ਆਪ ਉਮੀਦਵਾਰ ਕਾਂਗਰਸ ‘ਚ ਸ਼ਾਮਲ

ਅੰਮ੍ਰਿਤਸਰ ਸੈਂਟਰਲ ਤੋਂ ਦਰਬਾਰੀ ਲਾਲ ਨੂੰ ਮਿਲੀ ਸੀ ਆਪ ਦੀ ਟਿਕਟ
ਅਸ਼ਵਨੀ ਚਾਵਲਾ ਚੰਡੀਗੜ੍ਹ, 
ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਸੈਂਟਰਲ ਤੋਂ ਉਮੀਦਵਾਰ ਦਰਬਾਰੀ ਲਾਲ ਨੇ ‘ਆਪ’ ਨੂੰ ਹੀ ਅਲਵਿਦਾ ਕਹਿੰਦੇ ਹੋਏ ਕਾਂਗਰਸ ਵਿੱਚ ਮੁੜ ਤੋਂ ਆਪਣੀ ਘਰ ਵਾਪਸੀ ਕਰ ਲਈ ਹੈ, ਇਸ ਤੋਂ ਪਹਿਲਾਂ ਦਰਬਾਰੀ ਲਾਲ ਨੇ ਪਿਛਲੀਆਂ ਚੋਣਾਂ ਵਿੱਚ ਕਾਂਗਰਸ ਤੋਂ ਬਾਗੀ ਹੋ ਕੇ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ ਸੀ ਅਤੇ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
ਦਰਬਾਰੀ ਲਾਲ ਵੱਲੋਂ ਆਮ ਆਦਮੀ ਪਾਰਟੀ ਦੀ ਟਿਕਟ ਛੱਡਣ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਪਹਿਲਾਂ ਤਾਂ ਦਰਬਾਰੀ ਲਾਲ ਨੂੰ ਬਿਮਾਰ ਕਹਿੰਦੇ ਹੋਏ ਟਿਕਟ ਵਾਪਸ ਲੈਣ ਦਾ ਐਲਾਨ ਕੀਤਾ ਸੀ ਪਰ ਕੁਝ ਦੇਰ ਬਾਅਦ ਹੀ ਆਮ ਆਦਮੀ ਪਾਰਟੀ ਨੇ ਆਪਣਾ ਬਿਆਨ ਬਦਲਦੇ ਹੋਏ ਦਰਬਾਰੀ ਲਾਲ ਨੂੰ ਭ੍ਰਿਸ਼ਟਾਚਾਰੀ ਕਹਿੰਦੇ ਹੋਏ ਟਿਕਟ ਕੈਂਸਲ ਕਰਨ ਦੀ ਗੱਲ ਆਖ ਦਿੱਤੀ।
ਆਮ ਆਦਮੀ ਪਾਰਟੀ ਵੱਲੋਂ ਦਰਬਾਰੀ ਲਾਲ ਨੂੰ ਪਹਿਲਾਂ ਬਿਮਾਰ ਅਤੇ ਫਿਰ ਭ੍ਰਿਸ਼ਟਾਚਾਰੀ ਕਹਿਣ ਦੀ ਗੱਲ ਹਰ ਕਿਸੇ ਦੇ ਸਮਝ ਤੋਂ ਬਾਹਰ ਹੈ ਕਿ ਖ਼ੁਦ ਆਮ ਆਦਮੀ ਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੂੰ ਵੀ ਨਹੀਂ ਪਤਾ ਕਿ ਉਹ ਕਹਿਣਾ ਅਤੇ ਕਰਨਾ ਕੀ ਚਾਹੁੰਦੇ ਹਨ ?
ਦਰਬਾਰੀ ਲਾਲ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਮੌਕੇ ਦੌਰਾਨ ਕੈਪਟਨ ਅਮਰਿੰਦਰ ਨੇ ਦਰਬਾਰੀ ਲਾਲ ਦੀ ਕਾਂਗਰਸ ‘ਚ ਵਾਪਸੀ ਨੂੰ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਲਈ ਇੱਕ ਹੋਰ ਸੱਟ ਕਰਾਰ ਦਿੱਤਾ, ਜਿਹਦੇ ਭ੍ਰਿਸ਼ਟਾਚਾਰ ਤੇ ਸੈਕਸ ਸਕੈਂਡਲਾਂ ‘ਚ ਕਾਬੂ ਕੀਤੇ ਜਾ ਚੁੱਕੇ ਲਾਲਚੀ ਲੋਕਾਂ ਦੇ ਇਕ ਸੰਗਠਨ ਵਜੋਂ ਭਾਂਡਾਫੋੜ ਹੋ ਚੁੱਕਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਦਰਬਾਰੀ ਲਾਲ ਪਾਰਟੀ ਨਾਲ ਉਨਾਂ ਦੀਆਂ ਕੁਝ ਉਚਿਤ ਸ਼ਿਕਾਇਤਾਂ ਕਾਰਨ ਕਾਂਗਰਸ ਛੱਡ ਕੇ ਚਲੇ ਗਏ ਸਨ, ਜਿਨਾਂ ਨੂੰ ਹੁਣ ਸੁਲਝਾ ਲਿਆ ਗਿਆ ਹੈ ਤੇ ਉਨਾਂ ਨੇ ਪਾਰਟੀ ‘ਚ ਸ਼ਾਮਿਲ ਹੋਣ ਅਤੇ ਅੰਮ੍ਰਿਤਸਰ ‘ਚ ਪਾਰਟੀ ਦੇ ਸਾਰੇ ਉਮੀਦਵਾਰਾਂ ਦੀ ਸਹਾਇਤਾ ਕਰਨ ਦਾ ਫੈਸਲਾ ਲਿਆ ਹੈ।
ਜਦਕਿ ਦਰਬਾਰੀ ਲਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨਾਂ ਨੇ ਟਿਕਟ ਦੀ ਇੱਛਾ ਨਾਲ ਪਾਰਟੀ ‘ਚ ਵਾਪਸੀ ਨਹੀਂ ਕੀਤੀ ਹੈ, ਸਗੋਂ ਉਹ ਸੂਬੇ ਦੀ ਸੇਵਾ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਉਨਾਂ ਨੇ ਭ੍ਰਿਸ਼ਟ ਤੇ ਲਾਲਚੀ ਆਪ ਨੂੰ ਛੱਡਣ ਦਾ ਫੈਸਲਾ ਲਿਆ, ਬਾਵਜੂਦ ਇਹਦੇ ਕਿ ਉਨਾਂ ਨੂੰ ਵਿਧਾਨ ਸਭਾ ਚੋਣਾਂ ਲਈ ਅਰਵਿੰਦ ਕੇਜਰੀਵਾਲ ਦੀ ਪਾਰਟੀ ਤੋਂ ਟਿਕਟ ਮਿੱਲ ਗਈ ਸੀ।
ਆਮ ਆਦਮੀ ਪਾਰਟੀ ਨੇ ਦਰਬਾਰੀ ਲਾਲ ਬਾਰੇ ਪਹਿਲਾਂ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਹ ਕਾਫ਼ੀ ਜਿਆਦਾ ਬਿਮਾਰ ਚਲ ਰਹੇ ਹਨ ਅਤੇ ਪਿਛਲੇ 3 ਦਿਨਾਂ ਤੋਂ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਜੇਰੇ ਇਲਾਜ ਹਨ, ਜਿਸ ਕਾਰਨ ਉਹ ਚੋਣ ਲੜ ਨਹੀਂ ਸਕਦੇ ਹਨ ਅਤੇ ਉਨਾਂ ਦੀ ਸਲਾਹ ਨਾਲ ਆਮ ਆਦਮੀ ਪਾਰਟੀ ਆਪਣੀ ਟਿਕਟ ਵਾਪਸ ਲੈਂਦੀ ਹੈ ਪਰ ਕੁਝ ਦੇਰ ਬਾਅਦ ਮੁੜ ਪਾਰਟੀ ਦਾ ਬਿਆਨ ਆਇਆ ਕਿ ਦਰਬਾਰੀ ਲਾਲ ਨੂੰ ਉਹ ਉਨਾਂ ‘ਤੇ ਲਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਸੱਦ ਰਹੀਂ ਸੀ ਪਰ ਉਹ ਪੇਸ਼ ਨਹੀਂ ਹੋ ਰਹੇ ਸਨ, ਇਸ ਲਈ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਠੀਕ ਮੰਨਦੇ ਹੋਏ ਉਹ ਦਰਬਾਰੀ ਲਾਲ ਦੀ ਟਿਕਟ ਰੱਦ ਕਰਦੇ ਹਨ।