ਗੀਤਕਾਰ ਤੇ ਗਾਇਕ ਰਾਜ ਬਰਾੜ ਦਾ ਦੇਹਾਂਤ

ਕੁਲਦੀਪ ਰਾਜ  ਸਮਾਲਸਰ
ਨੇੜਲੇ ਪਿੰਡ ਮੱਲਕੇ ਦੇ ਜੰਮਪਲ ਉੱਘੇ ਗੀਤਕਾਰ ਅਤੇ ਗਾਇਕ ਰਾਜ ਬਰਾੜ ਦਾ ਅੱਜ ਦੇਹਾਂਤ ਹੋ ਗਿਆ  ਰਾਜ ਬਰਾੜ ਨੂੰ ਕੁਝ ਸਮੇਂ ਤੋਂ ਪੇਟ ਦੀ ਸਮੱਸਿਆ ਚੱਲ ਰਹੀ ਸੀ। ਉਹ 44 ਵਰ੍ਹਿਆਂ ਦੇ ਸਨ ਉਹ ਆਪਣੇ ਪਿਛੇ ਮਾਤਾ ਧਿਆਨ ਕੌਰ, ਪਤਨੀ ਬਲਵਿੰਦਰ ਕੌਰ, ਪੁੱਤਰ ਜੋਸ਼ਨੂਰ ਸਿੰਘ ਪੁੱਤਰੀ ਸ਼ਿਵਤਾਜ ਕੌਰ ਨੂੰ ਛੱਡ ਗਏ ਹਨ
ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਭਤੀਜੇ ਪੈਵੀ ਬਰਾੜ ਨੇ ਦੱਸਿਆ ਕਿ ਬੀਤੀ ਰਾਤ ਉ੍ਹਨਾਂ ਨੂੰ ਖੂਨ ਦੀ ਉਲਟੀ ਆਈ ਤਾਂ ਉਨ੍ਹਾਂ ਨੂੰ ਤੁਰੰਤ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਅੱਜ ਸਵੇਰੇ 11 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ  ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ 2 ਜਨਵਰੀ  ਨੂੰ ਉਨ੍ਹਾਂ ਦੇ ਛੋਟੇ ਭਰਾ ਬਲਰਾਜ ਸਿੰਘ ਬਰਾੜ ਅਤੇ ਭੈਣ ਮਨਜੀਤ ਕੌਰ ਦੇ ਵਿਦੇਸ਼ ਤੋਂ ਵਾਪਸ ਆਉਣ ‘ਤੇ ਹੋਵੇਗਾ।
ਪੰਜਾਬੀ ਗਾਇਕੀ ਅਤੇ ਗੀਤਕਾਰੀ ‘ਚ ਨਾਮਣਾ ਖੱਟਣ ਵਾਲੇ ਗਾਇਕ ਰਾਜ ਬਰਾੜ ਦਾ ਜਨਮ 1968 ‘ਚ ਪਿੰਡ ਮੱਲ ਕੇ ਵਿਖੇ ਪਿਤਾ ਸਵ. ਕਿਸ਼ੌਰਾ ਸਿੰਘ ਬਰਾੜ ਮਾਤਾ ਧਿਆਨ ਕੌਰ ਦੀ ਕੁੱਖੋਂ ਹੋਇਆ। ੇ 1992 ‘ਚ ਉਹ ਗਾਇਕੀ ਦੇ ਖੇਤਰ ‘ਚ ਪਹਿਲੀ ਟੇਪ ‘ਬੰਤੋ’ ਅਤੇ ਦੂਜੀ ਟੇਪ ‘ਸਾਡੇ ਵਾਰੀ ਰੰਗ ਮੁਕਿਆ’ ਲੈ ਕੇ ਗਾਇਕੀ ‘ਚ ਆਪਣਾ ਲੋਹਾ ਮੰਨਵਾਇਆ।
ਉਸਦੇ ਲਿਖੇ ਗੀਤਾਂ ਨੂੰ ਪੰਜਾਬ  ਦੇ ਪ੍ਰਸਿੱਧ ਗਾਇਕ ਹੰਸ ਰਾਜ ਹੰਸ, ਸੁਰਜੀਤ ਬਿੰਦਰਖੀਆ, ਹਰਭਜਨ ਮਾਨ, ਇੰਦਰਜੀਤ ਨਿੱਕੂ ਆਦਿ ਹੋਰ ਅਨੇਕਾਂ ਗਾਇਕ ਆਪਣੀ ਅਵਾਜ ਦੇ ਚੁੱਕੇ ਹਨ ਰਾਜ ਬਰਾੜ ਨੇ ਦੋਗਾਣੇ ਗਾ ਕੇ ਆਪਣੇ ਆਪ ਨੂੰ ਬੁਲੰਦੀਆਂ ‘ਤੇ ਪਹੁੰਚਾਇਆ।
ਉਨ੍ਹਾਂ ਦੀ ਪਹਿਲੀ ਫਿਲਮ ਜਵਾਨੀ ਜਿੰਦਾਬਾਦ ਆਈ ਅਤੇ ਕੁਝ ਦਿਨ ਪਹਿਲਾਂ ਹੀ ਉਹ ਆਪਣੀ ਆਉਣ ਵਾਲੀ ਨਵੀਂ ਫਿਲਮ ‘ਆਮ ਆਦਮੀ’ (ਜਮੂਰੇ) ਮੁਕੰਮਲ ਕੀਤੀ ਜੋ ਫਰਵਰੀ ‘ਚ ਰਿਲੀਜ਼ ਹੋਣੀ ਸੀ।