ਔਰਤ ਵੱਲੋਂ ਸੂਆ ਮਾਰ ਕੇ ਪਤੀ ਦਾ ਕਤਲ

ਗੁਰਪ੍ਰੀਤ ਸਿੰਘ ਸੰਗਰੂਰ,
ਸਥਾਨਕ ਅਜੀਤ ਨਗਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਵਿਅਕਤੀ ਦੀ ਲਾਸ਼ ਰਸੋਈ ‘ਚ ਪਈ ਮਿਲੀ। ਦਰਅਸਲ, ਉਕਤ ਵਿਅਕਤੀ ਨੂੰ ਉਸਦੀ ਹੀ ਪਤਨੀ ਨੇ ਦੋ ਦਿਨ ਪਹਿਲਾਂ ਰਾਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਡਰ ਦੇ ਮਾਰਿਆਂ ਉਸਦੀ ਲਾਸ਼ ਨੂੰ ਰਸੋਈ ਵਿੱਚ ਹੀ ਰੱਖੀ ਰੱਖਿਆ।
ਪੁਲਿਸ ਨੇ ਔਰਤ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਇੰਚਾਰਜ਼ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਕਰੀਬ ਦਸ ਸਾਲ ਪਹਿਲਾਂ ਨਵਨੀਤ ਸਿੰਘ (35) ਵਾਸੀ ਵੀਰ ਕਲਾਂ ਨੇ ਕੁਲਦੀਪ ਕੌਰ ਨਾਲ ਕੋਰਟ ਮੈਰਿਜ ਕਰਵਾਈ ਸੀ ਅਤੇ ਇਸ ਤੋਂ ਬਾਅਦ ਉਹ ਸ਼ਹਿਰ ਦੇ ਅਜੀਤ ਨਗਰ ਵਿੱਚ ਰਹਿ ਰਹੇ ਸਨ। ਉਨ੍ਹਾਂ ਦੱਸਿਆ ਕਿ 1-2 ਮਾਰਚ ਦੀ ਰਾਤ ਨੂੰ ਕੁਲਦੀਪ ਕੌਰ ਨੇ ਨਵਨੀਤ ਸਿੰਘ ਨੂੰ ਬਰਫ਼ ਤੋੜਣ ਵਾਲੇ ਸੂਏ ਨਾਲ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਰਸੋਈ ਵਿੱਚ ਹੀ ਰੱਖ ਦਿੱਤੀ। ਉਨ੍ਹਾਂ ਦੱਸਿਆ ਕਿ ਕੁਲਦੀਪ ਕੌਰ ਨੂੰ ਆਪਣੇ ਪਤੀ ਦੇ ਚਰਿੱਤਰ ‘ਤੇ ਸ਼ੱਕ ਸੀ ਜਦਕਿ ਨਵਨੀਤ ਨੂੰ ਵੀ ਕੁਲਦੀਪ ਕੌਰ ਦੇ ਚਰਿੱਤਰ ‘ਤੇ ਸ਼ੱਕ ਸੀ ਜਿਸ ਕਾਰਨ ਨਵਨੀਤ ਉਸਨੂੰ ਘਰੋਂ ਬਾਹਰ ਜਾਣ ਤੋਂ ਰੋਕਦਾ ਸੀ ਅਤੇ ਅਕਸਰ ਇਨ੍ਹਾਂ ਵਿੱਚ ਇਸ ਗੱਲ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ। ਜਿਸਦੇ ਚਲਦਿਆਂ 1-2 ਮਾਰਚ ਦੀ ਰਾਤ ਨੂੰ ਕੁਲਦੀਪ ਕੌਰ ਨੇ ਨਵਨੀਤ ‘ਤੇ ਸੂਏ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ। ਜਿਸਦਾ ਪਤਾ ਅੱਜ ਸਵੇਰੇ ਲੱਗਿਆ। ਪੁਲਿਸ ਨੇ ਮ੍ਰਿਤਕ ਦੇ ਪਿਤਾ ਅਜਾਇਬ ਸਿੰਘ ਦੇ ਬਿਆਨਾਂ ‘ਤੇ ਕੁਲਦੀਪ ਕੌਰ ਦੇ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਵਿੱਚ ਲੈ ਜਾਇਆ ਗਿਆ।