ਐਸਡੀਓ ਤੇ ਜੇਈ ਰਿਸ਼ਵਤ ਲੈਂਦੇ ਕਾਬੂ

ਸੱਚ ਕਹੂੰ ਨਿਊਜ਼ ਚੰਡੀਗੜ੍ਹ, 
ਪੰਜਾਬ ਵਿਜੀਲੈਂਸ ਬਿਊਰੋ ਨੇ ਪੀ.ਐੱਸ.ਪੀ.ਸੀ.ਐੱਲ. ਦੇ ਐੱਸ.ਡੀ.ਓ. ਅਤੇ ਜੇ.ਈ. ਨੂੰ 9000 ਰੁਪਏ ਦੀ ਰਿਸ਼ਵਤ ਸਮੇਤ ਰੰਗੇ-ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮਨਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਰਿਹਾਣਾ ਜੱਟਾਂ, ਜ਼ਿਲ੍ਹਾ ਕਪੂਰਥਲਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਨ੍ਹਾਂ ਨੇ ਪਿੰਡ ਦੇ ਡੇਰੇ ਨੂੰ ਆਉਂਦੀ ਬਿਜਲੀ ਦੀ ਸਪਲਾਈ ਲਈ ਵੱਡਾ ਟਰਾਂਸਫ਼ਾਰਮਰ ਰਖਵਾਉਣ ਲਈ ਦਰਖ਼ਾਸਤ ਦਿੱਤੀ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਗੁਰਜਿੰਦਰ ਸਿੰਘ ਐਸ.ਡੀ.ਓ. ਪੀ.ਐਸ.ਪੀ.ਸੀ.ਐਲ. ਰਿਹਾਣਾ ਜੱਟਾਂ ਨੇ ਨਵਾਂ ਟਰਾਂਸਫ਼ਾਰਮਰ ਰਖਵਾ ਦਿੱਤਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਟਰਾਂਸਫ਼ਾਰਮਰ ਫ਼ਿੱਟ ਕਰਕੇ ਚਾਲੂ ਕਰਨ ਬਦਲੇ ਐੱਸ.ਡੀ.ਓ. ਨੇ ਆਪਣੇ ਅਤੇ ਆਪਣੇ ਅਧੀਨ ਤੈਨਾਤ ਜੇ.ਈ. ਬਲਵੀਰ ਚੰਦ ਲਈ 10,000 ਰੁਪਏ ਦੀ ਮੰਗ ਕੀਤੀ ਸੀ ਅਤੇ ਸੌਦਾ 9000 ਰੁਪਏ ‘ਚ ਤੈਅ ਹੋਇਆ ਸੀ। ਸ਼ਿਕਾਇਤ ‘ਤੇ ਕਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਅੱਜ ਐੱਸ.ਡੀ.ਓ. ਗੁਰਜਿੰਦਰ ਸਿੰਘ ਅਤੇ ਜੇ.ਈ. ਬਲਵੀਰ ਚੰਦ ਨੂੰ ਮੁਦੱਈ ਪਾਸੋਂ 9000 ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਵਿਰੁੱਧ ਥਾਣਾ ਵਿਜੀਲਂੈਸ ਬਿਊਰੋ ਜਲੰਧਰ ਵਿਖੇ ਪੀ.ਸੀ. ਐਕਟ ਦੀ ਧਾਰਾ 7,13 (2) ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।