ਕਿਸਾਨਾਂ ਨੂੰ ਸਾਰੀਆਂ ਸਹੂਲਤਾਂ ਅਕਾਲੀ-ਭਾਜਪਾ ਸਰਕਾਰ ਸਮੇਂ ਹੀ ਮਿਲੀਆਂ: ਬੰਟੀ ਰੋਮਾਣਾ

ਲਛਮਣ ਗੁਪਤਾ ਫ਼ਰੀਦਕੋਟ, 1 ਫਰਵਰੀ
ਇੱਥੋਂ ਦੇ ਪਿੰਡ ਹਰਦਿਆਲੇਆਣਾ ਵਿਖੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਭਾਜਪਾ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਉਹਨਾਂ ਨੂੰ ਵੋਟ ਪਾਉਂਦੇ ਹੋਏ ਜੇਤੂ ਬਣਾਉਣ ਅਤੇ ਅਕਾਲੀ ਦਲ ਅਤੇ ਭਾਜਪਾ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ ਗਈ। ਇਸ ਸਮੇਂ ਸੰਬੋਧਨ ਕਰਦਿਆਂ ਸ: ਰੋਮਾਣਾ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਸਾਰੀਆਂ ਸਹੂਲਤਾਂ ਅਕਾਲੀ-ਭਾਜਪਾ ਸਰਕਾਰ ਸਮੇਂ ਹੀ ਮਿਲੀਆਂ ਹਨ। ਦੂਜੀਆਂ ਸਰਕਾਰਾਂ ਵੱਲੋਂ ਇਨ੍ਹਾਂ ਸਹੂਲਤਾਂ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਦਿੱਲੀ ਤੋਂ ਆਏ ਟੋਪੀ ਵਾਲੇ ਵੀ ਪੰਜਾਬ ਦੇ ਕਿਸਾਨਾਂ ਤੋਂ ਉਹਨਾਂ ਦਾ ਪਾਣੀ ਖੋਹਣ ਲਈ ਆਏ ਹਨ। ਉਹਨਾਂ ਕਿਹਾ ਕਿ ਬਿਜਲੀ ਅਤੇ ਪਾਣੀ ਦੇ ਬਿੱਲਾਂ ਤੋਂ ਨਿਜ਼ਾਤ ਤੋਂ ਇਲਾਵਾ ਆਟਾ-ਦਾਲ ਸਕੀਮ ਨਾਲ ਗਰੀਬ ਅਤੇ ਲੋੜਵੰਦ ਕਿਸਾਨਾਂ ਨੂੰ ਕਾਫੀ ਰਾਹਤ ਮਿਲੀ ਹੈ। ਕਾਂਗਰਸ ਅਤੇ ਦਿੱਲੀ ਵਾਲੀਆਂ ਪਾਰਟੀਆਂ ਇਹਨਾਂ ਸਕੀਮਾਂ ਨੂੰ ਬੰਦ ਕਰਨ ਦੇ ਮਨਸੂਬੇ ਨਾਲ ਪੰਜਾਬ ਵਿੱਚ ਆਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਸ: ਰੋਮਾਣਾ ਨੇ ਕਿਹਾ ਕਿ ਤੀਜੀ ਵਾਰ ਅਕਾਲੀ ਭਾਜਪਾ ਸਰਕਾਰ ਆਉਣ ‘ਤੇ ਢਾਈ ਏਕੜ ਜਮੀਨਾਂ ਵਾਲੇ ਕਿਸਾਨਾਂ ਦੇ ਕਰਜ਼ੇ ਮੁਆਫ ਅਤੇ ਫਸਲ ‘ਤੇ 100 ਰੁਪਏ ਬੋਨਸ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਕਈ ਸਹੂਲਤਾ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਨਿਘਾਰ ਵੱਲ ਜਾ ਰਹੀ ਕਿਸਾਨੀ ਅਤੇ ਕਿਸਾਨ ਨੂੰ ਉੱਚਾ ਚੁੱਕਿਆ ਜਾ ਸਕੇ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿੱਚ ਹੀ ਲੋੜਵੰਦ ਅਤੇ ਗਰੀਬੀ ਦੇ ਆਲਮ ‘ਚ ਰਹਿ ਰਹੇ ਪਰਿਵਾਰਾਂ ਨੂੰ ਬਹੁਤ ਹੀ ਘੱਟ ਰੇਟਾਂ ‘ਚ ਆਟਾ ਦਾਲ ਸਕੀਮ, ਆਰ.ਓ. ਦਾ ਪੀਣਯੋਗ ਪਾਣੀ ਮੁਹੱਈਆ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਜੋ ਵੀ ਵਾਅਦੇ ਕੀਤੇ ਹਨ ਉਹ ਪੂਰੇ ਵੀ ਕੀਤੇ ਹਨ। ਇਸ ਸਮੇਂ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਸੰਧੂ, ਸਰਪੰਚ ਨਰ ਸਿੰਘ, ਗੁਰਤੇਜ ਸਿੰਘ ਗਿੱਲ ਚੇਅਰਮੈਨ ਮਾਰਕਿਟ ਕਮੇਟੀ, ਫਰੀਦਕੋਟ, ਨਵਦੀਪ ਸਿੰਘ ਬੱਬੂ ਬਰਾੜ ਚੇਅਰਮੈਨ ਪੀ.ਆਰ.ਟੀ.ਸੀ., ਬਲਜਿੰਦਰ ਸਿੰਘ ਧਾਲੀਵਾਲ, ਸਰਵਨ ਸਿੰਘ ਪੰਚ, ਬਲਤੇਜ ਸਿੰਘ ਪੰਚ, ਲਾਭ ਸਿੰਘ ਪੰਚ, ਗੁਰਚਰਨ ਸਿੰਘ ਪੰਚ, ਕੁਲਵਿੰਦਰ ਸਿੰਘ ਪੰਚ, ਲਖਵਿੰਦਰ ਸਿੰਘ ਸੰਧੂ, ਜਸਕਰਨ ਸਿੰਘ ਸੰਧੂ, ਲਾਲਜੀਤ ਸੰਘਾ, ਗੁਰਵਿੰਦਰ ਸਿੰਘ, ਲੱਖਾ ਸਿੰਘ ਮੈਂਬਰ ਆਦਿ ਹਾਜ਼ਰ ਸਨ।