ਕੈਪਟਨ ਨੇ ਅਭੈ ਚੌਟਾਲਾ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ

ਅਸ਼ਵਨੀ ਚਾਵਲਾ ਚੰਡੀਗੜ੍ਹ,
ਇਨੈਲੋ ਵੱਲੋਂ 23 ਫਰਵਰੀ ਨੂੰ ਐੱਸਵਾਈਐੱਲ ਪੁੱਟਣ ਦੇ ਕੀਤੇ ਐਲਾਨ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਹਥਿਆਰਬੰਦ ਦਸਤਿਆਂ ਦੀ ਤੈਨਾਤੀ ਕੀਤੇ ਜਾਣ ਦੀ ਮੰਗ ਕੀਤੀ ਹੈ ਉਨ੍ਹਾਂ ਸੁਰੱਖਿਆ ਦੇ ਮੱਦੇਨਜ਼ਰ  ਇਨੈਲੋ ਆਗੂ ਅਭੈ ਚੌਟਾਲਾ ਨੂੰ ਗ੍ਰਿਫਤਾਰ ਤੇ ਪਾਰਟੀ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਦੀ ਪੈਰੋਲ ਰੱਦ ਕਰਨ ਦੀ ਵੀ ਮੰਗ ਕੀਤੀ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ  ਐੱਸਵਾਈਐੱਲ ਸਬੰਧੀ ਅਭੈ ਚੌਟਾਲਾ ਵੱਲੋਂ ਲਲਕਾਰਨ ਤੇ ਭੜਕਾਊ ਬਿਆਨਬਾਜ਼ੀ ਕਰਨ ਕਾਰਨ ਪੰਜਾਬ ‘ਚ ਹਾਲਾਤ ਵਿਗੜ ਸਕਦੇ ਹਨ
ਇੱਥੇ ਜਾਰੀ ਇੱਕ ਬਿਆਨ ‘ਚ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇੱਕ ਸਰਹੱਦੀ ਸੂਬਾ ਹੋਣ ਵਜੋਂ ਮੌਜ਼ੂਦਾ ਪਰਿਵਰਤਨਸ਼ੀਲ ਹਾਲਾਤਾਂ ਨਾਲ ਨਜਿੱਠਣ ਲਈ ਪੰਜਾਬ ਨੂੰ ਉਸਦੇ ਬਲਬੂਤੇ ‘ਤੇ ਨਹੀਂ ਛੱਡਿਆ ਜਾ ਸਕਦਾ ਹੈ ਖਾਸ ਕਰਕੇ ਉਦੋਂ, ਜਦੋਂ ਸੂਬੇ ਅੰਦਰ ਚੋਣਾਂ ਹੋ ਚੁੱਕੀਆਂ ਹਨ ਤੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ ਪ੍ਰਦੇਸ਼ ਦੇ ਹਿੱਤਾਂ ਦੀ ਰਾਖੀ ਵਾਸਤੇ ਕੋਈ ਵੀ ਸਰਕਾਰ ਸ਼ਾਸਨ ‘ਚ ਨਹੀਂ ਹੈ।
ਸੂਬਾ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਪੰਜਾਬ ਦੇ ਬੁਰੇ ਹਾਲਾਤਾਂ ਨੂੰ ਹੋਰ ਵਿਗੜਨ ਤੋਂ ਰੋਕਣ ਵਾਸਤੇ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਬਗੈਰ ਦੇਰੀ ਵਿਚਕਾਰਤਾ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਪੰਜਾਬ ਦੇ ਹਾਲਾਤ ਨਾਜ਼ੁਕ ਰਹੇ ਸਨ, ਤੇ ਵੋਟਿੰਗ ਤੋਂ ਸਿਰਫ ਕੁਝ ਦਿਨ ਪਹਿਲਾਂ ਸੂਬੇ ਨੂੰ ਇੱਕ ਅੱਤਵਾਦੀ ਬੰਬ ਧਮਾਕੇ ਦਾ ਸਾਹਮਣਾ ਕਰਨਾ ਪਿਆ ਸੀ। ਇਸ ਲਈ ਕੇਂਦਰ ਸਰਕਾਰ ਨੂੰ ਐੱਸਵਾਈਐੱਲ ‘ਤੇ ਪੰਜਾਬ ਤੇ ਹਰਿਆਣਾ ‘ਚ ਟਕਰਾਅ ਹੋਣ ਤੋਂ ਬਚਾਉਣ ਲਈ ਹਥਿਆਰਬੰਦ ਦਸਤੇ ਤਾਇਨਾਤ ਕਰਨੇ ਚਾਹੀਦੇ ਹਨ