ਸੰਪਾਦਕੀ

ਅੰਗ ਤਸਕਰੀ ਦਾ ਜਾਲ਼

ਕੋਲਕਾਤਾ ‘ਚ ਗੁਰਦਾ ਤਸਕਰੀ ਗਿਰੋਹ ਦਾ ਪਰਦਾਫ਼ਾਸ਼ ਹੋਣ ਨਾਲ ਅੰਗ ਤਸਕਰੀ ਦੀ ਇੱਕ ਹੋਰ ਭਿਆਨਕ ਤਸਵੀਰ ਬੇਪਰਦ ਹੋਈ ਹੈ ਦਿੱਲੀ ਪੁਲਿਸ ਨੇ ਇਸ ਮਾਮਲੇ ‘ਚ ਗਿਰੋਹ ਦੇ ਸਰਗਨੇ ਤੇਲੰਗਾਨਾ ਵਾਸੀ ਰਾਜ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ ਇਸ ਤੋਂ ਇਲਾਵਾ ਦਿੱਲੀ ਤੋਂ ਵੀ 8 ਸ਼ੱਕੀ ਵਿਅਕਤੀ ਕਾਬੂ ਕੀਤੇ ਗਏ ਹਨ ਇਹ ਗਿਰੋਹ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਇਲਾਵਾ ਵਿਦੇਸ਼ਾਂ ਅੰਦਰ ਵੀ ਆਪਣਾ ਧੰਦਾ ਫੈਲਾ ਚੁੱਕਾ ਹੈ ਤਸਕਰੀ ਦੇ ਵਧਣ-ਫੁੱਲਣ ਦਾ ਵੱਡਾ ਕਾਰਨ ਦੇਸ਼ ਅੰਦਰ ਗੁਰਦਾ ਰੋਗੀਆਂ ਦੀ ਗਿਣਤੀ ‘ਚ ਹੋ ਰਿਹਾ ਲਗਾਤਾਰ ਵਾਧਾ ਹੈ

ਗੁਰਦਾ ਦਾਨ ਲੈਣ ਦਾ ਕਾਨੂੰਨੀ ਅਮਲ ਏਨਾ ਜ਼ਿਆਦਾ ਲੰਮਾ ਹੈ ਕਿ ਆਮ ਆਦਮੀ ਲਈ ਇਹ ਪ੍ਰਕਿਰਿਆ ਪੂਰੀ ਕਰਨੀ ਪਹਾੜ ਢਾਹੁਣ ਦੇ ਬਰਾਬਰ ਹੈ ਜਦੋਂ ਤੱਕ ਕਾਗਜ਼ੀ ਕਾਰਵਾਈ ਪੂਰੀ ਹੁੰਦੀ ਹੈ ਉਦੋਂ ਤੱਕ ਮਰੀਜ਼ ਜਹਾਨੋਂ ਕੂਚ ਕਰ ਜਾਂਦਾ ਹੈ ਅੱਜ ਦੇਸ਼ ਅੰਦਰ ਲੱਖਾਂ ਲੋਕਾਂ ਨੂੰ ਗੁਰਦੇ ਦੀ ਜ਼ਰੂਰਤ ਹੈ ਪਰਿਵਾਰਕ ਮੈਂਬਰਾਂ ਨਾਲ ਮੈਚਿੰਗ ਨਾ ਹੋਣ ਕਾਰਨ ਹੋਰਨਾਂ ਤੋਂ ਗੁਰਦਾ ਲੈਣ ਦੀ ਪ੍ਰਕਿਰਿਆ ਬੇਹੱਦ ਔਖੀ ਹੈ ਇਸ ਦਾ ਸਿੱਧਾ ਫਾਇਦਾ ਅੰਗ ਤਸਕਰੀ ਗਿਰੋਹ ਨੂੰ ਹੋ ਰਿਹਾ ਹੈ, ਜੋ ਭੋਲੇ-ਭਾਲੇ ਤੇ ਗਰੀਬ ਲੋਕਾਂ ਨੂੰ ਗੁੰਮਰਾਹ ਕਰਕੇ ਕੁਝ ਹਜ਼ਾਰ ਰੁਪਏ ਦੇ ਕੇ ਲੱਖਾਂ ਰੁਪਏ ‘ਚ ਗੁਰਦਾ ਵੇਚ ਰਹੇ ਹਨ  ਉਨ੍ਹਾਂ ਨੂੰ ਗੁਰਦੇ ਦਾ ਮੁੱਲ 2-3 ਲੱਖ ਰੁਪਏ ਦੇ ਕੇ ਅਗਾਂਹ 30-32 ਲੱਖ ਰੁਪਏ ਦੇ ਵੇਚ ਰਹੇ ਹਨ ਅੰਗ ਤਸਕਰਾਂ ਨੇ ਸ੍ਰੀਲੰਕਾ ਨੂੰ ਗੁਰਦਾ ਵੇਚਣ ਦੀ ਰਾਜਧਾਨੀ ਬਣਾ ਲਿਆ ਹੈ ਤਸਕਰ ਮਹਾਂਰਾਸ਼ਟਰ ਦੇ ਕਈ ਗਰੀਬ ਵਿਅਕਤੀਆਂ ਨੂੰ ਸ੍ਰੀਲੰਕਾ ਲਿਜਾ ਕੇ ਗੁਰਦੇ ਕਢਵਾ ਕੇ ਵੇਚ ਚੁੱਕੇ ਹਨ

ਪਿਛਲੇ ਸਾਲਾਂ ‘ਚ ਵੀ ਗੁਰਦਾ ਤਸਕਰੀ ਦਾ ਮਾਮਲਾ ਚਰਚਾ ‘ਚ ਰਿਹਾ ਸੀ ਜਦੋਂ ਅਮਿਤ ਕੁਮਾਰ ਨਾਂਅ ਦੇ ਇੱਕ ਡਾਕਟਰ ਨੂੰ ਗੈਰ-ਕਾਨੂੰਨੀ ਤੌਰ ‘ਤੇ ਗੁਰਦੇ ਕੱਢਣ ਦੇ ਦੋਸ਼ ‘ਚ ਨੇਪਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਛਾਪੇਮਾਰੀਆਂ, ਗ੍ਰਿਫ਼ਤਾਰੀਆਂ ਹੋਈਆਂ ਪਰ ਇਸ ਸਮੱਸਿਆ ਦਾ ਅੰਤ ਨਹੀਂ ਹੋ ਸਕਿਆ ਭਾਵੇਂ ਲਗਾਤਾਰ ਨਿਗਰਾਨੀ ਦੀ ਘਾਟ ਸਮੱਸਿਆ ਦਾ ਇੱਕ ਕਾਰਨ ਹੈ ਪਰ ਇਸ ਦੀ ਵੱਡੀ ਵਜ੍ਹਾ ਗੁਰਦਾਦਾਨ ਸਬੰਧੀ ਕਾਨੂੰਨੀ ਅੜਚਣਾਂ ਹਨ ਜਦੋਂ ਤੱਕ ਗੁਰਦਾ ਦਾਨ ਦਾ ਕਾਨੂੰਨੀ ਅਮਲ ਸਰਲ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਇਸ ਸਮੱਸਿਆ ‘ਤੇ ਕਾਬੂ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੈ ਕਿਉਂਕਿ ਸ਼ਾਤਿਰ ਗਿਰੋਹ ਸਿਸਟਮ ਦੀਆਂ ਖਾਮੀਆਂ ਦਾ ਫਾਇਦਾ ਉਠਾ ਕੇ ਦੂਜਿਆਂ ਦੀਆਂ ਜ਼ਿੰਦਗੀਆਂ ਨਾਲ ਖੇਡਣ ‘ਚ ਕਾਮਯਾਬ ਹੋ ਜਾਂਦੇ ਹਨ ਕਾਨੂੰਨੀ ਅੜਚਣਾਂ ਦਾ ਹੀ ਨਤੀਜਾ ਹੈ ਕਿ ਮਨੁੱਖਤਾ ਦੀ ਸੇਵਾ ਲਈ ਗੁਰਦਾ ਦਾਨ ਦੇਣ ਦਾ ਜਜ਼ਬਾ ਰੱਖਣ ਵਾਲੇ ਲੋਕ ਚਾਹ ਕੇ ਵੀ ਮਰੀਜ਼ਾਂ ਦੀ ਮੱਦਦ ਨਹੀਂ ਕਰ ਪਾ ਰਹੇ ਡੇਰਾ ਸੱਚਾ ਸੌਦਾ ਦੇ 60 ਹਜ਼ਾਰ ਦੇ ਕਰੀਬ ਸ਼ਰਧਾਲੂ ਗੁਰਦਾ ਦਾਨ ਕਰਨ ਦਾ ਲਿਖਤੀ ਪ੍ਰਣ ਕਰ ਚੁੱਕੇ ਹਨ ਜੇਕਰ ਗੁਰਦਾ ਦਾਨ ਦੀ ਪ੍ਰਕਿਰਿਆ ਸੁਰੱਖਿਅਤ ਤਰੀਕੇ ਨਾਲ ਸਰਲ ਹੋਵੇ ਤਾਂ ਡੇਰੇ ਦੇ ਸ਼ਰਧਾਲੂਆਂ ਜਿੱਥੇ ਲੱਖਾਂ ਮਰੀਜ਼ਾਂ ਨੂੰ ਮੌਤ ਦੇ ਮੂੰਹ ‘ਚੋਂ ਬਚਾ ਲੈਣਗੇ ਉੱਥੇ ਅੰਗ ਤਸਕਰਾਂ ਦੀਆਂ ਚਾਲਾਂ ਵੀ ਅਸਫ਼ਲ ਹੋ ਜਾਣਗੀਆਂ ਅੰਗ ਤਸਕਰੀ ਖਿਲਾਫ਼ ਸਖ਼ਤੀ ਦੇ ਨਾਲ-ਨਾਲ ਸਰਕਾਰ ਨੂੰ ਗੁਰਦਾ ਦਾਨ ਪ੍ਰਕਿਰਿਆ ‘ਤੇ ਵੀ ਵਿਚਾਰ ਕਰਨ ਦੀ ਜ਼ਰੂਰਤ ਹੈ

ਪ੍ਰਸਿੱਧ ਖਬਰਾਂ

To Top