ਈਟੀਟੀ ਅਧਿਆਪਕਾਂ ‘ਤੇ ਲਾਠੀਚਾਰਜ

Benefit, Charges ,  ETT,  Teachers

12 ਬੇਰੁਜ਼ਗਾਰ ਅਧਿਆਪਕ ਹੋਏ ਜ਼ਖ਼ਮੀ, ਛੇ ਪੁਲਿਸ ਮੁਲਾਜ਼ਮ ਵੀ ਹੋਏ ਜ਼ਖਮੀ

ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ/ਸੰਗਰੂਰ।

ਆਪਣੀਆਂ ਮੰਗਾਂ ਸਬੰਧੀ ਪਿਛਲੇ ਕਈ ਦਿਨਾਂ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਹਲਕੇ ਵਿੱਚ ਧਰਨਾ ਲਾਈ ਬੈਠੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ , ਜਿਸ ‘ਤੇ ਪੁਲਿਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕਰ ਦਿੱਤਾ, ਜਿਸ ਨਾਲ ਬਾਰਾਂ ਬੇਰੁਜ਼ਗਾਰ ਅਧਿਆਪਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਧੱਕਾ-ਮੁੱਕੀ ਵਿੱਚ ਛੇ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਸਬੰਧੀ ਬੇਰੁਜ਼ਗਾਰ ਈਟੀਟੀ ਅਧਿਆਪਕ ਧਰਨਾ ਲਾਈ ਬੈਠੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਣ ‘ਤੇ ਅੱਜ ਉਨ੍ਹਾਂ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਅਧਿਆਪਕਾਂ  ਦੇ ਕਾਫਲੇ ਨੂੰ ਰੋਕਣ ਲਈ ਬੈਰੀਕੇਡ ਲਾ ਕੇ ਬਠਿੰਡਾ-ਚੰਡੀਗੜ੍ਹ ਬਾਈਪਾਸ ‘ਤੇ ਹੀ ਰੋਕ ਲਿਆ, ਪਰ ਰੋਸ ‘ਚ ਆਏ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਲੰਘ ਕੇ ਕੋਠੀ ਤੱਕ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪਾਣੀ ਦੀਆਂ ਬੁਛਾੜਾਂ ਛੱਡੀਆਂ ਅਤੇ ਇਸ ਤੋਂ ਬਾਅਦ ਲਾਠੀਚਾਰਜ਼ ਕਰਕੇ ਉਨ੍ਹਾਂ ਨੂੰ ਖਦੇੜ ਦਿੱਤਾ। ਪੁਲਿਸ ਦੁਆਰਾ ਕੀਤੇ ਲਾਠੀਚਾਰਜ ਵਿੱਚ ਬੇਰੁਜ਼ਗਾਰ ਅਧਿਆਪਕ ਹਰਪ੍ਰੀਤ ਸਿੰਘ ਪਟਿਆਲਾ,  ਦੇਸ ਰਾਜ ਜਲੰਧਰ,  ਗੁਰਸਿਮਰਤ ਸਿੰਘ  ਸੰਗਰੂਰ,  ਉਮੇਸ਼ ਕੋਟਕਪੂਰਾ,  ਸੁਖਦੇਵ ਸਿੰਘ,  ਗੁਰਪ੍ਰੀਤ ਸਿੰਘ ਕੰਬੋਜ,  ਮਣੀ ਸੰਗਰੂਰ,  ਮਨਦੀਪ ਕੌਰ,  ਸੁਖਦੀਪ ਕੌਰ, ਜਸਵਿੰਦਰ ਕੌਰ,  ਸੋਨੀਆ, ਰਾਜਵੀਰ ਕੌਰ,  ਸੁਰਜੀਤ ਕੌਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਇਸ ਤੋਂ ਇਲਾਵਾ ਅਧਿਆਪਕਾਂ ਨਾਲ ਹੋਈ ਧੱਕਾ-ਮੁੱਕੀ ਵਿੱਚ ਟਰੈਫਿਕ ਪੁਲਿਸ ਦੇ ਏਐਸਆਈ ਪਵਨ ਕੁਮਾਰ, ਐਸ.ਐਚ.ਓ. ਲਹਿਰਾ ਸਤਨਾਮ ਸਿੰਘ, ਮਹਿਲਾ ਮੁਲਾਜ਼ਮ ਸ਼ੁਭਦੀਪ ਕੌਰ,  ਗਗਨਦੀਪ ਕੌਰ,  ਗੁਰਦੀਪ ਕੌਰ ਅਤੇ ਅਮਨਦੀਪ ਕੌਰ ਜ਼ਖ਼ਮੀ ਹੋ ਗਈ, ਜਿਨ੍ਹਾਂ ਨੂੰ ਵੀ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ।

ਇਸ ਤੋਂ ਬਾਅਦ ਫਿਰ ਬੇਰੁਜ਼ਗਾਰ ਅਧਿਆਪਕ ਦੁਬਾਰਾ ਕੋਠੀ ਦੇ ਮੋੜ ‘ਤੇ ਆ ਕੇ ਧਰਨੇ ‘ਤੇ ਬੈਠ ਗਏ ਅਤੇ ਸਰਕਾਰ,  ਸਿੱਖਿਆ ਮੰਤਰੀ  ਅਤੇ ਸਿੱਖਿਆ ਸਕੱਤਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਕੇ ਆਪਣੀ ਭੜਾਸ ਕੱਢੀ। ਪੁਲਿਸ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਦੀ ਕੋਠੀ ਤੱਕ ਪੁੱਜਣ ਤੋਂ ਰੋਕਣ ਲਈ ਤਿੰਨ ਥਾਵਾਂ ‘ਤੇ ਪੁਲਿਸ ਜਵਾਨਾਂ ਦਾ ਸਲੈਬ ਬਣਾ ਕੇ ਤਾਇਨਾਤ ਕੀਤਾ ਹੋਇਆ ਸੀ। ਰੱਸੀਆਂ ਦੀ ਮੱਦਦ ਨਾਲ ਬੈਰੀਕੇਡ ਲਾ ਕੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਸੀ,  ਤਾਂ ਕਿ ਕੋਈ ਵੀ ਵਿਅਕਤੀ ਇਨ੍ਹਾਂ ਨੂੰ ਟੱਪ ਕੇ ਕੋਠੀ ਤੱਕ ਨਾ ਪਹੁੰਚ ਸਕੇ।  ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਡੰਡੇ ਦੇ ਜ਼ੋਰ ‘ਤੇ ਉਨ੍ਹਾਂ ਦਾ ਸੰਘਰਸ਼ ਦਬਾਉਣਾ ਚਾਹੁੰਦੀ ਹੈ ਪਰ ਇਹ ਉਨ੍ਹਾਂ ਦੀ ਵੱਡੀ ਭੁੱਲ ਹੈ ਕਿ ਸੰਘਰਸ਼ ਨੂੰ ਡਾਂਗ ਦੇ ਜ਼ੋਰ ‘ਤੇ ਦਬਾਇਆ ਜਾ ਸਕਦਾ ਹੈ।

ਇਹ ਨੇ ਅਧਿਆਪਕਾਂ ਦੀਆਂ ਮੰਗਾਂ :

ਈਟੀਟੀ ਟੈਟ ਪਾਸ ਅਧਿਆਪਕ ਮੰਗ ਕਰ ਰਹੇ ਹਨ ਸਰਕਾਰ ਵੱਲੋਂ ਈਟੀਟੀ ਅਧਿਆਪਕਾਂ ਦੀ ਭਰਤੀ ਵੇਲੇ ਬੀਏ ਦੀ ਯੋਗਤਾ ਲਾਜ਼ਮੀ ਕੀਤੀ ਗਈ ਹੈ, ਉਹ ਰੱਦ ਹੋਵੇ। ਵਿਕਲਾਂਗ ਤੇ ਸੁਤੰਤਰਤਾ ਸੈਨਾਨੀ ਦੀਆਂ 161 ਬੈਕਲਾਗ ਦੀਆਂ ਅਸਾਮੀਆਂ ਤੇ ਐਸ.ਸੀ. ਕੈਟਾਗਿਰੀ ਦੀਆਂ 595 ਬੈਕਲਾਗ ਦੀਆਂ ਅਸਾਮੀਆਂ ਜੋ ਕਿ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਰ੍ਹਵੀਂ, ਈਟੀਟੀ, ਟੈਟ ਪਾਸ ਦੇ ਅਧਾਰ ‘ਤੇ ਹੀ ਕੀਤੀ ਜਾਵੇ। ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।