ਕੈਪਟਨ ਅਮਰਜੀਤ ਸਿੰਘ ਜੇਜੀ ਨੂੰ ਮਿਲੀ ਪੱਕੀ ਜਮਾਨਤ

ਮਾਮਲਾ ਕੈਪਟਨ ਵੱਲੋਂ ਜਨਰਲ ਨੂੰ ਬੁੱਤ ‘ਤੇ ਹਾਰ ਪਾਉਣ ਤੋਂ ਰੋਕਣ ਦਾ
ਿਅਕਾਲੀ ਉਮੀਦਵਾਰ ਜਨਰਲ ਜੇ. ਜੇ. ਸਿੰਘ ਵੱਲੋਂ ਕਰਵਾਇਆ ਗਿਆ ਸੀ ਮਾਮਲਾ ਦਰਜ
ਖੁਸ਼ਵੀਰ ਸਿੰਘ ਤੂਰ
ਪਟਿਆਲਾ
ਪਟਿਆਲਾ ਸ਼ਹਿਰੀ ਤੋਂ ਅਕਾਲੀ ਉਮੀਦਵਾਰ ਜਨਰਲ ਜੇ.ਜੇ. ਸਿੰਘ ਦੀ ਸ਼ਿਕਾਇਤ ‘ਤੇ ਕੈਪਟਨ ਅਮਰਜੀਤ ਸਿੰਘ ਜੇਜੀ ਵਿਰੁੱਧ ਦਰਜ ਹੋਏ ਮਾਮਲੇ ਵਿੱਚ ਸ੍ਰੀ ਜੇਜੀ ਨੂੰ ਅੱਜ ਪੱਕੀ ਜਮਾਨਤ ਮਿਲ ਗਈ। ਜਨਰਲ ਜੇ.ਜੇ. ਸਿੰਘ ਵੱਲੋਂ ਥਾਣਾ ਸਿਵਲ ਲਾਈਨ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹ ਚੋਣਾ ਮੌਕੇ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ‘ਤੇ ਹਾਰ ਪਾਉਣ ਗਏ ਸਨ ਪਰ ਉੱਥੇ ਕੈਪਟਨ ਅਮਰਜੀਤ ਸਿੰਘ ਜੇਜੀ ਵੱਲੋਂ ਉਨ੍ਹਾਂ ਨੂੰ ਠੀਕਰੀਵਾਲਾ ਦੇ ਬੁੱਤ ‘ਤੇ ਹਾਰ ਪਾਉਣ ਤੋਂ ਰੋਕ ਦਿੱਤਾ ਗਿਆ ਸੀ। ਉਨ੍ਹਾਂ ਇਹ ਵੀ ਦੋਸ਼ ਲਾਏ ਸਨ ਕਿ ਕੈਪਟਨ ਅਮਰਜੀਤ ਸਿੰਘ ਜੇਜੀ ਵੱਲੋਂ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਜਨਰਲ ਦੀ ਸ਼ਿਕਾਇਤ ‘ਤੇ ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਕੈਪਟਨ ਜੇਜੀ ਖਿਲਾਫ਼ ਧਾਰਾ 341 ਅਤੇ 506 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਸਾਬਕਾ ਕੈਪਟਨ ਅਮਰਜੀਤ ਸਿੰਘ ਜੇਜੀ ਅੱਜ ਆਪਣੇ ਵਕੀਲ ਸ੍ਰੀ ਸੋਢੀ ਨਾਲ ਸਿਵਲ ਲਾਈਨ ਥਾਣਾ ਪੁੱਜੇ ਅਤੇ ਆਪਣੇ ਵਕੀਲ ਰਾਹੀਂ ਪੱਕੀ ਜਮਾਨਤ ਹਾਸਲ ਕਰ ਲਈ। ਕੈਪਟਨ ਜੇਜੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਸੇਵਾ ਸਿੰਘ ਠੀਕਰੀਵਾਲ ਉਨ੍ਹਾਂ ਦੇ ਨਾਨਾ ਹਨ। ਇਸ ਲਈ ਉਹ ਜਨਰਲ ਨੂੰ ਹਾਰ ਨਹੀਂ ਪਾਉਣ ਦੇਣਗੇ ਕਿਉਂÎਕਿ ਹੁਣ ਉਹ ਸਿਆਸਤ ਵਿੱਚ ਪੈ ਗਏ ਹਨ। ਇਸ ਦੌਰਾਨ ਇਨ੍ਹਾਂ ਦੋਹਾਂ ਵਿੱਚ ਬਹਿਸਬਾਜੀ ਵੀ ਹੋਈ ਸੀ। ਜਨਰਲ ਜੇ.ਜੇ. ਸਿੰਘ ਵੱਲੋਂ ਵੋਟਾਂ ਪੈਣ ਤੋਂ ਕੁਝ ਦਿਨਾਂ ਬਾਅਦ ਆਪਣੀ ਸ਼ਿਕਾਇਤ ‘ਤੇ ਕੈਪਟਨ ਜੇਜੀ ਖਿਲਾਫ਼ ਮਾਮਲਾ ਦਰਜ਼ ਕਰਵਾ ਦਿੱਤਾ ਸੀ। ਕੈਪਟਨ ਜੇਜੀ ਖਿਲਾਫ਼ ਜੋਂ ਧਰਾਵਾਂ ਲੱਗੀਆਂ ਸਨ ਉਹ ਜਮਾਨਤ ਯੋਗ ਧਾਰਾਵਾਂ ਸਨ ਜਿਸ ਕਾਰਨ ਉਨ੍ਹਾਂ ਨੂੰ ਥਾਣੇ ਵਿਚੋਂ 50 ਹਜ਼ਾਰ ਦੇ ਮੁਚਲਕੇ ਭਰਕੇ ਅਤੇ ਬਣਦੀ ਪ੍ਰਕਿਰਿਆ ਪੂਰੀ ਕਰਕੇ ਪੱਕੀ ਜਮਾਨਤ ਮਿਲ ਗਈ।