ਆਰਥਿਕ ਤੰਗੀਆਂ ‘ਚੋਂ ਨਿੱਕਲ ‘ਇਨਸਾਫ਼ ਦੀ ਕੁਰਸੀ’ ‘ਤੇ ਬੈਠਣਾ ਚਾਹੁੰਦੀ ਏ ਤਰਜਿੰਦਰ

Simirjit Singh Bains

ਕੌਮਾਂਤਰੀ ਮਹਿਲਾ ਦਿਵਸ ‘ਤੇ ਵਿਸ਼ੇਸ਼
ਗੁਰਪ੍ਰੀਤ ਸਿੰਘ ਸੰਗਰੂਰ,
ਉਹ ਤੰਗੀਆਂ-ਤਰੁੱਟੀਆਂ ਕੱਟਦੀ, ਮਾੜੇ ਵਿੱਤੀ ਹਾਲਾਤਾਂ ਨਾਲ ਜੂਝਦੀ, ਸਖ਼ਤ ਮਿਹਨਤ ਨਾਲ ਮਾੜੇ ਸਮਾਜਿਕ ਪ੍ਰਬੰਧਾਂ ‘ਚੋਂ ਨਿੱਕਲ ਕੇ ‘ਇਨਸਾਫ਼ ਦੀ ਕੁਰਸੀ’ ‘ਤੇ ਬੈਠ ਕੇ ਸਮਾਜ ਨੂੰ ਨਿਆਂ ਦੇਣਾ ਚਾਹੁੰਦੀ ਹੈ ਸੰਗਰੂਰ ਦੇ ਇੱਕ ਗਰੀਬ ਪਰਿਵਾਰ ਦੀ ਧੀ ਤਰਜਿੰਦਰ ਆਪਣੀ ਦਿਨ-ਰਾਤ ਦੀ ਸਖ਼ਤ ਮਿਹਨਤ ਪਿੱਛੋਂ ਅੱਜ ਇੱਕ ਅਜਿਹੇ ਮੁਕਾਮ ‘ਤੇ ਪੁੱਜ ਚੁੱਕੀ ਹੈ, ਜਿਸ ਤੋਂ ਬਾਅਦ ਉਸਦਾ ਨਾਂਅ ‘ਵਿਸ਼ੇਸ਼’ ਵਿਅਕਤੀਆਂ ਦੀ ਸ਼੍ਰੇਣੀ ‘ਚ ਸ਼ਾਮਲ ਹੋ ਜਾਵੇਗਾ
ਸ਼ਹਿਰ ਦੇ ਸਲੱਮ ਏਰੀਏ ਸੁੰਦਰ ਬਸਤੀ ਵਿੱਚ ਰਹਿ ਰਹੀ ਆਟੋ ਡਰਾਈਵਰ ਸੁਰਜੀਤ ਸਿੰਘ ਦੀ ਧੀ ਤਰਜਿੰਦਰ ਦਾ ਸੁਫਨਾ ਪੀਸੀਐੱਸ (ਜੂਡੀਸ਼ਰੀ) ਕਰਕੇ ਜੱਜ ਬਣਨ ਦਾ ਹੈ ਤੇ ਆਪਣੇ ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਉਸ ਨੇ ਇੱਕ ਤਿਹਾਈ ਸਫ਼ਰ ਪੂਰਾ ਵੀ ਕਰ ਲਿਆ ਹੈ ਔਖੀ ਮੰਨੀ ਜਾਂਦੀ ਇਸ ਪ੍ਰੀਖਿਆ ਦੇ ਤਿੰਨ ਪੜਾਵਾਂ ‘ਚੋਂ ਇੱਕ ਪੜਾਅ ਪੂਰਾ ਕਰਕੇ ਉਹ ਪੂਰੇ ਹੌਂਸਲੇ ਨਾਲ ਅੱਗੇ ਵਧ ਰਹੀ ਹੈ ਤਰਜਿੰਦਰ ਦਾ ਨਿਸ਼ਾਨਾ ਹੁਣ ਬਾਕੀ ਪੜਾਵਾਂ ਨੂੰ ਸਫ਼ਲਤਾਪੂਰਵਕ ਸਰ ਕਰਨ ਦਾ ਹੈ, ਜਿਸ ਦੇ ਲਈ ਉਸ ਨੇ ਦਿਨ-ਰਾਤ ਇੱਕ ਕੀਤਾ ਹੋਇਆ ਹੈ
‘ਸੱਚ ਕਹੂੰ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਤਰਜਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਬਚਪਨ ਤੋਂ ਹੀ ਇਹ ਸੁਫਨਾ ਸੀ ਕਿ ਉਹ ਵੱਡੀ ਹੋ ਕੇ ਜੱਜ ਬਣੇ ਤੇ ਆਪਣੇ ਸੁਫਨੇ ਨੂੰ ਪੂਰਾ ਕਰਨ ਲਈ ਉਹ ਮੁੱਢਲੀ ਪੜ੍ਹਾਈ ਤੋਂ ਲੈ ਕੇ ਹੁਣ ਤੱਕ ਉਸੇ ਮਿਹਨਤ ਨਾਲ ਜੁਟੀ ਹੋਈ ਹੈ ਤਰਜਿੰਦਰ ਨੇ ਪੀਸੀਐੱਸ ਜੂਡੀਸ਼ਰੀ ਪ੍ਰੀਖਿਆ ਦਾ ਪਹਿਲਾ ਟੈਸਟ ‘ਪ੍ਰੀ’ ਪਾਸ ਕਰ ਲਿਆ ਹੈ ਇਸ ਤੋਂ ਬਾਅਦ ‘ਮੇਨ’ ਪੜਾਅ ਤੇ ‘ਇੰਟਰਵਿਊ’ ਹੀ ਬਾਕੀ ਰਹਿ ਰਹੇ ਹਨ
ਹਰੇਕ ਪ੍ਰੀਖਿਆ ‘ਚੋਂ ਤਰਜਿੰਦਰ ਨੇ ਅੱਵਲ ਦਰਜਾ (ਫਸਟ ਡਵੀਜ਼ਨ) ਹਾਸਲ ਕੀਤਾ ਤਰਜਿੰਦਰ ਨੇ ਦੱਸਿਆ ਕਿ ਘਰ ਦੀ ਗਰੀਬੀ ਕਾਰਨ ਉਸ ਨੇ ਕਿਸੇ ਵੀ ਕਲਾਸ ‘ਚ ਟਿਊਸ਼ਨ ਨਹੀਂ ਰੱਖੀ
ਘਰ ਦੀ ਮਾੜੀ ਆਰਥਿਕ ਸਥਿਤੀ ਬਾਰੇ ਤਰਜਿੰਦਰ ਕਹਿੰਦੀ ਹੈ ਕਿ ਘਰ ਦੀ ਗਰੀਬੀ ਕਾਰਨ ਪੜ੍ਹਾਈ ‘ਚ ਉਸ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਉਸ ਦੇ ਪਿਤਾ ਆਟੋ ਚਲਾ ਕੇ ਆਪਣੇ 5 ਜੀਆਂ ਦੇ ਟੱਬਰ ਦਾ ਗੁਜ਼ਾਰਾ ਕਰ ਰਹੇ ਹਨ ਤੇ ਅਜਿਹੇ ਹਾਲਾਤਾਂ ‘ਚ ਕਾਲਜਾਂ ਦੀਆਂ ਫੀਸਾਂ, ਮਹਿੰਗੀਆਂ ਕਿਤਾਬਾਂ ਖਰੀਦਣਾ ਉਨ੍ਹਾਂ ਦੇ ਪਰਿਵਾਰ ਲਈ ਵਿੱਤੋਂ ਬਾਹਰ ਜਾਣ ਵਾਲੀ ਗੱਲ ਸੀ ਪਰ ਉਸ ਦੇ ਪਿਤਾ ਤੇ ਭਰਾਵਾਂ ਨੇ ਪੈਸੇ ਪੱਖੋਂ ਕੋਈ ਮੁਸ਼ਕਿਲ ਪੇਸ਼ ਆਉਣ ਨਹੀਂ ਦਿੱਤੀ, ਜਿਸ ਕਾਰਨ ਉਹ ਹੁਣ ਤੱਕ ਪੂਰੇ ਹਂੌਸਲੇ ਨਾਲ ਪੜ੍ਹਾਈ ‘ਚ ਅੱਗੇ ਵਧ ਰਹੀ ਹੈ
ਗਿਆਰ੍ਹਵੀਂ ਕਲਾਸ ‘ਚ ਪੜ੍ਹਦਾ ਤਰਜਿੰਦਰ ਦਾ ਭਰਾ ਹਰਜੀਤ ਵੀ ਆਪਣੀ ਵੱਡੀ ਭੈਣ ਦੇ ਨਕਸ਼ੇ ਕਦਮਾਂ ‘ਤੇ ਚੱਲ ਰਿਹਾ ਹੈ ਹਰਜੀਤ ਨੇ ਦੱਸਿਆ ਕਿ ਉਹ ਅਕਸਰ ਆਪਣੀ ਭੈਣ ਕੋਲੋਂ ਹੀ ਪੜ੍ਹਦਾ ਹੈ ਉਸ ਨੇ ਦੱਸਿਆ ਕਿ ਜਿਸ ਸਰਲ ਤਰੀਕੇ ਨਾਲ ਤਰਜਿੰਦਰ ਉਸ ਨੂੰ ਪੜ੍ਹਾ ਦਿੰਦੀ ਹੈ, ਉਹ ਕੋਈ ਹੋਰ ਟੀਚਰ ਨਹੀਂ ਪੜ੍ਹਾ ਸਕਦਾ

ਆਪਣੀ ਧੀ ‘ਤੇ ਪੂਰਾ ਭਰੋਸਾ: ਸੁਰਜੀਤ ਸਿੰਘ
ਤਰਜਿੰਦਰ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਬੇਸ਼ੱਕ ਘੱਟ ਕਮਾਈ ਹੋਣ ਕਾਰਨ ਉਹ ਆਪਣੇ ਬੱਚਿਆਂ ਨੂੰ ਹੋਰਨਾਂ ਬੱਚਿਆਂ ਵਾਂਗ ਸਹੂਲਤਾਂ ਨਹੀਂ ਦੇ ਸਕਦਾ ਪਰ ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਤੋਂ ਕਦੇ ਵੀ ਪਿੱਛੇ ਨਹੀਂ ਹਟਿਆ ਉਸ ਨੇ ਦੱਸਿਆ ਕਿ ਉਸ ਨੂੰ ਆਪਣੀ ਧੀ ਤਰਜਿੰਦਰ ‘ਤੇ ਪੂਰਾ ਭਰੋਸਾ ਹੈ ਕਿ ਉਹ ਇੱਕ ਦਿਨ ਉਨ੍ਹਾਂ ਦਾ ਨਾਂਅ ਜ਼ਰੂਰ ਚਮਕਾਏਗੀ ਤੇ ਉਹ ਆਪਣੀ ਧੀ ਦੇ ਸੁਫਨੇ ਨੂੰ ਪੂਰਾ ਕਰਨ ਲਈ ਇੱਕ ਪਿਤਾ ਵਾਂਗ ਹਰ ਪੱਧਰ ‘ਤੇ ਜਾ ਕੇ ਕੋਸ਼ਿਸ਼ ਕਰੇਗਾ
ਟੀਵੀ ਦਾ ਸ਼ੌਕ ਘੱਟ, ਅਖ਼ਬਾਰ ਪੜ੍ਹਨਾ ਆਦਤ: ਤਰਜਿੰਦਰ
ਇਸ ਮੌਕੇ ਤਰਜਿੰਦਰ ਕੌਰ ਨੇ ਦੱਸਿਆ ਕਿ ਪੀਸੀਐੱਸ ਦੀ ਤਿਆਰੀ ਲਈ ਉਸ ਨੁੰ ਪੜ੍ਹਾਈ ‘ਚ ਕਾਫ਼ੀ ਸਮਾਂ ਦੇਣਾ ਪੈਂਦਾ ਹੈ ਦੇਰ ਰਾਤ ਜਾਗ ਕੇ ਤੇ ਸਵੇਰੇ ਜਲਦੀ ਜਾਗ ਕੇ ਸਿਲੇਬਸ ਪੂਰਾ ਕੀਤਾ ਜਾ ਰਿਹਾ ਹੈ ਤਰਜਿੰਦਰ ਦੱਸਦੀ ਹੈ ਕਿ ਲਗਾਤਾਰ ਪੜ੍ਹਾਈ ਪਿਛੋਂ ਥੋੜ੍ਹਾ ਬਹੁਤ ਤਰੋਤਾਜ਼ਾ ਹੋਣ ਲਈ ਉਹ ਆਪਣੀ ਮਾਤਾ ਨਾਲ ਘਰ ਦੇ ਕੰਮ ‘ਚ ਹੱਥ ਵੀ ਵਟਾ ਲੈਂਦੀ ਹੈ ਤਰਜਿੰਦਰ ਨੂੰ ਟੀਵੀ ਵੇਖਣ ਦਾ ਸ਼ੌਕ ਬੇਹੱਦ ਘੱਟ ਹੈ ਪਰ ਅਖ਼ਬਾਰ ਪੜ੍ਹਨਾ ਉਸ ਦੀ ਰੋਜ਼ਮਰ੍ਹਾ ਦੀ ਆਦਤ ‘ਚ ਸ਼ਾਮਲ ਹੈ