ਕੰਡਕਟਰ ਨੇ ਬੱਸ ਚਲਾ ਕੇ ਲਈ ਬੱਚੇ ਦੀ ਜਾਨ

ਡਰਾਈਵਰ ਨਾ ਹੋਣ ਕਾਰਨ ਕੰਡਕਟਰ ਵੱਲੋਂ ਚਲਾਈ ਜਾ ਰਹੀ ਸੀ ਬੱਸ
ਖੁਸ਼ਵੀਰ ਸਿੰਘ ਤੂਰ
ੋਪਟਿਆਲਾ,
ਸਥਾਨਕ ਸ਼ਹਿਰ ਦੇ ਇੱਕ ਨਿੱਜੀ ਸਕੂਲ ‘ਚ ਸਕੂਲ ਦੀ ਬੱਸ ਹੇਠਾਂ ਆਉਣ ਕਾਰਨ ਅੱਜ ਇੱਥੇ ਇੱਕ ਚਾਰ ਸਾਲਾ ਮਸੂਮ ਬੱਚੇ ਦੀ ਮੌਤ ਹੋ ਗਈ। ਮਾਸੂਮ ਬੱਚੇ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਸਮੇਤ ਆਮ ਲੋਕਾਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮਾਸੂਮ ਪ੍ਰਭਜੋਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਰਿਸ਼ੀ ਕਲੌਨੀ ਪਟਿਆਲਾ ਜੋਂ ਕਿ ਰਾਜਪੁਰਾ ਰੋਡ ‘ਤੇ ਸਥਿਤ ਐਸ.ਐਮ. ਇੰਟਰਨੈਸ਼ਨਲ ਸਕੂਲ ਵਿੱਚ ਪੜ੍ਹਦਾ ਸੀ। ਅੱਜ ਜਦੋਂ ਉਹ ਸਵੇਰੇ ਸਕੂਲ ਪਹੁੰਚਣ ‘ਤੇ ਬੱਸ ਤੋਂ ਹੇਠਾਂ ਉਤਰ ਰਿਹਾ ਸੀ ਤਾਂ ਬੱਸ ਡਰਾਈਵਰ ਵੱਲੋਂ ਬੱਸ ਤੋਰ ਲਈ ਗਈ। ਬੱਸ ਤੋਰਨ ਕਾਰਨ ਬੱਚਾ ਹੇਠਾਂ ਡਿੱਗ ਗਿਆ ਅਤੇ ਬੱਸ ਦਾ ਟਾਇਰ ਉਸਦੇ ‘ਤੋਂ ਲੰਘ ਗਿਆ। ਡਰਾਈਵਰ ਨਾ ਹੋਣ ਕਾਰਨ ਬੱਸ ਕੰਡਕਟਰ ਚਲਾ ਰਿਹਾ ਸੀ। ਸਕੂਲ ਪ੍ਰਸ਼ਾਸਨ ਵੱਲੋਂ ਗੰਭੀਰ ਜਖ਼ਮੀ ਹੋਏ ਬੱਚੇ ਨੂੰ ਪਟਿਆਲਾ ਦੇ ਅਮਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਦੁਪਹਿਰ ਸਮੇਂ ਉਸ ਦੀ ਮੌਤ ਹੋ ਗਈ।
ਉੁਸਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਮਾਸੂਮ ਦੇ ਮਾਤਾ-ਪਿਤਾ ਸਮੇਤ ਹੋਰ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੋ ਗਿਆ ਅਤੇ ਹਸਪਤਾਲ ਅੰਦਰ ਮਹੌਲ ਗਮਗੀਨ ਹੋ ਗਿਆ। ਦੱਸਣਯੋਗ ਹੈ ਕਿ ਇਕਬਾਲ ਸਿੰਘ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਅਤੇ ਉਸ ਦੀ ਇੱਕ ਛੇ ਸਾਲ ਦੀ ਬੇਟੀ ਹੈ ਜੋਂ ਕਿ ਇਸੇ ਸਕੂਲ ਵਿੱਚ ਪੜ੍ਹਦੀ ਹੈ। ਬੱਚੇ ਦੀ ਮੌਤ ਦੀ ਖ਼ਬਰ ਤੋਂ ਬਾਅਦ ਆਮ ਲੋਕਾਂ ਵਿੱਚ ਵੀ ਸੋਗ ਦੀ ਲਹਿਰ ਹੈ। ਥਾਣਾ ਅਰਬਨ ਸਟੇਟ ਪੁਲਿਸ ਨੇ ਬੱਸ ਚਾਲਕ ਪਰਮਜੀਤ ਸਿੰਘ ਵਾਸੀ ਜਲੌਰ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ