ਪੰਜਾਬ

ਚਿੱਟੇ ਮੱਛਰ ਦੇ ਡੰਗ ਨੇ ਵਹਾਈ ਚਾਰ ਏਕੜ

-ਪਿੰਡ ਦੇ ਬਾਕੀ ਕਿਸਾਨ ਦੋਚਿੱਤੀ ‘ਚ
-ਭਾਕਿਯੂ ਵੱਲੋਂ ਪੀੜਤ ਕਿਸਾਨ ਲਈ ਮੁਆਵਜ਼ੇ ਦੀ ਮੰਗ
ਭੁੱਚੋ ਮੰਡੀ,  (ਸੱਚ ਕਹੂੰ ਨਿਊਜ਼) ਚਿੱਟੇ ਮੱਛਰ ਦੇ ਹਮਲੇ ਕਾਰਨ ਪਿੰਡ ਭੁੱਚੋ ਕਲਾਂ ਦੇ ਇੱਕ ਕਿਸਾਨ ਨੇ ਚਾਰ ਏਕੜ ਨਰਮੇ ਦੀ ਫਸਲ ਵਾਹ ਦਿੱਤੀ ਹੈ।ਲੀਲਾ ਖਾਨ ਪੁੱਤਰ ਛੋਟਾ ਖਾਨ ਵਾਸੀ ਭੁੱਚੋ ਕਲਾਂ ਨੇ ਦੱਸਿਆ ਕਿ ਉਸ ਨੇ ਇੱਕ ਮਹੀਨਾ ਪਹਿਲਾਂ ਅਜਮੇਰ ਸਿੰਘ ਤੋਂ ਚਾਲੀ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਚਾਰ ਏਕੜ ਜ਼ਮੀਨ ਠੇਕੇ ‘ਤੇ ਲੈ ਕੇ ਇਸ ਵਿੱਚ ਨਰਮੇ ਦੀ ਫਸਲ ਬੀਜੀ ਸੀ। ਇਸ ‘ਤੇ ਚਿੱਟੇ ਮੱਛਰ ਨੇ ਹਮਲਾ ਕਰ ਦਿੱਤਾ।
ਕਿਸਾਨ ਨੇ ਪੱਤਿਆਂ ਹੇਠ ਬਣੇ ਜਾਲੇ ਦਿਖਾਏ, ਜਿਸ ਕਾਰਨ ਪੱਤਾ ਇਕੱਠਾ ਹੋ ਕੇ ਨਰਮਾ ਖਰਾਬ ਹੋ ਰਿਹਾ ਹੈ। ਉਸ ਨੇ ਦੱਸਿਆ ਕਿ ਫਸਲ ਨੂੰ ਬਚਾਉਣ ਲਈ ਉਸ ਨੇ ਖੇਤੀ ਮਾਹਰਾਂ ਦੇ ਕਹਿਣ ਅਨੁਸਾਰ ਨਿੰਮ ਦੇ ਪੱਤੇ ਉਬਾਲ ਕੇ ਉਸ ਪਾਣੀ ਦਾ ਛਿਕਾਅ ਵੀ ਕੀਤਾ, ਪਰ ਕੋਈ ਫਾਇਦਾ ਨਹੀਂ ਹੋਇਆ। ਅਖੀਰ ਉਸ ਨੇ ਇਸ ਨਰਮੇ ਦੀ ਫਸਲ ਨੂੰ ਵਾਹ ਦੇਣਾ ਹੀ ਠੀਕ ਸਮਝਿਆ, ਕਿਉਂਕਿ ਲੰਮੀ ਉਡੀਕ ਕਰਨ ਨਾਲ ਇਸ ਜ਼ਮੀਨ ਵਿੱਚ ਕੋਈ ਹੋਰ ਫਸਲ ਬੀਜਣ ਦਾ ਸਮਾਂ ਨਹੀਂ ਰਹਿਣਾ ਸੀ। ਉਸ ਨੇ ਕਿਹਾ ਕਿ ਜੇਕਰ ਜ਼ਮੀਨ ਖਾਲੀ ਰਹਿੰਦੀ ਹੈ, ਤਾਂ ਉਸ ਨੂੰ ਜ਼ਮੀਨ ਦਾ ਠੇਕਾ ਭਰਨਾ ਮੁਸ਼ਕਿਲ ਹੋ ਜਾਵੇਗਾ।
ਲੀਲਾ ਖਾਨ ਵੱਲੋਂ ਨਰਮਾ ਵਾਹੁਣ ਕਾਰਨ ਪਿੰਡ ਦੇ ਬਾਕੀ ਨਰਮਾ ਕਾਸ਼ਤਕਾਰ ਚਿੰਤਤ ਹਨ। ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਸਮਾਂ ਰਹਿੰਦੇ ਇਸ ਨਰਮੇ ਨੂੰ ਵਾਹ ਕੇ ਹੋਰ ਫਸਲ ਬੀਜ ਦਿੱਤੀ ਜਾਵੇ ਜਾਂ ਇਸ ਦੇ ਸਹੀ ਹੋਣ ਦੀ ਉਡੀਕ ਕੀਤੀ ਜਾਵੇ। ਕਿਸਾਨਾਂ ਵਿੱਚ ਪਿਛਲੇ ਸਾਲ ਹੋਏ ਨਰਮੇ ਦੀ ਫਸਲ ਦੇ ਵੱਡੇ ਨੁਕਸਾਨ ਕਾਰਨ ਸਹਿਮ ਬਣਿਆ ਹੋਇਆ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲ੍ਹਾ ਮੀਤ ਪ੍ਰਧਾਨ ਜਗਜੀਤ ਸਿੰਘ ਭੁੱਚੋ ਖੁਰਦ, ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਅਤੇ ਭੁੱਚੋ ਕਲਾਂ ਇਕਾਈ ਦੇ ਪ੍ਰਧਾਨ ਬਲਦੇਵ ਸਿੰਘ ਭਲੇਰੀਆ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੈ ਕਿ ਪੀੜਤ ਕਿਸਾਨ ਨੂੰ 40 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜਾ ਦਿੱਤਾ ਜਾਵੇ ਅਤੇ ਖੇਤੀ ਮਾਹਿਰਾਂ ਦੀਆਂ ਟੀਮਾਂ ਪਿੰਡਾਂ ਵਿੱਚ ਭੇਜ ਕੇ ਕਿਸਾਨਾਂ ਨੂੰ ਇਸ ਦੇ ਬਚਾਅ ਬਾਰੇ ਜਾਗਰੂਕ ਕੀਤਾ ਜਾਵੇ।
ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਨਛੱਤਰ ਸਿੰਘ ਔਲਖ ਨੇ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਕੱਲ੍ਹ ਪੰਜਾਬ, ਹਰਿਆਣਾ ਅਤੇ ਰਾਜਸਥਨ ਸਮੇਤ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਦੀ ਬਠਿੰਡਾ ਵਿੱਚ ਮੀਟਿੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਚਿੱਟਾ ਮੱਛਰ ਕਾਬੂ ਹੇਠ ਹੈ। ਖੇਤੀ ਮਾਹਰਾਂ ਦੀਆ ਟੀਮਾਂ ਕਿਸਾਨਾਂ ਨੂੰ ਇਸ ਦੇ ਬਚਾਅ ਬਾਰੇ ਜਾਣਕਾਰੀ ਦੇ ਰਹੀਆਂ ਹਨ।

ਪ੍ਰਸਿੱਧ ਖਬਰਾਂ

To Top