ਪੰਜਾਬ

ਅੰਮ੍ਰਿਤਸਰ ਰੇਲ ਹਾਦਸਾ : ਹਾਈਕੋਰਟ ਵੱਲੋਂ ਨਵਜੋਤ ਕੌਰ ਸਿੱਧੂ ਨੂੰ ਰਾਹਤ

Amritsar Rail Crash, High Court Relief, Navjot Kaur Sidhu

ਹਾਦਸੇ ਲਈ ਮੁੱਖ ਮਹਿਮਾਨ ਤੇ ਪ੍ਰਬੰਧਕਾਂ ਨੂੰ ਜਿੰਮੇਵਾਰ ਠਹਿਰਾਉਣ ਵਾਲੀ ਪਟੀਸ਼ਨ ਹਾਈਕੋਰਟ ਨੇ ਕੀਤੀ ਖਾਰਜ

ਸੱਚ ਕਹੂੰ ਨਿਊਜ਼, ਚੰਡੀਗੜ੍ਹ

ਅੰਮ੍ਰਿਤਸਰ ਦੇ ਦਰਦਨਾਕ ਰੇਲ ਹਾਦਸੇ ਲਈ ਪ੍ਰਬੰਧਕਾਂ ਤੇ ਮੁੱਖ ਮਹਿਮਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਮੰਗ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਠੁਕਰਾ ਦਿੱਤਾ ਹੈ ਉੱਚ ਅਦਾਲਤ ਨੇ ਮੁੱਖ ਮਹਿਮਾਨ ਨਵਜੋਤ ਕੌਰ ਸਿੱਧੂ ਤੇ ਪ੍ਰਬੰਧਕ ਮਿੱਠੂ ਮਦਾਨ ਨੂੰ ਹਾਦਸੇ ਲਈ ਜ਼ਿੰਮੇਵਾਰ ਠਹਿਰਾਉਣ ਤੇ ਇਨ੍ਹਾਂ ‘ਤੇ ਕੇਸ ਚਲਾਉਣ ਸਬੰਧੀ ਦਾਇਰ ਕੀਤੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ  ਪਟੀਸ਼ਨਕਰਤਾ ਵਕੀਲ ਸ਼ਸ਼ਾਂਕ ਦੀ ਅਰਜ਼ੀ ਰੱਦ ਕਰਦਿਆਂ ਚੀਫ ਜਸਟਿਸ ਕ੍ਰਿਸ਼ਨ ਮੁਰਾਰੀ ਨੇ ਟਿੱਪਣੀ ਕੀਤੀ ਕਿ ਇਹ ਜਨ ਹਿੱਤ ਪਟੀਸ਼ਨ ਨਹੀਂ ਸਿਆਸਤ ਤੋਂ ਪ੍ਰੇਰਿਤ ਨਿੱਜ ਹਿੱਤ ਪਟੀਸ਼ਨ ਹੈ

ਹਾਲਾਂਕਿ, ਵਕੀਲ ਨੇ ਤਰਕ ਦਿੱਤਾ ਸੀ ਕਿ ਹਾਦਸੇ ਲਈ ਨਵਜੋਤ ਕੌਰ ਸਿੱਧੂ ਵੀ ਬਰਾਬਰ ਦੀ ਜ਼ਿੰਮੇਵਾਰ ਹੈ ਹਾਈਕੋਰਟ ਨੇ ਇਸ ਤਰਕ ਨੂੰ ਖਾਰਜ ਕਰਦਿਆਂ ਕਿਹਾ ਕਿ ਜੇਕਰ ਨਵਜੋਤ ਕੌਰ ਸਿੱਧੂ ਦੁਸਹਿਰਾ ਸਮਾਗਮ ‘ਤੇ ਮੁੱਖ ਮਹਿਮਾਨ ਵਜੋਂ ਗਈ ਸੀ ਤਾਂ ਉਹ ਹਾਦਸੇ ਦੀ ਜ਼ਿੰਮੇਵਾਰ ਕਿਵੇਂ ਹੋਈ ਅਦਾਲਤ ਨੇ ਕਿਹਾ ਕਿ ਅਜਿਹੇ ਮੌਕਿਆਂ ‘ਤੇ ਲੋਕ ਇਕੱਠ ‘ਚ ਕਿਤੇ ਵੀ ਬੈਠ ਜਾਂਦੇ ਹਨ ਤੇ ਅਜਿਹੇ ‘ਚ ਜੇਕਰ ਕੋਈ ਹਾਦਸਾ ਵਾਪਰ ਜਾਵੇ ਤਾਂ ਇਸ ਲਈ ਮੁੱਖ ਮਹਿਮਾਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹਾਈਕੋਰਟ ਨੇ ਪਟੀਸ਼ਨ ਪਾਉਣ ਵਾਲੇ ਵਕੀਲ ਨੂੰ ਖਾਸੀ ਝਾੜ ਪਾਈ ਅਦਾਲਤ ਨੇ ਵਕੀਲ ਨੂੰ ਇਹ ਵੀ ਕਿਹਾ ਸੀ ਕਿ ਜੇਕਰ ਉਹ ਪਟੀਸ਼ਨ ਵਾਪਸ ਨਹੀਂ ਲਵੇਗਾ ਤਾਂ ਉਸ ਨੂੰ ਭਾਰੀ ਕੀਮਤ ਭੁਗਤਣੀ ਪਵੇਗੀ

ਜਿਕਰਯੋਗ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਦੁਸਹਿਰੇ ਵਾਲੇ ਦਿਨ ਰਾਵਨ ਨੂੰ ਸਾੜਨ ਸਮੇਂ ਵਾਪਰੇ ਰੇਲ ਹਾਦਸੇ ‘ਚ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਇਸ ਮਾਮਲੇ ‘ਚ ਨਵਜੋਤ ਕੌਰ ਸਿੱਧੂ ਜੋ ਦੁਸਹਿਰੇ ਦੇ ਪ੍ਰੋਗਰਾਮ ‘ਚ ਮੁੱਖ ਮਹਿਮਾਨ ਸੀ ਤੇ ਮਿੱਠੂ ਮਦਾਨ ਜੋ ਪ੍ਰਬੰਧਕ ਸੀ, ਨੂੰ ਦੋਸ਼ੀ ਠਹਿਰਾਉਂਦੇ ਹੋਏ ਇਨ੍ਹਾਂ ਖਿਲਾਫ਼ ਕੇਸ ਚਲਾਉਣ ਲਈ ਹਾਈਕੋਰਟ ‘ਚ ਪਟੀਸ਼ਨ ਪਾਈ ਗਈ ਸੀ, ਜਿਸ ਨੂੰ ਅੱਜ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ|

ਅੰਮ੍ਰਿਤਸਰ ਰੇਲ ਹਾਦਸੇ ‘ਚ 64 ਲੋਕਾਂ ਦੇ ਬਿਆਨ ਕਲਮਬੱਧ

ਅੰਮ੍ਰਿਤਸਰ| ਅੰਮ੍ਰਿਤਸਰ ਰੇਲ ਹਾਦਸੇ ਦੀ ਨਿਆਂਇਕ ਜਾਂਚ ਜਾਰੀ ਹੈ ਤੇ ਹੁਣ ਤੱਕ 64 ਲੋਕਾਂ ਦੇ ਬਿਆਨ ਕਲਮਬੱਧ ਕੀਤੇ ਜਾ ਚੁੱਕੇ ਹਨ ਅੱਜ ਜਾਂਚ ਕਮਿਸ਼ਨ ਦੇ ਮੁਖੀ ਬੀ. ਪੁਰਸ਼ਾਰਥ ਨੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ‘ਚ ਹਾਦਸੇ ਦੇ ਚਸ਼ਮਦੀਦਾਂ ਤੇ ਹਾਦਸਾ ਪੀੜਤਾਂ ਦੇ ਬਿਆਨ ਕਲਮਬੱਧ ਕੀਤੇ ਪੁਲਿਸ ਕਮਿਸ਼ਨਰ ਨੇ ਵੀ ਜਾਂਚ ਅਧਿਕਾਰੀ ਨੂੰ ਆਪਣੇ ਬਿਆਨ ਦਰਜ ਕਰਵਾਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਦੁਸਹਿਰਾ ਦੇ ਪ੍ਰਬੰਧਕ ਮਿੱਠੂ ਮਦਾਨ ਨੂੰ ਵੀ ਸੰਮਨ ਭੇਜਿਆ ਗਿਆ ਸੀ ਪਰ ਘਰ ਬੰਦ ਹੋਣ ਕਰਕੇ ਸੰਮਨ ਵਾਪਸ ਆ ਗਏ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ‘ਚ ਮਿੱਠੂ ਤੇ ਰੇਲਵੇ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਮਾਮਲੇ ‘ਚ 64 ਲੋਕ ਆਪਣੇ ਬਿਆਨ ਕਲਮਬੱਧ ਕਰਵਾ ਚੁੱਕੇ ਹਨ ਅਧਿਕਾਰੀ ਮੁਤਾਬਕ ਲੋੜ ਪੈਣ ‘ਤੇ ਨਵਜੋਤ ਕੌਰ ਸਿੱਧੂ ਨੂੰ ਵੀ ਸੰਮਨ ਭੇਜੇ ਜਾ ਸਕਦੇ ਹਨ|

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top