ਲੇਖ

ਕਿਉਂ ਦਾਅਵਾ ਕਰਦੈ ਚੀਨ ਅਰੁਣਾਚਲ ਪ੍ਰਦੇਸ਼ ‘ਤੇ

ਚੀਨ ਇੱਕ ਅਜਿਹਾ ਝਗੜਾਲੂ ਦੇਸ਼ ਹੈ ਜਿਸ ਦੇ ਤਕਰੀਬਨ ਸਾਰੇ ਗੁਆਂਢੀ ਮੁਲਕਾਂ ਨਾਲ ਸਰਹੱਦਾਂ ਸਬੰਧੀ ਝਗੜੇ ਚੱਲ ਰਹੇ ਹਨ । ਵੀਅਤਨਾਮ (1979) ਅਤੇ ਭਾਰਤ (1962) ਨਾਲ ਤਾਂ ਉਹ ਇਸ ਮਸਲੇ ‘ਤੇ ਯੁੱਧ ਵੀ ਕਰ ਚੁੱਕਾ ਹੈ। ਤਾਇਵਾਨ ਨੂੰ ਉਹ ਵੱਖਰਾ ਦੇਸ਼ ਹੀ ਨਹੀਂ ਮੰਨਦਾ। ਜੇ ਅੰਤਰ ਰਾਸ਼ਟਰੀ ਦਬਾਅ ਨਾ ਹੁੰਦਾ ਤਾਂ ਉਸ ਨੇ ਕਦੋਂ ਦਾ ਤਾਇਵਾਨ ਦਾ ਨਾਮੋ-ਨਿਸ਼ਾਨ ਮਿਟਾ ਦੇਣਾ ਸੀ। ਉਸ ਦਾ ਜਪਾਨ ਨਾਲ ਵੀ ਕੁਝ ਟਾਪੂਆਂ ਦੀ ਮਾਲਕੀ ਪਿੱਛੇ ਗੰਭੀਰ ਰੱਫੜ ਚੱਲ ਰਿਹਾ ਹੈ।
ਇਸੇ ਤਰ੍ਹਾਂ ਚੀਨ ਅਰੁਣਾਚਲ ਪ੍ਰਦੇਸ਼ ਨੂੰ ਤਿੱਬਤ ਦਾ ਹਿੱਸਾ ਮੰਨਦਾ ਹੈ ਜਿਸ ਨੂੰ ਉਸ ਮੁਤਾਬਕ ਭਾਰਤ ਨੇ ਹਥਿਆਇਆ ਹੋਇਆ ਹੈ। ਚੀਨ ਦੇ ਸਰਕਾਰੀ ਦਸਤਾਵੇਜ਼ਾਂ ਅਤੇ ਮੀਡੀਆ ਵਿੱਚ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਦੇ ਨਾਂਅ ਨਾਲ ਸੰਬੋਧਨ ਕੀਤਾ ਜਾਂਦਾ ਹੈ। ਕੁਝ ਦਿਨ ਪਹਿਲਾਂ ਦਲਾਈਲਾਮਾ ਨੇ ਅਰੁਣਾਚਲ ਦੌਰੇ ਦੌਰਾਨ ਤਵਾਂਗ ਮੱਠ ਅਤੇ ਕੁਝ ਹੋਰ ਇਲਾਕਿਆਂ ਦਾ ਦੌਰਾ ਕੀਤਾ ਸੀ। ਇਸ ਦੌਰੇ ਦਾ ਚੀਨ ਨੇ ਭਾਰੀ ਵਿਰੋਧ ਕੀਤਾ ਹੈ। ਉਸ ਨੇ ਕਰੜੇ ਬਿਆਨ ਜਾਰੀ ਕਰਨ ਤੋਂ ਇਲਾਵਾ ਚੀਨ ਵਿਚਲੇ ਭਾਰਤੀ ਰਾਜਦੂਤ ਵਿਜੇ ਗੋਖਲੇ ਰਾਹੀਂ ਭਾਰਤ ਨੂੰ ਸਖ਼ਤ ਚੇਤਾਵਨੀ ਭੇਜੀ ਹੈ। ਇਸ ਤੋਂ ਇਲਾਵਾ ਉਸ ਨੇ ਭਾਰਤ ਨੂੰ ਭੜਕਾਉਣ ਲਈ ਅਰੁਣਾਚਲ ਪ੍ਰਦੇਸ਼ ਦੇ ਛੇ ਸ਼ਹਿਰਾਂ ਨੇ ਨਵੇਂ ਨਾਮਕਰਣ ਕਰ ਦਿੱਤੇ ਹਨ । ਚੀਨੀ ਦੂਤਘਰ ਚੀਨ ਦੀ ਯਾਤਰਾ ਕਰਨ ਦੇ ਚਾਹਵਾਨ ਅਰੁਣਾਚਲ ਪ੍ਰਦੇਸ਼ ਦੇ ਵਸਨੀਕਾਂ ਨੂੰ ਇਹ ਕਹਿ ਕੇ ਵੀਜ਼ਾ ਜਾਰੀ ਨਹੀਂ ਕਰਦਾ ਕਿ ਉਹ ਚੀਨ ਦੇ ਨਾਗਰਿਕ ਹਨ ਤੇ ਉਨ੍ਹਾਂ ਨੂੰ ਵੀਜ਼ੇ ਦੀ ਜ਼ਰੂਰਤ ਨਹੀਂ ਹੈ।
ਇਸ ਝਗੜੇ ਦਾ ਮੁੱਢ ਭਾਰਤ ‘ਤੇ ਬ੍ਰਿਟਿਸ਼ ਰਾਜ ਕਾਲ ਦੌਰਾਨ ਬੱਝਾ ਸੀ। ਸਦੀਆਂ ਤੋਂ ਅਰੁਣਾਚਲ ਪ੍ਰਦੇਸ਼ ਕਿਸੇ ਵੀ ਰਾਜ ਜਾਂ ਦੇਸ਼ ਦੇ ਪੂਰਣ ਪ੍ਰਭਾਵ ਹੇਠ ਨਹੀਂ ਰਿਹਾ। ਇਹ ਭਾਰਤ ਦਾ ਸਭ ਤੋਂ ਉੱਤਰ ਪੂਰਬੀ ਇਲਾਕਾ ਅਤੇ ਇੱਕੋ ਇੱਕ ਸੂਬਾ ਹੈ ਜਿਸ ਦੀਆਂ ਹੱਦਾਂ ਤਿੰਨ ਦੇਸ਼ਾਂ, ਤਿੱਬਤ, ਭੁਟਾਨ ਅਤੇ ਬਰਮਾ ਨਾਲ ਲੱਗਦੀਆਂ ਹਨ । 1947 ਤੋਂ ਲੈ ਕੇ 1972 ਤੱਕ ਇਸ ਦਾ ਨਾਂਅ ਨੇਫਾ (ਨਾਰਥ ਈਸਟਰਨ ਫਰੰਟੀਅਰ ਏਜੰਸੀ) ਸੀ। 1972 ਵਿੱਚ ਇਸ ਦਾ ਨਾਮਕਰਣ ਅਰੁਣਾਚਲ ਪ੍ਰਦੇਸ਼ (ਸਵੇਰ ਦੀਆਂ ਕਿਰਣਾਂ ਨਾਲ ਜਗਮਗਾਉਂਦੇ ਹੋਏ ਪਰਬਤਾਂ ਵਾਲਾ ਪ੍ਰਦੇਸ਼) ਕਰ ਦਿੱਤਾ ਗਿਆ। ਇਸ ‘ਤੇ ਸਮੇਂ-ਸਮੇਂ ਅਸਾਮ, ਭੁਟਾਨ, ਤਿੱਬਤ ਅਤੇ ਬਰਮਾ ਦੇ ਸ਼ਾਸਕਾਂ ਦਾ ਪ੍ਰਭਾਵ ਰਿਹਾ ਹੈ। ਪਰ ਹਕੀਕੀ ਰੂਪ ਵਿੱਚ ਇਸ ਦੇ ਕਬੀਲੇ ਤਕਰੀਬਨ ਅਜ਼ਾਦ ਹੀ ਰਹੇ ਹਨ । ਇਸ ਦੀ ਅਬਾਦੀ ਬਹੁਤ ਘੱਟ ਹੋਣ ਕਾਰਨ ਕਿਸੇ ਵੀ ਗੁਆਂਢੀ ਰਾਜ ਦਾ ਇਸ ਵੱਲ ਬਹੁਤਾ ਧਿਆਨ ਨਹੀਂ ਰਿਹਾ। ਇਸ ਦੇ ਵਸਨੀਕ ਤਿੱਬਤੀ ਬਰਮੀ ਨਸਲ ਦੇ ਹਨ। ਇਸ ਵਿੱਚ ਭਾਰਤ ਦੇ ਕਿਸੇ ਵੀ ਸੂਬੇ ਨਾਲੋਂ ਜਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇੱਥੇ ਬੁੱਧ ਧਰਮ ਦਾ ਇੱਕ ਸਭ ਤੋਂ ਪਵਿੱਤਰ ਸਥਾਨ, 400 ਸਾਲ ਪੁਰਾਣਾ ਤਵਾਂਗ ਮੱਠ ਸਥਿੱਤ ਹੈ। 6ਵਾਂ ਦਲਾਈਲਾਮਾ ਸਾਂਗਯਾਂਗ ਗਾਈਟਸੋ ਤਵਾਂਗ ਵਿਖੇ ਪੈਦਾ ਹੋਇਆ ਸੀ। ਪਹਿਲਾਂ ਇਹ ਕੇਂਦਰ ਸ਼ਾਸਿਤ ਰਾਜ ਸੀ ਤੇ 20 ਫਰਵਰੀ 1987 ਵਿੱਚ ਇਸ ਨੂੰ ਪੂਰਣ ਰਾਜ ਦਾ ਦਰਜ਼ਾ ਪ੍ਰਾਪਤ ਹੋਇਆ ਹੈ।
1200 ਈ. ਵਿੱਚ ਯੁਆਨ ਵੰਸ਼ ਦੇ ਰਾਜ ਦੌਰਾਨ ਚੀਨ ਨੇ ਤਿੱਬਤ ‘ਤੇ ਕਬਜ਼ਾ ਕਰ ਲਿਆ। ਪਰ 1860 ਈ. ਤੱਕ ਕਿੰਗ ਵੰਸ਼ ਦੇ ਕਮਜ਼ੋਰ ਹੋ ਜਾਣ ਕਾਰਨ ਤਿੱਬਤ ‘ਤੇ ਚੀਨੀ ਸ਼ਿਕੰਜਾ ਹੌਲੀ -ਹੌਲੀ ਢਿੱਲਾ ਪੈ ਗਿਆ। 1911 ਈ. ‘ਚ ਚੀਨ ਵਿੱਚ ਕਿੰਗ ਵੰਸ਼ ਦਾ ਸ਼ਾਸਨ ਖਤਮ ਹੋ ਗਿਆ ਅਤੇ ਲੋਕ ਰਾਜ ਸਥਾਪਤ ਹੋ ਗਿਆ। ਇਸ ਗੜਬੜ ਦਾ ਲਾਭ ਉਠਾ ਕੇ ਤਿੱਬਤ ਨੇ ਸਾਰੇ ਚੀਨੀ ਅਫ਼ਸਰ ਕੱਢ ਦਿੱਤੇ ਅਤੇ ਲਾਮਿਆਂ ਅਧੀਨ ਪੂਰਨ ਅਜ਼ਾਦੀ ਪ੍ਰਾਪਤ ਕਰ ਲਈ। ਉਸ ਸਮੇਂ ਤੱਕ ਭਾਰਤ-ਤਿੱਬਤ ਸਰਹੱਦ ਦੀ ਕੋਈ ਨਿਸ਼ਾਨਦੇਹੀ ਨਹੀਂ ਹੋਈ ਸੀ।
ਭਾਰਤ ਅਤੇ ਤਿੱਬਤ ਦੋਵੇਂ ਇਸ ਇਲਾਕੇ ‘ਤੇ ਅਧਿਕਾਰ ਜਤਾਉਂਦੇ ਸਨ। ਅੰਗਰੇਜ਼ ਇਸ ਸਰਹੱਦੀ ਝਗੜੇ ਦਾ ਪੱਕਾ ਹੱਲ ਕੱਢਣਾ ਚਾਹੁੰਦੇ ਸਨ। ਇਸ ਲਈ 1913 ਵਿੱਚ ਭਾਰਤ ਦੇ ਗਵਰਨਰ ਜਨਰਲ ਲਾਰਡ ਹਾਰਡਿੰਗ ਦੀ ਪਹਿਲ ‘ਤੇ ਚੀਨ, ਤਿੱਬਤ ਅਤੇ ਬ੍ਰਿਟਿਸ਼ ਭਾਰਤ ਦੇ ਨੁਮਾਇੰਦਿਆਂ ਦੀ ਇੱਕ ਉੱਚ ਪੱਧਰੀ ਮੀਟਿੰਗ ਸ਼ਿਮਲਾ ਵਿਖੇ ਹੋਈ। ਕਈ ਦਿਨਾਂ ਦੀ ਸਖ਼ਤ ਬਹਿਸਬਾਜ਼ੀ ਤੋਂ ਬਾਦ ਬ੍ਰਿਟਿਸ਼ ਭਾਰਤ ਅਤੇ ਤਿੱਬਤ ਦੇ ਪ੍ਰਤੀਨਿਧੀਆਂ ਨੇ ਸਰ ਹੈਨਰੀ ਮੈਕਮੋਹਨ ਦੁਆਰਾ ਸੁਝਾਈ ਗਈ 890 ਕਿ.ਮੀ. ਲੰਮੀ ਮੈਕਮੋਹਨ ਲਾਈਨ ਨੂੰ ਭਾਰਤ ਅਤੇ ਤਿੱਬਤ ਦੀ ਸਰਹੱਦ ਪ੍ਰਵਾਨ ਕਰ ਲਿਆ। ਫਲਸਵਰੂਪ ਤਵਾਂਗ ਅਤੇ ਕਈ ਹੋਰ ਇਲਾਕਿਆਂ ‘ਤੇ ਭਾਰਤ ਦਾ ਅਧਿਕਾਰ ਮੰਨ ਲਿਆ ਗਿਆ। ਪਰ ਚੀਨੀ ਪ੍ਰਤੀਨਿਧੀਆਂ ਨੇ ਇਸ ਸੰਧੀ ਦਾ ਸਖ਼ਤ ਵਿਰੋਧ ਕੀਤਾ ਅਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਕੇ ਮੀਟਿੰਗ ਵਿੱਚੋਂ ਵਾਕ ਆਊਟ ਕਰ ਗਏ।
1935 ਵਿੱਚ ਵਿਦੇਸ਼ ਵਿਭਾਗ ਦੇ ਡਿਪਟੀ ਸੈਕਟਰੀ ਉਲਫ ਕੈਰੋ ਦੇ ਧਿਆਨ ‘ਚ ਆਇਆ ਕਿ ਮੈਕਮੋਹਨ ਲਾਈਨ ਅਜੇ ਤੱਕ ਨਕਸ਼ਿਆਂ ‘ਚ ਵਿਖਾਈ ਹੀ ਨਹੀਂ ਗਈ। ਉਸ ਦੇ ਅਣਥੱਕ ਯਤਨਾਂ ਕਾਰਨ ਸਰਵੇ ਆਫ ਇੰਡੀਆ ਨੇ 1937 ਈ. ਤੋਂ ਮੈਕਮੋਹਨ ਲਾਈਨ ਆਪਣੇ ਨਕਸ਼ਿਆਂ ਵਿੱਚ ਭਾਰਤ ਅਤੇ ਤਿੱਬਤ ਦੀ ਮਾਨਤਾ ਪ੍ਰਾਪਤ ਸਰਹੱਦ ਵਜੋਂ ਵਿਖਾਉਣੀ ਸ਼ੁਰੂ ਕਰ ਦਿੱਤੀ। 1944 ਵਿੱਚ ਬ੍ਰਿਟਿਸ਼ ਸਰਕਾਰ ਨੇ ਇਸ ਇਲਾਕੇ ਵਿੱਚ ਆਪਣੇ ਅਫ਼ਸਰ ਨਿਯੁਕਤ ਕਰ ਕੇ ਸਾਰੇ ਤਿੱਬਤੀ ਅਧਿਕਾਰੀ ਕੱਢ ਦਿੱਤੇ।
1947 ‘ਚ ਭਾਰਤ ਦੇ ਅਜ਼ਾਦ ਹੋਣ ਤੋਂ ਬਾਦ ਤਿੱਬਤ ਨੇ ਦੁਬਾਰਾ ਕੁਝ ਹਲਚਲ ਕਰਨੀ ਸ਼ੁਰੂ ਕਰ ਦਿੱੱਤੀ। ਤਿੱਬਤ ਨੇ ਨਵੰਬਰ 1947 ‘ਚ ਭਾਰਤ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਤਵਾਂਗ ਅਤੇ ਹੋਰ ਕਈ ਇਲਾਕਿਆਂ ‘ਤੇ ਆਪਣਾ ਹੱਕ ਜਤਾਇਆ। ਪਰ ਭਾਰਤ ਨੇ ਇੱਕ ਤਰਫ਼ਾ ਤੌਰ ‘ਤੇ ਮੈਕਮੋਹਨ ਲਾਈਨ ਨੂੰ ਭਾਰਤ-ਤਿੱਬਤ ਸਰਹੱਦ ਐਲਾਨ ਦਿੱਤਾ। ਹੁਣ ਭਾਵੇਂ ਦਲਾਈਲਾਮਾ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਹਿੱਸਾ ਮੰਨਦਾ ਹੈ, ਪਰ 1959 ‘ਚ ਤਿੱਬਤ ਛੱਡ ਕੇ ਭੱਜਣ ਤੋਂ ਪਹਿਲਾਂ ਉਹ ਵੀ ਮੈਕਮੋਹਨ ਲਾਈਨ ਨੂੰ ਮਾਨਤਾ ਨਹੀਂ ਸੀ ਦੇਂਦਾ। 1949 ‘ਚ ਚੀਨ ਵਿੱਚ ਕਮਿਊਨਿਸਟ ਇਨਕਲਾਬ ਆ ਗਿਆ ਅਤੇ 1951 ਵਿੱਚ ਉਸ ਨੇ ਤਿੱਬਤ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਸ਼ੁਰ-ਸ਼ੁਰੂ ‘ਚ ਚੀਨ ਦੀ ਕਮਿਊਨਿਸਟ ਸਰਕਾਰ ਦੇ ਭਾਰਤ ਨਾਲ ਬਹੁਤ ਹੀ ਨਿੱਘੇ ਸਬੰਧ ਸਨ। ਇਸ ਲਈ ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਮਾਮਲੇ ‘ਚ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਾ ਕੀਤੀ। ਪਰ ਦਲਾਈਲਾਮਾ ਦੇ ਭਾਰਤ ਭੱਜਣ ਤੋਂ ਬਾਦ ਦੋਵਾਂ ਦੇਸ਼ਾਂ ਦੇ ਸਬੰਧਾਂ ‘ਚ ਤਲਖ਼ੀ ਆਉਣੀ ਸ਼ੁਰੂ ਹੋ ਗਈ। ਇਸ ਖੁੰਦਕ ਅਤੇ ਹੋਰ ਕਈ ਕਾਰਨਾਂ ਕਾਰਨ 20 ਅਕਤੂਬਰ 1962 ਵਾਲੇ ਦਿਨ ਚੀਨੀ ਫੌਜ ਨੇ ਭਾਰਤ ‘ਤੇ ਹਮਲਾ ਕਰ ਦਿੱਤਾ ਅਤੇ ਅਰੁਣਾਚਲ ਪ੍ਰਦੇਸ਼ ਦੇ ਜਿਆਦਾਤਰ ਹਿੱਸੇ ‘ਤੇ ਕਬਜ਼ਾ ਕਰ ਲਿਆ। ਪਰ ਰੂਸ, ਅਮਰੀਕਾ ਅਤੇ ਹੋਰ ਸੁਪਰ ਪਾਵਰਾਂ ਦੇ ਸਖ਼ਤ ਦਬਾਅ ਕਾਰਨ ਉਸ ਨੂੰ ਸਾਰਾ ਇਲਾਕਾ ਖਾਲੀ ਕਰਨਾ ਪਿਆ ਤੇ ਉਸ ਦੀਆਂ ਫੌਜਾਂ ਵਾਪਸ ਮੈਕਮੋਹਨ ਲਾਈਨ ‘ਤੇ ਚਲੀਆਂ ਗਈਆਂ। ਹਿਮਾਲਿਆ ਦੇ ਇਸ ਪਾਰ ਹੋਣ ਕਾਰਨ ਅਰੁਣਾਚਲ ਪ੍ਰਦੇਸ਼ ਭੂਗੋਲਿਕ ਤੌਰ ‘ਤੇ Àੁਂਜ ਵੀ ਭਾਰਤ ਦੇ ਨਜ਼ਦੀਕ ਹੈ।
ਚੀਨ ਭਾਰਤ ਨੂੰ ਪਰੇਸ਼ਾਨ ਕਰਨ ਲਈ ਸਰਹੱਦ ‘ਤੇ ਭੜਕਾਹਟ ਭਰੀਆਂ ਕਾਰਵਾਈਆਂ ਕਰਦਾ ਰਹਿੰਦਾ ਹੈ। ਉਸ ਦੀ ਫੌਜ ਕਦੇ ਭਾਰਤ ਦੇ ਅੰਦਰ ਆ ਜਾਂਦੀ ਹੈ, ਕਦੇ ਹੈਲੀਪੈਡ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਕਦੇ ਭਾਰਤੀ ਫੌਜ ਵੱਲੋਂ ਬਾਰਡਰ ‘ਤੇ ਸੜਕਾਂ ਬਣਾਉਣ ਵਿੱਚ ਰੁਕਾਵਟ ਪੈਦਾ ਕਰਦੀ ਹੈ। ਪਰ ਭਾਰਤੀ ਫੌਜ ਵੀ ਹੁਣ 1962 ਵਾਲੀ ਨਹੀਂ ਰਹੀ ਜੋ ਅਚਨਚੇਤੀ ਕਾਬੂ ਆ ਗਈ ਸੀ। ਹੁਣ ਭਾਰਤ ਚੀਨ ਦੀ ਹਰ ਚੁਣੌਤੀ ਲਈ ਤਿਆਰ ਹੈ।
ਬਲਰਾਜ ਸਿੰਘ ਸਿੱਧੂ
ਲੇਖਕ ਸੀਨੀਅਰ ਪੁਲਿਸ ਅਧਿਕਾਰੀ ਹੈ ਪੰਡੋਰੀ ਸਿੱਧਵਾਂ
ਮੋ. 9815124449

ਪ੍ਰਸਿੱਧ ਖਬਰਾਂ

To Top