ਸਾਂਝਾ ਪੰਨਾ

ਆਖਰ ਕਿੱਧਰ ਜਾਏ ਜਵਾਨੀ…

ਏਧਰ-ਓਧਰ

ਲੰਘੇ ਸਾਲ ਚੰਡੀਗੜ੍ਹੋਂ ਇੱਕ ਰਿਪੋਰਟ ਆਈ ਸੀ ਕਿ ਨੌਜਵਾਨ ਡਿਗਰੀਆਂ ਦੇ ਥੱਬੇ ਚੁੱਕੀ ਦਰਜਾ ਚਾਰ ਦੀ ਨੌਕਰੀ ਲਈ ਪੰਜਾਬ ਦੇ ਮੁੰਡੇ-ਕੁੜੀਆਂ ਲਿਲ੍ਹਕੜੀਆਂ ਕੱਢਦੇ ਫਿਰ ਰਹੇ ਹਨ ਇਹ ਸੱਚ ਹੈ ਕਿ ਜਿਹੜੇ ਸਟੱਡੀ ਵੀਜ਼ਿਆਂ ‘ਤੇ ਬਦੇਸ਼ਾਂ ‘ਚ ਪੁੱਜ ਚੁੱਕੇ ਹਨ, ਉਹ ਸੱਚਮੁਚ ਆਪਣੇ ਆਪ ਨੂੰ ‘ਭਾਗਾਂ ਵਾਲੇ’ ਸਮਝਣ ਤੇ ਬਾਕੀ ਸਰਕਾਰਾਂ ਨੂੰ ਕੋਸਣ ਜੋਗੇ ਰਹਿ ਗਏ ਹਨ
ਸੋ, ਛਪੀ ਉਸ ਰਿਪੋਰਟ ਨੂੰ ਪੜ੍ਹ ਕੇ ਹਰ ਸੰਵੇਦਨਸ਼ੀਲ ਸੋਚ ਵਾਲਾ ਮਨੁੱਖ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਬਾਰੇ ਜ਼ਰੂਰ ਚਿੰਤਤ ਹੋਇਆ ਹੋਵੇਗਾ ਸਰਕਾਰਾਂ ਦੀਆਂ ਫੋਕੀਆਂ ਫੜਾਂ ਬਾਰੇ ਜ਼ਰੂਰ ਕੋਸਿਆ ਹੋਵੇਗਾ, ਜੋ ਕਹਿ ਰਹੀਆਂ ਸਨ ਤੇ ਕਹਿ ਰਹੀਆਂ ਨੇ ਕਿ ਅਸੀਂ ਯੁਵਕਾਂ ਲਈ ਰੁਜ਼ਗਾਰ ਪੈਦਾ ਕਰ ਰਹੇ ਹਾਂ ਏਨੇ ਲੱਖ ਨੌਕਰੀਆਂ ਦਾ ਬੰਦੋਸਬਸਤ ਕਰਾਂਗੇ ਐਤਕੀਂ ਏਨੇ ਹਜ਼ਾਰਾਂ ਨੂੰ ਨੌਕਰੀਆਂ ‘ਤੇ ਲਾਇਆ ਹੈ, ਅਗਲੀ ਵਾਰੀ ਲੱਖਾਂ ਨੂੰ ਲਾਵਾਂਗੇ ਪਿਛਲੀ ਵਾਰੀ ਅਕਾਲੀ-ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ‘ਚ ਪੰਜ ਲੱਖ ਨੌਕਰੀਆਂ ਦੇਣ ਦੀ ਗੱਲ ਕਹੀ ਸੀ, ਹੁਣੇ ਕੈਪਟਨ ਸਰਕਾਰ ਨੇ ਆਪਣੀ ਹਂੋਦ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ‘ਚ ਵੀ ਕਿਹਾ ਸੀ ਕਿ ਪੰਜਾਬ ਦੇ ਹਰ ਘਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਲੋਕ ਨੌਕਰੀਆਂ ਲੈਣ ਲਈ ਕਾਹਲੇ ਪਏ ਹੋਏ ਹਨ ਤੇ ਗੱਲੀਂ-ਗੱਲੀਂ ਇਸਦੀ ਚਰਚਾ ਵੀ ਖਾਸੀ ਹੋ ਰਹੀ ਹੈ ਪਰ ਕੈਪਟਨ ਸਰਕਾਰ ਨੂੰ ਕੋਈ ਕਾਹਲ ਨਹੀਂ ਹੈ
ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਬਹੁਤ ਵਾਰ ਹੋਇਆ ਹੈ ਤੇ ਹੁੰਦਾ ਰਹੇਗਾ ਪੁਰਾਣੇ ਕੱਚੇ ਮੁਲਾਜ਼ਮ ਆਪਣੀ ਨੌਕਰੀ ਪਕਿਆਉਣ ਲਈ ਤਰਸ ਰਹੇ ਹਨ ਤੇ ਨੌਕਰਿਉਂ ਕੱਢੇ ਹੋਏ ਸੜਕਾਂ ‘ਤੇ ਪੁਲਿਸ ਦੇ ਡੰਡੇ ਖਾ  ਰਹੇ ਹਨ ਨੌਕਰੀਆਂ ਸਬੰਧੀ ਹੀ ਹਜ਼ਾਰਾਂ ਲੋਕ ਹਾਈਕੋਰਟਾਂ ‘ਚ ਸਾਲਾਂ ਤੋਂ ਪੇਸ਼ੀਆਂ ਭੁਗਤਣ ਦੀ ‘ਅਣਸੁਣੀ ਸਜ਼ਾ’ ਭੁਗਤ ਰਹੇ ਹਨ, ਸੁਵਿਧਾ ਸੈਂਟਰਾਂ ਵਾਲੇ ਕੱਢੇ 12 ਸੌ ਮੁਲਾਜ਼ਮ ਹਾਲੇ ਘਰੀਂ ਨਹੀਂ ਵੜੇ ਇੱਕ ਸਾਲ ਤੋਂ ਇਨ੍ਹਾਂ ਦਾ ਸੰਘਰਸ਼ ਜਾਰੀ ਹੈ ਜੇਲ੍ਹਾਂ ਵੀ ਕੱਟ ਆਏ ਹਨ ਇਨ੍ਹਾਂ ਨੂੰ ਕੈਪਟਨ ਸਰਕਾਰ ਤੋਂ ਭਾਰੀ ਆਸਾਂ ਸਨ ਤੇ ਚੋਣਾਂ ਤੋਂ ਪਹਿਲਾਂ ਵਾਅਦਾ ਵੀ ਹੋਇਆ ਸੀ ਪਰ ਇਹ ਕਹਿੰਦੇ ਹਨ ਕਿ ਲਗਦਾ ਹੈ, ਕੱਖ ਨਹੀਂ ਸੰਵਰਨ ਵਾਲਾ
ਸਵਾਲ ਹੈ ਕਿ ਇਹ ਗੱਲਾਂ ਕਦੋਂ ਕੁ ਤੀਕ ਹੁੰਦੀਆਂ ਰਹਿਣਗੀਆਂ? ਅਜੇ ਕੱਲ੍ਹ ਦੀਆਂ ਹੀ ਗੱਲਾਂ ਨੇ ਕਿ ਜਦ ਲੋਕਾਂ ਦੀਆਂ ਜੇਬਾਂ ‘ਚੋਂ ਪੈਸੇ ਪਾਣੀ ਵਾਂਗ ਵਹਾਏ ਗਏ ਉਦੋਂ ਬੜੀ ਚਰਚਾ ਹੋਈ ਸੀ, ਜਦ ਇੱਕ ਸਾਲ ਦੇ ਵਿਸ਼ਵ ਕਬੱਡੀ ਕੱਪ ‘ਤੇ ਸਾਢੇ ਤਿੰਨ ਕਰੋੜ ਰੁਪਏ ਸ਼ਾਹਰੁਖ ਖਾਨ ਲੈ ਕੇ ਤੁਰਦਾ ਬਣਿਆ ਸੀ ਤੇ ਸਿਰਫ਼ 19 ਮਿੰਟ ਸਟੇਜ ‘ਤੇ ਨੱਚਿਆ ਸੀ ਹੋਰ ਵੀ ਕਰੋੜਾਂ ਰੁਪਏ ਹਰ ਸਾਲ ਵਾਂਗ ਵਿਸ਼ਵ ਕਬੱਡੀ ਕੱਪਾਂ ‘ਤੇ ਰੁੜ੍ਹ ਗਏ ਸਨ ਜੋ ਕੁਝ ਵਿਸ਼ਵ ਕਬੱਡੀ ਕੱਪਾਂ ਨੇ ਸੰਵਾਰਿਆ ਹੈ,ਉਹ ਸਭ ਦੇ ਸਾਹਮਣੇ ਹੈ ਇਹੋ ਕਰੋੜਾਂ ਰੁਪਏ ਵਿਹਲੇ ਫਿਰਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ (ਸਬਸਿਡੀਆਂ) ‘ਤੇ ਖਰਚੇ ਜਾਂਦੇ ਕੀ ਮਾੜੀ ਗੱਲ ਸੀ? ਕਬੱਡੀ ਕੱਪ ਦੇ ਪੀੜਤ ਟੈਟਾਂ ਵਾਲੇ ਤੇ ਪੈਟਰੋਲ ਪੰਪਾਂ ਵਾਲੇ ਤੇ ਬਠਿੰਡੇ ਦੇ ਹੋਟਲਾਂ ਵਾਲੇ ਹਾਲੇ ਵੀ ਤਰਲੇ ਲੈਂਦੇ ਫਿਰਦੇ ਹਨ ਕਿ ਉਨ੍ਹਾਂ ਦੇ ਖੜ੍ਹੇ ਬਕਾਏ ਤਾਂ ਦੇ ਦਿਓ
ਪਿਛਲੇ ਸਾਲ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅਦਾਲਤਾਂ ‘ਚ ਚਪੜਾਸੀ  (ਅਰਦਲੀ) ਰੱਖਣੇ ਸਨ, ਪੈਂਤੀ ਹਜ਼ਾਰ ਮੁੰਡੇ-ਕੁੜੀਆਂ, ਵਧੇਰੇ ਐੱਮ.ਏ ਤੇ ਬੀ.ਏ ਨੇ ਹੀ ਅਪਲਾਈ ਕੀਤਾ ਹੋਇਆ ਸੀ ਅਸਾਮੀਆਂ ਪੰਜ ਹੁੰਦੀਆਂ ਨੇ ਤੇ ਅਪਲਾਈ ਪੰਜ ਸੌ ਉਮੀਦਵਾਰ ਕਰ ਦਿੰਦੇ ਹਨ ਤੇ ਉਲਟਾ ਕਿਹਾ ਜਾ ਰਿਹਾ ਸੀ ਕਿ ਬੇਰੁਜ਼ਗਾਰੀ ਦੂਰ ਕਰ ਦਿੱਤੀ ਗਈ ਹੈ ਖਬਰ ਵਿਚ ਛਪਿਆ ਸੀ ਕਿ ਚੰਡੀਗੜ੍ਹ ਪੁਲਿਸ ‘ਚ ਚਪੜਾਸੀ ਰੱਖੇ ਜਾਣ ਲਈ ਜਿਹੜੇ ਮੁੰਡੇ-ਕੁੜੀਆਂ ਨੇ ਅਰਜ਼ੀਆਂ ਦਿੱਤੀਆਂ ਨੇ, ਉਨ੍ਹਾਂ ਦੀਆਂ ਡਿਗਰੀਆਂ ‘ਤੇ ਉੱਚ-ਵਿੱਦਿਆ ‘ਤੇ ਝਾਤੀ ਮਾਰਦਿਆਂ ਹੈਰਾਨੀ ਹੁੰਦੀ ਹੈ ਚਪੜਾਸੀ ਲੱਗਣ ਦੇ ਚਾਹਵਾਨ ਸਾਢੇ ਅੱਠ ਸੌ ਉਮੀਦਵਾਰ ਗਰੈਜੂਏਟ ਹਨ (ਜਦੋਂ ਕਿ ਇਸ ਅਸਾਮੀ ਲਈ ਲੋੜੀਂਦੀ ਯੋਗਤਾ ਕੇਵਲ ਅੱਠਵੀਂ ਪਾਸ ਚਾਹੀਦੀ ਹੈ) ਹੈਰਾਨੀ ਦੀ ਹੱਦ ਉਦੋਂ ਸਿਖਰ ਨੂੰ ਛੂਹ ਜਾਂਦੀ ਹੈ, ਜਦੋਂ ਚਾਰ ਐਮ.ਬੀ.ਏ. ਪਾਸ ਇਸ ਅਸਾਮੀ ‘ਤੇ ਲੱਗਣ ਲਈ ਉਤਾਵਲੇ ਹਨ ਇੱਥੇ ਹੀ ਬੱਸ ਨਹੀਂ, ਬੀਐੱਸਸੀ, ਬੀਐੱਡ ਤੇ ਬੀਪੀਐੱਡ ਨੇ ਵੀ ਚਪੜਾਸੀ ਲੱਗਣ ਲਈ ਬਿਆਸੀ ਸੌ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਪਝੱਤਰ ਸੌ ਬਾਰ੍ਹਵੀਂ ਪਾਸ ਤੇ ਪਚਵੰਜਾ ਸੌ ਦਸਵੀਂ ਪਾਸ ਨੇ ਅਪਲਾਈ ਕੀਤਾ ਸੀ
ਜਦ ਇੰਟਰਵਿਊ ਹੋ ਰਹੀ ਸੀ ਤਾਂ ਬੇਰੁਜ਼ਗਾਰ ਮੁੰਡੇ-ਕੁੜੀਆਂ ਭਾਰੀ ਕਠਿਨ ਪ੍ਰਕਿਰਿਆ ‘ਚੋਂ ਲੰਘ ਰਹੇ ਸਨ ਉਮੀਦਵਾਰਾਂ ਕੋਲੋਂ ਗਲਾਸਾਂ ‘ਚ ਪਾਣੀ ਭਰਵਾ ਕੇ ਤੇ ਫਿਰ ਗਲਾਸਾਂ ਨੂੰ ਟਰੇਅ ‘ਚ ਰਖਵਾ ਕੇ ਸਾਹਬ ਵੱਲ ਤੋਰਿਆ ਜਾਂਦਾ ਸੀ, ਇਸਦੇ ਨਾਲ-ਨਾਲ ਉਮੀਦਵਾਰ ਦੀ ਤੋਰ ਦਾ ਵੀ ਜਿਵੇਂ ਟੈਸਟ ਹੋ ਰਿਹਾ ਸੀ ਕਿ ਕਿਧਰੇ ਉਮੀਦਵਾਰ ਕਾਹਲ ਨਾਲ ਤੁਰਦਾ ਜਾਂ ਪੈਰ ਅੱਲ-ਪਲੱਲ ਮਾਰਦਾ ਪਾਣੀ ਟਰੇਅ ‘ਚ ਹੀ  ਤਾਂ ਨਹੀਂ ਡੋਲ੍ਹ ਦਿੰਦਾ ਹੈ? ਜਿਸਦਾ ਪਾਣੀ ਟਰੇਅ ‘ਚ ਡੁੱਲ੍ਹ ਜਾਂਦਾ ਸੀ,ਉਸਨੂੰ ਟੈਸਟ ‘ਚੋਂ ਫੇਲ੍ਹ ਕਰ ਦਿੱਤਾ ਜਾਂਦਾ ਸੀ ਉਮੀਦਵਾਰ ਕੋਲੋਂ ਜਦੋਂ ਜੱਗ ‘ਚੋਂ ਪਾਣੀ ਗਲਾਸ ‘ਚ ਪਵਾਇਆ ਜਾਂਦਾ ਸੀ ਤਾਂ ਇਹ ਵੀ ਧਿਆਨ ਰੱਖਿਆ ਜਾਂਦਾ ਸੀ ਕਿ ਪਾਣੀ ਦਾ ਤੁਪਕਾ ਬਾਹਰ ਤਾਂ ਨਹੀਂ ਛਲਕ ਗਿਆ? ਜੇ ਪਾਣੀ ਦਾ ਤੁਪਕਾ ਗਲਾਸ ਤੋਂ ਬਾਹਰ ਛਲਕ ਗਿਆ ਤਾਂ ਸਮਝੋ ਕਿ ਉਮੀਦਵਾਰ ਦੇ ਭਵਿੱਖ ‘ਤੇ ਲੱਗ ਗਿਆ ਸਵਾਲੀਆ ਨਿਸ਼ਾਨ, ਕਿਸੇ ਅੱਖੜ ਸੁਭਾਅ ਦੇ ਸਾਹਬ ਦੇ ਆਖਣ ਵਾਂਗੂੰ ਕਿ, ਉਏ ਵੱਡਿਆ ਪਾੜ੍ਹਿਆ, ਤੈਨੂੰ ਤਾਂ ਗਲਾਸ ‘ਚ ਪਾਣੀ ਵੀ ਨਹੀਂ ਪਾਉਣਾ ਆਉਂਦਾ, ਕਰੀ ਫਿਰਦਾ ਐਂ ਉੱਚ ਡਿਗਰੀਆਂ
ਇਨ੍ਹਾਂ ਸਾਰੀਆਂ ਗੱਲਾਂ ਤੇ ਤੱਥਾਂ ਤੋਂ ਮੈਨੂੰ ਆਪਣੀ ਸੇਵਾਦਾਰੀ (ਅਰਦਲੀ) ਦੀ ਨੌਕਰੀ ਦੇ ਦਿਨ ਭਲੀਭਾਂਤੀ ਚੇਤੇ ਆਉਂਦੇ ਨੇ ਤੇ ਉਸ ਵੇਲੇ ਹੰਢਾਈ ਜ਼ਲਾਲਤ ਵੀ ਕਦੇ ਨਹੀਂ ਭੁੱਲੀ ਮੇਰੇ ਵਰਗੇ ਅਨੇਕਾਂ ਅਰਦਲੀ ਅਜਿਹੇ ਹਨ, ਜਿਹੜੇ ਅੱਜ ਵੀ ਜ਼ਲਾਲਤ ਭਰੀ ਜ਼ਿੰਦਗੀ ਜਿਉਂ ਰਹੇ ਹਨ ਘਰ ਦਾ ਉਹ ਕੰਮ ਇਨ੍ਹਾਂ ਅਰਦਲੀਆਂ ਤੋਂ ਕਰਵਾਇਆ ਜਾਂਦਾ ਹੈ, ਜੋ ਸਾਰਾ ਬੁੜ੍ਹੀਆਂ ਘਰਾਂ ‘ਚ ਕਰਦੀਆਂ ਹਨ ਗੋਹਾ-ਕੂੜਾ ਕਰਨ ਤੋਂ ਲੈ ਕੇ ਪਸ਼ੂਆਂ ਦੀ ਸੇਵਾ ਸੰਭਾਲ, ਸਾਹਬਾਂ ਦੀਆਂ ਚੱਡੀਆਂ ਵੀ ਧੋਣੀਆਂ ਜੁੱਤੇ ਪੌਲਿਸ਼ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਰੋਟੀ-ਟੁੱਕ ਕਰਨਾ ‘ਫਲਾਣਾ ਸਿੰਘ ਬਨਾਮ ਢਮਕਾਣਾ ਸਿੰਘ ਹਾਜ਼ਰ ਹੋ’ ਦਾ ਹੋਕਾ ਦੇਣ ਦੇ ਨਾਲ-ਨਾਲ ਦਫ਼ਤਰ ਦੇ ਸਾਰੇ ਕੰਮ ਵੀ ਕਰਨੇ ਹਫ਼ਤੇ ‘ਚ ਤਾਂ ਸੋਚਣਾ ਦੂਰ ਰਿਹਾ ਮਹੀਨੇ ਦੋ ਮਹੀਨੇ ਮਗਰੋਂ ਵੀ ਛੁੱਟੀ ਕੋਈ ਨਹੀਂ ਮਿਲਣੀ ਅਜਿਹੇ ਕੰਮ ਹੁੰਦੇ ਨੇ ਜੱਜ ਦੇ ਅਰਦਲੀ ਦੇ ਜੇ ਕੋਈ ਅਜਿਹੇ ਕੰੰਮ ਨਹੀਂ ਕਰਦਾ ਤਾਂ ਨੌਕਰੀ ਤੋਂ ਛੁੱਟੀ ਕੋਈ ਅਪੀਲ ਨਹੀਂ ਤੇ ਕੋਈ ਦਲੀਲ ਨਹੀਂ ਇਨ੍ਹੀਂ ਦਿਨੀਂ  ਵੱਖ-ਵੱਖ ਜਿਲ੍ਹਿਆਂ ‘ਚ ਅਰਦਲੀ ਦੀ ਨੌਕਰੀ ਲਈ ਉੱਚ ਸਿੱਖਿਆ ਪ੍ਰਾਪਤ ਨੌਜਵਾਨ ਵਹੀਰਾਂ ਘੱਤ-ਘੱਤ ਕੇ ਇੰਟਰਵਿਊ ਦੇਣ ਲਈ ਪੁੱਜ ਰਹੇ ਹਨ
ਹੁਣ ਜਿਹੜੀ ਰਿਪੋਰਟ ਸਾਹਮਣੇ ਆਈ ਹੈ, ਉਹ ਪੜ੍ਹ ਕੇ ਸੋਚਦਾ ਹਾਂ ਕਿ ਹੁਣ ਇਹ ਉੱਚ ਡਿਗਰੀਆਂ ਵਾਲੇ ਵੀ ਜ਼ਲਾਲਤ ਭੋਗਣ ਜਾ ਰਹੇ ਹਨ, ਭਾਂਡੇ ਮਾਂਜਣ ਜਾ ਰਹੇ ਹਨ, ਚਾਕਰੀ ਕਰਨ ਜਾ ਰਹੇ ਹਨ, ਸਾਹਬਾਂ ਦੀਆਂ ਮੱਝਾਂ ਨੂੰ ਪੱਠੇ ਪਾਉਣਗ,ੇ ਸਾਹਬਾਂ ਦੇ ਨਿਆਣਿਆਂ ਨੂੰ ਕੁੱਛੜ ਚੁੱਕ ਕੇ ਖਿਡਾਉਣਗੇ, ਸਕੂਲਾਂ ‘ਚ ਛੱਡ ਕੇ ਆਉਣਗੇ ਤੇ ਛੁੱਟੀ ਹੋਈ ਤੋਂ ਲੈ ਕੇ ਆਉਣਗੇ ਫਿਰ ਸੋਚਦਾ ਹਾਂ ਕਿ ਜਦ ਬਦੇਸ਼ ਜਾਂਦਾ ਹਾਂ ਤਾਂ ਅੰਨ੍ਹੇਵਾਹ ਜਾ ਢੁੱਕੀ ਪਰਦੇਸ ਪੰਜਾਬ ਦੀ ਜੁਆਨੀ ਵੱਲ ਦੇਖ ਕੇ ਲਗਦਾ ਹੈ ਕਿ  ਸਾਰਾ ਪੰਜਾਬ ਹੀ ਜਿਵੇਂ ਖਾਲੀ ਹੋ ਗਿਆ ਹੈ ਸਾਰੀ ਜਵਾਨੀ ਆ ਗਈ ਏਧਰ ਤੇ ਬਾਕੀ ਰਹਿ ਗਈ ਹੁਣ ਮਜ਼ਦੂਰੀਆਂ ਕਰਨ ਲਈ ਤਿਆਰ ਹੈ
ਕੀ ਪੰਜਾਬ ‘ਚੋਂ ਇਨ੍ਹਾਂ ਲਈ ਉੱਕਾ ਹੀ ਰੁਜ਼ਗਾਰ ਮੁੱਕ ਗਿਆ? ਕਦੇ ਕਿਸੇ ਸਰਕਾਰ ਨੇ ਗੰਭੀਰਤਾ ਨਾਲ ਇਹ ਕਿਉਂ ਨਾ ਸੋਚਿਆ ਕਿ ਪੰਜਾਬ ਦੇ ਵਿਹੜੇ ਖਾਲਮ-ਖਾਲੀ ਝਾਕ ਰਹੇ ਹਨ ਬਹੁਤ ਸਾਰੇ ਜੱਗੇ ਪਰਦੇਸੀਂ ਤੁਰ ਗਏ ਨੇ- ‘ਵੇ ਜੱਗਿਆ, ਤੁਰ ਪਰਦੇਸ ਗਿਓਂ ਬੂਹਾ ਵੱਜਿਆ’ ਜਿਹੜੇ ਜੱਗੇ ਬਾਕੀ ਬਚੇ ਨੇ, ਉੱਚ ਡਿਗਰੀਆਂ ਚੱਕੀ ਭਟਕਦੇ ਫਿਰਦੇ ਨੇ, ਉਹ ਚਪੜਾਸੀ ਲੱਗਣ ਲਈ ਤਰਲੇ ਕਰ ਰਹੇ ਹਨ, ਭਾਵੇਂ ਕੋਈ ਕੱਚਾ ਹੀ ਰੱਖ ਲਵੇ! ਕੀ ਬਣੂੰ ਪੰਜਾਬ ਦਾ? ਕਿਧਰ ਜਾਏ ਜੁਆਨੀ? ਅਜਿਹੇ ਅਣਮੁੱਕ ਸਵਾਲ ਕਦੇ ਪਿੱਛਾ ਨਹੀਂ ਛੱਡਣ ਵਾਲੇ
ਨਿੰਦਰ ਘਿਗਆਣਵੀ

ਪ੍ਰਸਿੱਧ ਖਬਰਾਂ

To Top