ਲੇਖ

ਕਿਸਾਨ ਵੀਰੋ! ਨਾ ਕਰੋ ਖੁਦਕੁਸ਼ੀ

ਆਏ ਦਿਨ ਅਖ਼ਬਾਰਾਂ ‘ਚ ਛਪਦੀਆਂ ਸੁਰਖ਼ੀਆਂ ਨੇ ‘ਖੁਦਕੁਸ਼ੀ’ ਅਤਿ ‘ਸੌਖਾ ਕਾਰਾ’ ਬਣਾ ਛੱਡਿਆ ਹੈ। ਆਰਥਿਕ ਮੰਦੀ ਦੇ ਚੱਲਦਿਆਂ ਘਰੇਲੂ ਝਗੜਿਆਂ ਕਰਕੇ ਜਾਂ ਕਿਸੇ ਹੋਰ ਵਜ੍ਹਾ ਕਰਕੇ ਖੁਦਕੁਸ਼ੀਆਂ ਦਾ ਰਾਹ ਅਪਣਾਇਆ ਜਾਂਦਾ ਹੈ। ਜੇਕਰ ਮੋਟਾ-ਮੋਟਾ ਨਿਚੋੜ ਦੇਖਿਆ ਜਾਵੇ ਤਾਂ  ‘ਪੈਸੇ ਦੀ ਘਾਟ’ ਹੀ ਖੁਦਕੁਸ਼ੀਆਂ ਦਾ ਮੁੱਖ ਕਾਰਨ ਬਣ ਕੇ Àੁੱਭਰਦੀ ਹੈ। ਪਰੰਤੂ ਖੁਦਕੁਸ਼ੀ ਕਰਨ ਵਾਲੇ ਕਰਜ਼ਈ ਵਿਅਕਤੀ ਖਬਰੇ ਅਜਿਹਾ ਕੀ ਸੋਚਦੇ ਹਨ ਕਿ ਉਨ੍ਹਾਂ ਨੂੰ ਆਤਮਹੱਤਿਆ ਹੀ ਆਖਰੀ ਹੱਲ ਨਜ਼ਰ ਆਉਂਦਾ ਹੈ ਜਾਂ ਕਹਿ ਲਉ ਕਿ ਉਹ ਆਪਣੇ ਆਪ ਨੂੰ ਮੌਤ ਨਾਲ ਏਨਾ ਜੋੜ ਲੈਂਦੇ ਹਨ ਕਿ ਉਨ੍ਹਾਂ ਨੂੰ ਹੋਰ ਕੁਝ ਯਾਦ ਨਹੀਂ ਰਹਿੰਦਾ, ਨਾ ਪਰਿਵਾਰ ਨਾ ਆਪਣਿਆਂ ਦਾ ਪਿਆਰ ।
ਪੈਸੇ ਜਾਂ ਆਰਥਿਕ ਮੰਦੀ ਕਾਰਨ ਅਜਿਹਾ ਕਰਨ ਵਾਲਿਆਂ ਲਈ ਇਹ ਇੱਕ ਪੈਗ਼ਾਮ ਹੈ ਕਿ ਪੈਸਾ ਇੰੰਨਾਂ ਵੀ ਜ਼ਰੂਰੀ ਨਹੀਂ ਕਿ ਜਿਉਣਾ ਛੱਡ ਦੇਈਏ   ਜ਼ਿੰਦਗੀ ਏਨੀ ਵੀ ਸਸਤੀ ਨਹੀਂ ਕਿ ਮੌਤ ਨੂੰ ਖੁਦ ਮੰਗਣਾ ਪਵੇ। ਮਸਾਂ 60 ਕੁ ਸਾਲ ਦੀ ਔਸਤ ਉਮਰ ਹੈ ਇਸ ਧਰਤੀ ‘ਤੇ ਇਨਸਾਨ ਦੀ , ਜਿਸ ਦੇ 30 ਵਰ੍ਹੇ ਤਾਂ ਸੁਫ਼ਨੇ ਸੰਜੋਦਿਆਂ ਹੀ ਲੰਘਣੇ ਹੁੰਦੇ ਹਨ , ਸਿਰਫ਼ 30 ਵਰ੍ਹੇ ਹੀ ਅਸੀਂ ਇਨ੍ਹਾਂ ਸਫ਼ਨਿਆਂ ਨੂੰ ਸੱਚ ਕਰਨ ਲਈ ਸੰਘਰਸ਼ ਕਰਦੇ ਹਾਂ, ਮਿਹਨਤ ਕਰਦੇ ਹਾਂ ਤੇ ਕਈ ਅੰਤ ‘ਤੇ ਜਿੱਤ ਵੀ ਪ੍ਰਾਪਤ ਕਰਦੇ ਹਾਂ, ਪਰੰਤੂ ਜੇਕਰ ਕਿਤੇ ਇੱਕ ਸੁਫ਼ਨੇ ਦੇ ਸੰਘਰਸ਼ ਤੋਂ ਹਾਰ ਵੀ ਜਾਈਏ ਤਾਂ ਮਰਨਾ ਅੰਤ ਨਹੀਂ ਹੋਣਾ ਚਾਹੀਦਾ  ਸਗੋਂ ਅਗਲੇ ਸੁਫ਼ਨੇ ਨੂੰ ਸੱਚ ਕਰਨ ਲਈ ਫਿਰ ਤੋਂ ਹੋਰ ਮਜ਼ਬੂਤ ਹੋ ਕੇ ਖੜ੍ਹੇ ਹੋ ਜਾਣਾ ਹੀ ਜ਼ਿੰਦਗੀ ਹੈ । ਸਿਰਫ਼ ਇੱਕ ਮੈਚ ‘ਚੋਂ ਹਾਰ ਕੇ ਜੇਕਰ ਖਿਡਾਰੀ ਮੈਦਾਨ ਛੱਡ ਜਾਵੇ ਤਾਂ ਉਹ ਖਿਡਾਰੀ ਨਹੀਂ ਰਹਿੰਦਾ, ਇਸੇ ਤਰ੍ਹਾਂ ਜ਼ਿੰਦਗੀ ਦੀ ਖੇਡ ਪੜਾਅ ਦਰ ਪੜਾਅ ਖੇਡਣੀ ਬਣਦੀ ਹੈ।
ਮੈਂ ਸੁਣਿਆ ਅਤੇ ਮੰਨਿਆ ਵੀ ਹੈ ਕਿ ਕੱਟੜਤਾ (ਜ਼ਿੱਦ) ਇਨਸਾਨ ਨੂੰ ਖਤਮ ਕਰ ਦਿੰਦੀ ਹੈ। ਸੋ ਸੁਭਾਅ ਦਾ ਲਚਕੀਲਾਪਣ ਹੀ ਜ਼ਿੰਦਗੀ ਦਾ ਹਰ ਪਲ ਮਾਨਣ ਦਾ ਤਰੀਕਾ ਹੈ । ਜ਼ਿੰਦਗੀ ਦੇ ਕਿਸੇ ਵੀ ਫੈਸਲੇ ਨੂੰ ਪੂਰਨ ਕਰਨ ਲਈ ਅਣਥੱਕ ਮਿਹਨਤ ਕਰੋ ਪਰ ਉਸੇ ‘ਤੇ ਅੜੇ ਨਾ ਰਹੋ। ਹੋ ਸਕਦਾ ਹੈ ਤੁਹਾਡਾ ਫੈਸਲਾ ਗਲਤ ਹੋਵੇ । ਮਿਸਾਲ ਵਜੋਂ ਇੱਕ ਕਿੱਸਾ ਹੈ , ‘ਇੱਕ ਬੰਦ ਦਰਵਾਜੇ ਨੂੰ ਜਾਦੂਈ ਦਰਵਾਜਾ ਕਿਹਾ ਗਿਆ ਅਤੇ ਉਸਨੂੰ ਖੋਲ੍ਹਣ ਵਾਲੇ ਲਈ ਵੱਡਾ ਇਨਾਮ ਰੱਖਿਆ ਗਿਆ । ਵੱਡੇ-ਵੱਡੇ ਵਿਦਵਾਨ ਮੁਕਾਬਲੇ ਵਿੱਚ ਭਾਗ ਲੈਣ ਆਏ ਜਿਨ੍ਹਾਂ ਨੇ ਵੱਡੇ-ਵੱਡੇ ਇਲਮ ਪ੍ਰਾਪਤ ਕੀਤੇ ਸਨ । ਜਦੋਂ ਉਨ੍ਹਾਂ ਨੂੰ ਦਰਵਾਜਾ ਖੋਲ੍ਹਣ ਲਈ ਕਿਹਾ ਗਿਆ ਤਾਂ ਉਨ੍ਹਾਂ ਬਹੁਤ ਟੂਣੇ, ਜਾਦੂ, ਮੰਤਰਾਂ ਦਾ ਇਸਤੇਮਾਲ ਕੀਤਾ ਪਰ ਦਰਵਾਜਾ ਨਹੀਂ ਖੁੱਲ੍ਹਿਆ ਪਰ ਇਹ ਦਰਵਾਜਾ ਇੱਕ ਆਮ ਵਿਅਕਤੀ ਨੇ ਹੱਥ ਨਾਲ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇੱਕ ਪਲ ਵਿੱਚ ਹੀ ਖੁੱਲ੍ਹ ਗਿਆ । ਮਤਲਬ ਇਹ ਹੈ ਕਿ ਵਿਦਵਾਨ ਜਾਦੂਈ ਦਰਵਾਜੇ ਦੇ ਨਾਂਅ ਤੋਂ ਹੀ ਇਸ ਕੱਟੜਤਾ ਵਿੱਚ ਸਨ ਕਿ ਇਹ ਜਾਦੂ ਟੂਣੇ ਨਾਲ ਖੁੱਲ੍ਹੇਗਾ ਅਤੇ ਉਨ੍ਹਾਂ ਹੱਥ ਲਾਲ ਖੋਲ੍ਹਣ ਦੀ ਕੋਸ਼ਿਸ਼ ਮਾਤਰ ਵੀ ਨਹੀਂ ਕੀਤੀ।
ਸੋ ਕਿਸੇ ਰਿਸ਼ਤੇ , ਫੈਸਲੇ ਜਾਂ ਕਿਸੇ ਵੀ ਹੋਰ ਚੀਜ਼ ਲਈ ਏਨੀ ਜਿੱਦ ਨਾ ਕਰੋ ਕਿ ਇਹ ਕੱਟੜਤਾ ਤੁਹਾਡੀ ਜਾਂ ਕਿਸੇ ਦੀ ਜਾਨੀ ਨੁਕਸਾਨ ਦਾ ਕਾਰਨ ਬਣ ਜਾਵੇ। ਜਿਨ੍ਹਾਂ ਸਿਰ ਕਰਜ਼ਾ ਹੈ ਉਹ ਮਰ ਕੇ ਮਨੁੱਖਾ ਜਨਮ ਨੂੰ ਖਤਮ ਕਰਕੇ ਆਪ ਤਾਂ ਫਨਾਹ ਹੀ ਹੋ ਜਾਂਦੇ ਹਨ ਪਰ ਆਪਣੇ ਪਰਿਵਾਰ ਦਾ  ਵੀ ਲੱਕ ਤੋੜ ਜਾਂਦੇ ਹਨ । ਭੋਰਾ ਭਰ ਬਲੂਰਾਂ ਨੂੰ ਯਤੀਮ ਕਰ ਜਾਂਦੇ ਹਨ । ਬੇਗਾਨੀਆਂ ਧੀਆਂ ਨੂੰ ਦਰ-ਦਰ ਭਟਕਣ ਲਈ ਮਜ਼ਬੂਰ ਕਰ ਜਾਂਦੇ ਹਨ ਅਤੇ ਮਾਂ-ਬਾਪ ਦੇ ਸਹਾਰੇ ਬਰਬਾਦ ਕਰ ਜਾਂਦੇ ਹਨ ।
ਕੀ ਉਹ ਇੱਕ ਵਾਰ ਨਹੀਂ ਸੋਚਦੇ ਕਿ ਜਿਸ ਕਰਜ਼ੇ ਕਾਰਨ ਉਹ ਖੁਦਕੁਸ਼ੀ ਕਰ ਗਏ ਜਦੋਂ ਉਸ ਕਰਜ਼ੇ ਦੀ ਰਕਮ ਉਨ੍ਹਾਂ ਦਾ ਅਣਭੋਲ ਬੱਚਾ ਜਾਣੂਗਾ ਤਾਂ ਉਹ ਆਪਣਾ ਬਚਪਨ ਜਾਂ ਜਵਾਨੀ ਕਿਵੇਂ ਜੀਅ ਸਕੂਗਾ । ਉਹ ਤਾਂ ਜਿਉਂਦੇ ਹੋਏ ਵੀ ਕਿਸੇ ਚਾਅ ਜਾਂ ਸੁਫ਼ਨੇ ਨੂੰ ਸੰਜੋਅ ਨਾ ਸਕੂਗਾ। ਉਹ ਬੱਚਾ ਤਾਅ ਉਮਰ ਇਸੇ ਸਦਮੇ ਵਿੱਚ ਬਿਤਾਉਣ ਲਈ ਮਜਬੂਰ ਹੋ ਜਾਵੇਗਾ ਕਿ ਉਸ ਸਿਰ ਉਹ ਭਾਰ ਹੈ ਜੋ ਉਸ ਦੇ ਪਿਤਾ ਝੱਲ ਨਾ ਸਕੇ ਤੇ ਹੁਣ ਉਹ ਭਾਰ ਉਸ ਦੇ ਸਿਰ ‘ਤੇ ਆ ਗਿਆ ਹੈ।
ਸਿਰਫ਼ ਮਾਨਸਿਕ ਪੱਖੋਂ ਹੀ ਨਹੀਂ ਪਿੱਛੇ ਰਹਿ ਜਾਂਦੇ ਪਰਿਵਾਰ ਸਰੀਰਕ ਕੰਮਾਂ ਪੱਖੋਂ ਵੀ ਮਾਰ ਖਾਂਦੇ ਹਨ । ਜਿਹੜੇ ਕੰਮ ਖੁਦਕੁਸ਼ੀ ਕਰਨ ਵਾਲਾ ਆਪਣਾ ਪਰਿਵਾਰ ਪਾਲਣ ਲਈ ਕਰਦਾ ਸੀ ਉਹ ਉਸ ਦੇ ਭੋਰਾ-ਭਰ ਬੱਚੇ, ਪਤਨੀ ਜਾਂ ਬੁੱਢੇ ਮਾਂ-ਪਿਓ ਨੂੰ ਕਰਨਾ ਪੈਂਦਾ ਹੈ। ਬੱਚਿਆਂ ਦੀ ਪੜ੍ਹਾਈ ਅੱਧ-ਵਿਚਾਲੇ ਛੁੱਟ ਜਾਂਦੀ ਹੈ । ਜਿਸ ਕਰਜ਼ੇ ਨੂੰ Àੁੱਤਰਨ ਦੀ ਉਮੀਦ ਬੱਚਿਆਂ ਦੀ ਅਗਲੇਰੀ ਪੀੜ੍ਹੀ ਤੋਂ ਲਾ ਸਕਦੇ ਸਨ ਉਹ ਉਮੀਦ ਵੀ ਦਮ ਤੋੜਦੀ ਨਜ਼ਰੀ ਆਉਂਦੀ ਹੈ। ਸੋ ਪਿਤਾ ਸਿਰ ਜੋ ਸੰਕਟ ਖੁਦਕੁਸ਼ੀ ਬਣ ਕੇ ਆਇਆ ਸੀ, ਉਹ ਅੱਗੇ ਬੱਚੇ ਸਿਰ ਮਹਾਂ ਸੰਕਟ ਜਿਉਂ ਦਾ ਤਿਉਂ ਖੜ੍ਹਾ ਰਹਿੰਦਾ ਹੈ।
ਅਜੋਕੇ ਸਮੇਂ ਦੇ ਤਾਣੇ-ਬਾਣੇ ਵਿੱਚ ਹਰ ਬੰਦਾ ਦੁਖੀ ਹੈ ਪਰ ਕਿਸੇ ਵੀ ਦੁੱਖ ਦੀ ਦਾਰੂ ਮੌਤ ਨਹੀਂ ਹੋ ਸਕਦੀ । ਸਾਡਾ ਜਨਮ ਜਿਉਣ ਲਈ ਹੋਇਆ । ਜਿਉਂਦੇ ਰਹਿਣਾ ਸਾਡਾ ਸਭ ਤੋਂ ਪਹਿਲਾ ਕਰਮ ਹੈ। ਮੌਤ ਗਲੇ ਲਾਉਣ ਨਾਲ ‘ਜ਼ਿੰਦਗੀ’ ਖਤਮ ਹੁੰਦੀ ਹੈ ‘ਕਰਜ਼ਾ’ ਨਹੀਂ। ਸੋ ‘ਕਰਜ਼ਾ’ ਤਿਆਗੋ ‘ਜ਼ਿੰਦਗੀ’ ਨਹੀਂ । ‘ਇੱਛਾਵਾਂ’ ਨੂੰ ਸੀਮਤ ਕਰੋ ‘ਸਾਹਾਂ’ ਨੂੰ ਨਹੀਂ। ਵਕਤ ਜਿਹੋ ਜਿਹਾ ਵੀ ਹੋਵੇ ਬੀਤ ਜਾਂਦਾ ਹੈ। ਔਖੇ ਸਮੇਂ ਚੰਗੇ ਸਮੇਂ ਦਾ ਇੰਤਜ਼ਾਰ ਕਰੋ ਅਤੇ ਚੰਗੇ ਸਮੇਂ ਔਖੇ ਵੇਲੇ ਨੂੰ ਨਾ ਭੁੱਲੋ ।

ਪ੍ਰੋ. ਹਰਪ੍ਰੀਤ ਕੌਰ
ਪੱਤਰਕਾਰੀ ਵਿਭਾਗ,
ਐਸ. ਡੀ. ਕਾਲਜ,
ਬਰਨਾਲਾ

ਪ੍ਰਸਿੱਧ ਖਬਰਾਂ

To Top