ਕਿਸਾਨ ਆਗੂਆਂ ਨੇ ਦੋ ਪਿੰਡਾਂ ‘ਚ ਜਲ ਘਰਾਂ ਦੇ ਕੁਨੈਕਸ਼ਨ ਜੋੜੇ

ਮਨਜੀਤ ਨਰੂਆਣਾ ਸੰਗਤ ਮੰਡੀ, 
ਪਿੰਡ ਰਾਏ ਕੇ ਕਲਾਂ ‘ਤੇ ਬਹਾਦਰਗੜ੍ਹ ਜੰਡੀਆਂ ਵਿਖੇ ਪਾਵਰਕੌਮ ਵੱਲੋਂ ਬਿਜਲੀ ਦਾ ਬਿੱਲ ਨਾ ਭਰਨ ਕਾਰਨ ਪਿਛਲੇ ਇਕ ਹਫ਼ਤੇ ਤੋਂ ਵਾਟਰ ਵਰਕਸਾਂ ਦੇ ਕੱਟੇ ਨੂੰ ਕੁਨੈਕਸ਼ਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿੰਡ ਵਾਸੀਆਂ ਦੀ ਮੌਜੂਦਗੀ ‘ਚ ਜੋੜ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਬਲਾਕ ਸਕੱਤਰ ਕੁਲਵੰਤ ਰਾਏ ਸ਼ਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਨ੍ਹਾਂ ਦੋਹਾਂ ਵਾਟਰ ਵਰਕਸਾਂ ਦੇ ਕੂਨੇਕਸ਼ਨਾਂ ਨੂੰ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਬਿੱਲ ਨਾ ਭਰਨ ਕਾਰਨ ਪਿਛਲੇ ਇੱਕ ਹਫਤੇ ਤੋਂ ਕੱਟ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਿੰਡ ‘ਚ ਅਜਿਹੇ ਬਹੁਤ ਘਰ ਸਨ ਜਿਹੜੇ ਸਮੇਂ-ਸਮੇਂ ‘ਤੇ ਆਪਣਾ ਪਾਣੀ ਦਾ ਬਿੱਲ ਭਰਦੇ ਰਹੇ ਪ੍ਰੰਤੂ ਵਿਭਾਗ ਵੱਲੋਂ ਇਹ ਬਿੱਲ ਪਾਵਰਕੌਮ ਕੋਲ ਜਮ੍ਹਾਂ ਹੀ ਨਹੀਂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਘਰਾਂ ‘ਚ ਪੀਣ ਵਾਲੇ ਪਾਣੀ ਦਾ ਸੰਕਟ ਪੈਦਾ ਹੋ ਗਿਆ ਸੀ।
ਉਨ੍ਹਾਂ ਅੱਗੇ ਕਿਹਾ ਕਿ ਜਦ ਇਸ ਸਬੰਧੀ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਐੱਸ.ਡੀ.ਓ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕੋਈ ਸੰਤੋਸ਼ ਜਨਕ ਜੁਆਬ ਨਹੀਂ ਦਿੱਤਾ ਜਿਸ ਤੋਂ ਬਾਅਦ ਲੋਕਾਂ ਨੇ ਸਮੂਹਕ ਫੈਸਲਾ ਲੈਂਦਿਆਂ ਵਾਟਰ ਵਰਕਸਾਂ ਦੇ ਕੂਨੇਕਸ਼ਨਾਂ ਨੂੰ
ਜੋੜ ਦਿੱਤਾ।
ਉਨ੍ਹਾਂ ਚਿਤਾਵਨੀ ਭਰੇ ਲਹਿਜੇ ‘ਚ ਕਿਹਾ ਕਿ ਜੇਕਰ ਸਬੰਧਤ ਵਿਭਾਗ ਵੱਲੋਂ ਵਾਟਰ ਵਰਕਸਾਂ ਦੇ ਕੁਨੈਕਸ਼ਨ ਕੱਟੇ ਗਏ ਤਾਂ ਤਿੱਖਾ ਸੰਘਰਸ਼ ਕਰਕੇ ਪਾਵਰਕੌਮ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਵੋਟ ਵਟੋਰੂ ਪਾਰਟੀਆਂ ਤੋਂ ਸੁਚੇਤ ਰਹਿੰਦਿਆਂ ਆਪਣੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ। ਇਸ ਮੌਕੇ ਵੱਡੀ ਗਿਣਤੀ ‘ਚ ਪਿੰਡ ਵਾਸੀ ਮੌਜੂਦ ਸਨ।