ਪੰਜਾਬ

ਖੜਕੇ-ਦੜਕੇ ‘ਚ ਪਈਆਂ ਪੰਚਾਇਤੀ ਵੋਟਾਂ

Panchayat, votes, lying, rocks

ਵੋਟ ਫ਼ੀਸਦੀ ਦਰ ਵਿੱਚ ਮਾਨਸਾ ਅੱਗੇ ਤੇ ਅੰਮ੍ਰਿਤਸਰ ਰਿਹਾ ਸਭ ਤੋਂ ਪਿੱਛੇ

ਚੰਡੀਗੜ੍ਹ, ਪੰਜਾਬ ਦੀਆਂ 13 ਹਜ਼ਾਰ 276 ਪੰਚਾਇਤਾਂ ਦੀਆਂ ਚੋਣਾਂ ਲਈ ਵੋਟਾਂ ਪਾਉਣ ਦਾ ਅਮਲ ਕੁਝ ਹਿੰਸਕ ਘਟਨਾਵਾਂ ਅਤੇ ਕੁਝ ਥਾਵਾਂ ‘ਤੇ ਬੂਥਾਂ ‘ਤੇ ਕਬਜ਼ਾ ਕਰਨ ਦੀਆਂ ਸ਼ਿਕਾਇਤਾਂ ਨਾਲ ਨੇਪਰੇ ਚੜ੍ਹ ਗਿਆ। ਵੋਟਰਾਂ ਨੇ ਇਸ ਵਾਰ ਭਰਪੂਰ ਉਤਸ਼ਾਹ ਵਿਖਾਇਆ ਤੇ ਦੇਰ ਸ਼ਾਮ ਤੱਕ ਇਨ੍ਹਾਂ 13 ਹਜ਼ਾਰ ਤੋਂ ਜ਼ਿਆਦਾ ਪੰਚਾਇਤਾਂ ਨੂੰ ਆਪਣੇ ਨਵੇਂ ਸਰਪੰਚ ਅਤੇ ਪੰਚ ਮਿਲ ਗਏ। ਹਾਲਾਂਕਿ ਇਸ ਦੌਰਾਨ ਕੁਝ ਥਾਵਾਂ ‘ਤੇ ਬੂਥ ਵਿੱਚ ਅੱਗ ਲਗਾਉਣ ਅਤੇ ਚੋਣਾਂ ਵਿੱਚ ਝਗੜੇ ਦੇ ਕਾਰਨ ਚੋਣ ਅਮਲ ਨੂੰ ਰੋਕਦੇ ਹੋਏ ਅਗਲੇ ਦਿਨਾਂ ਲਈ ਟਾਲ ਦਿੱਤਾ ਗਿਆ ਹੈ।
ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਪੰਚਾਇਤੀ ਚੋਣ ਨੂੰ ਲੈ ਕੇ ਸਭ ਤੋਂ ਜ਼ਿਆਦਾ ਉਤਸ਼ਾਹ ਦਿਖਾਈ ਦਿੱਤਾ, ਜਿਸ ਕਾਰਨ ਜ਼ਿਲ੍ਹੇ ਵਿੱਚ 86.95 ਫੀਸਦੀ ਵੋਟ ਭੁਗਤੀ ਗਈ ਹੈ ਜਦੋਂ ਕਿ ਅੰਮ੍ਰਿਤਸਰ ਵਿਖੇ ਸਭ ਤੋਂ ਘੱਟ ਵੋਟਾਂ ਫ਼ੀਸਦੀ ਦਰ 42 ਦਰਜ਼ ਕੀਤੀ ਗਈ ਹੈ।  ਪੰਜਾਬ ਵਿੱਚ ਹੋਈਆਂ ਪੰਚਾਇਤੀ ਚੋਣਾਂ ਲਈ ਸਰਪੰਚੀ ਲਈ 42 ਹਜ਼ਾਰ 233 ਅਤੇ ਪੰਚ ਲਈ 1 ਲੱਖ 44 ਹਜ਼ਾਰ 662 ਉਮੀਦਵਾਰ ਚੋਣ ਮੈਦਾਨ ਵਿੱਚ ਡਟੇ ਹੋਏ ਸਨ। ਜਿਨਾਂ ਵਿੱਚੋਂ ਵੱਡੇ ਪੱਧਰ ‘ਤੇ ਕਾਂਗਰਸ ਦਾ ਸਮਰਥਨ ਹਾਸਲ ਸਰਪੰਚ ਅਤੇ ਪੰਚਾਂ ਨੇ ਜਿੱਤ ਹਾਸਲ ਕੀਤੀ ਹੈ।
ਪੰਜਾਬ ਦੇ ਮੋਗਾ ਦੇ ਪਿੰਡ ਦੀਨਾ ਸਾਹਿਬ, ਪਟਿਆਲਾ ਦੇ ਬੋਸਰਕਲਾਂ ਤੋਂ ਇਲਾਵਾ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਦੀਆਂ ਕੁਝ ਥਾਂਵਾਂ ‘ਤੇ ਗੋਲੀਬਾਰੀ ਦੀਆਂ ਅਜਿਹੀਆਂ ਘਟਨਾਵਾਂ ਬਾਰੇ ਜਾਣਕਾਰੀ ਮਿਲੀ ਹੈ ਮੁੱਲਾਂਪੁਰ ਦਾਖਾ ਵਿਖੇ ਵੀ ਬੂਥ ਉੱਪਰ ਕਬਜ਼ੇ ਕਰਨ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਇੱਥੇ ਹੀ ਫਿਰੋਜ਼ਪੁਰ ਦੇ ਮਮਦੋਟ ਵਿਖੇ ਕਾਂਗਰਸ ਵਰਕਰਾਂ ਵੱਲੋਂ ਵੋਟਾਂ ਦੇ ਬਕਸੇ ਨੂੰ ਅੱਗ ਲਾਉਣ ਮਗਰੋਂ ਮੱਚੀ ਭਾਜੜ ਵਿੱਚ ਇੱਕ ਵਿਅਕਤੀ ਦੀ ਕਾਰ ਥੱਲੇ ਕੁਚਲੇ ਜਾਣ ਨਾਲ ਮੌਤ ਹੋਣ ਦੀ ਖ਼ਬਰ ਹੈ।
ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਚੋਣ ਕਮਿਸ਼ਨ ਨੇ ਪੰਜਾਬ ਦੀਆਂ 3 ਪੰਚਾਇਤਾਂ ਦੇ ਚੋਣ ਨੂੰ ਰੱਦ ਕਰਦੇ ਹੋਏ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਹੈ। ਇਨਾਂ ਦੀ ਚੋਣ ਜਲਦ ਹੀ ਮੁੜ ਤੋਂ ਕਰਵਾਈ ਜਾਏਗੀ।
ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਪੰਚਾਇਤੀ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਨੂੰ ਧੱਕੇਸ਼ਾਹੀ ਨਾਲ ਲਈ ਹੋਈ ਜਿੱਤ ਕਰਾਰ ਦਿੰਦੇ ਹੋਏ ਅੱਜ ਦੀ ਚੋਣ ਨੂੰ ਲੋਕ ਤੰਤਰ ਦਾ ਕਤਲ ਵੀ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਦੋਸ਼ ਹੈ ਕਿ ਕਾਂਗਰਸ ਨੇ ਪੁਲਿਸ ਦੇ ਡੰਡੇ ਨਾਲ ਅਕਾਲੀ ਸਮਰਥਕ ਉਮੀਦਵਾਰ ਨੂੰ ਕੁੱਟਮਾਰ ਕਰਦੇ ਹੋਏ ਪੋਲਿੰਗ ਸਟੇਸ਼ਨਾਂ ਤੋਂ ਦੂਰ ਭਜਾਇਆ।

ਅਣਗਹਿਲੀ ਦੇ ਦੋਸ਼ੀ ਪਾਏ ਗਏ 3 ਚੋਣ ਅਧਿਕਾਰੀ, ਕਮਿਸ਼ਨ ਨੇ ਕੀਤੇ ਮੁਅੱਤਲ
ਪੰਚਾਇਤੀ ਚੋਣਾਂ ਦੌਰਾਨ 3 ਚੋਣ ਅਧਿਕਾਰੀ ਆਪਣੇ-ਆਪਣੇ ਚੋਣ ਖੇਤਰ ਵਿੱਚ ਹਾਜ਼ਰ ਹੀ ਨਹੀਂ ਹੋਏ। ਜਿਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਸਬੰਧਿਤ ਜ਼ਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਹੋਰ ਅਧਿਕਾਰੀਆਂ ਦੀ ਡਿਊਟੀ ਤਾਂ ਲਗਾ ਦਿੱਤੀ ਗਈ ਪਰ ਇਸ ਅਣਗਹਿਲੀ ਦੀ ਸ਼ਿਕਾਇਤ ਸੂਬਾ ਚੋਣ ਕਮਿਸ਼ਨ ਨੂੰ ਵੀ ਕੀਤੀ ਗਈ। ਇਸ ਸਬੰਧੀ ਜ਼ਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਸ਼ਿਕਾਇਤ ਮਿਲਣ ‘ਤੇ ਸੂਬਾ ਚੋਣ ਕਮਿਸ਼ਨ ਨੇ ਚਰਨ ਸਿੰਘ ਈ. ਓ. ਨਗਰ ਪੰਚਾਇਤ ਬਾਲਿਆਂਵਾਲੀ ਜ਼ਿਲ੍ਹਾ ਬਠਿੰਡਾ ਨੂੰ ਬਲਾਕ ਗੋਨੀਆਣਾ-3 ਵਿਖੇ ਅਣਗਹਿਲੀ ਕਰਨ ਅਤੇ ਬਿਨਾਂ ਦੱਸੇ ਗੈਰ-ਹਾਜ਼ਰ ਹੋਣ
‘ਤੇ ਮੁਅੱਤਲ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਨਾਲ ਹੀ ਸੁਖਵਿੰਦਰ ਸਿੰਘ ਸੁਪਰੀਡੈਂਟ ਆਈ.ਟੀ.ਆਈ. ਬੱਸੀ ਪਠਾਣਾ ਆਪਣੀ ਡਿਊਟੀ ‘ਤੇ ਹਾਜ਼ਰ ਹੀ ਨਹੀਂ ਹੋਏ ਜਿਸ ਕਾਰਨ ਉਨਾਂ ਨੂੰ ਮੁਅੱਤਲ ਕੀਤਾ ਗਿਆ ਹੈ।
ਆਜ਼ਾਦ ਸਿੰਘ ਬਰਾੜ ਹੈੱਡ ਮਾਸਟਰ, ਸਰਕਾਰੀ ਹਾਈ ਸਕੂਲ ਦੌਣ ਕਲਾਂ ਜਿਲਾ ਪਟਿਆਲਾ ਨੇ ਨਾ ਸਿਰਫ਼ ਆਪਣੀ ਡਿਊਟੀ ਦੌਰਾਨ ਅਣਗਹਿਲੀ ਕੀਤੀ ਸਗੋਂ ਆਪਣੇ ਨਾਲ ਤੈਨਾਤ ਚੋਣ ਅਮਲੇ ਨਾਲ ਬਦਤਮੀਜ਼ੀ ਵੀ ਕੀਤੀ, ਜਿਸ ਕਾਰਨ ਉਨਾਂ ਨੂੰ ਵੀ ਮੁਅੱਤਲ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top