ ਬਠਿੰਡਾ ਨੇ ਮਾਰਚ 2016 ‘ਚ  ਮਨੁੱਖੀ ਅਧਿਕਾਰ ਕਮਿਸ਼ਨ ਨੂੰ ਰਿਪੋਰਟ ਭੇਜ ਦਿੱਤੀ ਜਿਸ ‘ਚ ਜਾਣੂੰ ਕਰਵਾਇਆ ਗਿਆ ਸੀ ਕਿ ਦਰਖਾਸਤ ਦੇਣ ਵਾਲਾ ਵਿਅਕਤੀ ਡੀਐੱਸਪੀ ਰਾਮਪੁਰਾ ਵੱਲੋਂ ਕੀਤੀ ਜਾਂਚ ‘ਚ ਸ਼ਾਮਲ ਨਹੀਂ ਹੋਇਆ ਹੈ ਇਹ ਵੀ ਆਖਿਆ ਗਿਆ ਕਿ ਇਸ ਕਾਰਨ ਪੜਤਾਲ ‘ਚ ਸ਼ਾਮਲ ਕਰਕੇ ਦਰਖਾਸਤ ਨੂੰ ਦਫਤਰ ਦਾਖਲ ਕੀਤਾ ਗਿਆ ਹੈ।
ਇਸ ਜਾਂਚ ਦੌਰਾਨ ਪੜਤਾਲੀਆ ਅਫਸਰ ਡੀਐੱਸਪੀ ਰਾਮਪੁਰਾ ਕੋਲ ਥਾਣਾ ਫੂਲ ਦੇ ਐੱਸਐੱਚਓ ਜੈ ਸਿੰਘ, ਸਹਾਇਕ ਥਾਣੇਦਾਰ ਅਮਰੀਕ ਸਿੰਘ ਤੇ ਹੌਲਦਾਰ ਬਲਦੇਵ ਸਿੰਘ ਨੇ ਗੁਰਪਿੰਦਰ ਸਿੰਘ ਵੱਲੋਂ ਇਹ ਮਨਘੜਤ ਕਹਾਣੀ ਘੜਨ, ਧਰਮ ਸਿੰਘ ਖਾਲਸਾ ਨੂੰ ਜਲੀਲ ਨਾ ਕਰਨ ਤੇ ਨਾ ਹੀ ਕੋਈ ਅਸ਼ਲੀਲ ਵੀਡੀਓ ਬਣਾਉਣ ਸਬੰਧੀ ਬਿਆਨ ਦਰਜ ਕਰਵਾਏ ਸਨ ਹੁਣ ਜਦੋਂ ਸੋਸ਼ਲ ਮੀਡੀਆ ‘ਤੇ ਧਰਮ ਸਿੰਘ ਖਾਲਸਾ ਦੀ ਵੀਡੀਓ ਵਾਇਰਲ ਹੋਈ ਤਾਂ ਉਨ੍ਹਾਂ ਨੇ ਐੱਸਐੱਸਪੀ ਕੋਲ ਇਸ ਮਾਮਲੇ ਲਈ ਜਿੰਮੇਵਾਰ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਦਿੱਤੀ ਹੈ