ਖੂਹ ‘ਚ ਡਿੱਗੀ ਇੱਟ

0
Brick, Fell, Well

ਪਰਸ਼ੋਤਮ ਦਾ ਸਵੇਰੇ-ਸਵੇਰੇ ਫ਼ੋਨ ਅਇਆ ਕਿ ਤੇਰੇ ਮਾਮੇ ਦੇ ਚੋਰੀ ਹੋ ਗਈ।
”ਹੈਂ! ਕਦੋਂ! ਕਿਵੇਂ…?”
”ਖ਼ਬਰ ਲੱਗੀ ਹੈ।” ਉਹ ਮੈਨੂੰ ਖ਼ਬਰ ਪੜ੍ਹ ਕੇ ਸੁਣਾਉਣ ਲੱਗ ਪਿਆ।
ਮੇਰਾ ਮਾਮਾ ਸੇਵਾ ਮੁਕਤ ਡਰਾਇੰਗ ਮਾਸਟਰ ਹੈ ਤੇ ਸਾਹਿਤਿਕ ਗਤੀਵਿਧੀਆਂ ਵਾਲਾ ਕੋਮਲ ਭਾਵੀ ਇਨਸਾਨ ਵੀ। ਉਸਨੂੰ ਨਾ ਕੋਈ ਵੈਲ ਨਾ ਐਬ, ਵੈਸ਼ਣੂੰ ਬੰਦਾ ਜਮਾ ਰੱਬ ਦੀਆਂ ਦਿੱਤੀਆਂ ਖਾਣ ਵਾਲਾ । ਮਾਮੀ ਤਾਂ ਮੇਰੀ ਵਕੀਲਾਂ ਵਰਗੀ ਆ ਆਂਢ-ਗੁਆਂਢ ‘ਚ ਵੀ ਮੋਹਤਬਰ ਔਰਤ।
ਦੋ ਕੁ ਘੰਟੇ ਬਾਅਦ ਜਦ ਮੈਂ ਮਾਮੇ ਘਰ ਪਹੁੰਚਿਆ ਤਾਂ ਪੁਲਿਸ ਦੇ ਮੁਲਾਜ਼ਮ ਕੇਸ ਦੀ ਪੁਣ-ਛਾਣ ਕਰ ਰਹੇ ਸਨ। ਮੈਂ ਵੀ ਮਾਮੇ ਨਾਲ ਛੱੱਤ ‘ਤੇ ਚੜ੍ਹ ਕੇ ਅਤੇ ਆਸਿਓਂ-ਪਾਸਿਓਂ ਦੇਖਿਆ ਕਿ ਚੋਰ ਕਿਵੇਂ ਆਏ ਤੇ ਕਿਵੇਂ ਗਏ ਹੋਣਗੇ!

ਉਸ ਦਿਨ ਮਾਮਾ ਤੇ ਮਾਮੀ ਜੀ ਕਿਸੇ ਧਾਰਮਿਕ ਸਮਾਗਮ ‘ਤੇ ਚਲੇ ਗਏ, ਪਿੱਛੋਂ ਚੋਰ ਸੋਨਾਂ ਤੇ ਨਕਦੀ ਸਾਫ਼ ਕਰ ਗਏ। ਮੁਹੱਲੇ ਵਿੱਚ ਅਸ਼ਾਂਤੀ ਤੇ ਸੰਸਾ ਬਣ ਗਿਆ। ਮਾਮਾ ਵੀ ਉਦਾਸ ਤੇ ਮਾਮੀ ਦਾ ਤਾਂ ਬੁਰਾ ਹਾਲ ਸੀ। ਉਹਨਾਂ ਦੇ ਆਂਢ-ਗੁਆਂਢ ਦੇ ਮਿੱਤਰ, ਪਿਆਰੇ ਵੀ ਹਮਦਰਦੀ ਕਰਨ ਆ ਜਾ ਰਹੇ ਸਨ। ਮਾਮੇ ਨੇ ਦੱਸਿਆ ਕਿ ਚੋਰ ਆਇਆ ਪਤਾ ਨ੍ਹੀਂ ਕਿੱਥੋਂ ਦੀ ਹੋਣਾ ਪਰ ਗਿਆ ਆਹ ਕਮਰੇ ਦਾ ਬੂਹਾ ਖੋਲ੍ਹ ਕੇ ਆ। ਉਹਨਾਂ ਵੀਹੀ ‘ਤੇ ਲੱਗਦੇ ਕਮਰੇ ਦੇ ਬੂਹੇ ਦੇ ਨਾਲ ਦੀ ਬਾਰੀ ਦਾ ਖੁੱਲ੍ਹਾ ਸ਼ੀਸ਼ਾ ਦਿਖਾਇਆ। ਕੰਧ ਨਾਲ ਖੜ੍ਹੀ ਪਲਾਈ ਉੱਪਰ ਪਈ ਧੂੜ ‘ਤੇ ਹੱਥ ਦੇ ਨਿਸ਼ਾਨ ਸਨ ਕਿ ਜਿਵੇਂ ਚੋਰ ਚੋਰੀ ਕਰਕੇ ਨਿੱਕਲਣ ਲੱਗਾ ਬੰਦ ਗਲੀ ‘ਚੋਂ ਬਾਰੀ ਥਾਣੀਂ ਵੇਖਦਾ ਹੋਵੇ ਕਿ ਕੋਈ ਅੱਗਿਓਂ ਤਾਂ ਨੀ ਆ ਰਿਹਾ ਜਿਹੜਾ ਉਸ ਨੂੰ ਜੱਫ਼ਾ ਹੀ ਮਾਰ ਲਵੇ।

ਮੈਂ ਮਾਮਾ ਜੀ ਨੂੰ ਪੁੱਛਿਆ ਕਿ ਪੁਲਿਸ ਕੀ ਕਰ ਰਹੀ ਆ, ਕਿ ਕਿਸੇ ਮਿੱਤਰ ਪਿਆਰੇ, ਅਧਿਕਾਰੀ ਨੂੰ ਆਖਾਂ? ਮਾਮਾ ਕਹਿੰਦਾ, ਨਹੀਂ ਫ਼ਿਰ ਇਹ ਗੁੱੱਸਾ ਕਰਨਗੇ ਆਪਣੀ ਕਿਸੇ ਦੀ ਹੈਗੀ ਆ ਅਪਰੋਚ ਵੱਡੇ ਥਾਣੇਦਾਰ ਸਾਬ੍ਹ ਤੱਕ। ਮੈਨੂੰ ਵੀ ਤਸੱਲੀ ਹੋ ਗਈ ਸੀ ਕਿ ਪੁਲਿਸ ਕੱਲ੍ਹ ਤੋਂ ਅੱਜ ਤੱਕ ਬਰੀਕੀ ਨਾਲ ਜਾਂਚ ਕਰ ਰਹੀ ਸੀ।

ਜਿਨ੍ਹਾਂ ਦੇ ਘਰ ਮਾਮਾ ਜੀ ਹੁਣੀ ਘਰ ਦੀਆਂ ਚਾਬੀਆਂ ਫ਼ੜ੍ਹਾ ਕੇ ਗਏ ਸਨ, ਪੁਲਿਸ ਨੇ ਤਾਂ ਉਹਨਾਂ ਦਾ ਹੀ ਮੁੰਡਾ ਪੁੱਛ-ਗਿੱਛ ਲਈ ਚੁੱਕ ਲਿਆ ਸੀ। ਉਨ੍ਹਾਂ ਦਾ ਉਸ ਪਰਿਵਾਰ ਨਾਲ ਪੁਰਾਣਾ ਵਾਹ ਵੀ ਸੀ।
ਮਾਮੀ ਕਹਿੰਦੀ, ”ਭਾਈ ਅਗਾਂਹ ਨੂੰ ਕਿਸੇ ਨੇ ਕਿਸੇ ਦੇ ਘਰ ਦੀਆਂ ਚਾਬੀਆਂ ਨ੍ਹੀਂ ਫ਼ੜਿਆ ਕਰਨੀਆਂ।” ਮਾਮੇ ਹੁਰੀਂ ਆਪਣੀ ਜ਼ਿੰਮੇਵਾਰੀ ‘ਤੇ ਆਥਣ ਨੂੰ ਉਸ ਮੁੰਡੇ ਨੂੰ ਛੁਡਵਾ ਲਿਆਏ।

ਮੈਂ ਕਿਹਾ, ”ਮਾਮਾ ਜੀ ਕੰਮ ਤਾਂ ਕਿਸੇ ਭੇਤੀ ਬੰਦੇ ਦਾ ਈ ਆ ਜੀਹਨੂੰ ਪਤਾ ਸੀ ਕਿ ਪੈਸੇ ਤੇ ਸੋਨਾ ਕਿੱਥੇ ਪਿਆ। ਜਿਨ੍ਹਾਂ ਚਾਬੀਆਂ ਨਾਲ ਜਿੰਦੇ ਖੋਲ੍ਹੇ ਆ।”

ਮੈਂ ਮਾਮਾ ਜੀ ਨੂੰ ਨਿੱਤ ਵਾਂਗੂੰ ਫ਼ੋਨ ਕਰਨਾ, ਕੀ ਬਣਿਆ ਮਾਮਾ ਜੀ? ਦੋ ਕੁ ਦਿਨ ਬਾਅਦ ਮਾਮੀ ਜੀ ਨੇ ਫ਼ੋਨ ਚੁੱਕਿਆ, ਕਹਿੰਦੇ, ”ਪੁਲਿਸ ਨੇ ਉਹ ਰੰਗ ਵਾਲਾ ਮੁੰਡਾ ਚੁੱਕ ਲਿਆ, ਸੁਣਿਆ ਕਿ ਮੰਨ ਵੀ ਗਿਆ। ਸਾਮਾਨ ਵੀ ਦੱਬਿਆ ਹੋਇਆ ਕੱਢ ਕੇ ਫ਼ੜਾ’ਤਾ। ਦੇਖੋ ਹੋਰ ਵੀ ਕੀ ਕੀ ਮੰਨੂ?”

ਅੱਜ ਮਾਮੀ ਖੁਸ਼ ਸੀ ਕਹਿੰਦੀ, ”ਪੁਲਿਸ ਦੇ ਹੱਥ ਬੜੇ ਲੰਮੇ ਹੁੰਦੇ ਆ ਦੇਖ ਲੈ ਫ਼ਿਰ। ਮੈਨੂੰ ਮੇਰਾ ਬਾਪੂ ਸ਼ਪੈਣ ਬਣਾਉਂਦਾ ਸੀ, ਮੈਂ ਈ ਨ੍ਹੀਂ ਮੰਨੀ। ਹਾਂ ਸੱਚ ਚੋਰ ਪੇਂਟ ਵਾਲਾ ਮੁੰਡਾ ਨਿੱਕਲਿਆ ਜੀਹਨੇ ਆਪਣੇ ਮਹੀਨਾ ਕੁ ਪਹਿਲਾਂ ਘਰ ਨੂੰ ਪੇਂਟ ਕੀਤਾ ਸੀ। ਇਹ ਮੁੰਡਾ ਉੱਦੇਂ ਸਵੇਰੇ ਸਾਡੇ ਜਾਣ ਵੇਲੇ ਆਪਣੇ ਘਰ ਆਇਆ, ਮਰ ਜਾਣਾ ਗੱਲਾਂ ਸਾਡੇ ਨਾਲ ਕਰੇ, ਕਦੇ ਏਧਰ ਝਾਕੇ, ਕਦੇ ਉਧਰ ਝਾਕੇ ਉਪਰਾ-ਉਪਰਾ ਜਿਹਾ। ਕਹਿੰਦਾ, ਮੈਂ ਵੀ ਜਾਣਾ ਜੀ ਅੱਜ ਸਮਾਗਮ ‘ਤੇ ਤੁਸੀਂ ਕਦੋਂ ਕੁ ਤੁਰਨਾ…? ਉਹ ਉੱਥੇ ਲੇਟ ਪਾਹੁੰਚਿਆ ਨਾਲ ਉਹਦੀ ਘਰ ਵਾਲੀ ਸੀ । ਸਾਨੂੰ ਸੱਚੇ ਹੋਣ ਲਈ ਮਿਲੇ ਵੀ ਆ ਉੱਥੇ । ਮੈਨੂੰ ਲੱਗਦਾ ਕਿ ਬਾਹਰ ਨਿੱਕਲਣ ਦੀ ਬਜਾਏ ਪੌੜੀਆਂ ‘ਚ ਉੱਪਰ ਹੀ ਲੁਕ ਗਿਆ।”

ਪੌੜੀਆਂ ‘ਚ ਮੋੜ ਸੀ ਜਿੱਥੇ ਬੰਦਾ ਅਰਾਮ ਨਾਲ ਖੜ੍ਹ ਸਕਦਾ ਸੀ। ਉਹ ਉਦੋਂ ਹੀ ਚੋਰੀ ਕਰਕੇ ਪਿੰਡੋਂ ਆਪਣੀ ਪਤਨੀ ਨੂੰ ਬਿਠਾ ਕੇ ਸਿੱਧਾ ਮੋਟਸਾਈਕਲ ‘ਤੇ ਸਮਾਗਮ ਵਿੱਚ ਹੀ ਪਹੁੰਚ ਗਿਆ।
ਮਾਮਾ ਜੀ ਹੁਰਾਂ ਨੂੰ ਥਾਣੇ ਬੁਲਾ ਕੇ ਫ਼ੜਿਆ ਚੋਰੀ ਦਾ ਸਾਮਾਨ ਵਿਖਾਇਆ ਗਿਆ। ਮੁਣਸ਼ੀ ਨੂੰ ਮਾਮੀ ਕਹਿੰਦੀ, ”ਭਾਈ ਆਹ ਚੂੜੀਆਂ, ਕਾਂਟੇ ਨ੍ਹੀਂ ਸਾਡੇ। ਆਹ ਛਾਪਾਂ, ਕਾਂਟੇ, ਕੰਗਣੀ ਸਾਡੇ ਆ ਪਰ ਆਹ ਹਾਰ ਤੇ ਚੈਨੀ ਹੈ ਨ੍ਹੀਂ ਮੇਰੇ । ਪੂਰੇ ਪੰਜ ਤੋਲੇ ਸੀ ਵੀਰਾ ਢਿੱਡ ਬੰਨ੍ਹ ਕੇ ਬਣਾਏ। ਪੈਸੇ ਵੀ ਸਾਡੇ ਤਾਂ ਨੱਬੇ ਹਜ਼ਾਰ ਰੁਪਏ ਸੀ, ਇਹ ਇਕਵੰਜਾ ਹਜ਼ਾਰ ਈ ਆ।”

”ਬੀਬੀ ਆਹੀ ਮਿਲੇ ਆ, ਜਦੋਂ ਹੋਰ ਕੁੱਝ ਮੰਨੂ ਦਊ ਫ਼ਿਰ ਵੇਖੀ ਜਾਊ।” ਮਾਮੇ ਹੁਣਾਂ ਦੇ ਸਾਹ ‘ਚ ਸਾਹ ਆਏ, ਚੱਲੋ ਸ਼ੁਕਰ ਆ। ਗੰਗਾ ਗਏ ਫ਼ੁੱਲ ਮੁੜਨ ਦੀ ਆਸ ਬੱਝੀ।

ਹੁਣ ਸਾਮਾਨ ਦੀ ਬਰਾਮਦੀ ਕੋਰਟ ਰਾਹੀਂ ਹੋਣੀ ਸੀ। ਦਿਨ ਪੈਂਦੇ ਗਏ। ਬਜ਼ੁਰਗ ਮਾਮਾ-ਮਾਮੀ ਨੂੰ ਆਪਣੀ ਸਾਰੀ ਉਮਰ ਦੀ ਹੱਕ, ਸੱਚ ਦੀ ਜਮ੍ਹਾਂ ਪੂੰਜੀ ਲੈਣ ਲਈ ਬਹੁਤ ਖੱਜਲ-ਖੁਆਰੀ ਹੋ ਰਹੀ ਸੀ। ਇੱਕ ਦਿਨ ਮਾਮਾ ਜੀ ਮੈਨੂੰ ਕਹਿੰਦੇ, ”ਮੈਨੂੰ ਤਾਂ ਹੰਭਾ’ਤਾ ਯਾਰ ਇਹਨਾਂ ਪੁਲਿਸ ਵਾਲਿਆਂ ਨੇ ਗੇੜੇ ਮਰਵਾ-ਮਰਵਾ ਕੇ। ਕਦੇ ‘ਕੱਲਾ ਆਈਂ, ਉਹਨੂੰ ਨਾਲ ਕਿਉਂ ਲਿਆਇਆ। ਦੇਣਾ ਤਾਂ ਮੈਂ ਈ ਆਂ। ਸਵੇਰੇ ਆਇਓ, ਆਥਣੇ ਆਇਓ… ਅੱਜ ਮੈਂ ਬਾਹਰ ਆਂ । ਇਉਂ ਨ੍ਹੀਂ ਆਹ ਕਰੋ ਔਹ ਕਰੋ…” ਗੱਲਾਂ ਦੱਸਦੇ ਦੁਖੀ ਮਾਮੇ ਦਾ ਮਨ ਭਰ ਆਇਆ, ਕਹਿੰਦਾ, ”ਇਹਨਾਂ ਤੋਂ ਰੱਬ ਬਚਾਵੇ! ਮੈਂ ਮੁੜ ਕੇ ਨ੍ਹੀਂ ਥਾਣੇ ਜਾਂਦਾ ਕੁਝ ਹੋਜੇ! ਮੇਰਾ ਸਾਮਾਨ, ਮੈਨੂੰ ਆਪਣਾ ਸਾਮਾਨ ਲੈਣ ਲਈ ਧੱਕੇ… ਯਾਰ ਲੋਹੜੇ ਦੀ ਖੱਜਲਤਾ। ਪੁਲਿਸ ਮਹਿਕਮੇ ‘ਚ ਥੋੜ੍ਹੇ ਬੰਦੇ ਈ ਚੰਗੇ ਹੋਣੇ ਆ। ਜਾਂ ਫ਼ਿਰ ਹਰ ਭੋਰ-ਚੋਰ ਤਾਂਹ ਤੱਕ ਜਾਂਦੀ ਆ।”

ਮੈਂ ਇੱਕ ਜਾਣੂ ਮੁਲਾਜ਼ਮ ਨੂੰ ਵੀ ਕਿਹਾ ਕਿ ਮਾਸਟਰ ਮੇਰਾ ਮਾਮਾ। ਯਾਰ ਜੀਹਦੇ ਹਫ਼ਤਾ ਕੁ ਪਹਿਲਾਂ ਚੋਰੀ ਹੋਈ ਆ। ਉਹਨਾਂ ਦਾ ਸਾਮਾਨ ਜਿਆਦਾ ਚੋਰੀ ਹੋਇਆ ਸੀ। ਮਿਲਿਆ ਅੱਧਾ ਹੀ ਦਿਖਾਇਆ। ਚੋਰ ਤਾਂ ਅਗਲੇ ਦਿਨ ਈ ਫ਼ੜ ਲਿਆ ਸੀ।

ਉਹ ਕਹਿੰਦਾ, ”ਜੋ ਬਰਾਮਦੀ ਦਿਖਾਈ ਹੈ ਉਹੀ ਮਿਲਣੀ ਆ ਵੀਰਿਆ। ਕਿਸੇ ਨੂੰ ਮਿਲਣ ਦਾ ਫ਼ੈਦਾ ਨ੍ਹੀਂ ਹੋਣਾ।”

”ਥਾਣੇਦਾਰ ਗੇੜੇ ਜੇ ਮਰਾਈ ਜਾਂਦਾ। ਜੋ ਸਾਮਾਨ ਮਿਲਿਆ ਉਹ ਤਾਂ ਹੁਣ ਦਵਾ ਦਿਓ ਯਾਰ, ਮਾਮੇ ਨੇ ਤਾਂ ਥਾਣੇਦਾਰ ਦੀ ਸੇਵਾ ਵੀ ਕਰ’ਤੀ ਸੀ। ਮੇਰੀ ਮਾਮੀ ਬਿਮਾਰ ਹੋਈ ਪਈ ਆ, ਸਦਮੇ ਨਾਲ ਮਾਮਾ ਵੀ ਢਿੱਲਾ-ਮੱਠਾ ਰਹਿੰਦਾ । ਬਜ਼ੁਰਗ ਬੰਦੇ ਆ ਕਿਤੇ ਹੋਰ ਈ ਨਾ ਭਾਣਾ ਬਣਜੇ। ਮਾਨਸਿਕ ਰੋਗੀ ਬਣੇ ਪਏ ਆ।”

ਇੱਕ ਦਿਨ ਮਾਮੇ ਦਾ ਫ਼ੋਨ ਆਇਆ, ਕਹਿੰਦੇ, ”ਪੁਲਿਸ ਨੇ  51 ਹਜ਼ਾਰ ਰੁਪਏ ਦੇਤੇ, ਕਾਂਟੇ, ਕੰਗਣੀ ਤੇ ਦੋ ਛਾਪਾਂ। ਮਾਮਾ ਕਹਿੰਦਾ, ਯਾਰ ਉਹਨਾਂ ਛਾਪਾਂ ਬਦਲਤੀਆਂ, ਉਸ ਦਿਨ ਦਿਖਾਈਆਂ ਆਪਣੀਆਂ ਸੀ। ਅੱਜ ਮੈਨੂੰ ਹੌਲੀਆਂ ਜਿਹੀਆਂ ਛਾਪਾਂ ਦੇ ਦਿੱਤੀਆਂ। ਬੱਸ ਡੇਢ ਲੱਖ ਦਾ ਸਾਮਾਨ ਆ। ਮਾਮਾ ਕਹਿੰਦਾ, ਮੈਂ ਮੁਣਸ਼ੀ ਨੂੰ ਕਿਹਾ ਕਿ ਛਾਪਾਂ ਤੇ ਹੌਲੀਆਂ ਸਾਡੀਆਂ ਨ੍ਹੀਂ ਇਹ ਨਾ ਹੀ ਆਹ ਕੰਗਣੀ, ਮੇਰਾ ਤਿੰਨ ਲੱਖ ਦਾ ਸਾਮਾਨ ਸੀ।
ਉਹ ਕਹਿੰਦਾ, ”ਬਾਬਾ ਜੋ ਮਿਲਦਾ ਲੈ ਜਾ, ਸਾਡਾ ਖਹਿੜਾ ਛੱਡ।    ਕਦੇ ਖੂਹ ‘ਚੋਂ ਇੱਟ ਨਿੱਕਲੀ ਆ ਤੂੰ ਸ਼ੁਕਰ ਕਰ ਰੱਬ ਦਾ ਅੱਧੀ ਤਾਂ ਮਿਲਗੀ” ਕਹਿ ਕੇ ਰਜ਼ਿਸਟਰ ‘ਚ ਖੁੱਭ ਗਿਆ।

ਮੈਨੂੰ ਵੀ ਬੜਾ ਦੱਖ ਲੱਗਾ ਕਿ ਕਿਸੇ ਉੱਚ ਅਧਿਕਾਰੀ ਮਿੱਤਰ ਨੂੰ ਮਿਲੀਏ। ਭਗਤ ਬੰਦਿਆਂ ਨਾਲ ਧੱਕਾ!

ਮਾਮੀ ਕਹਿੰਦੀ, ‘ਨਾ ਭਰਾਵਾ ਨਾਂ! ਪਹਿਲੀ ਵਾਰ ਪੁਲਿਸ ਨਾਲ ਵਾਹ ਪਿਆ ਸੀ ਬੱਸ ਕੰਨੀਂ ਹੱਥ ਲੱਗਗੇ ਸਾਡੇ। ਅਸੀਂ ਤਾਂ ਸਬਰ ਕਰ ਲਿਆ ਉਹਨਾਂ ਦੇ ਢਿੱਡ ਭਰ ਜਾਣ।” ਮਾਮੀ ਚਾਹ ਬਣਾਉਣ ਲੱਗ ਪਈ। ਮਾਮਾ ਗੱਲ ਸੁਣਾਉਣ ਲੱਗ ਪਿਆ,

”ਕਿਸੇ ਮਾਈ ਦੀ ਇੱਕ ਵਾਲੀ ਲੁਟੇਰੇ ਲਾਹ ਕੇ ਲੈ ਗਏ। ਉਹ ਥਾਣੇ ਰਿਪੋਰਟ ਲਿਖਾਉਣ ਲੱਗੀ ਕਿ ਦੋ ਵਾਲੀਆਂ ਸੀ। ਦਰੋਗਾ ਕਹਿੰਦਾ, ਇੱਕ ਤਾਂ ਹੈਗੀ ਆ ਕੰਨ ‘ਚ। ਮਾਈ ਕਹਿੰਦੀ, ਭਾਈ ਇਹ ਤਾਂ….! ਦਰੋਗਾ ਕਹਿੰਦਾ, ਹਾਂ ਜੀ ਹਾਂ ਜੀ ਮੁਣਸ਼ੀ ਜੀ ਲਿਖੋ ਲਿਖੋ ਦੋ ਵਾਲੀਆਂ।”

  ਰਾਜਵਿੰਦਰ ਰੌਂਤਾ, ਰੌਂਤਾ (ਮੋਗਾ)।
ਮੋ. 98764-86187

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 Brick, Fell, Well