ਕਵਿਤਾ

ਮੋਬਾਇਲ ਪ੍ਰਤੀ ਚੌਕੇ
ਲੱਖ ਵਰਜੀਏ ਕਦੇ ਵੀ ਰੁਕਦੇ ਨਾ,
ਮੋਬਾਇਲ ਕੰਨਾਂ ਦੇ ਨਾਲੋਂ ਨਾ ਲਾਹੁਣ ਬੱਚੇ
ਹੈੱਡਫੋਨ ਨੂੰ ਕੰਨਾਂ ਦੇ ਵਿਚ ਲਾਉਂਦੇ,
ਇਸ਼ਾਰੇ ਨਾਲ ਹੀ ਗੱਲ ਸਮਝਾਉਣ ਬੱਚੇ
ਭਾਵੇਂ ਕੁੜੀ ਤੇ ਭਾਵੇਂ ਕੋਈ ਹੈ ਮੁੰਡਾ,
ਮਾਂ-ਬਾਪ ਨੂੰ ਬਹੁਤ ਸਤਾਉਣ ਬੱਚੇ
ਦੱਦਾਹੂਰੀਆ ਮੁੱਠੀ ਵਿਚ ਜਾਨ ਆ ਜਾਏ,
ਜਦ ਇਸੇ ਤਰ੍ਹਾਂ ਵ੍ਹੀਕਲ ਚਲਾਉਣ ਬੱਚੇ
ਗੱਲ ਨੁਕਤੇ ਦੀ ਕਰਨ ਲਈ ਸੀ ਬਣਿਆ,
ਸਾਰਾ ਦਿਨ ਹੀ ਕੰਨ ਨਾਲ ਲਾਈ ਰੱਖਦੇ
ਮਾਂ-ਬਾਪ ਦੀ ਗੱਲ ਕਦੇ ਸੁਣਨ ਨਾਹੀਂ,
ਯਾਰੀ ਨਾਲ ਮੋਬਾਇਲ ਦੇ ਪਾਈ ਰੱਖਦੇ
ਮਾਪੇ ਪੈਸੇ ਨਾ ਦੇਣ ਜਦ ਮੋਬਾਇਲ ਖਾਤਰ,
ਪਾਈ ਘਰ ਦੇ ਵਿਚ ਲੜਾਈ ਰੱਖਦੇ
ਦੱਦਾਹੂਰੀਆ ਆਪੇ ਵਧਾ ਖਰਚੇ,
ਬਿਨਾ ਕਾਰਨੋਂ ਮੂੰਹ ਸੁਜਾਈ ਰੱਖਦੇ
ਮਹਿੰਗੇ ਮੁੱਲ ਦਾ ਲੈਂਦੇ ਮੋਬਾਇਲ ਅੱਜ-ਕੱਲ੍ਹ,
ਜ਼ਿੱਦ ਕਰਦੇ ਨੇ ਨੈੱਟ ਚਲਾਉਣ ਦੇ ਲਈ
ਭਾਰ ਪੈ ਜਾਏ ਮਾਪਿਆਂ ‘ਤੇ ਹੋਰ ਭਾਰਾ,
ਨੋਟ ਮੰਗਦੇ ਪੈਕ ਪਵਾਉਣ ਦੇ ਲਈ
ਚੌਵੀ ਘੰਟੇ ਹੀ ਨੈੱਟ ਵਿਚ ਰਹਿਣ ਉਲਝੇ,
ਘਰਦੇ ਘੱਲਦੇ ਨੇ ਘਰੋਂ ਪੜ੍ਹਾਉਣ ਦੇ ਲਈ
ਦੱਦਾਹੂਰੀਆ ਕੁੜਿੱਕੀ ਵਿਚ ਫਸਣ ਮਾਪੇ,
ਕਹਿ ਦੇਵਣ ਜਦੋਂ ਖਰਚ ਘਟਾਉਣ ਦੇ ਲਈ
ਬਰੀਕ ਅੱਖਰ ਕਰਕੇ ਨਿਗ੍ਹਾ ‘ਤੇ ਅਸਰ ਪੈਂਦਾ,
ਡਾਕਟਰ ਵਾਰ-ਵਾਰ ਇਹੀ ਸਮਝਾਂਵਦੇ ਨੇ
ਦਿਲੋ-ਦਿਮਾਗ ਵੀ ਛੱਡ ਨੇ ਕੰਮ ਜਾਂਦੇ,
ਜਿਹੜੇ ਕੰਨਾਂ ਦੇ ਨਾਲੋਂ ਨਾ ਲਾਂਹਵਦੇ ਨੇ
ਨੁਕਸਾਨ ਬਾਹਲੇ ਤੇ ਫਾਇਦੇ ਨੇ ਘੱਟ ਇਹਦੇ,
ਅਖਬਾਰਾਂ ਵਾਲੇ ਵੀ ਐਡ ਲਗਾਂਵਦੇ ਨੇ
ਦੱਦਾਹੂਰੀਆ ਕਹਿਣਾ ਕੋਈ ਨਾ ਮੰਨੇ,
ਘੜਿਆ ਘੜਾਇਆ ਜਵਾਬ ਸੁਣਾਂਵਦੇ ਨੇ
ਵੀਰ ਸ਼ਰਮੇ ਕਿਸੇ ਨੇ ਮੰਨਣਾ ਨਹੀਂ,
ਉਲਟੀ ਚੱਲੀ ਜ਼ਮਾਨੇ ਦੀ ਲਹਿਰ ਅੱਜ-ਕੱਲ੍ਹ
ਸੱਚੀ ਗੱਲ ਹੁੰਦੀ ਕੌੜੀ ਅੱਕ ਵਰਗੀ,
ਲੱਗੇ ਘੁਲਿਆ ਓਸ ਵਿਚ ਜ਼ਹਿਰ ਅੱਜ-ਕੱਲ੍ਹ
ਸੱਚੇ ਪਾਤਸ਼ਾਹ ਦੁਨੀਆਂ ‘ਤੇ ਮਿਹਰ ਰੱਖੀਂ,
ਝੁੱਲ ਜਾਏ ਨਾ ਕਿਸੇ ‘ਤੇ ਕਹਿਰ ਅੱਜ ਕੱਲ੍ਹ
ਦੱਦਾਹੂਰੀਆ ਸਤਿਗੁਰ ਦਾ ਭਜਨ ਕਰਲੈ,
ਰਹੀ ਜ਼ਿੰਦਗੀ ਚਾਰ ਹੀ ਪਹਿਰ ਅੱਜ-ਕੱਲ੍ਹ!
ਜਸਵੀਰ ਸ਼ਰਮਾ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ
ਮੋ. 94176-22046