ਕ੍ਰਿਕਟ’ਚ ਭ੍ਰਿਸ਼ਟਾਚਾਰ

ਆਈਪੀਐੱਲ ‘ਚ ਸਪਾਟ ਫਿਕਸਿੰਗ ਦੇ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟਰੇਟ ਦੇ ਦੋ ਅਧਿਕਾਰੀਆਂ ਨਾਲ ਕ੍ਰਿਕਟ ਦੀ ਖੇਡ ਨਾਲ ਜੁੜਿਆ ਭ੍ਰਿਸ਼ਟਾਚਾਰ ਦਾ ਮੁੱਦਾ ਹੋਰ ਡੂੰਘਾ ਤੇ ਪੇਚਦਾਰ ਹੋ ਗਿਆ ਹੈ ਭਾਵੇਂ ਕ੍ਰਿਕਟ ਭਾਰਤ ਦੀ ਹਰਮਨ ਪਿਆਰੀ ਖੇਡ ਬਣ ਚੁੱਕੀ ਹੈ ਪਰ ਇਸ ਦੇ ਵਪਾਰੀਕਰਨ ਨੇ ਇਸ ਨੂੰ ਖੇਡ ਘੱਟ ਤੇ ਕਾਰੋਬਾਰ ਵੱਧ ਬਣਾ ਦਿੱਤਾ ਹੈ ਖਾਸਕਰ ਆਈਪੀਐੱਲ ‘ਚ ਪੈਸੇ ਦੀ ਚਰਚਾ ਦੇ ਨਾਲ-ਨਾਲ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਡੂੰਘੀਆਂ ਹੋ ਗਈਆਂ ਹਨ ਆਈਪੀ ਐੱਲ ਦਾ ਸਾਬਕਾ ਕਮਿਸ਼ਨਰ ਭਗੌੜਾ ਹੋ ਕੇ ਵਿਦੇਸ਼ ਚਲਾ ਗਿਆ ਹੈ ਇਸੇ ਤਰ੍ਹਾਂ ਕੁਝ ਕ੍ਰਿਕਟਰਾਂ ‘ਤੇ ਵੀ ਅੰਡਰਵਰਲਡ ਨਾਲ ਜੁੜੇ ਹੋਣ ਦੇ ਦੋਸ਼ ਵੀ ਲੱਗਦੇ ਰਹੇ ਹਨ ਭਾਵੇਂ ਖਿਡਾਰੀਆਂ ਨੂੰ ਮਾਣ ਸਨਮਾਣ ਤੇ ਮਿਹਨਤਾਨਾ ਜ਼ਰੂਰੀ ਹੈ ਪਰ ਖੇਡ ‘ਤੇ ਪੈਸੇ ਦਾ ਹਾਵੀ ਹੋ ਜਾਣਾ ਖੇਡ ਭਾਵਨਾ ਨੂੰ ਹੀ ਖ਼ਤਮ ਕਰ ਦਿੰਦਾ ਹੈ ਆਈਪੀਐੱਲ ਦੇ ਦਸਵੇਂ ਸੈਸ਼ਨ ਲਈ ਹੋਈ ਬੋਲੀ ‘ਚ ਗਰੀਬ ਪਰਿਵਾਰਾਂ ਨਾਲ ਜੁੜੇ ਖਿਡਾਰੀ ਵੀ ਕਰੋੜਾਂ ‘ਚ ਖੇਡਣ ਲੱਗੇ ਹਨ ਪਰ ਇਸ ਸਿਸਟਮ ਦਾ ਦੇਸ਼ ਦੇ ਸਮੁੱਚੇ ਗਰੀਬ ਪਰ ਕਾਬਲ ਖਿਡਾਰੀਆਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਹੈ ਦੇਸ਼ ਦੇ ਖੇਡ ਮੰਤਰਾਲੇ ਨੂੰ ਅਜਿਹੀ ਖੇਡ ਨੀਤੀ ਘੜਨੀ ਚਾਹੀਦੀ ਹੈ ਜਿਸ ਨਾਲ ਖੇਡਾਂ ਤੋਂ ਹੋਣ ਵਾਲੀ ਕਮਾਈ ਦੇਸ਼ ਦੇ ਖੇਡ ਢਾਂਚੇ ‘ਤੇ ਖਰਚੀ ਜਾਏ ਅਤੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਅਜੇ ਹਾਲਾਤ ਇਹ ਹਨ ਕਿ ਸਿਰਫ਼ ਜ਼ਿਲ੍ਹਾ ਹੈੱਡ ਕੁਆਰਟਰਾਂ ‘ਤੇ ਸਟੇਡੀਅਮ ਤੇ ਹੋਰ ਖੇਡ ਸਹੂਲਤਾਂ ਹਨ ਪਿੰਡਾਂ ‘ਚ ਖੇਡ ਢਾਂਚੇ ਨੂੰ ਵਿਕਸਿਤ ਕਰਨ ਦੀ ਭਾਰੀ ਜ਼ਰੂਰਤ ਹੈ ਸਹੂਲਤਾਂ ਦੀ ਘਾਟ ਕਾਰਨ ਯੋਗ ਤੇ ਆਰਥਿਕ ਤੌਰ ‘ਤੇ ਕਮਜੋਰ ਖਿਡਾਰੀ ਲਈ  ਟੂਰਨਾਮੈਂਟਾਂ ‘ਤੇ ਜਾਣ ਲਈ ਬੱਸ-ਰੇਲ ਦਾ ਕਿਰਾਇਆ ਭਾੜਾ ਤੇ ਖਾਣ-ਪੀਣ ਦਾ ਖਰਚਾ ਵੀ ਸਮੱਸਿਆਵਾਂ ਬਣ ਜਾਂਦੇ ਹਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਨੀਆਂ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਹੈ ਇਸੇ ਤਰ੍ਹਾਂ ਆਈਪੀਐੱਲ ਦੀ ਕਮਾਈ ਵੀ ਸਿਖਰਾਂ ਨੂੰ ਛੋਹ ਰਹੀ ਹੈ ਖੇਡ ਭਾਵਨਾ ਨੂੰ ਬਰਕਰਾਰ ਰੱਖਣ ਲਈ  ਖਿਡਾਰੀਆਂ ਨੂੰ ਇਮਾਨਦਾਰੀ ਵਰਗੇ ਆਦਰਸ਼ ਗੁਣ ਅਪਣਾਉਣੇ ਚਾਹੀਦੇ ਹਨ ਪੈਸੇ ਦੇ ਲੋਭ ‘ਚ ਮੈਚ ਜਾਣ ਬੁਝ ਕੇ ਹਾਰਨਾ ਦਰਸ਼ਕਾਂ ਨਾਲ ਧੋਖਾ ਹੈ ਦਰਸ਼ਕ ਉਦੋਂ ਠੱਗਿਆ ਮਹਿਸੂਸ ਕਰਦਾ ਹੈ ਜਦੋਂ ਉਸ ਨੂੰ ਲੱਗਦਾ ਹੈ ਕਿ ਜਿਸ ਮੈਚ ਨੂੰ ਉਹ ਪੂਰੇ ਉਤਸ਼ਾਹ ਨਾਲ ਵੇਖ ਰਿਹਾ ਸੀ ਉਹ ਤਾਂ ਸਾਰਾ ਡਰਾਮਾ ਹੀ ਸੀ ਕ੍ਰਿਕਟ ਦੀ ਖੇਡ ਨੂੰ ਖੇਡ ਹੀ ਰੱਖਣਾ ਜ਼ਰੂਰੀ ਹੈ ਜਿਸ ਵਾਸਤੇ ਭ੍ਰਿਸ਼ਟਾਚਾਰੀਆਂ ਖਿਲਾਫ਼ ਕਾਰਵਾਈ ਦੇ ਨਾਲ-ਨਾਲ ਖੇਡ ਭਾਵਨਾ ਨੂੰ ਮਜ਼ਬੂਤ ਕੀਤਾ ਜਾਏ ਉਨ੍ਹਾਂ ਤਾਕਤਾਂ ਨੂੰ ਨੱਥ ਪਾਈ ਜਾਵੇ ਜੋ ਖਿਡਾਰੀਆਂ ਨੂੰ ਵਰਤ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ