ਪੰਜਾਬ

ਕੈਪਟਨ ਵੱਲੋਂ ਪੰਜਾਬ ‘ਚ ਰਾਸ਼ਟਰਪਤੀ ਰਾਜ ਦੀ ਮੰਗ

ਲੁਧਿਆਣਾ, (ਰਘਬੀਰ ਸਿੰਘ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਰਾਸ਼ਟਰਪਤੀ ਰਾਜ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਪੰਜਾਬ ਸਰਕਾਰ ਦੇ ਕਾਬੂ ਤੋਂ ਬਾਹਰ ਹੈ ਅਤੇ ਹਰ ਪਾਸੇ ਅਰਾਜਕਤਾ ਵਾਲਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਢੱਡਰੀਆਂ ਵਾਲੇ ‘ਤੇ ਹਮਲੇ ਦੌਰਾਨ ਭੁਪਿੰਦਰ ਸਿੰਘ ਦਾ ਕਤਲ ਅਤੇ ਮਾਤਾ ਚੰਦ ਕੌਰ ਦੇ ਕਤਲ ਵਰਗੀਆਂ ਗੰਭੀਰ ਵਾਰਦਾਤਾਂ ਸਾਰੇ ਪੰਜਾਬ ‘ਚ ਵਾਪਰ ਰਹੀਆਂ ਹਨ ਜਿਹਨਾਂ ਕਰਕੇ ਰਾਸ਼ਟਰਪਤੀ ਰਾਜ ਲਾਉਣਾ ਜ਼ਰੂਰੀ ਹੋ ਗਿਆ ਹੈ ਤਾਂ ਜੋ ਲੋਕਾਂ ਦਾ ਸਰਕਾਰ ‘ਚ ਗੁਆਚੇ ਵਿਸਵਾਸ਼ ਨੂੰ ਮੁੜ ਤੋਂ ਬਹਾਲ ਕੀਤਾ ਜਾ ਸਕੇ।  ਕੈਪਟਨ ਅਮਰਿੰਦਰ ਸਿੰਘ ਖਾਸੀ ਕਲਾਂ ਵਿਖੇ ਢੱਡਰੀਆਂ ਵਾਲਾ ‘ਤੇ ਹੋਏ ਹਮਲੇ ਦੌਰਾਨ ਮਾਰੇ ਗਏ ਭੁਪਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਡਰ ਅਤੇ ਅਰਾਜਕਤਾ ਵਾਲਾ ਮਾਹੌਲ ਹੈ ਜਿਸ ਵਾਸਤੇ ਸਿੱਧੇ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਹਨ।  ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਅਰਦਾਸੀਏ ਵੱਲੋਂ ਸ੍ਰ. ਬਾਦਲ ਨੂੰ ਸਿਰੋਪਾ ਨਾ ਦੇਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਘਟਨਾ ਲੋਕਾਂ ਅੰਦਰ ਸ੍ਰ. ਬਾਦਲ ਖਿਲਾਫ ਫੈਲੇ ਗੁੱਸੇ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਅਰਦਾਸੀਆ ਆਪਣੀ ਜਗ੍ਹਾ ‘ਤੇ ਠੀਕ ਹੈ ਕਿਉਂਕਿ ਪਵਿੱਤਰ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਵਿਅਕਤੀ ਸਿਰੋਪੇ ਦੇ ਕਾਬਲ ਨਹੀਂ ਹੈ। ਇਸ ਤੋਂ ਬਾਅਦ ਕੈਪਟਨ ਨੇ ਭੈਣੀ ਸਾਹਿਬ ਦੇ ਨਾਮਧਾਰੀ ਦਰਬਾਰ ਜਾ ਕੇ ਮਾਤਾ ਚੰਦ ਕੌਰ ਦੀ ਮੌਤ ‘ਤੇ ਅਫਸੋਸ ਪ੍ਰਗਟ ਕੀਤਾ। ਉਹ ਨਾਮਧਾਰੀ ਮਿਸ਼ਨ ਦੇ ਮੁਖੀ ਉਦੈ ਸਿੰਘ ਨੂੰ ਮਿਲੇ ਅਤੇ ਕਿਹਾ ਕਿ ਘਟਨਾ ਦੇ ਦੋ ਮਹੀਨੇ ਬੀਤਣ ਦੇ ਬਾਵਜੂਦ ਦੋਸ਼ੀਆਂ ਦੀ ਪਛਾਣ ਨਾ ਹੋਣਾ ਬੜੇ ਦੁੱਖ ਦੀ ਗੱਲ ਹੈ।
ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੰਤਰੀ ਤੇਜ਼ ਪ੍ਰਕਾਸ਼ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਪੋਤਰੇ ਹਰਕੀਰਤ ਸਿੰਘ ਦੀ ਦੋਰਾਹਾ ਵਿਖੇ ਹੋਈ ਅੰਤਿਮ ਅਰਦਾਸ ‘ਚ ਵੀ ਸ਼ਾਮਲ ਹੋਏ ਸਨ

ਪ੍ਰਸਿੱਧ ਖਬਰਾਂ

To Top