ਉਹ ਇੱਕ ਦਿਨ ਜ਼ਿੰਦਗੀ ਦਾ!

ਉਹ ਇੱਕ ਦਿਨ ਜ਼ਿੰਦਗੀ ਦਾ! (That one day of life!)

ਜੇ ਉਹ ਸਫ਼ਰ ਆਖਰੀ ਵੀ ਹੁੰਦਾ ਹੈ, ਤਾਂ ਮਲਾਲ ਨਹੀਂ
ਮਿਤੀ: 16 ਮਾਰਚ, 2020
ਸਮਾਂ: ਸ਼ਾਮ ਕਰੀਬ 6 ਵਜੇ। ਭਾਰਤੀ ਨਿਊਜ਼ ਚੈਨਲਾਂ ‘ਤੇ ਕੋਰੋਨਾ ਦਾ ਆਤੰਕ ਬੁਰੀ ਤਰ੍ਹਾਂ ਗਹਿਰਾਇਆ ਹੋਇਆ। ਚੀਨ ਤੋਂ ਚੱਲ ਕੇ ਇਟਲੀ ਤੇ ਹੋਰ ਦੇਸ਼ਾਂ ਨੂੰ ਆਪਣੀ ਲਪੇਟ ‘ਚ ਲੈਂਦੀ ਹੋਈ ਮਹਾਂਮਾਰੀ ਭਾਰਤ ਦੀਆਂ ਜੂਹਾਂ ‘ਚ ਘੁਸਪੈਠ ਕਰਦੀ, ਪੰਜਾਬ ‘ਚ ਪ੍ਰਵੇਸ਼ ਕਰ ਚੁੱਕੀ ਹੈ। ਲਾਗ ਨਾਲ ਫੈਲਣ ਵਾਲੀ ਮੌਤ ਰੂਪੀ ਇਸ ਭਿਆਨਕ ਬਿਮਾਰੀ ਤੋਂ ਬਚਣ ਲਈ ਇੱਕੋ-ਇੱਕ ਉਪਾਅ ‘ਘਰ ਰਹੋ, ਸੁਰੱਖਿਅਤ ਰਹੋ’ ਦਾ ਨਾਅਰਾ ਬੁਲੰਦ ਹੋ ਰਿਹਾ। ਮੇਰੇ ਮੁਬਾਇਲ ਦੀ ਸਕ੍ਰੀਨ ‘ਤੇ ਅਣਪਛਾਤਾ ਨੰਬਰ ਫਲੈਸ਼ ਹੋਇਆ।
‘ਕੌਣ ਹੋਵੇ?’

ਉਹ ਇੱਕ ਦਿਨ ਜ਼ਿੰਦਗੀ ਦਾ! (That one day of life!)

One Day Life

ਉਹ ਇੱਕ ਦਿਨ ਜ਼ਿੰਦਗੀ ਦਾ! (That one day of life!)

ਸ਼ਸ਼ੋਪੰਜ ‘ਚ ਕਾਲ ਅਟੈਂਡ ਕੀਤੀ। ਅੱਗੋਂ ਮਾਖਿਓਂ ਮਿੱਠੀ ਆਵਾਜ਼ ‘ਚ ਪਿਆਰੀ ਸਾਹਿਤਕਾਰ ਸਖੀ ਹਰਕੀਰਤ ਕੌਰ ਚਾਹਲ ਬੋਲ ਰਹੀ,
”ਦੀਪਤੀ, ਸੌਰੀ ਡੀਅਰ! ਸ਼ੌਰਟ ਟਾਈਮ ‘ਚ ਇਨਫ਼ਾਰਮ ਕਰ ਰਹੀ ਹਾਂ, ਪਰ ਪ੍ਰੋਗਰਾਮ ਹੀ ਹੁਣੇ ਫ਼ਾਈਨਲ ਹੋਇਐ। ਆਪਾਂ ਕੁਝ ਕਹਾਣੀਕਾਰ ਕੱਲ੍ਹ ਜਲੰਧਰ ਮਿਲ ਰਹੇ ਹਾਂ।” ”ਅੱਛਾ, ਖੁਸ਼ੀ ਦੀ ਗੱਲ ਹੈ, ਪਰ ਕੌਣ-ਕੌਣ? ਕੀ, ਪਲਾਨਿੰਗ ਕੀ ਹੈ?” ਮੈਂ ਪੁੱਛਿਆ। ”ਪਲਾਨਿੰਗ ਕੁਝ ਖਾਸ ਨਹੀਂ। ਸਿੱਧਾ ਪ੍ਰੇਮ ਪ੍ਰਕਾਸ਼ (ਸਾਡੇ ਸਿਰਮੌਰ ਕਹਾਣੀਕਾਰ) ਜੀ ਦੇ ਘਰ ਚੱਲਾਂਗੇ। ਉਨ੍ਹਾਂ ਨਾਲ ਗੱਲਾਂ-ਬਾਤਾਂ। ਫਿਰ ਪ੍ਰੇਮ ਮਾਨ ਸਾਹਿਬ ਦੀ ਕਿਤਾਬ ਰਿਲੀਜ਼ ਕਰਾਂਗੇ। ਬਾਕੀ…” ਉਹ ਬੋਲ ਰਹੀ ਸੀ ਤੇ ਮੇਰੀ ਸੁਰਤੀ ਪ੍ਰੇਮ ਪ੍ਰਕਾਸ਼ ਦੇ ਖ਼ਿਆਲਾਂ ਦੀ ਤਸਬੀ ਫੇਰਨ ਲੱਗੀ।

That one day of life!

ਮਨ ਬੋਲਿਆ, ”ਨਦੀ ਨਾਮ ਸੰਯੋਗੀ ਮੇਲੇ। ਚੱਲ ਦੀਪਤੀ, ਹੁਣੇ ਹੀ ਤੁਰ ਚੱਲੀਏ।” ਪਰ ਖੜੇ ਪੈਰ ਹਾਂ/ਨਾਂਹ ਦਾ ਦਵੰਦ ਉਲਝਣ ਬਣ ਗਿਆ। ਮੈਂ ਹਰਕੀਰਤ ਨੂੰ ‘ਕੁਝ ਚਿਰ ਬਾਦ ਦੱਸਦੀ ਹਾਂ’ ਕਹਿ ਕੇ ਫ਼ੋਨ ਬੰਦ ਕੀਤਾ ਤੇ ‘ਜਾਵਾਂ/ਨਾ ਜਾਵਾਂ’ ਦੀ ਚਰਖੜੀ ਚੜ੍ਹ ਗਈ।
ਘਰ ਦੇ ਕਹਿਣ, ਖ਼ਬਰਾਂ ਆ ਰਹੀਆਂ ਮਾੜੀਆਂ। ਕੋਰੋਨਾ ਦੀ ਦਬਮਾਰੀ ਆ ਗਈ ਪੰਜਾਬ ‘ਚ ਵੀ। ਛੱਡ ਪਰਾਂ। ਹੋਰ ਨਾ ਕੋਈ ਮੁਸੀਬਤ ਚੁੱਕ ਲਿਆਈਂ ਘਰ।

ਉਹ ਆਪਣੀ ਥਾਂ ਠੀਕ, ਪਰ ਮੇਰਾ ਦਿਲ ਬਗਾਵਤ ‘ਤੇ ਉਤਾਰੂ। ਆਪਣੇ-ਆਪ ਨਾਲ ਰਾਏ ਕੀਤੀ ਤੇ ਇੱਕ ਤੀਰ ਨਾਲ ਦੋ ਨਿਸ਼ਾਨੇ ਵਿੰਨ੍ਹਣ ਦਾ ਸੋਚ ਕੇ ਮੈਂ ਹਰਕੀਰਤ ਨੂੰ ਵਾਪਸ ਫ਼ੋਨ ਮਿਲਾ ਦਿੱਤਾ। ”ਹਰਕੀਰਤ ਜੀ, 22 ਮਾਰਚ ਨੂੰ ਪ੍ਰੀਤ ਨਗਰ ਸਾਲਾਨਾ ਸਮਾਗਮ ਹੈ। ਉੱਥੇ ਵੀ ਜਾਣਾ ਹੈ, ਆਪਾਂ ਇੰਝ ਨਾ ਕਰੀਏ ਕਿ 22 ਮਾਰਚ ਦਾ ਹੀ ਪ੍ਰੋਗਰਾਮ ਜਲੰਧਰ ਦਾ ਬਣਾ ਲਈਏ। ਪਹਿਲਾਂ ਜਲੰਧਰ ਰੁਕ ਕੇ ਫਿਰ ਪ੍ਰੀਤ ਨਗਰ ਪਹੁੰਚ ਚੱਲਾਂਗੇ।” ”ਨਹੀਂ ਯਾਰ, ਹੁਣ ਪ੍ਰੋਗਰਾਮ ਬਣ ਗਿਆ ਕੱਲ੍ਹ ਜਲੰਧਰ ਦਾ। 22 ਮਾਰਚ ਵਾਲਾ ਬਾਦ ‘ਚ ਦੇਖਾਂਗੇ ਕੀ ਕਰਨਾ? ਤੁਸੀਂ ਆ ਜਾਉ ਕੱਲ੍ਹ ਜਲੰਧਰ।” ਹਰਕੀਰਤ ਨੇ ਫ਼ਾਈਨਲ ਫ਼ੈਸਲਾ ਸੁਣਾਇਆ।

ਉਹ ਇੱਕ ਦਿਨ ਜ਼ਿੰਦਗੀ ਦਾ! (That one day of life!)

”ਹੋਰ ਕੌਣ-ਕੌਣ ਆ ਰਿਹੈ?” ਮੈਂ ਜਾਣਨਾ ਚਾਹਿਆ।
”ਇੱਧਰੋਂ ਮੈਂ ਤੇ ਕਹਾਣੀਕਾਰ ਜਤਿੰਦਰ ਹਾਂਸ ਹੋਵਾਂਗੇ। ਉੱਧਰੋਂ ਡਾ. ਸਰਘੀ ਤੇ ਕਹਾਣੀਕਾਰ ਤ੍ਰਿਪਤਾ ਕੇ. ਸਿੰਘ ਪਹੁੰਚ ਜਾਣਗੇ ਬਾਬੇ ਪ੍ਰੇਮ ਪ੍ਰਕਾਸ਼ ਦੇ ਡੇਰੇ। ਭੀੜ ‘ਚ ਗੱਲ-ਬਾਤ ਦਾ ਮਜ਼ਾ ਨਹੀਂ ਆਉਂਦਾ।” ਆਪਣੀ ਰੂਹ ਦੇ ਹਾਣੀਆਂ ਦੇ ਨਾਂਅ ਸੁਣਦੇ ਹੀ ਮੈਂ ਮਨ ਬਣਾ ਲਿਆ ‘ਜੋ ਵੀ ਹੋਵੇ ਜਾਣਾ ਹੀ ਜਾਣਾ ਹੈ।’ ਤੇ ਹਰਕੀਰਤ ਨੂੰ ਆਪਣੀ ਪਹੁੰਚ ਦੀ ਹਾਂ ਕਰਕੇ ਫ਼ੋਨ ਬੰਦ ਕਰ ਦਿੱਤਾ।

ਉਹ ਇੱਕ ਦਿਨ ਜ਼ਿੰਦਗੀ ਦਾ! (That one day of life!)

ਘਰ ਦਿਆਂ ਨੂੰ ਕਿਹਾ, ਮੇਰਾ ਕੱਲ੍ਹ ਜਲੰਧਰ ਜਾਣਾ ਬਹੁਤ ਜ਼ਰੂਰੀ ਹੈ। ਦੱਸੋ ਕੌਣ ਚੱਲੇਗਾ ਮੇਰੇ ਨਾਲ?
ਸਾਰਿਆਂ ਨੇ ਨਾਂਹ ‘ਚ ਸਿਰ ਹਿਲਾ ਦਿੱਤਾ। ਇਸ ਦਾ ਮਤਲਬ ਸੀ ਕਾਰ ‘ਤੇ ਜਾਣ ਵਾਲੀ ਆਪਸ਼ਨ ਖ਼ਤਮ। ਕਿਵੇਂ ਜਾਵਾਂ? ਮੇਰਾ ਦਿਲ ਬੈਠਣ ਲੱਗਿਆ ਤੇ ਸੋਚਿਆ ਹਰਕੀਰਤ ਨੂੰ ਫ਼ੋਨ ਕਰਕੇ ਨਾਂਹ ਹੀ ਕਰ ਦੇਵਾਂ। ਬੱਚਿਆਂ ਨੂੰ ਪੁੱਛਿਆ, ਕਿਵੇਂ ਕਰਾਂ?

ਆਖਣ, ਮੰਮਾ ਜਾਉ, ਥੋੜ੍ਹੀ ਆਊਟਿੰਗ ਹੋ ਜਾਏਗੀ। ਜਾ ਆਉ। ਜ਼ਿਆਦਾ ਗੱਲ ਏ, ਤਾਂ ਡਰਾਈਵਰ ਲੈ ਜਾਉ। ਨਹੀਂ ਤਾਂ ਵੋਲਵੋ ਬੱਸ ‘ਤੇ ਚਲੇ ਜਾਉ ਆਰਾਮ ਨਾਲ। ਮਨ ‘ਚ ਆਇਆ ਕਿੰਨੇ ਢੀਠ ਨੇ। ਇਹ ਨਹੀਂ ਨਾਲ ਚੱਲ ਪੈਣ, ਆਉਣਾ-ਜਾਣਾ ਤਾਂ ਕਰਨੈ। ਮੈਂ ਆਪਣੇ ਦਿਲ ਦੇ ਮਹਿਰਮਾਂ ਨੂੰ ਮਿਲ ਲਵਾਂਗੀ, ਤੁਸੀਂ ਆਪਣਾ ਘੁੰਮ-ਫਿਰ ਲੈਣਾ। ਲੱਖ ਦਲੀਲਾਂ ਦੇ ਬਾਵਜ਼ੂਦ ਕਿਸੇ ਨੇ ਹਾਮੀ ਨਾ ਭਰੀ।
ਬੱਸ ‘ਤੇ ਆਉਣਾ-ਜਾਣਾ ਡੋਬੂ ਪਾਵੇ। ਉੱਧਰੋਂ ਇਕੱਠੇ ਹੋ ਰਹੇ ਸਾਥੀਆਂ ਦੇ ਚਿਹਰੇ ਅੱਖਾਂ ਅੱਗੇ ਘੁੰਮਣ ਤੇ ਜਲੰਧਰ ਖਿੱਚ ਪਾਵੇ।
ਦਿਮਾਗ ‘ਚ ਆਇਆ ਪੁੱਛ ਵੇਖਾਂ ਹਰਕੀਰਤ ਨੇ ਕਿਹੜੇ ਰਾਹ ਜਾਣਾ ਹੈ? ਜੇ ਮੋਹਾਲੀ ਦੇ ਨੇੜੇ-ਤੇੜੇ ਦੇ ਰਾਹ ਤੋਂ ਜਾ ਰਹੇ ਹੋਣ, ਤਾਂ ਨਾਲ ਹੀ ਲੈ ਜਾਣ। ਹਰਕੀਰਤ ਨੂੰ ਫਿਰ ਫ਼ੋਨ ਮਿਲਾ ਲਿਆ।

That one day of life!

ਕਹਿਣ ਲੱਗੀ, ਜਾਣਾ ਤਾਂ ਕਾਰ ‘ਤੇ ਹੀ ਹੈ, ਪਰ ਲੁਧਿਆਣਾ ਤੋਂ ਜਲੰਧਰ। ਮੁਹਾਲੀ ਆਊਟ ਆਫ਼ ਦ ਵੇਅ ਪੈ ਜਾਣਾ। ਜਾਂ ਤਾਂ ਮੇਰੇ ਕੋਲ ਆ ਜਾਉ ਇੱਧਰ ਜਾਂ ਫਿਰ ਤੁਸੀਂ ਬੱਸ ‘ਤੇ ਆ ਜਾਉ। ਅਸੀਂ ਤੁਹਾਨੂੰ ਰਾਹ ‘ਚੋਂ ਲੈ ਲਵਾਂਗੇ। ਮੈਨੂੰ ਰਾਹ ‘ਚੋਂ ਉਨ੍ਹਾਂ ਨਾਲ ਰਲਣ ਵਾਲੀ ਆਪਸ਼ਨ ਠੀਕ ਲੱਗੀ। ਬੱਸ ਫਿਰ, ਦ੍ਰਿੜ ਸੰਕਲਪ ਹੋ ਮੈਂ ਅਗਲੇ ਦਿਨ ਬੱਸ ‘ਤੇ ਜਾਣ ਦੀ ਤਿਆਰੀ ਕਰ ਲਈ। ਸਵੇਰੇ 10 ਵਜੇ ਸਭ ਨੇ ਜਲੰਧਰ ਪਹੁੰਚਣਾ ਸੀ। ਮੈਂ ਹਰਕੀਰਤ ਹੁਰਾਂ ਨਾਲ ਸਮਾਂ ਮਿਥ ਕੇ ਸਵੇਰੇ 7 ਵਜੇ ਦੇ ਆਸ-ਪਾਸ ਜਲੰਧਰ ਲਈ ਚੱਲਣ ਵਾਲੀ ਵੋਲਵੋ ਬੱਸ ਪਕੜਨ ਦਾ ਫ਼ੈਸਲਾ ਕਰ ਲਿਆ। ਸਾਰੀ ਰਾਤ ਖ਼ਿਆਲਾਂ ਦੇ ਰੱਥ ‘ਤੇ ਕਹਾਣੀਕਾਰ ਸਾਥੀ ਸਵਾਰ ਰਹੇ। ਨੀਂਦ ਉੱਸਲਵੱਟਿਆਂ ਦੇ ਲੇਖੇ ਲੱਗ ਗਈ।

17 ਮਾਰਚ, 2020

17 ਮਾਰਚ, 2020 ਸਵੇਰੇ ਕਰੀਬ ਸੱਤ ਵਜੇ ਮੈਂ 43 ਸੈਕਟਰ ਦੇ ਬੱਸ ਅੱਡੇ ‘ਤੇ ਜਾ ਪਹੁੰਚੀ। ਹਮੇਸ਼ਾ ਧੱਕਾ-ਮੁੱਕੀ ਰਹਿਣ ਵਾਲੇ ਬੱਸ ਅੱਡੇ ‘ਤੇ ਭੀੜ ਨਾ-ਮਾਤਰ। ਜ਼ਿਆਦਾਤਰ ਲੋਕਾਂ ਨੇ ਮੂੰਹ ਢੱਕੇ ਹੋਏ ਤੇ ਇੱਕ-ਦੂਜੇ ਨੂੰ ਝਾਕਦੀਆਂ ਅੱਖਾਂ ਵੀ ਕੁਝ ਡਰੀਆਂ-ਸਹਿਮੀਆਂ ਜਿਹੀਆਂ। ਮੈਨੂੰ ਪਹਿਲੀ ਵਾਰ ਟੈਲੀਵਿਜ਼ਨ ਤੇ ਮੁਬਾਇਲ ਫ਼ੋਨ ‘ਚ ਫੈਲੇ ਕੋਰੋਨਾ ਆਤੰਕ ਨੇ ਭੈਅਭੀਤ ਕੀਤਾ ਚਾਣਚੱਕ ਹੀ ਮੇਰੇ ਹੱਥ ਨੇ ਫ਼ੈਸ਼ਨ ਲਈ ਮੋਢੇ ‘ਤੇ ਲਟਕਾਈ ਚੁੰਨੀ ਦਾ ਪੱਲਾ ਫੜਿਆ ਤੇ ਮੇਰਾ ਨੱਕ-ਮੂੰਹ ਢੱਕ ਦਿੱਤਾ। ਬੱਸ ਚੜ੍ਹਾਉਣ ਆਏ ਬੇਟੇ ਦੇ ਮੂੰਹ ‘ਤੇ ਮਾਸਕ ਨਹੀਂ ਸੀ। ਨਾ ਉਹ ਰੁਮਾਲ ਲੈ ਕੇ ਆਇਆ ਸੀ। ਮੈਨੂੰ ਉਸ ਦੀ ਫ਼ਿਕਰ ਹੋਈ ਤੇ ਕਾਹਲੀ ਨਾਲ ਕਾਊਂਟਰ ਤੋਂ ਟਿਕਟ ਲੈ ਕੇ ਮੈਂ ਬੱਸ ‘ਚ ਸਵਾਰ ਹੋ, ਉਸ ਨੂੰ ਘਰ ਜਾ ਕੇ ਨਹਾਉਣ ਦੀ ਹਿਦਾਇਤ ਕਰ ਦਿੱਤੀ।

That one day of life!

ਬੱਸ ਦੇ ਚੱਲਣ ਵਿੱਚ ਸ਼ਾਇਦ ਸਮਾਂ ਬਾਕੀ ਸੀ। ਮੇਰੇ ਤੋਂ ਪਹਿਲਾਂ ਚਾਰ-ਪੰਜ ਸਵਾਰੀਆਂ ਹੀ ਬੈਠੀਆਂ ਸਨ। ਮੈਂ ਆਪਣੀ ਟਿਕਟ ਨੰਬਰ ਅਨੁਸਾਰ ਵਿੰਡੋ ਸੀਟ ‘ਤੇ ਜਾ ਬੈਠੀ। ਸਵਾਰੀਆਂ ਦੇ ਕੱਜੇ ਹੋਏ ਮੂੰਹ ਵੇਖ ਮੈਂ ਵੀ ਰੁਮਾਲ ਕੱਢਿਆ ਤੇ ਮੂੰਹ ‘ਤੇ ਬੰਨ੍ਹ ਲਿਆ। ਕਰੀਬ ਡੇਢ ਸਾਲ ਬਾਦ ਬੱਸ ‘ਚ ਬੈਠਣ ‘ਤੇ ਅਹਿਸਾਸ ਹੋਇਆ ਕਿ ਵਾਕਿਆ ਹੀ ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ। ਮੋਗਾ ਨੌਕਰੀ ਦੌਰਾਨ ਮੋਹਾਲੀ ਤੋਂ ਮੋਗਾ ਦੇ ਲਗਾਤਾਰ ਬੱਸ ‘ਚ ਕੀਤੇ ਸਫ਼ਰ ਦੌਰਾਨ ਪੜ੍ਹਨਾ-ਲਿਖਣਾ ਮੇਰੀ ਜੜ੍ਹ ਹੋ ਗਿਆ। ਬੱਸ ‘ਚ ਬੈਠਦੇ ਹੀ ਖ਼ਿਆਲ ਉਡਾਰੀ ਹਾਵੀ ਹੋਣ ਲੱਗੀ। ਆਸੇ-ਪਾਸੇ ਤੋਂ ਬੇਫ਼ਿਕਰ ਹੋ ਮੈਂ ਮੁਬਾਇਲ ਕੱਢਿਆ। ਫੇਸਬੁੱਕ ਖੋਲ੍ਹੀ ਤੇ ਮਨਪਸੰਦ ਪੋਸਟਾਂ ਪੜ੍ਹਦੇ-ਪੜ੍ਹਦੇ, ‘ਇੱਥੇ ਕੁਝ ਲਿਖੋ’ ਆਪਣੀ ਪ੍ਰੋਫਾਈਲ ਬਾਕਸ ‘ਤੇ ਨਜ਼ਰ ਗਈ ਤੇ ਉਂਗਲਾਂ ਟਾਈਪ ਕਰਨ ਲੱਗੀਆਂ,

ਮੈਨੂੰ ਨਕਸ਼ ਮਿਲੇ
ਮੇਰੀ ਮਾਂ ਦੇ
ਤੇ ਕਦਮ ਮਿਲੇ
ਬਾਪ ਦੇ
ਤਾਂ ਹੀ ਭੀੜ ਪਵੇ
ਭਾਵੇਂ ਲੱਖ ਭਾਰੀ
ਮੈਂ ਹੱਸ ਕੇ
ਔਝੜਾਂ ‘ਚ
ਰਸਤੇ ਭਾਲ ਲੈਂਦੀ ਹਾਂ।

ਉਹ ਇੱਕ ਦਿਨ ਜ਼ਿੰਦਗੀ ਦਾ! (That one day of life!)

ਪੋਸਟ ਅੱਪਡੇਟ ਕੀਤੀ। ਲਾਈਕ, ਕੁਮੈਂਟ ਦਾ ਸਿਲਸਿਲਾ ਸ਼ੁਰੂ। ਫੇਸਬੁੱਕ ਫਰੈਂਡ ਹਮਸਫ਼ਰ ਹੋਣ ਲੱਗੇ। ਇਕੱਲ ਦਾ ਅਹਿਸਾਸ ਗਾਇਬ।
ਇੰਨੇ ਨੂੰ ਮੇਰੇ ਨਾਲ ਵਾਲੀ ਸੀਟ ‘ਤੇ ਇੱਕ ਬਜ਼ੁਰਗ ਮਹਿਲਾ ਆ ਕੇ ਬੈਠ ਗਈ। ਬੱਸ ਚੜ੍ਹਾਉਣ ਆਈ ਕੁੜੀ ਉਸ ਨੂੰ ਵਾਰ-ਵਾਰ ਮਾਸਕ ਪਾ ਕੇ ਰੱਖਣ ਤੇ ਵਕਤ ਸਿਰ ਦਵਾਈ ਖਾ ਲੈਣ ਦੀ ਹਿਦਾਇਤ ਕਰ ਰਹੀ ਸੀ। ਉਸ ਨੇ ਕੁੜੀ ਨੂੰ ਆਪਣਾ ਖ਼ਿਆਲ ਰੱਖਣ ਦੀ ਤਸੱਲੀ ਦੁਆਈ। ਕੁੜੀ ਭੌਂ-ਭੌਂ ਮਹਿਲਾ ਨੂੰ ਵੇਖਦੀ ਬੱਸ ‘ਚੋਂ ਹੇਠਾਂ ਉੱਤਰ ਗਈ। ਮੈਨੂੰ ਉਹ ਔਰਤ ਸੱਚਮੁੱਚ ਬਿਮਾਰ ਲੱਗੀ। ਸਾਰੇ ਰਾਹ, ਕੁਝ ਦੇਰ ਬਾਦ ਉਸ ਨੂੰ ਬੁਰੀ ਤਰ੍ਹਾਂ ਖਾਂਸੀ ਛਿੜਦੀ ਤੇ ਉਹ ਤਕਲੀਫ਼ ਵਿੱਚ ਊਂਘਣ ਲੱਗਦੀ। ਮੈਂ ਉਸ ਤੋਂ ਜਿੰਨਾ ਕੁ ਫ਼ਾਸਲਾ ਹੋ ਸਕਦਾ ਸੀ, ਬਣਾਉਂਦੀ ਬਾਰੀ ਵਾਲੇ ਪਾਸੇ ਇਕੱਠੀ ਜਿਹੀ ਹੋ ਕੇ ਮੂੰਹ-ਸਿਰ ਗਲ ਪਾਈ ਚੁੰਨੀ ਨਾਲ ਲਪੇਟ ਲਿਆ।

ਉਹ ਇੱਕ ਦਿਨ ਜ਼ਿੰਦਗੀ ਦਾ! (That one day of life!)

ਟਾਈਮ ਪਾਸ ਕਰਨ ਲਈ ਮੈਂ ਮੁਬਾਇਲ ‘ਤੇ ਡੇਲੀ ਅੱਪਡੇਟਸ ਫਰੋਲਣ ਲੱਗੀ। ਕੋਰੋਨਾ-ਕੋਰੋਨਾ ਹੋਈ ਪਈ। ਇਟਲੀ ਤੋਂ ਆਏ ਕੋਰੋਨਾ ਪਾਜ਼ਿਟਿਵ ਪਾਏ ਗਏ ਮਰੀਜ਼ ਦੀ ਲਾਗ ਅੰਮ੍ਰਿਤਸਰ, ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ‘ਚ ਦਹਿਸ਼ਤ ਦੀ ਗਰਦ ਚੜ੍ਹਾਉਣ ਲੱਗੀ ਸੀ। ਮੈਂ ਧਿਆਨ ਵਟਾਉਣ ਲਈ ਘਰ ਫ਼ੋਨ ਕਰਕੇ ਖ਼ੈਰ-ਖ਼ਬਰ ਲਈ। ਫਿਰ ਹਰਕੀਰਤ ਨੂੰ ਮੈਸੇਜ ਕਰਕੇ ਆਪਣੀ ਰਵਾਨਗੀ ਦੀ ਇਤਲਾਹ ਦਿੱਤੀ। ਜਲੰਧਰ ਤੋਂ ਹੋਣ ਕਰਕੇ ਅਗਲਾ ਸੁਨੇਹਾ ਭਗਵੰਤ ਰਸੂਲਪੁਰੀ ਨੂੰ ਲਾਇਆ, ਪੁੱਛਣ ਲਈ ਕਿ ਕੀ ਉਹ ਵੀ ਕਹਾਣੀਕਾਰਾਂ ਦੀ ਮਹਿਫ਼ਿਲ ‘ਚ ਪਹੁੰਚ ਰਹੇ ਹਨ। ਉਨ੍ਹਾਂ ਦਾ ਜਵਾਬ ਆਇਆ, ਮੈਂ ਕੱਲ੍ਹ ਪ੍ਰੇਮ ਪ੍ਰਕਾਸ਼ ਹੁਰਾਂ ਕੋਲ ਹੀ ਸਾਂ। ਮੈਨੂੰ ਦੋਗਲੇ ਜਿਹੇ ਜਵਾਬ ਤੋਂ ਸਮਝ ਨਾ ਆਈ ਕਿ ਅੱਜ ਆਉਣਾ ਹੈ ਜਾਂ ਨਹੀਂ। ਜੇ ਆ ਜਾਂਦੇ ਤਾਂ ਆਪਣੀ ਕਹਾਣੀਆਂ ਦੀ ਨਵੀਂ ਛਪੀ ਕਿਤਾਬ ਹੀ ਦੇ ਦਿੰਦੀ।

ਚਲੋ ਛੱਡੋ, ਜੇ ਆ ਗਏ ਤਾਂ ਦੇ ਦਿਆਂਗੀ, ਨਹੀਂ ਵਾਪਸ ਮੋੜ ਲਿਆਵਾਂਗੀ। ਮੈਂ ਬੈਗ ਦੀ ਜਿੱਪ ਖੋਲ੍ਹ ਕੇ ‘ਪਿੱਛਾ ਰਹਿ ਗਿਆ ਦੂਰ’ ਦੀਆਂ ਦੋ ਕਾਪੀਆਂ ਚੈੱਕ ਕੀਤੀਆਂ, ਤੇ ਜਿੱਪ ਬੰਦ ਕਰਕੇ ਹਰਕੀਰਤ ਦਾ ਜਵਾਬ ਉਡੀਕਣ ਲੱਗੀ। ਬੰਗਾ ਪਾਰ ਕਰ ਜਾਣ ਤੱਕ ਕੋਈ ਜਵਾਬ ਨਾ ਆਇਆ। ਬੱਸ ‘ਚ ਸਵਾਰ ਸਵਾਰੀਆਂ ਇਸ ਕਦਰ ਕੋਰੋਨਾ ਦੀ ਦਹਿਸ਼ਤ ਵਿੱਚ ਸਨ, ਕੋਈ ਥੋੜ੍ਹਾ ਜਿਹਾ ਵੀ ਖੰਘਦਾ ਜਾਂ ਫ਼ੋਨ ‘ਤੇ ਗੱਲ ਕਰਦਿਆਂ ਗਲਾ ਖੰਗੂਰਦਾ ਬਾਕੀ ਦੀਆਂ ਸਵਾਰੀਆਂ ਦੇ ਕੰਨ੍ਹ ਖੜ੍ਹੇ ਹੋ ਜਾਂਦੇ ਤੇ ਇੱਧਰ-ਉੱਧਰ ਸਿਰ ਘੁਮਾ ਕੇ ਵੇਖਣ ਲੱਗਦੇ, ਜਿਵੇਂ ਥੋੜ੍ਹੀ ਦੂਰੀ ‘ਤੇ ਬੈਠੀ ਕੋਰੋਨਾ ਲਾਗ ਉਨ੍ਹਾਂ ‘ਤੇ ਧਾਵਾ ਬੋਲਣ ਲਈ ਨਿਸ਼ਾਨਾ ਸੇਧ ਰਹੀ ਹੋਵੇ। ਮੇਰੇ ਨਾਲ ਬੈਠੀ ਔਰਤ ਨੂੰ ਹਰ ਥੋੜ੍ਹੀ ਦੇਰ ਬਾਦ ਫ਼ੋਨ ਆਉਂਦਾ। ਉਸ ਦੇ ਜਵਾਬ ਤੋਂ ਲੱਗਦਾ ਉਸ ਦੇ ਘਰ ਦੇ ਉਸ ਦੀ ਤਬੀਅਤ ਨੂੰ ਲੈ ਕੇ ਕਾਫ਼ੀ ਚਿੰਤਤ ਸਨ। ਉਹ ਹਰ ਵਾਰ ਆਪਣੇ ਠੀਕ ਹੋਣ ਦੀ ਤਸੱਲੀ ਦੁਆਉਂਦੀ। ਫ਼ੋਨ ਬੰਦ ਕਰਦੀ ਤੇ ਮੂੰਹ-ਸਿਰ ਲਪੇਟ ਕੇ ਸਿਰ ਸੀਟ ‘ਤੇ ਸੁੱਟ ਲੈਂਦੀ। ਇੱਧਰ ਹਰਕੀਰਤ ਦਾ ਨਾ ਕੋਈ ਫ਼ੋਨ ਆਇਆ ਨਾ ਮੈਸੇਜ ਦਾ ਜਵਾਬ।

ਚੱਲਦਾ….
ਦੀਪਤੀ ਬਬੂਟਾ, ਮੁਹਾਲੀ, 98146-70707

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.