ਔਰਤਾਂ ਵੀ ਹੋਣ ਪੁਰਸ਼ਾਂ ਦੇ ਬਰਾਬਰ ਦੀਆਂ ਹੱਕਦਾਰ

ਦੁਨੀਆਂ ‘ਚ ਅੱਠ ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਵਜੋਂ ਮਨਾਇਆ ਜਾਦਾ ਹੈ ਇਹ ਦਿਨ ਔਰਤਾਂ ਦੇ ਹੱਕਾਂ ਦੀ ਰਾਖੀ ਅਤੇ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦੇਣ ਲਈ ਮਨਾਇਆ ਜਾਦਾ ਹੈ ਸੰਨ 1909 ‘ਚ ਨਿਊਯਾਰਕ ‘ਚ ਪਹਿਲੀ ਵਾਰ 28 ਫਰਵਰੀ ਨੂੰ ਕੌਮੀ ਔਰਤ ਦਿਵਸ ਮਨਾਇਆ ਗਿਆ ਉੱਥੋਂ ਦੀ ਸੋਸ਼ਲਿਸਟ ਪਾਰਟੀ ਨੇ ਨਿਊਯਾਰਕ ‘ਚ ਕੰਮਕਾਜੀ ਔਰਤਾਂ ਦੁਆਰਾ ਆਪਣੇ ਹੱਕ ਲਈ ਕੀਤੇ ਧਰਨੇ ਦੇ ਸਨਮਾਨ ‘ਚ ਇਹ ਦਿਨ ਮਨਾਇਆ ਸੀ 1975 ‘ਚ ਸੰਯੁਕਤ ਰਾਸ਼ਟਰ ਨੇ ਇਸ ਸਾਲ ਨੂੰ ਕੌਮਾਂਤਰੀ ਔਰਤ ਵਰ੍ਹਾ ਐਲਾਨਿਆ ਤੇ ਅੱਠ ਮਾਰਚ ਨੂੰ ਵਿਸ਼ਵ ਔਰਤ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਸੀ ਵੀਹ ਸਾਲ ਪਹਿਲਾਂ ਸੰਸਾਰ ਦੇ 189 ਦੇਸ਼ਾਂ ਨੇ ਔਰਤਾਂ ਦੇ ਹੱਕਾਂ ਦੀ ਰਾਖੀ ਤੇ ਸਨਮਾਨ ਹਿੱਤ ਇਕਰਾਰਨਾਮੇ ‘ਤੇ ਦਸਤਖ਼ਤ ਕੀਤੇ ਸਨ ਇਸ ਦੇ ਬਾਵਜੂਦ ਵੀ ਅਜੋਕੀ ਔਰਤ ਹਰ ਪੱਖੋਂ ਵਧੀਕੀਆਂ ਦੀ ਸ਼ਿਕਾਰ ਹੈ
ਸਾਡੇ ਦੇਸ਼ ‘ਚ ਔਰਤ ਨੂੰ ਸਤਿਕਾਰਿਆ ਜਾਂਦਾ ਹੈ ਤੇ ਪੂਜਾ ਕੀਤੀ ਜਾਂਦੀ ਹੈ ਰੱਖੜੀ ਦਾ ਤਿਉਹਾਰ ਤੇ ਹੋਰ ਰੀਤੀ ਰਿਵਾਜ ਸਾਨੂੰ ਔਰਤਾਂ ਪ੍ਰਤੀ ਸਾਡੀ ਪ੍ਰਤੀਬੱਧਤਾ ਦਾ ਅਹਿਸਾਸ ਕਰਾਉਂਦੇ ਹਨ ਪਰ ਇਸ ਦੇ ਬਾਵਜ਼ੂਦ ਔਰਤ ਦੀ ਦਸ਼ਾ ਨਿੱਘਰੀ ਹੋਈ ਹੈ ਰਾਜਨੀਤੀ ‘ਚ ਔਰਤਾਂ ਲਈ 33 ਫ਼ੀਸਦੀ ਰਾਖਵਾਂਕਰਨ ਹੈ ਪਰ ਅਜੇ ਵੀ ਰਾਜਨੀਤੀ ‘ਚ ਔਰਤਾਂ ਦੀ ਸ਼ਮੂਲੀਅਤ ਘੱਟ ਹੈ ਪਿੰਡਾਂ ‘ਚ ਮਹਿਲਾ ਸਰਪੰਚ ਸਿਰਫ਼ ਨਾਂਅ ਦੀਆਂ ਸਰਪੰਚ ਹਨ ਕਿਉਂਕਿ ਪੰਚਾਇਤ ਦਾ ਕੰਮਕਾਜ ਉਨ੍ਹਾਂ ਦੇ ਪਤੀ ਕਰਦੇ ਹਨ ਦਲਿਤ ਮਹਿਲਾ ਨੇਤਾਵਾਂ ਨੂੰ ਤਾਂ ਲੋਕ ਕੁਝ ਸਮਝਦੇ ਹੀ ਨਹੀਂ ਹਨ , ਉਹ ਜੇਕਰ ਕੋਈ ਅਜ਼ਾਦ ਤੌਰ ‘ਤੇ ਫੈਸਲਾ ਲੈਂਦੀਆਂ ਵੀ ਹਨ ਤਾਂ ਉਸ ‘ਤੇ ਅਮਲ ਨਹੀਂ ਹੁੰਦਾ ਅਕਸਰ ਔਰਤਾਂ ਨੂੰ ਮਾੜੀ ਸ਼ਬਦਾਵਲੀ ਨਾਲ ਸੰਬੋਧਨ ਕੀਤਾ ਜਾਂਦਾ ਹੈ
ਔਰਤਾਂ ਦੀ ਸੁਰੱਖਿਆ ਦਾ ਮੁੱਦਾ ਖਾਸ ਕਰ ਕੇ ਵਿਚਾਰਨਯੋਗ ਹੈ, ਅਜੋਕੇ ਅਗਾਂਹਵਧੂ ਯੁੱਗ ਅੰਦਰ ਔਰਤਾਂ ਦੀ ਸੁਰੱਖਿਆ ਅੱਜ ਵੀ ਸ਼ੱਕ ਦੇ ਘੇਰੇ ਹੇਠ ਹੈ ਜਿਸ ਦੀ ਸ਼ੁਰੂਆਤ ਉਸ ਦੇ ਜਨਮ ਤੋਂ ਪਹਿਲਾਂ ਹੀ ਹੋ ਜਾਂਦੀ ਹੈ ਜਨਮ ਤੋਂ ਬਾਦ ਜਵਾਨੀ ‘ਚ ਪੈਰ ਧਰਦੇ ਹੀ ਸਮਾਜ ਦੇ ਖੁਦਗਰਜ਼ ਲੋਕਾਂ ਦੀਆਂ ਗੰਦੀਆਂ ਨਜ਼ਰਾਂ ਤੇ ਹਰਕਤਾਂ ਦੀ ਸ਼ਿਕਾਰ ਹੁੰਦੀ ਹੈ ਇੱਕ ਅਨੁਮਾਨ ਅਨੁਸਾਰ ਸੰਸਾਰ ਅੰਦਰ ਔਸਤਨ ਤੇਜ਼ਾਬ ਸੁੱਟਣ ਦੇ 1500 ਕੇਸ ਹਰ ਸਾਲ ਰਿਕਾਰਡ ਹੁੰਦੇ ਹਨ ਭਾਰਤ ‘ਚ ਸੰਨ 2002-10 ਤੱਕ 174 ਤੇਜ਼ਾਬ ਸੁੱਟਣ ਦੇ ਕੇਸ ਸਾਹਮਣੇ ਆਏ ਜੋ ਸਰਕਾਰੀ ਫਾਈਲਾਂ ਦੇ ਨਾਲ ਸਮਾਜਿਕ ਚਿਹਰੇ ਮੋਹਰੇ ਨੂੰ ਕਰੂਪ ਕਰਦੇ ਹਨ
ਦਿੱਲੀ ‘ਚ 16 ਦਸੰਬਰ 2012 ਨੂੰ ਦਾਮਿਨੀ ਨਾਲ ਚੱਲਦੀ ਬੱਸ ‘ਚ ਬੱਸ ਅਮਲੇ ਵੱਲੋਂ ਜੋ ਦਰਿੰਦਗੀ ਕੀਤੀ ਗਈ ਸੀ , ਉਸ ਤੋਂ ਪੂਰਾ ਦੇਸ਼ ਵਾਕਫ਼ ਹੈ ਤੇਰਾਂ ਦਿਨ ਦੀ ਜੱਦੋ-ਜਹਿਦ ਮਗਰੋਂ ਉਸਨੇ ਦਮ ਤੋੜ ਦਿੱਤਾ ਸੀ ਪਰ ਦੁਰਾਚਾਰ ਦੀਆਂ ਸ਼ਿਕਾਰ ਔਰਤਾਂ ਲਈ ਇਨਸਾਫ਼ ਦੀ ਜੰਗ ਛੇੜ ਗਈ ਸੀ ਰੋਸ ਪ੍ਰਦਰਸ਼ਨ ਹੋਏ ਸਰਕਾਰ ਹਰਕਤ ‘ਚ ਆਈ, ਕਨੂੰਨ ‘ਚ ਤਬਦੀਲੀ ਹੋਈ ਅਤੇ ਫਾਸਟ ਟ੍ਰੈਕ ਕੋਰਟਾਂ ਦੀ ਸਥਾਪਨਾ ਹੋਈ ਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਉਦੋਂ ਜਾਪਦਾ ਸੀ ਕਿ ਹੁਣ ਦੇਸ਼ ਅੰਦਰ ਔਰਤਾਂ ਸੁਰੱਖਿਅਤ ਹੋ ਜਾਣਗੀਆਂ ਪਰ ਅਜਿਹਾ ਹੋਇਆ ਨਹੀਂ ਇਸ ਘਟਨਾ ਤੋਂ ਕੁਝ ਸਮੇਂ ਬਾਦ ਹੀ ਦਿੱਲੀ ਫਿਰ ਸ਼ਰਮਸਾਰ ਹੋਈ ਇੱਕ ਬੱਸ ਡਰਾਇਵਰ ਵੱਲੋਂ ਬੱਸ ‘ਚ ਪੰਜ ਸਾਲਾ ਬੱਚੀ ਨਾਲ ਦੁਸ਼ਕਰਮ ਕੀਤਾ ਗਿਆ ਕੇਰਲਾ ਦੇ ਪੇਰੰਬਾਵੂਰ ‘ਚ ਕਾਨੂੰਨ ਦੀ ਦਲਿਤ ਵਿਦਿਆਰਥਣ ਜੀਸ਼ਾ ਨਾਲ ਬੇਰਹਿਮ ਦਰਿੰਦਿਆਂ ਨੇ ਦਰਿੰਦਗੀ ਦੀਆਂ ਸਭ ਹੱਦਾਂ ਪਾਰ ਕੀਤੀਆਂ ਤੇ ਬੀਤੀ 28 ਅਪਰੈਲ 2016 ਨੂੰ ਉਸ ਲੜਕੀ ਦੀ ਲਾਸ਼ ਬੜੀ ਹੀ ਮਾੜੀ ਹਾਲਤ ‘ਚ ਮਿਲੀ ਦੁੱਖ ਦੀ ਗੱਲ ਇਹ ਹੈ ਕਿ ਇਸ ਮਾਮਲੇ ‘ਚ ਵੀ ਕੌਮੀ ਮੀਡੀਆ ਸੁੱਤਾ ਰਿਹਾ ਹੈ ਸਿਰਫ਼ ਕੇਰਲਾ ਦੇ ਲੋਕਲ ਪ੍ਰਿੰਟ ਮੀਡੀਆ ‘ਚ ਹੀ ਇਸ ਬਾਰੇ ਥੋੜ੍ਹੀ ਬਹੁਤ ਚਰਚਾ ਹੋਈ ਆਦਿਵਾਸੀ ਔਰਤਾਂ ਦੇ ਹੁੰਦੇ ਸ਼ੋਸ਼ਣ ਖਿਲਾਫ ਅਵਾਜ਼ ਬੁਲੰਦ ਕਰਨ ਵਾਲੀ ਔਰਤ ਕਵਾਸੀ ਹਿਡਮੇ ਖੁਦ ਸ਼ੋਸ਼ਣ ਦਾ ਸ਼ਿਕਾਰ ਹੋਈ ਪਰ ਉਸ ਵਾਰੀ ਵੀ ਮੀਡੀਆ ਕੁੰਭਕਰਨੀ ਨੀਂਦ ਸੁੱਤਾ ਰਿਹਾ ਪ੍ਰਸ਼ਾਸਨ ਦੀ ਨੀਂਦ ਟੁੱਟਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ
ਪੰਜਾਬ ‘ਚ ਮੋਗਾ ਬੱਸ ਕਾਂਡ, ਜਿਸ ਵਿੱਚ ਇੱਕ ਨਿੱਜੀ ਕੰਪਨੀ ਦੀ ਬੱਸ ਦੇ ਅਮਲੇ ਵੱਲੋਂ ਇੱਕ ਔਰਤ ਤੇ ਉਸਦੀ ਲੜਕੀ ਨਾਲ ਛੇੜਖਾਨੀ ਕੀਤੀ ਗਈ ਤੇ ਵਿਰੋਧ ਕਰਨ ‘ਤੇ ਧੱਕਾ ਮੁੱਕੀ ਕਰਕੇ ਚਲਦੀ ਬੱਸ ‘ਚੋਂ ਹੇਠਾਂ ਸੁੱਟ ਦਿੱਤਾ ਗਿਆ  ਜਿਸ ਕਾਰਨ ਲੜਕੀ ਦੀ ਮੌਤ ਹੋ ਗਈ ਸੀ ਇੰਨਾ ਕੁਝ ਹੋਣ ਦੇ ਬਾਵਜੂਦ ਅਜੇ ਵੀ ਪ੍ਰਸ਼ਾਸਨ ਸੁੱਤਾ ਪਿਆ ਹੈ ਬੱਸਾਂ ‘ਚ ਅਜੇ ਵੀ ਬੇਨਿਯਮੀਆਂ ਹੋ ਰਹੀਆਂ ਹਨ ਬੱਸਾਂ ‘ਚ ਸੀਸੀਟੀਵੀ ਕੈਮਰੇ ਅਜੇ ਤੱਕ ਨਹੀਂ ਲੱਗ ਸਕੇ ਤੇ ਬੱਸ ਅਮਲੇ ਦੀ ਵਰਦੀ ਨਾਂਅ ਵਾਲੀ ਪਲੇਟ ਵਾਲੀ ਨਹੀਂ ਹੋ ਸਕੀ ਕਾਲੇ ਸ਼ੀਸ਼ਿਆਂ ਦੀ ਜਗ੍ਹਾ ਪਾਰਦਰਸ਼ੀ ਸ਼ੀਸ਼ੇ ਅਜੇ ਵੀ ਬੱਸਾਂ ‘ਚੋਂ ਗਾਇਬ ਹਨ ਔਰਤਾਂ ਦੀ ਮੱਦਦ ਲਈ ਹੈਲਪਲਾਈਨ ਨੰਬਰ ਜ਼ਿਆਦਾਤਰ ਬੱਸਾਂ ‘ਚ ਮੌਜੂਦ ਨਹੀਂ ਹੈ ਅਸ਼ਲੀਲ ਗੀਤ ਤੇ ਫਿਲਮਾਂ ਦਾ ਰੌਲਾ ਪ੍ਰਸ਼ਾਸਨ ਅਜੇ ਤੱਕ ਬੰਦ ਨਹੀਂ ਕਰਵਾ ਸਕਿਆ ਹਮਾਤੜ ਲੋਕਾਂ ਦੀ ਉਹ ਸੁਣਦੇ ਨਹੀਂ ਜਿਸਦਾ ਕਾਰਨ ਉਨ੍ਹਾਂ ਦੇ ਅਸਰ ਰਸੂਖ਼ ਵਾਲੇ ਆਕਾ ਹਨ ਜਿਨ੍ਹਾਂ ਦੀ ਸ਼ਹਿ ‘ਤੇ ਇਹ ਸਾਰੇ ਕੰਮਾਂ ਨੂੰ ਅੰਜ਼ਾਮ ਦਿੰਦੇ ਹਨ ਖੁਦਗਰਜ਼ ਲੋਕਾਂ ਦੀ ਕਰਨੀ ਦਾ ਫਲ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਸਭ ਤੋਂ ਵੱਡੀ ਗੱਲ ਲੋਕ ਤਮਾਸ਼ਬੀਨ ਬਣ ਗਏ ਹਨ ਕਿਸੇ ਨਾਲ ਹੁੰਦੀ ਵਧੀਕੀ ਦੇਖ ਕੇ ਚੁੱਪ ਚਾਪ ਬੈਠੇ ਰਹਿੰਦੇ ਹਨ ਅਤੇ ਇੱਕ ਅੱਧੇ ਇਨਸਾਨ ਦੀ ਅਗਰ ਜ਼ਮੀਰ ਜਾਗਦੀ ਹੈ ਉਸ ‘ਤੇ ਦਰਿੰਦੇ ਹਾਵੀ ਹੋ ਜਾਂਦੇ ਹਨ ਲੋਕਾਂ ਨੂੰ ਇਹ ਜਰੂਰ ਸੋਚਣਾ ਚਾਹੀਦਾ ਹੈ ਕਿ ਇਹੋ ਜਿਹੇ ਹਾਦਸੇ ਉਨ੍ਹਾਂ ਦੀ ਧੀ ਭੈਣ ਨਾਲ ਵੀ ਹੋ ਸਕਦੇ ਹਨ ਆਪਾਂ  ਕੀ ਲੈਣੈ ਵਾਲੀ ਮਾਨਸਿਕਤਾ ਤਿਆਗਣੀ ਚਾਹੀਦੀ ਹੈ
ਕੌੰਮੀ ਅਪਰਾਧ ਰਿਕਾਰਡ ਬਿਊਰੋ ਦੇ ਸੰਨ 2013 ਦੇ ਅੰਕੜਿਆਂ ਅਨੁਸਾਰ ਦੇਸ਼ ਅੰਦਰ 24923 ਦੁਸ਼ਕਰਮ ਦੇ ਕੇਸ ਸਾਹਮਣੇ ਆਏ ਹਨ, ਇਨ੍ਹਾਂ ‘ਚੋਂ 24470 ਕੇਸਾਂ ਦਾ ਹੈਰਾਨੀਜਨਕ ਸੱਚ ਇਹ ਹੈ ਕਿ ਦੋਸ਼ੀ ਜਾਣਕਾਰ ਹੀ ਹੁੰਦੇ ਹਨ ਰਾਜਧਾਨੀ ਦਿੱਲੀ ‘ਚ ਸਭ ਤੋਂ ਜਿਆਦਾ ਦੁਰਾਚਾਰ ਹੋਏ ਸੰਨ 2002-11 ਤੱਕ ਸਾਲਾਨਾ ਔਸਤਨ 22ਹਜਾਰ ਦੁਸ਼ਕਰਮ ਹੋਏ ਪਿਛਲੇ ਦੋ ਦਹਾਕਿਆਂ ਦੌਰਾਨ ਦੁਸ਼ਕਰਮ ਦੇ ਕੇਸਾਂ ‘ਚ 30 ਫੀਸਦੀ ਵਾਧਾ ਹੋਇਆ ਹੈ ਦੇਸ਼ ‘ਚ ਹਰ ਰੋਜ ਔਸਤਨ 92 ਦੁਸ਼ਕਰਮ ਦੇ ਕੇਸ ਦਰਜ ਹੁੰਦੇ ਹਨ ਜਦਕਿ ਦਿੱਲੀ ‘ਚ ਹਰ ਰੋਜ 4 ਦੁਸ਼ਕਰਮ ਕੇਸ ਦਰਜ ਹੁੰਦੇ ਹਨ ਦੁਨੀਆਂ ਦੇ ਦਸ ਦੇਸ਼ ਜਿੱਥੇ ਦੁਸ਼ਕਰਮ ਜਿਆਦਾ ਹੁੰਦੇ ਹਨ ਭਾਰਤ ਦਾ ਉਸ ‘ਚ ਤੀਜਾ ਸਥਾਨ ਹੈ ਕੌਮਾਂਤਰੀ ਪੱਧਰ ‘ਤੇ 33 ਫੀਸਦੀ ਔਰਤਾਂ ਘਰੇਲੂ ਹਿੰਸਾ ਦੀਆਂ ਸ਼ਿਕਾਰ ਹਨ ਜਦਕਿ ਸਾਡੇ ਦੇਸ਼ ‘ਚ 43 ਫੀਸਦੀ ਔਰਤਾਂ ਘਰੇਲੂ ਹਿੰਸਾ ਦੀਆਂ ਸ਼ਿਕਾਰ ਹਨ, ਜਿਸ ‘ਚ ਪੜ੍ਹੇ-ਲਿਖੇ ਤੇ ਸਰਦੇ ਪੁੱਜਦੇ ਘਰਾਂ ਦੀਆਂ ਔਰਤਾਂ ਵੀ ਸ਼ਾਮਲ ਹਨ
ਇਸ ਵਰਤਾਰੇ ਦੇ ਕਾਰਨ ਬਹੁਤ ਜ਼ਿਆਦਾ ਹਨ ਜਿਸ ‘ਚ ਮੁੱਖ ਤੌਰ ‘ਤੇ ਨਸ਼ੇ,ਬੇਰੁਜਗਾਰੀ , ਮਾਪਿਆਂ ਦੀ ਅਣਗਹਿਲੀ, ਇੰਟਰਨੈਟ ਦੀ ਦੁਰਵਰਤੋਂ ਤੇ ਕਈ ਸਮਾਜਿਕ ਕਾਰਨ ਹਨ ਜੋ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਘਿਨੌਣੇ ਕੰਮ ਲਈ ਪ੍ਰੇਰਦੇ ਹਨ ਮਨੋਰੰਜਨ ਇੰਡਸਟਰੀ ਨੇ ਨੈਤਿਕ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ ਅਜੋਕਾ ਸਿਨੇਮਾ ਆਪਣੀ ਜਿੰਮੇਵਾਰੀ ਭੁੱਲ ਚੁੱਕਾ ਹੈ ਤੇ ਮੁਨਾਫੇ ਲਈ ਅਸ਼ਲੀਲਤਾ ਪਰੋਸ ਰਿਹਾ ਹੈ ਟੀਵੀ ਸੀਰੀਅਲਾਂ ਤੇ ਇਸ਼ਤਿਹਾਰਾਂ ‘ਚ ਵੀ ਅਸ਼ਲੀਲਤਾ ਦੀ ਭਰਮਾਰ ਹੈਹੋਰ ਤਾਂ ਹੋਰ ਬੱਚਿਆਂ ਵਾਲੇ ਚੈਨਲਾਂ ‘ਤੇ ਵੀ ਅਸ਼ਲੀਲ ਇਸ਼ਤਿਹਾਰ ਦਿਖਾਏ ਜਾਂਦੇ ਹਨ ਇਸ ਲਈ ਲੋਕ ਵੀ ਬਰਾਬਰ ਦੇ ਜਿੰਮੇਵਾਰ ਹਨ ਜੋ ਅਜਿਹੇ ਮਨੋਰੰਜਨ ਨੂੰ ਕਬੂਲਦੇ ਹਨ
ਦੁਸ਼ਕਰਮ ਦੇ ਬਹੁਤੇ ਕੇਸ ਪਿਛਲੇ ਵੀਹ ਸਾਲਾਂ ਤੋਂ ਲਟਕੇ ਹੋਏ ਹਨ ਤੇ ਕਨੂੰਨ ਨਾਲ ਸਬੰਧਤ ਲੋਕ ਅਜੇ ਵੀ ਕਨੂੰਨ ਦੀਆਂ ਬਰੀਕੀਆਂ ਦਾ ਲਾਹਾ ਦੋਸ਼ੀਆਂ ਨੂੰ ਦਿਵਾ ਰਹੇ ਹਨ ਦੁਰਾਚਾਰ ਦੇ ਕੇਸਾਂ ‘ਚ ਕਨੂੰਨ ਸਖ਼ਤ ਕੀਤਾ ਗਿਆ ਹੈ ਪਰ ਜਦ ਤੱਕ ਲੋਕਾਂ ਦੀ ਮਾਨਸਿਕਤਾ ਨਹੀਂ ਬਦਲਦੀ ਉਦੋਂ ਤੱਕ ਕਨੂੰਨ ਦੀ ਸਖਤੀ ਸਾਰਥਿਕ ਸਿੱਧ ਨਹੀਂ ਹੋ ਸਕਦੀ ਸਖ਼ਤ ਕਾਨੂੰਨ ਦੀ ਆੜ ਹੇਠ ਸ਼ੱਕੀ ਔਰਤਾਂ ਅਤੇ ਖੁਦਗਰਜ ਲੋਕਾਂ ਨੇ ਆਪਣੇ ਸੌੜੇ ਹਿੱਤ ਪੂਰੇ ਹਨ ਦੋਵਾਂ ਧਿਰਾਂ ਦੀ ਗਲਤੀ ਹੋਣ ਦੇ ਬਾਵਜੂਦ ਆਦਮੀ ਨੂੰ ਹੀ ਸਜ਼ਾ ਦਾ ਹੱਕਦਾਰ ਬਣਾਇਆ ਜਾ ਰਿਹਾ ਹੈ ਇਸ ਪਹਿਲੂ ‘ਤੇ ਵੀ ਕਾਨੂੰਨਸਾਜ ਜਰੂਰ ਧਿਆਨ ਦੇਣ
ਅਜੋਕੇ ਸਮੇਂ ਅੰਦਰ ਸਮਾਜ ਤੇ ਸਰਕਾਰਾਂ ਨੂੰ ਅਜਿਹੇ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਜੋ ਕਿਸੇ ਦੀ ਆਬਰੂ ਤਾਰ ਤਾਰ ਨਾ ਹੋਵੇ ਸ਼ੱਕੀ ਔਰਤਾਂ ‘ਤੇ ਲਗਾਮ ਕਸੀ ਜਾਵੇ ਦੋਸ਼ੀਆਂ ਨੂੰ ਮਿਸਾਲੀ ਸਜਾ ਦਿੱਤੀ ਜਾਵੇ ਸਜ਼ਾ ਦੇ ਨਾਲ ਨੈਤਿਕ ਸਿੱਖਿਆ ਵੀ ਸਿੱਖਿਆ ਪ੍ਰਣਾਲੀ ‘ਚ ਸ਼ਾਮਲ ਕੀਤਾ ਜਾਵੇ ਤੇ ਇਸਦੀ ਜਗ੍ਹਾ ਲੋਕਾਂ ਦੇ ਦਿਲ ਦਿਮਾਗ ‘ਚ ਬਣਾਈ ਜਾਵੇ ਸਾਨੂੰ ਆਪਣੇ ਪੁਰਖਿਆਂ ਦੀ ਉਹ ਰੀਤ ਕਾਇਮ ਕਰਨੀ ਪਵੇਗੀ ਜੇ ਉਹ ਅਹਿਮਦ ਸ਼ਾਹ ਅਬਦਾਲੀ ਅੱਗੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜਤ ਦੀ ਰਾਖੀ ਲਈ ਅੜ ਸਕਦੇ ਸਨ ਤਾਂ ਸਾਨੂੰ ਵੀ ਉਹ ਕਦਮ ਜਰੂਰ ਚੁੱਕਣਾ ਚਾਹੀਦਾ ਹੈ ਔਰਤਾਂ ਵੀ ਆਪਣੇ ਗਿਆਨ, ਚਰਿੱਤਰ ਨੂੰ ਉੱਚਾ ਰੱਖਣ ਤੇ ਹਰ ਚੁਣੌਤੀ ਦਾ ਡਟਵਾਂ ਮੁਕਾਬਲਾ ਕਰਨ ਲਈ ਲਾਮਬੰਦ ਹੋਣ ਫਿਰ ਹੀ ਸਾਰੀਆਂ ਵਧੀਕੀਆਂ ਦਾ ਅੰਤ ਹੋ ਸਕਦਾ ਹੈ
ਗੁਰਤੇਜ ਸਿੰਘ
ਮੋ.94641-72783
ਚੱਕ ਬਖਤੂ (ਬਠਿੰਡਾ)