ਇਨੈਲੋ-ਅਕਾਲੀ ਨੌਟੰਕੀਬਾਜ਼ : ਵਿੱਜ, ਜ਼ੁਬਾਨ ਨਹੀਂ, ਹੱਥ ਚਲਾਓ : ਚੀਮਾ

SYL

ਇਨੈਲੋ ਦੀ ਧਮਕੀ ਦੇ ਮਾਮਲੇ ‘ਚ ਹਰਿਆਣਾ ਤੇ ਪੰਜਾਬ ਦੇ ਮੰਤਰੀਆਂ ਨੇ ਖਿੱਚੀਆਂ ਸ਼ਬਦੀ ਤਲਵਾਰਾਂ
ਚੰਡੀਗੜ੍ਹ, ਅਸ਼ਵਨੀ ਚਾਵਲਾ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਲੈ ਕੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਇਨੈਲੋ ‘ਤੇ ਤਿੱਖੇ ਹਮਲੇ ਕਰਨ ਦੇ ਨਾਲ ਹੀ ਪੰਜਾਬ ਦੀ ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਆਪਣੇ ਨਿਸ਼ਾਨੇ ‘ਤੇ ਲੈ ਲਿਆ ਹੈ, ਜਿਸ ਨੂੰ ਦੇਖ ਕੇ ਅਕਾਲੀ ਦਲ ਨੇ ਵੀ ਅਨਿਲ ਵਿੱਜ ਨੂੰ ਹੱਦ ਵਿੱਚ ਰਹਿਣ ਦੀ ਸਲਾਹ ਦਿੰਦੇ ਹੋਏ ਜੁਬਾਨ ਦੀ ਥਾਂ ‘ਤੇ ਹੱਥ ਚਲਾਉਣ ਲਈ ਕਿਹਾ ਹੈ ਤਾਂ ਕਿ ਹਰਿਆਣਾ ਦਾ ਬਾਰਡਰ ਪਾਰ ਕਰਦੇ ਹੋਏ ਇਨੈਲੋ ਦੇ ਵਰਕਰ ਪੰਜਾਬ ਵਿੱਚ ਦਾਖ਼ਲ ਹੋਣ ਦੀ ਕੋਸ਼ਸ਼ ਨਾ ਕਰ ਸਕਣ।
ਇਨੈਲੋ ਵੱਲੋਂ 23 ਫਰਵਰੀ ਨੂੰ ਹਰਿਆਣਾ ਦੀ ਹੱਦ ਨੂੰ ਪਾਰ ਕਰਕੇ ਪੰਜਾਬ ਵਿੱਚ ਜਾ ਕੇ ਸਤਲੁਜ ਯਮੁਨਾ ਲਿੰਕ ਨਹਿਰ ਦੀ ਕੱਢਣ ਦਾ ਕੰਮ ਖ਼ੁਦ ਕਰਨ ਦੇ ਐਲਾਨ ਤੋਂ ਬਾਅਦ ਦੋਵੇਂ ਸੂਬਿਆਂ ਵਿੱਚ ਸਿਆਸਤ ਕਾਫ਼ੀ ਜ਼ਿਆਦਾ ਤੇਜ਼ ਹੋ ਗਈ ਹੈ, ਜਿਸ ਨੂੰ ਲੈ ਕੇ ਸੋਮਵਾਰ ਨੂੰ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਇਨੈਲੋ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੂਰੀ ਜਾਣਕਾਰੀ ਹੈ ਕਿ ਇਹ ਮੈਚ ਫਿਕਸ ਹੈ ਅਤੇ ਇਨੈਲੋ ਨੌਟਕੀਬਾਜ਼ ਹੈ ਅਤੇ ਸਿਰਫ਼ ਐੱਸ.ਵਾਈ.ਐੱਲ. ਦੇ ਮੁੱਦੇ ‘ਤੇ ਨੋਟੰਕੀ ਹੀ ਕੀਤੀ ਜਾ ਰਹੀ ਹੈ ਤਾਂ ਕਿ ਹਰਿਆਣਾ ਵਿੱਚ ਖ਼ਾਤਮੇ ਦੀ ਕਗਾਰ ‘ਤੇ ਪੁੱਜੀ ਇਨੈਲੋ ਰਾਜਨੀਤਕ ਜ਼ਮੀਨ ਵਿੱਚ ਕੁਝ ਰਾਹਤ ਹਾਸਲ ਕਰ ਸਕੇ ਪਰ ਉਨ੍ਹਾਂ ਨੂੰ ਵੀ ਜਾਣਕਾਰੀ ਹੈ ਕਿ ਕਿਹੜੀ ਇਨੈਲੋ ਨੇ
ਪੰਜਾਬ ਵਿੱਚ ਜਾ ਕੇ ਐਸ.ਵਾਈ.ਐਲ. ਦੀ ਪੁਟਾਈ ਕਰਨੀ ਹੈ ਅਤੇ ਕਿਹੜੇ ਅਕਾਲੀ ਦਲ ਨੇ ਲਾਲ ਰੰਗ ਲਗਾ ਕੇ ਡੰਡੇ ਮਾਰਨੇ ਹਨ ਤਾਂ ਕਿ ਇੰਜ ਲਗੇ ਕਿ ਉਨਾਂ ਦਾ ਖੂਨ ਬਾਹਰ ਆ ਗਿਆ ਹੈ, ਜਿਸ ਨਾਲ ਫੋਟੋ ਚੰਗੀ ਆ ਜਾਵੇਗੀ।
ਅਨਿਲ ਵਿੱਜ ਵਲੋਂ ਇਨੈਲੋਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ‘ਤੇ ਹਮਲਾ ਕਰਨ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਸਖ਼ਤ ਇਤਰਾਜ਼ ਜ਼ਾਹਿਰ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਦੇ ਮੰਤਰੀਆਂ ਨੂੰ ਆਪਣੀ ਜੁਬਾਨ ਚਲਾਉਣ ਦੀ ਥਾਂ ‘ਤੇ ਹੱਥ ਚਲਾਉਂਦੇ ਹੋਏ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਇਨੈਲੋਂ ਹਰਿਆਣਾ ਬਾਰਡਰ ਪਾਰ ਕਰਦੇ ਹੋਏ ਪੰਜਾਬ ਦਾ ਮਾਹੌਲ ਖ਼ਰਾਬ ਨਾ ਕਰ ਸਕੇ।
ਉਨਾਂ ਕਿਹਾ ਕਿ ਇਹ ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਹੈ ਕਿ ਨੌਟਕੀ ਕੌਣ ਕਰ ਰਿਹਾ ਹੈ ਅਤੇ ਪਾਣੀ ਨੂੰ ਬਚਾਉਣ ਲਈ ਕਾਰਵਾਈ ਕੌਣ ਕਰ ਰਿਹਾ ਹੈ। ਉਨਾਂ ਕਿਹਾ ਕਿ ਹੁਣ ਐਸ.ਵਾਈ.ਐਲ. ਦਾ ਮੁੱਦਾ ਹੀ ਨਹੀਂ ਹੈ, ਜਦੋਂ ਜਮੀਨ ਹੀ ਕਿਸਾਨਾਂ ਨੂੰ ਵਾਪਸ ਹੋ ਗਈ ਹੈ।
ਫੌਜ ਵੀ ਲੱਗ ਜਾਵੇ, ਤਾਂ ਵੀ ਨਹਿਰ ਕੱਢਾਂਗੇ : ਇਨੈਲੋ
ਇਨੈਲੋ ਦੇ ਲੀਡਰਾਂ ਨੇ ਹਰਿਆਣਾ ਪੰਜਾਬ ਬਾਰਡਰ ‘ਤੇ ਭਾਰੀ ਪੁਲਿਸ ਬਲ ਦੀ ਮੌਜੂਦਗੀ ਤੋਂ ਬਾਅਦ ਵੀ ਇਹ ਕਹਿ ਦਿੱਤਾ ਹੈ ਕਿ ਪੁਲਿਸ ਬਲ ਤਾਂ ਦੂਰ ਭਾਵੇਂ ਫੌਜ ਵੀ ਬਾਰਡਰ ‘ਤੇ ਲੱਗ ਜਾਵੇ ਤਾਂ ਵੀ ਇਨੈਲੋ ਪੰਜਾਬ ਵਿੱਚ ਦਾਖ਼ਲ ਹੋ ਕੇ ਐਸ.ਵਾਈ.ਐਲ. ਨਹਿਰ ਦੀ ਪੁਟਾਈ ਸ਼ੁਰੂ ਕਰਕੇ ਆਪਣੇ ਵੱਲੋਂ ਕੀਤੇ ਗਏ ਐਲਾਨ ਨੂੰ ਪੂਰਾ ਕਰੇਗੀ। ਇਸ ਲਈ ਭਾਵੇਂ ਉਨ੍ਹਾਂ ਨੂੰ ਕੋਈ ਵੀ ਹੱਦ ਨੂੰ ਪਾਰ ਕਿਉਂ ਨਾ ਕਰਨਾ ਪਵੇ।