Breaking News

ਕੋਲਡ ਸਟੋਰ ‘ਚ ਧਮਾਕਾ, 4 ਮੌਤਾਂ

17 ਤੋਂ ਵੱਧ ਜ਼ਖਮੀ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਬਚਾਅ ਕਾਰਜਾਂ ‘ਚ ਜੁਟੀ
ਜ਼ੋਰਦਾਰ ਧਮਾਕੇ ਨਾਲ ਬਿਲਡਿੰਗ ਹੋਈ ਢਹਿ ਢੇਰੀ, ਨੇੜਲੇ ਮਕਾਨ ਵੀ ਨੁਕਸਾਨੇ
ਗੁਰਪ੍ਰੀਤ ਸਿੰਘ/ਸੁਰਿੰਦਰ/ਬਿੱਕਰ
ਧੂਰੀ,।
ਸਥਾਨਕ ਕਹੇਰੂ ਸੜਕ ‘ਤੇ ਓਵਰਬ੍ਰਿਜ਼ ਦੇ ਨਾਲ ਸਥਿਤ ਗੁਰੂ ਨਾਨਕ ਕੋਲਡ ਸਟੋਰ ਵਿੱਚ ਗੈਸ ਸਿਲੰਡਰ ਫੱਟਣ ਨਾਲ ਹੋਏ ਵੱਡੇ ਧਮਾਕੇ ਵਿੱਚ ਕੋਲਡ ਸਟੋਰ ਦੀ ਬਿਲਡਿੰਗ ਬੁਰੀ ਤਰ੍ਹਾਂ ਢਹਿ ਢੇਰੀ ਹੋ ਗਈ ਜਿਸ ਕਾਰਨ ਮਲਬੇ ਹੇਠਾਂ ਦੱਬਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 17 ਵਿਅਕਤੀ ਫੱਟੜ ਹੋ ਗਏ।
ਜਾਣਕਾਰੀ ਅਨੁਸਾਰ ਛੇ ਮੰਜ਼ਿਲਾ ਗੁਰੂ ਨਾਨਕ ਕੋਲਡ ਸਟੋਰ ਵਿੱਚ ਅਚਾਨਕ ਸਵੇਰੇ 11 ਵਜੇ ਦੇ ਕਰੀਬ ਹੋਏ ਵੱਡੇ ਧਮਾਕੇ ਨਾਲ ਕੋਲਡ ਸਟੋਰ ਵਿੱਚ ਪਏ ਮਾਲ ਨੂੰ ਅੱਗ ਲੱਗ ਗਈ ਅਤੇ ਛੱਤਾਂ ਡਿੱਗਣ ਕਾਰਨ ਸਟੋਰ ਵਿੱਚ ਕੰਮ ਕਰਦੇ ਮਜ਼ਦੂਰ ਅਤੇ ਆਲੂ ਰੱਖਣ ਆਏ ਕਿਸਾਨ ਜ਼ਖਮੀ ਹੋ ਗਏ ਧਮਾਕਾ ਏਨਾ ਜ਼ਬਰਦਸਤ ਸੀ ਕਿ ਵੇਖਦੇ ਹੀ ਵੇਖਦੇ ਸੀਮਿੰਟ ਦੇ ਲੈਂਟਰ, ਕੰਧਾਂ ਧਾੜ-ਧਾੜ ਕਰਕੇ ਡਿੱਗਣ ਲੱਗੀਆਂ ਅਤੇ ਹੇਠਾਂ ਕੰਮ ਕਰਦੇ ਮਜ਼ਦੂਰ ਤੇ ਆਲੂ ਰੱਖਣ ਆਏ ਕੁਝ ਕਿਸਾਨ ਮਲਬੇ ਦੇ ਹੇਠਾਂ ਦਬ ਗਏ  ਨੇੜੇ-ਤੇੜੇ ਦੇ ਕਈ ਘਰ ਵੀ ਨੁਕਸਾਨੇ ਗਏ ਧਮਾਕੇ ਦਾ ਕਾਰਨ ਕੋਲਡ ਸਟੋਰ ਵਿੱਚ ਪਏ ਸਿਲੰਡਰ ਫੱਟਣ ਨੂੰ ਮੰਨਿਆ ਜਾ ਰਿਹਾ ਹੈ ਇਹ ਵੀ ਪਤਾ ਲੱਗਿਆ ਹੈ ਕਿ ਧਮਾਕੇ ਕਾਰਨ ਕੋਲਡ ਸਟੋਰ ਵਿਚਲੀ ਅਮੋਨੀਆ ਗੈਸ ਵੀ ਲੀਕ ਹੋ ਗਈ ਜਿਸ ਕਾਰਨ ਮਜ਼ਦੂਰਾਂ ਦਾ ਦਮ ਘੁੱਟਣ ਲੱਗਿਆ ਅਤੇ ਉਹ ਬੇਹੋਸ਼ ਹੋ ਗਏ ਇਸ ਦੇ ਨਾਲ ਹੀ ਕੋਲਡ ਸਟੋਰ ਦੇ ਬਿਲਕੁਲ ਨਾਲ ਵਾਲੇ ਮਕਾਨ ਦੀਆਂ ਛੱਡ ਵੀ ਡਿੱਗ ਪਈ ਜਿਸ ਕਾਰਨ ਅਮਰਜੀਤ ਕੌਰ ਨਾਮਕ ਔਰਤ ਜ਼ਖਮੀ ਹੋ ਗਈ
ਇਸ ਘਟਨਾ ‘ਚ ਜ਼ਖਮੀਆਂ ਨੂੰ ਨਜ਼ਦੀਕੀ ਲੋਕਾਂ ਨੇ ਫਟਾ-ਫਟ ਚੁੱਕ ਕੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿਨ੍ਹਾਂ ‘ਚੋਂ ਚਾਰ {ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਤੁਰੰਤ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਇਸ ਹਾਦਸੇ ‘ਚ ਗੁਰਪ੍ਰੀਤ ਸਿੰਘ ਵਾਸੀ ਪਿੰਡ ਸੇਖਾ, ਪਰਮਜੀਤ ਸਿੰਘ ਉਰਫ ਪੱਪੀ ਪੁੱਤਰ ਕਿਸ਼ੋਰੀ ਲਾਲ ਵਾਸੀ ਖੁਰਦ ਦੀ ਮੌਤ ਹੋ ਗਈ ਅਤੇ ਦੋ ਮ੍ਰਿਤਕਾਂ ਦੀ ਹਾਲੇ ਪਛਾਣ ਨਹੀਂ ਹੋ ਸਕੀ
ਕੋਲਡ ਸਟੋਰ ‘ਚ ਵਾਪਰੀ ਘਟਨਾ ਬਾਰੇ ਜਿਉਂ ਹੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਪਤਾ ਲੱਗਿਆ ਤਾਂ ਨੇੜੇ ਦੇ ਪਿੰਡਾਂ, ਸ਼ਹਿਰ ਤੇ ਹੋਰਨਾਂ ਬਲਾਕਾਂ ਵਿੱਚ ਰਾਹਤ ਕਾਰਜਾਂ ਲਈ ਆਉਣੇ ਆਰੰਭ ਹੋ ਗਏ ਬਲਾਕ ਧੂਰੀ ਦੇ ਜ਼ਿੰਮੇਵਾਰਾਂ ਨੇ

ਦੱਸਿਆ ਕਿ ਸਵੇਰ ਤੋਂ ਹੀ ਡੇਰਾ ਪ੍ਰੇਮੀ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ ਅਤੇ ਜ਼ਖਮੀਆਂ ਨੂੰ ਚੁੱਕ ਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਾਰਾ ਕੰਮ ਨੇਪਰੇ ਨਹੀਂ ਚੜ੍ਹ ਜਾਂਦਾ, ਪ੍ਰੇਮੀਆਂ ਵੱਲੋਂ ਰਾਹਤ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ, ਨੌਜਵਾਨ ਸੰਮਤੀ ਦੇ ਵੱਡੀ ਗਿਣਤੀ ਦੇ ਸੇਵਾਦਾਰ ਮੌਜ਼ੂਦ ਸਨ
ਹਾਦਸੇ ਵਿੱਚ ਗੁਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ, ਜਸਵੀਰ ਕੌਰ ਪਤਨੀ ਗੁਰਪ੍ਰੀਤ ਸਿੰਘ, ਸੁਮਨਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ, ਦਲਜੀਤ ਕੌਰ ਪਤਨੀ ਕੇਸਰ ਸਿੰਘ, ਪਰਮਜੀਤ ਕੌਰ ਪਤਨੀ ਦਲਵੀਰ ਸਿੰਘ, ਸਤਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ, ਗਗਨਜੀਤ ਕੌਰ ਪੁੱਤਰੀ ਮਨਜੀਤ ਸਿੰਘ, ਹਰਪ੍ਰੀਤ ਕੌਰ ਪਤਨੀ ਜਗਸੀਰ ਸਿੰਘ, ਬਲਵਿੰਦਰ ਕੌਰ ਪਤਨੀ ਸੁਦਾਗਰ ਸਿੰਘ, ਕੁਲਦੀਪ ਸਿੰਘ ਪੁੱਤਰ ਗੁਰਮੀਤ ਸਿੰਘ, ਸੰਦੀਪ ਸਿੰਘ ਪੁੱਤਰ ਸੰਸਾਰ ਸਿੰਘ, ਤਰਸੇਮ ਪੁੱਤਰ ਗਿੰਦਰ, ਜਸਵੀਰ ਕੌਰ,
ਸਰਬਜੀਤ ਪੁੱਤਰ ਸੁਭਾਸ, ਸੁਰੇਸ਼ ਪੁੱਤਰ ਸੁਖਦੇਵ, ਕਰਨੈਲ ਪੁੱਤਰ ਗੁਰਦਿਆਲ ਸਿੰਘ, ਅਸ਼ੋਕ ਪਾਸਵਾਨ ਪੁੱਤਰ ਜਵਾਹਰ ਪਾਸਵਾਨ, ਬਹਾਦਰ ਪੁੱਤਰ ਦਰਸ਼ਨ, ਮਨੋਜ ਪੁੱਤਰ ਅਨੂਪੀ, ਵਿਜੇ ਕੁਮਾਰ ਪੁੱਤਰ ਸੋਮ ਨਾਥ, ਚਮਨ ਲਾਲ ਪੁੱਤਰ ਸੋਮ ਨਾਥ, ਬੰਟੀ ਪੁੱਤਰ ਚਮਨ ਲਾਲ, ਹਰਵਰ ਪੁੱਤਰ ਹਰਦੇਵ ਸਿੰਘ, ਕੁਲਬੀਰ ਸਿੰਘ ਪੁੱਤਰ ਦਰਸ਼ਨ ਸਿੰਘ, ਅਮਰਜੀਤ ਕੌਰ ਪਤਨੀਂ ਕੁਲਦੀਪ ਸਿੰਘ ਜਖਮੀ ਹੋ ਗਏ ਜੋ ਹਸਪਤਾਲ ਵਿੱਚ ਜੇਰੇ ਇਲਾਜ ਹਨ।
ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ ਤੇ ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ, ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਸਾਬਕਾ ਵਿਧਾਇਕ ਹਰਚੰਦ ਕੌਰ ਘਨੌਰੀ, ਆਮ ਆਦਮੀ ਪਾਰਟੀ ਦੇ ਆਗੂ ਜਸਵੀਰ ਸਿੰਘ ਜੱਸੀ ਸੇਖੋ ਨੇ ਮੌਕੇ ਤੇ ਪੁੱਜ ਕੇ ਪੀੜਤਾਂ ਨਾਲ ਦੁੱਖ ਸਾਂਝਾ ਕੀਤਾ। ਉਪਰੰਤ ਸਿਵਲ ਹਸਪਤਾਲ ਧੂਰੀ ਵਿਖੇ ਜਿਲਾ ਸਰਜਨ ਡਾ. ਸੁਬੋਧ ਗੁਪਤਾ ਨੇ ਮਰੀਜਾਂ ਦਾ ਹਾਲ ਚਾਲ ਪੁੱਛਿਆ ਅਤੇ ਸਿਹਤ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਉਨਾ ਕਿਹਾ ਕਿ ਮਰੀਜਾਂ ਦੇ ਇਲਾਜ ‘ਚ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਅਮਰ ਪ੍ਰਤਾਪ ਸਿੰਘ, ਐਸਡੀਐਮ ਧੂਰੀ ਅਮਰਿੰਦਰ ਸਿੰਘ ਟਿਵਾਣਾ, ਡੀਐਸਪੀ ਧੂਰੀ ਕਰਨਸ਼ੇਰ ਸਿੰਘ ਢਿੱਲੋਂ, ਐਸਐਚਓ ਹਰਜਿੰਦਰ ਸਿੰਘ, ਐਸਐਚਓ ਸ਼ੇਰਪੁਰ ਮਲਕੀਤ ਸਿੰਘ ਚੀਮਾ, ਐਸਐਚਓ ਸਦਰ ਪਲਵਿੰਦਰ ਸਿੰਘ, ਕਾਰਜ ਸਾਧਕ ਅਫਸਰ ਅਮਰੀਕ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਪ੍ਰਸ਼ੋਤਮ ਦਾਸ ਵੀ ਮੌਕੇ ਤੇ ਪੁੱਜੇ।
ਹੋਰ ਵੀ ਭਿਆਨਕ ਹੋ ਸਕਦਾ ਸੀ ਹਾਦਸਾ
ਕੋਲਡ ਸਟੋਰ ‘ਚ ਆਲੂਆਂ ਨੂੰ ਠੰਢਾ ਰੱਖਣ ਲਈ ਖਤਰਨਾਕ ਅਮੋਨੀਆ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ ਸਟੋਰ ‘ਚ ਹੋਏ ਧਮਾਕੇ ਉਪਰੰਤ ਸਟੋਰ ‘ਚ ਪਏ ਫਰਿੱਜਾਂ ‘ਚੋਂ ਅਮੋਨੀਆ ਗੈਸ ਰਿਸਣੀ ਸ਼ਰੂ ਹੋ ਗਈ ਸੀ ਜਿਸ ਨੂੰ ਸਮਾਂ ਰਹਿੰਦਿਆਂ ਕਾਬੂ ਪਾ ਲਿਆ ਗਿਆ ਜੇਕਰ ਅਮੋਨੀਆ ਗੈਸ ਦੇ ਰਿਸਾਅ ‘ਤੇ ਸਮੇਂ ਸਿਰ ਕਾਬੂ ਨਾ ਪੈਂਦਾ ਤਾਂ ਹਾਦਸਾ ਇਸ ਤੋਂ ਵੀ ਭਿਆਨਕ ਹੋ ਸਕਦਾ ਸੀ ਜ਼ਿਕਰਯੋਗ ਹੈ ਕਿ ਅਮੋਨੀਆ ਗੈਸ ਚੜ੍ਹਨ ਕਾਰਨ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ ਜੇਕਰ ਅਮੋਨੀਆ ਗੈਸ ਆਲੇ-ਦੁਆਲੇ ਦੇ ਇਲਾਕੇ ‘ਚ ਫੈਲ ਜਾਂਦੀ ਤਾਂ ਮੰਜਰ ਇਸ ਤੋਂ ਵੀ ਭਿਆਨਕ ਹੋ ਸਕਦਾ ਸੀ

ਘਟਨਾ ਦੀ ਨਿਆਂਇਕ ਜਾਂਚ ਦੇ ਹੁਕਮ
ਇਸ ਘਟਨਾ ਦੀ ਨਿਰਪੱਖ ਜਾਂਚ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਅਮਰ ਪ੍ਰਤਾਪ ਸਿੰਘ ਵਿਰਕ ਨੇ ਐਸ.ਡੀ.ਐਮ ਧੂਰੀ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਐਸ.ਡੀ.ਐਮ ਧੂਰੀ ਸ. ਅਮਰਿੰਦਰ ਸਿੰਘ ਨੂੰ ਆਪਣੀ ਜਾਂਚ ਰਿਪੋਰਟ ਛੇਤੀ ਸੌਂਪਣ ਦੀ ਹਦਾਇਤ ਕੀਤੀ ਹੈ ਅਤੇ ਜੋ ਕੋਈ ਵੀ ਇਸ ਘਟਨਾ ਲਈ ਜ਼ਿੰਮੇਵਾਰ ਪਾਇਆ ਗਿਆ ਉਸ ਵਿਰੁੱਧ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦੀ ਹਦਾਇਤ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮਲਬੇ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਐਨ.ਡੀ.ਆਰ.ਐਫ਼, ਐਸ.ਡੀ.ਆਰ.ਐਫ਼ ਸਮੇਤ ਹੋਰ ਰੈਸਕਿਊ ਟੀਮਾਂ, ਕਰੇਨਾਂ ਅਤੇ ਜੇ.ਸੀ.ਬੀ ਮਸ਼ੀਨਾਂ ਦੀ ਮਦਦ ਲਈ ਜਾ ਰਹੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ‘ਚ ਜ਼ਖ਼ਮੀਆਂ ਦਾ ਇਲਾਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕਰਵਾਇਆ ਜਾ ਰਿਹਾ ਹੈ।

 

ਪ੍ਰਸਿੱਧ ਖਬਰਾਂ

To Top