Breaking News

ਕਣਕ ‘ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਭਰੀਆਂ ਟਰਾਲੀਆਂ ਵਾਪਸ ਕੀਤੀਆਂ

 moisture, content, wheat, returned

ਡੀਸੀ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਕਾਰਨ ਕਿਸਾਨ ਹੋ ਰਹੇ ਨੇ ਪ੍ਰੇਸ਼ਾਨ

ਆਰਥਿਕ ਤੰਗੀ ‘ਚ ਪਿਸ ਰਹੀ ਕਿਸਾਨੀ ਨੂੰ ਪਈ ਸਰਕਾਰੀ ਹਦਾਇਤਾਂ ਦੀ ਮਾਰ

ਅਨਿਲ ਲੁਟਾਵਾ, ਅਮਲੋਹ

ਬੁਰ੍ਹੀ ਤਰ੍ਹਾਂ ਆਰਥਿਕ ਤੰਗੀ ‘ਚ ਪਿਸ ਰਹੀ ਕਿਸਾਨੀ ‘ਤੇ ਵਿਗੜੇ ਮੌਸਮ ਦੀ ਮਾਰ ਹੀ ਨਹੀਂ ਪੈ ਰਹੀ, ਸਗੋਂ ਪ੍ਰਸ਼ਾਸਨ ਵੀ ਕਿਸਾਨੀ ਉੱਪਰ ਕਰੋਪ ਹੋ ਗਿਆ ਹੈ ਕਿਉਂਕਿ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਮਾਰਕੀਟ ਕਮੇਟੀਆਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ‘ਚ ਹਦਾਇਤ ਕੀਤੀ ਗਈ ਹੈ ਕਿ ਮੰਡੀਆਂ ‘ਚ 12 ਪ੍ਰਤੀਸ਼ਤ ਤੋਂ ਵੱਧ ਨਮੀ ਵਾਲੀ ਕਣਕ ਦਾਖਲ ਨਾ ਹੋਣ ਦਿੱਤੀ ਜਾਵੇ।

ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੋਈ ਅਜਿਹਾ ਉਪਕਰਨ ਨਹੀਂ ਜੋ ਉਨ੍ਹਾਂ ਨੂੰ ਉਨ੍ਹਾਂ ਦੀ ਕਣਕ ‘ਚ ਨਮੀ ਦੀ ਮਾਤਰਾ ਦੱਸ ਸਕੇ, ਜਿਸ ਕਾਰਨ ਉਹ ਆਪਣੇ ਪੁਰਾਣੇ ਤਜਰਬੇ ਦੇ ਹਿਸਾਬ ਨਾਲ ਹੀ ਕਣਕ ਦੀ ਵਾਢੀ ਕਰ ਰਹੇ ਹਨ ਤੇ ਇਸ ਸਾਲ ਪਹਿਲੀ ਵਾਰ ਪ੍ਰਸ਼ਾਸਨ ਵੱਲੋਂ ਅਜਿਹੇ ਨਾਦਰਸ਼ਾਹੀ ਹੁਕਮ ਜਾਰੀ ਕੀਤੇ ਗਏ ਹਨ, ਜਿਸ ਲਈ ਉਨ੍ਹਾਂ ਦੀ ਕੋਈ ਵੀ ਅਧਿਕਾਰੀ ਗੱਲ ਸੁਣਨ ਲਈ ਤਿਆਰ ਨਹੀਂ। ਪਿੰਡ ਭੜੀ ਦੇ ਕਿਸਾਨ ਭਗਵੰਤ ਸਿੰਘ ਜਿਸ ਦੀ ਟਰਾਲੀ ਅੱਜ ਮੰਡੀ ‘ਚੋਂ ਵਾਪਸ ਕੀਤੀ ਗਈ ਨੇ ਦੱਸਿਆ ਕਿ ਉਸ ਦੀ ਕਣਕ ‘ਚ ਨਮੀ ਦੀ ਮਾਤਰਾ ਨਿਰਧਾਰਿਤ ਸੀਮਾ ਨਾਲੋਂ 1-1.5 ਪ੍ਰਤੀਸ਼ਤ ਵੱਧ ਸੀ ਜੋ ਮੰਡੀ ‘ਚ ਕਣਕ ਦੀ ਸਫ਼ਾਈ ਲਈ ਪੱਖਾ ਲਾਉਣ ਨਾਲ ਸਹੀ ਹੋ ਜਾਣੀ ਸੀ ਪ੍ਰੰਤੂ ਉਸ ਦੀ ਇਸ ਗੱਲ ਨੂੰ ਕਿਸੇ ਨੇ ਨਹੀਂ ਸੁਣਿਆ ਤੇ ਉਸ ਦੀ ਟਰਾਲੀ ਵਾਪਸ ਕਰ ਦਿੱਤੀ ਗਈ।

ਇੱਕ ਹੋਰ ਕਿਸਾਨ ਸੁਖਵਿੰਦਰ ਸਿੰਘ ਪਨੈਚ ਜਿਸ ਦੀਆਂ ਦੋ ਟਰਾਲੀਆਂ ਵਾਪਸ ਕੀਤੀਆਂ ਗਈਆਂ ਨੇ ਦੱਸਿਆ ਕਿ ਜਿਹੜੇ ਕਿਸਾਨ ਥੋੜ੍ਹੀ ਬਹੁਤੀ ਜ਼ਿਆਦਾ ਨਮੀ ਵਾਲੀ ਕਣਕ ਮੰਡੀਆਂ ਵਿਚ ਲਿਆ ਰਹੇ ਹਨ ਉਹ ਖ਼ਰਾਬ ਹੋਏ ਮੌਸਮ ਤੋਂ ਡਰਦੇ ਮਾਰੇ ਕਣਕ ਦੀ ਕਟਾਈ ਕਰ ਰਹੇ ਹਨ ਕਿਉਂਕਿ ਬਹੁਤ ਸਾਰੇ ਅਜਿਹੇ ਖੇਤ ਹਨ ਜਿਨ੍ਹਾਂ ‘ਚ ਬਰਸਾਤ ਹੋ ਜਾਣ ਦੀ ਹਾਲਤ ‘ਚ ਪਾਣੀ ਭਰ ਜਾਣ ਕਾਰਨ ਕਈ ਹਫ਼ਤਿਆਂ ਤੱਕ ਕਣਕ ਦੀ ਕਟਾਈ ਨਹੀਂ ਹੋ ਸਕੇਗੀ। ਕਿਸਾਨਾਂ ਨੇ ਦੱਸਿਆ ਕਿ ਮੰਡੀ ਦੇ ਖਾਲੀ ਪਏ ਫੜਾਂ ‘ਚ ਵੱਧ ਨਮੀ ਵਾਲੀ ਕਣਕ ਨੂੰ ਸੁਕਾਇਆ ਜਾ ਸਕਦਾ ਹੈ ਜਿਸ ਲਈ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਪ੍ਰੰਤੂ ਪ੍ਰਸ਼ਾਸਨ ਵੱਲੋਂ ਜਿਸ ਤਾਨਾਸ਼ਾਹੀ ਤਰੀਕੇ ਨਾਲ ਟਰਾਲੀਆਂ ਕਿਸਾਨਾਂ ਦੇ ਘਰਾਂ ਨੂੰ ਵਾਪਸ ਭੇਜੀਆਂ ਜਾ ਰਹੀਆਂ ਹਨ ਉਸ ਨਾਲ ਹਜ਼ਾਰਾਂ ਰੁਪਏ ਵਾਧੂ ਖ਼ਰਚਾ ਕਿਸਾਨਾਂ ਨੂੰ ਪਵੇਗਾ ਉਂਝ ਵੀ ਇਸ ਕਣਕ ਨੂੰ ਸੁਕਾਉਣ ਲਈ ਛੋਟੇ ਕਿਸਾਨਾਂ ਦੇ ਘਰਾਂ ‘ਚ ਜਗ੍ਹਾ ਨਹੀਂ।

ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਸੰਪਰਕ ਕਰਨ ‘ਤੇ ਕਿਹਾ ਕਿ ਮਾਰਕੀਟ ਕਮੇਟੀ ਜੋ ਜਿਨਸ ਉੱਪਰੋਂ ਅਰਬਾਂ ਰੁਪਏ ਦੀ ਮਾਰਕੀਟ ਫ਼ੀਸ ਵਸੂਲ ਕਰਦੀ ਹੈ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਹੈ ਨਾ ਕਿ ਉਨ੍ਹਾਂ ਲਈ ਮੁਸੀਬਤਾਂ ਖੜੀਆਂ ਕਰਨ ਖ਼ਾਤਰ। ਉਨ੍ਹਾਂ ਕਿਹਾ ਕਿ ਖਾਲੀ ਪਏ ਮੰਡੀਆਂ ਦੇ ਫੜਾਂ ‘ਚ ਕਣਕ ਸੁਕਾਉਣ ਤੋਂ ਰੋਕਣਾ ਇਕਲਾਖੀ ਤੌਰ ‘ਤੇ ਗਲਤ ਹੈ। ਕੁਲ ਹਿੰਦ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਸੁਖਦੇਵ ਸਿੰਘ ਟਿੱਬੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਮੰਡੀ ਦੇ ਫੜਾਂ ‘ਚ ਪਏ 2-2 ਫੁੱਟ ਡੂੰਘੇ ਟੋਏ, ਬੰਦ ਪਿਆ ਸੀਵਰੇਜ ਸਿਸਟਮ, ਡੂੰਘੇ ਖੱਡਿਆਂ ਵਾਲੀਆਂ ਮੰਡੀ ਦੀਆਂ ਸੜਕਾਂ ਦਿਸ ਨਹੀਂ ਰਹੀਆਂ ਪ੍ਰੰਤੂ ਕਿਸਾਨਾਂ ਦੀ ਕਣਕ ਵਿਚਲੀ ਨਾ ਮਾਤਰ ਵਧੇਰੇ ਨਮੀ ਜੋ ਇਕ ਅੱਧੇ ਦਿਨ ਵਿਚ ਖਾਲੀ ਪਏ ਫੜਾ ਤੇ ਕਣਕ ਫਰੋਲਣ ਨਾਲ ਸਹੀ ਹੋ ਜਾਵੇਗੀ ਉਨਾਂ ਨੂੰ ਰੜਕ ਰਹੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਦੇ ਖੇਤਾਂ ਵਿਚੋਂ ਲੰਘ ਰਹੀਆ ਢਿੱਲੀਆਂ ਤਾਰਾਂ ਜਿਨਾਂ ਕਾਰਨ ਹਰ ਸਾਲ ਮਾਰਕੀਟ ਕਮੇਟੀ ਅਮਲੋਹ ਖੇਤਰ ਵਿਚ ਹੀ ਲੱਖਾਂ ਰੁਪਏ ਦੀ ਕਣਕ ਸੜ ਕੇ ਸੁਆਹ ਹੋ ਜਾਦੀ ਹੈ ਲਈ ਡਿਪਟੀ ਕਮਿਸ਼ਨਰ ਦੇ ਦਿਲ ‘ਚ ਭੋਰਾ ਵੀ ਚਿੰਤਾ ਨਹੀਂ। ਉਨ੍ਹਾਂ ਦੱਸਿਆ ਕਿ ਉਹ ਕਲ ਭਰਾਤਰੀ ਜਥੇਬੰਦੀਆਂ ਨੂੰ ਇਕੱਠਾ ਕਰ ਕੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਮਿਲ ਕੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਆਪਣਾ ਰੋਸ ਵਿਅਕਤ ਕਰਨਗੇ ਤੇ ਜੇਕਰ ਪ੍ਰਸ਼ਾਸਨ ਨੇ ਆਪਣਾ ਫ਼ਰਮਾਨ ਵਾਪਸ ਨਾ ਲਿਆ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top