Breaking News

ਗੈਂਗਸਟਰ ਰਵੀ ਦਿਓਲ ਦਾ ਖ਼ੁਲਾਸਾ:

‘ਮੈਨੂੰ ਗੈਂਗਸਟਰ ਬਣਾਉਣ ‘ਚ ਅਕਾਲੀ ਆਗੂ ਦੇ ਓਐਸਡੀ ਦਾ ਸਿੱਧਾ ਹੱਥ’

ਇੱਕ ਹੋਰ ਨੌਜਵਾਨ ਆਗੂ ਦਾ ਲਿਆ ਨਾਂਅ

ਗੁਰਪ੍ਰੀਤ ਸਿੰਘ
ਸੰਗਰੂਰ, 3 ਫਰਵਰੀ।

ਗੈਂਗਸਟਰ ਰਵੀ ਦਿਓਲ ਦੀ ਸੰਗਰੂਰ ਅਦਾਲਤ ਵਿੱਚ ਪੇਸ਼ੀ ਹਲਕੇ ਦੇ ਕਈ ਸੀਨੀਅਰ ਅਕਾਲੀ ਆਗੂਆਂ ਨੂੰ ਤ੍ਰੇਲੀਆਂ ਲਿਆ ਗਈ ਜਦੋਂ ਅਦਾਲਤ ‘ਚੋਂ ਬਾਹਰ ਆਉਂਦਿਆਂ ਹੀ ਰਵੀ ਦਿਓਲ ਨੇ ਸੰਗਰੂਰ ਦੇ ਸੀਨੀਅਰ ਅਕਾਲੀ ਆਗੂ ਦੇ ਓਐਸਡੀ ਅਤੇ ਅਕਾਲੀ ਦਲ ਨਾਲ ਸਬੰਧਿਤ ਇੱਕ ਹੋਰ ਨੌਜਵਾਨ ਆਗੂ ‘ਤੇ ਵੱਡੇ ਦੋਸ਼ ਲਾ ਦਿੱਤੇ।

ਰਵੀ ਦਿਓਲ ਨੇ ਕਿਹਾ ਕਿ ਨੌਜਵਾਨਾਂ ਨੂੰ ਗੈਂਗਸਟਰ ਬਣਾਉਣ ‘ਚ ਸੀਨੀਅਰ ਅਕਾਲੀ ਆਗੂ ਦੇ ਰਿਸ਼ਤੇਦਾਰ ਤੇ ਉਸ ਦੇ ਇੱਕ ਸਾਥੀ ਦਾ ਹੱਥ ਹੈ। ਰਵੀ ਦਿਓਲ ਨੇ ਇਨ੍ਹਾਂ ‘ਤੇ ਕਤਲ ਕਰਵਾਉਣ ਸਮੇਤ ਕਈ ਹੋਰ ਗੰਭੀਰ ਦੋਸ਼ ਵੀ ਲਾਏ ਹਨ। ਜਾਣਕਾਰੀ ਮੁਤਾਬਕ ਸੰਗਰੂਰ ਕੋਰਟ ‘ਚ ਪੇਸ਼ ਹੋਣ ਆਏ ਗੈਂਗਸਟਰ ਰਵੀ ਦਿਓਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਗੈਂਗਸਟਰ ਨਹੀਂ ਹੈ, ਸਗੋਂ ਉਸ ਕੋਲੋਂ ਇਹ ਸਭ ਕੁਝ ਕਰਵਾਉਣ ਲਈ ਰਾਜਨੀਤਿਕ ਆਗੂ ਜ਼ਿੰਮੇਵਾਰ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵੀ ਦਿਓਲ ਨੇ ਦਾਅਵਾ ਕੀਤਾ ਕਿ ਉਹ ਨਸ਼ੇ ਦੇ ਕਿਸੇ ਵੀ ਮਾਮਲੇ ਵਿੱਚ ਸ਼ਾਮਲ ਨਹੀਂ, ਸਗੋਂ ਉਸ ਦਾ ਨਾਂਅ ਇਸ ਮਾਮਲੇ ‘ਚ ਪਾਇਆ ਗਿਆ। ਉਸ ਨੇ ਅਕਾਲੀ ਆਗੂ ਦਾ ਨਾਂਅ ਲੈਂਦਿਆਂ ਕਿਹਾ ਕਿ ਉਹ ਵਿੱਚ ਵਿਚੋਲੇ ਪਾ ਕੇ ਉਸ ਤੋਂ ਕਈ ਤਰ੍ਹਾਂ ਦੇ ਘਿਨਾਉਣੇ ਕੰਮ ਕਰਵਾਉਂਦੇ ਸਨ। ਉਸ ਨੇ ਕਿਹਾ ਕਿ ਮੈਂ ਇਸ ਸਬੰਧੀ ਪੁਲਿਸ ਨੂੰ ਸਭ ਕੁਝ ਦੱਸ ਚੁੱਕਿਆ ਹਾਂ। ਉਸ ਨੇ ਕਿਹਾ ਕਿ ‘ਮਾਸਟਰ’ ਨਾਮੀ ਇੱਕ ਆਗੂ ਗਰੀਬ ਲੜਕੀਆਂ ਨੂੰ ਯੂਨੀਵਰਸਿਟੀ ‘ਚ ਪਾਸ ਕਰਵਾਉਣ ਦੇ ਬਦਲੇ ਉਨ੍ਹਾਂ ਦਾ ਸੋਸ਼ਣ ਕਰਦਾ ਸੀ। ਉਸ ਨੇ ਕਿਹਾ ਕਿ ਮੈਂ ਪੁਲਿਸ ਨੂੰ ਸਭ ਕੁਝ ਦੱਸ ਚੁੱਕਿਆ ਹਾਂ। ਮੈਂ ਪੁਲਿਸ ਤੋਂ ਮੰਗ ਕਰਦਾ ਹਾਂ ਕਿ ਮੇਰੇ ਨਾਲ ਇਨਸਾਫ਼ ਕੀਤਾ ਜਾਵੇ।

‘ਮੈਂ ਗੈਂਗਸਟਰ ਨਹੀਂ, ਮੈਨੂੰ ਬਣਾਇਆ ਗਿਆ’

ਰਵੀ ਦਿਓਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕੋਈ ਗੈਂਗਸਟਰ ਨਹੀਂ, ਸਗੋਂ ਅਜਿਹੇ ਰਾਜਨੀਤਕ ਆਗੂਆਂ ਕਰਕੇ ਉਸ ਦਾ ਨਾਂਅ ਗੈਂਗਸਟਰਾਂ ਵਿੱਚ ਸ਼ਾਮਲ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਮੈਂ ਹੁਣ ਅਦਾਲਤ ਵਿੱਚ ਆਤਮ ਸਮਰਪਣ ਕਰ ਚੁੱਕਿਆ ਹਾਂ, ਮੈਨੂੰ ਆਸ ਹੈ ਕਿ ਕਾਨੂੰਨ ਮੇਰੇ ਨਾਲ ਪੂਰਾ ਇਨਸਾਫ਼ ਕਰੇਗਾ ਅਤੇ ਪੁਲਿਸ ਪਾਰਦਰਸ਼ਤਾ ਨਾਲ ਇਸ ਮਾਮਲੇ ਵਿੱਚ ਕਾਰਵਾਈ ਕਰੇਗੀ।

‘ਅਜਿਹੇ ਆਗੂਆਂ ‘ਤੇ ਕਾਰਵਾਈ ਕਰਵਾਓ ਜੇ ਆਪਣੇ ਬੱਚੇ ਬਚਾਉਣੇ ਨੇ’

ਗੈਂਗਸਟਰ ਰਵੀ ਦਿਓਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਆਖਿਆ ਜੇਕਰ ਪੁਲਿਸ ਮਾਪਿਆਂ ਦੇ ਬੱਚਿਆਂ ਨੂੰੰ ਗੈਂਗਸਟਰ ਬਣਾਉਣ ਵਿੱਚ ਭੂਮਿਕਾ ਅਦਾ ਕਰਨ ਵਾਲੇ ਲੀਡਰਾਂ ਖਿਲਾਫ਼ ਸਖ਼ਤ ਕਾਰਵਾਈ ਕਰੇ ਤਾਂ ਹਜ਼ਾਰਾਂ ਬੱਚਿਆਂ ਨੂੰ ਭਟਕਣੋਂ ਬਚਾਇਆ ਜਾ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top