ਅਹਾਤੇ ‘ਚ ਕੰਮ ਕਰਦੇ ਵੇਟਰ ਦਾ ਕਤਲ

ਰਘਬੀਰ ਸਿੰਘ ਲੁਧਿਆਣਾ, ।
ਸਥਾਨਕ ਜਮਾਲਪੁਰ ਚੌਂਕ ਸਥਿੱਤ ਬਿੱਟੂ ਦੇ ਅਹਾਤੇ ਵਿੱਚ 4 ਵੇਟਰਾਂ ਦੀ ਹੋਈ ਆਪਸੀ ਲੜਾਈ ਵਿੱਚ 52 ਸਾਲਾ ਵੇਟਰ ਦਾ ਕਤਲ ਹੋਣ ਅਤੇ ਦੂਜੇ ਦੇ ਗੰਭੀਰ ਰੂਪ ਵਿੱਚ ਜ਼ਜ਼ਮੀ ਹੋਣ ਦਾ ਸਮਾਚਾਰ ਹੈ ਜਦੋਂਕਿ ਦੋ ਵੇਟਰ ਫਰਾਰ ਦੱਸੇ ਜਾ ਰਹੇ ਹਨ। ਥਾਣਾ ਜਮਾਲਪੁਰ ਦੀ ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਅਹਾਤੇ ਵਿੱਚ ਕੰਮ ਖ਼ਤਮ ਕਰਨ ਤੋਂ ਬਾਦ ਵੇਟਰ ਭਰਤ ਸਿੰਘ, ਪਿੰਟੂ ਕੁਮਾਰ, ਰਜਿੰਦਰ ਸ਼ਾਹ ਅਤੇ ਰਮੇਸ਼ ਨੇਪਾਲੀ ਵਾਸੀ ਬਿਹਾਰ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ ਅਤੇ ਖਾਣਾ ਖਾਧਾ। ਸ਼ਰਾਬ ਪੀਣ ਦੌਰਾਨ ਕਿਸੇ ਗੱਲ ਨੂੰ ਲੈ ਕੇ ਚਾਰਾਂ ਦਰਮਿਆਨ ਤਕਰਾਰ ਸ਼ੁਰੂ ਹੋ ਗਈ। ਤਕਰਾਰ ਏਨੀ ਵਧ ਗਈ ਕਿ ਚਾਰੇ ਆਪਸ ਵਿੱਚ ਲੜਨ ਲੱਗ ਪਏ।
ਲੜਾਈ ਦੌਰਾਨ ਭਰਤ ਸਿੰਘ ਵਾਸੀ ਗੜਵਾਲ ਦੀ ਮੌਤ ਹੋ ਗਈ ਜਦਕਿ ਰਮੇਸ਼ ਨੇਪਾਲੀ ਨਾਂਅ ਦਾ ਵੇਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਰਮੇਸ਼ ਨੇਪਾਲੀ ਦਾ ਕਹਿਣਾ ਹੈ ਕਿ ਜਦ ਉਹ ਇਸ ਲੜਾਈ ਵਿੱਚ ਜ਼ਖਮੀ ਹੋ ਗਿਆ ਤਾਂ ਉਹ ਇਲਾਜ ਕਰਵਾਉਂਣ ਲਈ ਹਸਪਤਾਲ ਵਿੱਚ ਆ ਗਿਆ ਸੀ। ਇਸ ਤੋਂ ਬਾਦ ਕੀ ਹੋਇਆ, ਕਿਸ ਨੇ ਭਰਤ ਸਿੰਘ ਦਾ ਕਤਲ ਕੀਤਾ ਉਸ ਨੂੰ ਕੁਝ ਵੀ ਨਹੀਂ ਪਤਾ। ਅਹਾਤਾ ਮਾਲਕ ਬਿੱਟੂ ਦੇ ਅਨੁਸਾਰ ਪਿੰਟੂ ਕੁਮਾਰ ਅਤੇ ਰਜਿੰਦਰ ਸ਼ਾਹ ਨੂੰ 15 ਦਿਨ ਪਹਿਲਾਂ ਹੀ ਅਹਾਤੇ ‘ਤੇ ਰੱਖਿਆ ਗਿਆ ਸੀ।
ਥਾਣਾ ਮੁਖੀ ਜਸਪਾਲ ਸਿੰਘ ਨੇ ਦੱਸਿਆ ਕਿ ਭਰਤ ਸਿੰਘ ਅਹਾਤੇ ਵਿੱਚ ਕਾਫੀ ਸਮੇਂ ਤੋਂ  ਕੰਮ ਕਰਦਾ ਆ ਰਿਹਾ ਸੀ ਜਿਸ ਕਰਕੇ ਅਹਾਤਾ ਮਾਲਕ ਉਸ ਦੀ ਮੰਨਦਾ ਸੀ। ਇਸ ਗੱਲ ਕਾਰਨ ਬਾਕੀ ਤਿੰਨੇ ਵੇਟਰ ਉਸ ਨਾਲ ਰੰਜ਼ਿਸ਼ ਰੱਖਦੇ ਸਨ।ਉਨ੍ਹਾਂ ਦੱਸਿਆ ਕਿ ਪਿੰਟੂ ਕੁਮਾਰ ਅਤੇ ਰਜਿੰਦਰ ਸ਼ਾਹ ਮੌਕੇ ਤੋਂ ਫਰਾਰ ਹਨ
ਪੁਲਿਸ ਨੇ ਲਾਸ਼ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।