ਕਬੂਤਰਬਾਜ਼ੀ ਮਾਮਲਾ: ਦਲੇਰ ਮਹਿੰਦੀ ਨੇ ਪੇਸ਼ੀ ਭੁਗਤੀ

ਖੁਸ਼ਵੀਰ ਸਿੰਘ ਤੂਰ ਪਟਿਆਲਾ,
ਕਬੂਤਰਬਾਜ਼ੀ ਮਾਮਲੇ ‘ਚ ਘਿਰੇ ਪੋਪ ਗਾਇਕ ਦਲੇਰ ਮਹਿੰਦੀ ਵੱਲੋਂ ਅੱਜ ਮਾਣਯੋਗ ਜੱਜ ਸੁਖਵਿੰਦਰ ਸਿੰਘ ਦੀ ਅਦਾਤਲ ‘ਚ ਪੇਸ਼ੀ ਭੁਗਤੀ ਗਈ। ਅੱਜ ਦੀ ਪ੍ਰਕਿਰਿਆ ਦੌਰਾਨ ਜਗਦੀਸ਼ ਸਿੰਘ ਨਾਮਕ ਵਿਅਕਤੀ ਦੇ ਬਿਆਨਾਂ ‘ਤੇ ਜਿਰ੍ਹਾ ਹੋਈ। ਅੱਜ ਦੀ ਪੇਸ਼ੀ ਦੌਰਾਨ ਦਲੇਰ ਮਹਿੰਦੀ ਸਮੇਤ ਬੁਲਬੁਲ ਮਹਿਤਾ ਵੀ ਪੁੱਜੇ ਹੋਏ ਸਨ। ਇਸ ਮੌਕੇ ਦਲੇਰ ਮਹਿੰਦੀ ਦੇ ਵਕੀਲ ਬਰਜਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਅੱਜ ਦੀ ਕਾਰਵਾਈ ਦੌਰਾਨ ਜਗਦੀਸ਼ ਸਿੰਘ ਦੇ ਬਿਆਨਾਂ ‘ਤੇ ਜਿਰ੍ਹਾ ਹੋਈ। ਇਸ ਦੌਰਾਨ ਅਦਾਤਲ ਵੱਲੋਂ ਅਗਲੀ ਕਾਰਵਾਈ 21 ਫਰਵਰੀ ‘ਤੇ ਪਾ ਦਿੱਤੀ ਗਈ।
ਦੱਸਣਯੋਗ ਹੈ ਕਿ ਕੁਝ ਸਾਲ ਪਹਿਲਾਂ ਦਲੇਰ ਮਹਿੰਦੀ ਸਮੇਤ ਹੋਰਨਾਂ ‘ਤੇ ਕੁਝ ਲੋਕਾਂ ਨੂੰ ਬਾਹਰ ਭੇਜਣ ਸਬੰਧੀ ਧੋਖਾਧੜੀ ਕਰਨ ਦੇ ਮਾਮਲੇ ‘ਚ ਕੇਸ ਦਰਜ ਹੋਇਆ ਸੀ ਤੇ ਕਈ ਵਿਅਕਤੀਆਂ ਵੱਲੋਂ ਦਲੇਰ ਮਹਿੰਦੀ ਸਮੇਤ ਹੋਰਨਾਂ ‘ਤੇ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਤੋਂ ਬਾਹਰ ਭੇਜਣ ਲਈ ਪੈਸੇ ਤਾਂ ਲੈ ਲਏ ਗਏ ਪਰ ਉਨ੍ਹਾਂ ਨੂੰ ਬਾਹਰ ਨਹੀਂ ਭੇਜਿਆ ਗਿਆ। ਉਕਤ ਮਾਮਲਾ ਉਸ ਸਮੇਂ ਤੋਂ ਹੀ ਚੱਲ ਰਿਹਾ ਹੈ।