ਛੋਟੂ

ਸ਼ਹਿਰ ਦੇ ਬਾਹਰ ਬਾਈਪਾਸ ਵਾਲੀ ਮੁੱਖ ਸੜਕ ਦੇ ਇੱਕ ਪਾਸੇ ਕੁਝ ਝੁੱਗੀਆਂ ਵਾਲਿਆਂ ਨੇ ਡੇਰੇ ਲਾਏ ਹੋਏ ਸਨ ਇਨ੍ਹਾਂ ਝੁੱਗੀਆਂ ‘ਚੋਂ ਹਰ ਸਮੇਂ ਬੱਚਿਆਂ ਦਾ ਚੀਕ-ਚਿਹਾੜਾ, ਔਰਤਾਂ ਦੀਆਂ ਉੱਚੀਆਂ ਪਰ ਬੇਸਮਝ ਆਵਾਜ਼ਾਂ, ਬੰਦਿਆਂ ਦੀਆਂ ਗਾਲ੍ਹਾਂ ਤੇ ਜਾਂ ਦਾਰੂ ਪੀ ਕੇ ਆਪਣੀਆਂ ਜਨਾਨੀਆਂ ਕੁੱਟਣ ਦੀਆਂ ਆਵਾਜ਼ਾਂ ਸੁਣਦੀਆਂ ਰਹਿੰਦੀਆਂ ਪਰ ਸੜਕ ਤੋਂ ਲੰਘ ਰਹੀ ਆਵਾਜਾਈ ਵੱਲ ਨਾ ਤਾਂ ਕਦੇ ਉਹ ਬਹੁਤਾ ਦੇਖਦੇ ਤੇ ਨਾ ਹੀ ਸੜਕ ‘ਤੇ ਜਾ ਰਹੇ ਲੋਕ ਇਨ੍ਹਾਂ ਝੁੱਗੀਆਂ ਦੀ ਅੰਦਰਲੀ ਜ਼ਿੰਦਗੀ ‘ਚ ਦਖਲਅੰਦਾਜੀ ਕਰਨ ਦੀ ਤਕਲੀਫ ਉਠਾਉਂਦੇ ਬੱਸ ਸਰਸਰੀ ਜਿਹੀ ਨਿਗ੍ਹਾ ਮਾਰ ਉੱਥੋਂ ਲੰਘ ਜਾਂਦੇ
ਛਿੱਬੂ ਦੀ ਝੁੱਗੀ ਬਾਕੀ ਝੁੱਗੀਆਂ ਦੇ ਵਿਚਾਲੇ ਜਿਹੇ ਕਰਕੇ ਸੀ ਉਸਦਾ ਇੱਕੋ ਮੁੰਡਾ ਸੀ ਛਿੱਬੂ ਪਤਾ ਨਹੀਂ ਸਾਰਾ ਦਿਨ ਕੀ ਕਰਦਾ ਰਹਿੰਦਾ ਸੀ ਬੱਸ ਆਥਣੇ ਜਦੋਂ ਆਉਂਦਾ ਤਾਂ ਮੂੰਹ ‘ਚੋ ਗੰਦੀ ਹਵਾੜ ਨਾਲ ਛੋਟੀ ਜਿਹੀ ਝੁੱਗੀ ‘ਚ ਉਹਦੀ ਘਰਵਾਲੀ ਦਾ ਦਮ ਘੁਟਣ ਲੱਗ ਪੈਂਦਾ ਉਹ ਕੁਝ ਬੋਲਦੀ ਤਾਂ ਛਿੱਬੂ ਉਸਨੂੰ ਰੱਜ ਕੇ ਕੁੱਟਦਾ ਉਹਦੇ ਨੀਲ ਪੈ ਜਾਂਦੇ ਜਵਾਕ ਅਜੇ ਦੋ-ਢਾਈ ਕੁ ਸਾਲ ਦਾ ਹੀ ਸੀ ਉਹ ਵੀ ਰੋਣ ਲੱਗ ਪੈਂਦਾ ਇੱਕ-ਅੱਧੀ ਚਪੇੜ ਉਸਦੇ ਵੀ ਵੱਜ ਜਾਂਦੀ ਤੇ ਫੇਰ ਕੁਝ ਚਿਰ ਮਗਰੋਂ ਚਾਰ-ਚੁਫੇਰੇ ਹਨ੍ਹੇਰਾ ਪਸਰ ਜਾਂਦਾ ਸੜਕ ਤੋਂ ਕੋਈ-ਕੋਈ ਮੋਟਰਗੱਡੀ ਹੀ ਗੁਜ਼ਰਦੀ ਤੇ ਝੁੱਗੀਆਂ ਵੀ ਸੌਂ ਜਾਂਦੀਆਂ….
ਗਰੀਬੀ, ਭੁੱਖ ਤੇ ਜਿੰਮੇਵਾਰੀ ਉਮਰ ਤੋਂ ਪਹਿਲਾਂ ਹੀ ਬੰਦੇ ਨੂੰ ਸਿਆਣਾ ਬਣਾ ਦਿੰਦੀਆਂ ਹਨ ਛਿੱਬੂ ਦਾ ਮੁੰਡਾ ਜਦੋਂ  ਸੱਤ-ਅੱਠ ਵਰ੍ਹੇ ਦਾ ਹੋਇਆ ਤਾਂ ਛਿੱਬੂ ਨੇ ਉਸਨੂੰ ਦੋ ਦਿਨ ਬੂਟ ਸਾਫ ਕਰਨ, ਪਾਲਿਸ਼ ਕਰਨ, ਚਮਕਾਉਣ ਤੇ ਕੰਮ ਦੇ ਪੈਸੇ ਮੰਗਣ ਦੇ ਗੁਰ ਸਿਖਾਉਣ ‘ਚ ਗੁਜ਼ਾਰ ਦਿੱਤੇ ਤੇ ਤੀਜੇ ਦਿਨ ਸ਼ਹਿਰ ਦੇ ਕਿਸੇ ਚੌਕ ਕੋਲ ਬੂਟ ਪਾਲਿਸ਼ ਕਰਨ ਲਈ ਲੋੜੀਂਦਾ ਸਾਮਾਨ ਦੇ ਕੇ ਬਿਠਾ ਆਇਆ  ਸਵੇਰੇ ਉਹ ਘਰੋਂ ਰਾਤ ਦੀ ਬੇਹੀ ਰੋਟੀ ਖਾ ਜਾਂਦਾ ਤੇ ਦੁਪਹਿਰੇ ਉਸਦੀ ਮਾਂ ਉਸਨੂੰ ਕਿਸੇ ਪਾਸਿਉਂ ਆ ਕੇ ਦੋ ਰੋਟੀਆਂ ਤੇ ਆਚਾਰ ਦੀ ਫਾੜੀ ਦੇ ਜਾਂਦੀ ਤੇ ਸ਼ਾਮੀ ਉਹ ਕੰਮ ਕਰਕੇ ਕਮਾਏ ਪੈਸਿਆਂ ਨਾਲ ਰੋਟੀ-ਦਾਲ ਬਣਾਉਣ ਲਈ ਨਿੱਕ-ਸੁੱਕ ਲੈ ਜਾਂਦਾ
ਥੋੜ੍ਹੇ ਕੁ ਦਿਨਾਂ ‘ਚ ਹੀ ਉਹ ਬਹੁਤ ਸੋਹਣੀ ਪਾਲਿਸ਼ ਕਰਨੀ ਸਿੱਖ ਗਿਆ ਲੋਕ ਹੁਣ ਉਸ ਕੋਲ ਰੁਟੀਨ ਵਿੱਚ ਆਉਣ ਲੱਗੇ ਉਸ ਅੱਗੇ ਆਪਣੇ ਬੂਟ ਕਰਦੇ ਜਾਂ ਫਿਰ ਲਾਹ ਕੇ ਧਰ ਦਿੰਦੇ ਇੱਕ ਪਾਸੇ ਇੱਟਾਂ ਦੀ ਬਣੀ ਥੜ੍ਹੀ ‘ਤੇ ਬੈਠ ਜਾਂਦੇ ਤੇ ਆਪੋ-ਆਪਣੀਆਂ ਗੱਲਾਂ ‘ਚ ਗੁਆਚ ਜਾਂਦੇ ਕੋਈ ਆਪਣੇ ਘਰ ਨਵੇਂ ਜੰਮੇ ਮੁੰਡੇ ਦੇ ਨਾਮਕਰਨ ਦੀਆਂ ਗੱਲਾਂ ਕਰਦਾ, ਕੋਈ ਗ੍ਰਹਿ ਪ੍ਰਵੇਸ਼ ਬਾਰੇ ਤੇ ਕੋਈ ਨਿਆਣਿਆਂ ਦੇ ਸਕੂਲ ਦੀਆਂ ਫੀਸਾਂ ਦੀਆਂ ਗੱਲਾਂ ਕਰਨ ਬੈਠ ਜਾਂਦਾ ਨਾਮਕਰਨ, ਗ੍ਰਹਿ ਪ੍ਰਵੇਸ਼, ਫੀਸਾਂ…. ਛੋਟੂ ਨੂੰ ਇਨ੍ਹਾਂ ਸ਼ਬਦਾਂ ਦੀ ਕੋਈ ਸਮਝ ਨਾ ਆਉਂਦੀ ਹਾਂ, ਛੋਟੂ ਹੀ ਕਹਿੰਦੇ ਸਨ ਉਸਨੂੰ ਹੁਣ ਸਾਰੇ ਉਹਦਾ ਪਿਉ ਤਾਂ ਉਸਨੂੰ ‘ਓਏ’ ਹੀ ਕਹਿੰਦਾ ਤੇ ਮਾਂ ਬੱਸ ‘ਏ ਛੋਹਰੇ’ ਹੀ ਕਹਿ ਛੱਡਦੀ ਬੱਸ ਲੋਕਾਂ ਨੇ ਹੀ ਉਸਦਾ ਨਾਂ ਛੋਟੂ ਰੱਖ ਲਿਆ ਵੈਸੇ ਉਸਨੂੰ ਉਸਦਾ ਨਾਂਅ ਪੁੱਛਣ ਦੀ ਵੀ ਕਿਸੇ ਨੇ ਤਕਲੀਫ ਨਹੀਂ ਸੀ ਕੀਤੀ ਵੈਸੇ ਵੀ ਉਸਦਾ ਨਾਂਅ ਤਾਂ ਹੈ ਈ ਨਹੀਂ ਸੀ ਕੋਈ ਨਾ ਕੋਈ ਘਰ ਸੀ, ਨਾ ਉਹਨੇ ਕਦੇ ਸਕੂਲ ਦੇਖਿਆ ਸੀ
ਇੱਕ ਦਿਨ ਛੋਟੂ ਨੇ ਆਪਣੇ ਅੱਡੇ ‘ਤੇ ਆ ਕੇ ਸਾਮਾਨ ਟਿਕਾਇਆ ਹੀ ਸੀ ਕਿ ਉਸਦੇ ਅੱਗੇ ਰੱਖੀਆਂ ਦੋ ਇੱਟਾਂ ‘ਤੇ ਇੱਕ ਬੂਟ ਵਾਲਾ ਪੈਰ ਆ ਕੇ ਟਿਕਿਆ ਤੇ ਆਵਾਜ਼ ਆਈ, ‘ਬੇਟਾ ਜੀ! ਜ਼ਰਾ ਬੂਟ ਤਾਂ ਪਾਲਿਸ਼ ਕਰਨਾ’ ਅੱਜ ਪਹਿਲੀ ਵਾਰ ਛੋਟੂ ਨੂੰ ਕਿਸੇ ਨੇ ‘ਬੇਟਾ ਜੀ’ ਕਹਿ ਕੇ ਏਨੀ ਮਿਠਾਸ ਨਾਲ ਬੁਲਾਇਆ ਸੀ ਉਸ ਨੇ ਉਸ ਆਦਮੀ ਵੱਲ ਵੇਖਿਆ ਤਾਂ ਉਹ ਇੱਕ ਸੱਠ-ਪੈਂਹਠ ਸਾਲ ਦਾ ਬੰਦਾ ਸੀ ਦਾੜ੍ਹੀ ਬੰਨ੍ਹੀ ਹੋਈ ਸੀ ਤੇ ਪੱਗ ਚੰਗੀ ਤਰ੍ਹਾਂ ਜਚਾ ਕੇ ਬੰਨ੍ਹੀ ਹੋਈ ਸੀ ਉਸਦੇ ਹੱਥ ਵਿੱਚ ਅਖ਼ਬਾਰ ਫੜ੍ਹਿਆ ਹੋਇਆ ਸੀ ਛੋਟੂ ਦਾ ਦਿਲ ਕੀਤਾ ਕਿ ਉਹ ਖੜ੍ਹਾ ਹੋ ਕੇ ਉਸ ਵਿਅਕਤੀ ਨੂੰ ਘੁੱਟ ਕੇ ਜੱਫੀ ਪਾ ਲਵੇ ਪਰ ਫੇਰ ਪਤਾ ਨਹੀਂ ਕਿਵੇਂ ਆਪੇ ‘ਤੇ ਕਾਬੂ ਰੱਖ ਕੇ ਬੂਟ ਪਾਲਿਸ਼ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਇੱਕ ਬੂਟ ਪਾਲਿਸ਼ ਕਰ ਦਿੱਤਾ ਤਾਂ ਛੋਟੂ ਬੋਲਿਆ, ‘ਬਾਊ ਜੀ, ਦੂਜਾ ਪੈਰ ਤੋ ਰੱਖੀਏ ਆਗੇ’ ‘ਲਓ ਪੁੱਤਰ ਜੀ! ਪੰਜਾਬੀ ‘ਚ ਹਿੰਦੀ ਰਲਾ ਦਿੱਤੀ ਜਾਂ ਹਿੰਦੀ ‘ਚ ਪੰਜਾਬੀ!’ ਉਸ ਵਿਅਕਤੀ ਨੇ ਜਦੋਂ ਛੋਟੂ ਨੂੰ ਇਹ ਵਿਅੰਗ ਕੀਤਾ ਤਾਂ ਛੋਟੂ ਬੋਲਿਆ, ‘ਪਤਾ ਨਹੀਂ ਬਾਊ ਜੀ ਸਾਨੂੰ ਹਿੰਦੀ, ਪੰਜਾਬੀ ਕਾ ਕਯਾ ਪਤਾ’ ਸਰਦਾਰ ਚੁੱਪ ਹੋ ਗਿਆ ਛੋਟੂ ਨੇ ਬੜੀ ਰੀਝ ਨਾਲ ਬਹੁਤ ਸੋਹਣੇ ਬੂਟ ਪਾਲਿਸ਼ ਕਰ ਦਿੱਤੇ ਉਹ ਆਪਣੇ ਕੰਮ ਵਿੱਚ ਕਾਫੀ ਨਿਪੁੰਨ ਹੋ ਗਿਆ ਸੀ ਸਰਦਾਰ ਨੇ ਉਸ ਨੂੰ ਦਸ ਰੁਪਏ ਦਿੱਤੇ ਤੇ ਚਲਾ ਗਿਆ ਅੱਜ ਛੋਟੂ ਨੂੰ ਸਾਰਾ ਆਲਾ-ਦੁਆਲਾ ਬੜਾ ਵਧੀਆ ਲੱਗ ਰਿਹਾ ਸੀ ਉਸਦੇ ਕੰਨਾਂ ‘ਚ ਵਾਰ-ਵਾਰ ਉਸ ਸਰਦਾਰ ਦੇ ਮਿੱਠੇ ਬੋਲ ਗੂੰਜ ਰਹੇ ਸਨ ਤੇ ਉਹ ਵਿਸਮਾਦ ਦੀ ਅਵਸਥਾ ‘ਚ ਪਹੁੰਚ ਗਿਆ ਲੱਗਦਾ ਸੀ ਉਹ ਖੜ੍ਹਾ ਹੋਇਆ ਹੱਥ-ਮੂੰਹ ਧੋਤਾ ਤੇ ਸਾਹਮਣੇ ਚਾਹ ਦੇ ਖੋਖੇ ਤੋਂ ਜਾ ਕੇ ਚਾਹ ਪੀਣ ਲੱਗਾ ਨਾਲ ਹੀ ਦੋ ਮੱਠੀਆਂ ਵੀ ਖਾਧੀਆਂ
ਛੋਟੂ ਨੂੰ ਹੁਣ ਦਿਹਾੜੀ ਦੇ 70-80 ਰੁਪਏ ਆਮ ਬਣ ਜਾਂਦੇ ਸਨ ਕਦੇ-ਕਦੇ ਤਾਂ ਸੌ ਰੁਪਇਆ ਵੀ ਬਣ ਜਾਂਦਾ ਸੀ ਉਹ ਦਸ-ਵੀਹ ਦਾ ਕੁਝ ਖਾ-ਪੀ ਕੇ ਬਾਕੀ ਸਾਰੇ ਪੈਸੇ ਸ਼ਾਮੀ ਜਾ ਕੇ ਆਪਣੀ ਮਾਂ ਨੂੰ ਫੜਾ ਦਿੰਦਾ ਸੀ ਉਸਦੀ ਮਾਂ ਹੁਣ ਰੋਟੀ-ਟੁੱਕ ਲਈ ਸਾਮਾਨ ਆਪ ਲਿਆ ਕੇ ਰਾਤ ਦੀ ਰੋਟੀ ਦਾ ਇੰਤਜ਼ਾਮ ਕਰ ਲੈਂਦੀ ਰੋਟੀ ਖਾ, ਛੋਟੂ ਥੱਕਿਆ-ਟੁੱਟਿਆ ਝੁੱਗੀ ‘ਚ ਜਾਂ ਬਾਹਰ ਹੀ ਇੱਕ ਚਿਟਾਈ ਵਿਛਾ ਕੇ ਸੌਂ ਜਾਂਦਾ ਪਰ ਅਕਸਰ ਉਸਦੀ ਮਾਂ ਦੀ ਚੀਕ ਨਾਲ ਉਸਦੀ ਅੱਖ ਖੁੱਲ੍ਹ ਜਾਂਦੀ  ਉਸਦਾ ਪਿਓ ਛਿੱਬੂ ਉਸਦੀ ਮਾਂ ਨੂੰ ਕੁੱਟ ਰਿਹਾ ਹੁੰਦਾ ਤੇ ਜੋ ਵੀ ਪੈਸਾ-ਧੇਲਾ ਹੁੰਦਾ ਸਭ ਖੋਹ ਲੈਂਦਾ ਤੇ ਫਿਰ ਠੇਕੇ ਵੱਲ ਨਿੱਕਲ ਜਾਂਦਾ ਛੋਟੂ ਦੀ ਮਾਂ ਸਿਸਕੀਆਂ ਭਰਦੀ, ਭਾਂਡੇ ਮਾਂਜਦੀ ਤੇ ਸੌਣ ਦੀ ਕੋਸ਼ਿਸ਼ ਕਰਦੀ ਉਸਦਾ ਸਰੀਰ ਵੀ ਸੁੱਕ ਚੱਲਿਆ ਸੀ ਰਾਤ ਨੂੰ ਉਸਦੀ ਖੰਘ ਨਾਲ ਕਈ ਵਾਰ ਛੋਟੂ ਦੀ ਫੇਰ ਅੱਖ ਖੁੱਲ੍ਹਦੀ ਕਦੇ-ਕਦੇ ਤਾਂ ਛੋਟੂ ਉੱਠ ਕੇ ਆਪਣੀ ਮਾਂ ਨੂੰ ਪਾਣੀ ਪਿਲਾ ਦਿੰਦਾ ਪਰ ਕਦੇ-ਕਦਾਈ ਜ਼ਿਆਦਾ ਥੱਕਿਆ ਹੋਣ ਕਰਕੇ ਉਸ ਨੂੰ ਸਵੇਰੇ ਹੀ ਜਾਗ ਆਉਂਦੀ
ਉਸ ਰਾਤ ਤਾਂ ਛੋਟੂ ਰੋਟੀ ਖਾ ਕੇ ਫੇਰ ਉਸ ਸਰਦਾਰ ਦੇ ਖਿਆਲਾਂ ‘ਚ ਗੁਆਚ ਗਿਆ ਉਸਦੇ ਮਿੱਠੇ ਬੋਲ, ਬੰਨ੍ਹੀ ਹੋਈ ਦਾੜ੍ਹੀ ਤੇ ਹਸਮੁੱਖ ਚਿਹਰਾ ਵਾਰ-ਵਾਰ ਉਸਦੀਆਂ ਅੱਖਾਂ ਸਾਹਮਣੇ ਘੁੰਮਣ ਲੱਗਾ ਤੇ ਫੇਰ ਪਤਾ ਨਹੀਂ ਕਿਹੜੇ ਵੇਲੇ ਛੋਟੂ ਨੂੰ ਨੀਂਦ ਨੇ ਆ ਘੇਰਿਆ
ਦੂਜੇ ਦਿਨ ਛੋਟੂ ਨੇ ਆਪਣੇ ਅੱਡੇ ਦਾ ਆਲਾ-ਦੁਆਲਾ ਟੁੱਟੀ ਜਿਹੀ ਬਹੁਕਰ ਨਾਲ ਸਾਫ ਕੀਤਾ ਤੇ ਆਪਣਾ ਸਾਮਾਨ ਟਿਕਾ ਲਿਆ ਗਾਹਕ ਆਉਂਦੇ-ਜਾਂਦੇ ਰਹੇ ਛੋਟੂ ਨੂੰ ਆਪਣੇ ਕੰਮ ਵਿੱਚ ਕਾਫੀ ਮੁਹਾਰਤ ਹਾਸਲ ਹੋ ਗਈ ਸੀ ਉਹ ਬੂਟਾਂ ਨੂੰ ਏਨਾ ਚਮਕਾਉਂਦਾ ਕਿ ਲੋਕ ਤੁਰਦੇ ਹੋਏ ਘੜੀ-ਮੁੜੀ ਆਪਣੇ ਬੂਟਾਂ ਵੱਲ ਹੀ ਵੇਖਦੇ ਜਾਂਦੇ ਅੱਜ ਕੁਝ ਗਰਮੀ ਵੀ ਜ਼ਿਆਦਾ ਹੀ ਸੀ ਦੁਪਹਿਰੇ ਜਿਹੇ ਕਿਸੇ ਨੇ ਫੇਰ ਪਿੱਛੋਂ ਆ ਕੇ ਉਸਦੇ ਮੋਢੇ ‘ਤੇ ਹੱਥ ਧਰਿਆ ਤੇ ਆਵਾਜ਼ ਆਈ, ‘ਹੋਰ ਬਈ ਪੁੱਤਰਾ, ਲਾਈ ਬੈਠਾਂ ਆਪਣਾ ਡੇਰਾ?’ ਛੋਟੂ ਨੇ ਮੁੜ ਕੇ ਵੇਖਿਆ ਤਾਂ ਇਹ ਉਹੀ ਕੱਲ੍ਹ ਵਾਲਾ ਸਰਦਾਰ ਸੀ ਇੱਕ ਵਾਰੀ ਫੇਰ ਉਸਦੇ ਕੰਨਾਂ ਵਿੱਚ ਜਿਵੇਂ ਮਿਸ਼ਰੀ ਘੁਲ ਗਈ ਹੋਵੇ ‘ਹਾਂ ਬਾਊ ਜੀ, ਕੰਮ ਤੇ ਕਰਨਾ ਹੀ ਹੈ’ ‘ਓਏ, ਮੈਂ ਤੈਨੂੰ ਬਾਊ ਕਿਹੜੇ ਪਾਸਿਉਂ ਦਿਸਦਾਂ ਬਈ?’ ਸਰਦਾਰ ਨੇ ਥੜ੍ਹੀ ‘ਤੇ ਬੈਠਦਿਆਂ ਕਿਹਾ, ‘ਬਾਊ ਜੀ ਨਹੀਂ, ਤੂੰ ਮੈਨੂੰ ਸਰਦਾਰ ਜੀ ਕਿਹਾ ਕਰ ਅੱਛਾਂ ਐਂ ਦਸ, ਤੇਰਾ ਨਾਂਅ ਕੀ ਐ?’ ‘ਛੋਟੂ ਆ ਮੇਰਾ ਨਾਂਅ ਸਰਦਾਰ ਜੀ’ ਉਸਨੇ ਹੁਣ ਸਰਦਾਰ ਜੀ ਸ਼ਬਦ ਤੇ ਕੁਝ ਵਧੇਰੇ ਜ਼ੋਰ ਦੇ ਕੇ ਦੱਸਿਆ ਤੇ ਫੇਰ ਛੋਟੂ ਅੰਦਰੋਂ-ਅੰਦਰੀਂ ਇੱਕ ਅਜੀਬ ਜਿਹੀ ਖੁਸ਼ੀ ਨਾਲ ਭਰ ਗਿਆ ‘ਕਿਉਂ?’ ਇਸਦਾ ਉਸਨੂੰ ਪਤਾ ਨਹੀਂ ਸੀ ਉਸ ਕੋਲ ਦੋ ਜੋੜੇ ਬੂਟਾਂ ਦੇ ਅਜੇ ਹੋਰ ਪਾਲਿਸ਼ ਕਰਨ ਵਾਲੇ ਪਏ ਸਨ ਉਹ ਆਪਣੇ ਕੰਮ ਲੱਗਾ ਰਿਹਾ ਉਸਨੂੰ ਸਰਦਾਰ ਜੀ ਦਾ ਕੋਲ ਬੈਠਣਾ ਚੰਗਾ-ਚੰਗਾ ਲੱਗ ਰਿਹਾ ਸੀ ਉਹ ਚਾਹੁੰਦਾ ਸੀ ਕਿ ਉਹ ਉਸ ਨਾਲ ਹੋਰ ਗੱਲਾਂ ਕਰਨ ਪਰ  ਸਰਦਾਰ ਜੀ ਤਾਂ ਚੁੱਪ ਬੈਠੇ ਬੱਸ ਉਸ ਵੱਲ ਦੇਖ ਕਿਸੇ ਸੋਚ ਵਿੱਚ ਡੁੱਬੇ ਜਿਹੇ ਜਾਪਦੇ ਸਨ ਛੋਟੂ ਵੀ ਕੁਝ ਨਹੀਂ ਬੋਲਿਆ ਫੇਰ ਸਰਦਾਰ ਜੀ ਨੇ ਪੁੱਛਿਆ, ‘ਛੋਟੂ ਬੇਟਾ, ਤੂੰ ਆਥਣੇ ਕਿੰਨੇ ਵਜੇ ਚਲਾ ਜਾਨੈ?’ ‘ਜੀ ਛੇ ਤੋ ਬਜ ਜਾਤੇ ਹੈਂ’ ‘ਠੀਕ  ਐ, ਤਾਂ ਅੱਜ ਤੂੰ ਇੱਕ ਘੰਟਾ ਪਹਿਲਾਂ ਮੇਰੇ ਨਾਲ ਚੱਲਣ ਲਈ ਤਿਆਰ ਰਹੀਂ’ ‘ਕਿੱਥੇ ਸਰਦਾਰ ਜੀ?’ ਛੋਟੂ ਨੇ ਹੈਰਾਨ ਹੋ ਕੇ ਪੁੱਛਿਆ ‘ਮੇਰੇ ਘਰ, ਹੋਰ ਕਿੱਥੇ! ਠੀਕ ਐ!’ ਤੇ ਫੇਰ ਸਰਦਾਰ ਉੱਠ ਕੇ ਚੱਲ ਪਿਆ ਸ਼ਾਇਦ ਛੋਟੂ ਨੂੰ ਅੱਜ ਪਹਿਲੀ ਵਾਰ ਕਿਸੇ ਦੇ ਘਰ ਜਾਣਾ ਨਸੀਬ ਹੋਣਾ ਸੀ ਪਰ ਕਿਸ ਲਈ ਬੁਲਾਇਆ ਸੀ ਸਰਦਾਰ ਨੇ ਉਸ ਨੂੰ ਆਪਣੇ ਘਰ? ਕੀ ਕਰਾਉਣਗੇ ਉਹ ਉਸ ਤੋਂ? ਸ਼ਾਇਦ ਘਰ ਦਾ ਕੋਈ ਕੰਮਕਾਰ ਕਰਵਾਉਣਾ ਹੋਏਗਾ? ਪਤਾ ਨਹੀਂ ਕਿੰਨੇ ਸਵਾਲ ਉਸਦੇ ਜ਼ਿਹਨ ਵਿੱਚ ਊਰੀ ਵਾਂਗ ਘੰੁੰਮ ਰਹੇ ਸਨ ਤੇ ਫੇਰ ਉਹ ਦੁਪਹਿਰ ਦੀ ਰੋਟੀ ਖਾ ਕੇ ਕੁਝ ਦੇਰ ਉੱਥੇ ਹੀ ਲੇਟ ਗਿਆ ਤੇ ਸੌਂ ਗਿਆ
ਅੱਖ ਖੁੱਲ੍ਹੀ ਤਾਂ ਉਹ ਮੁੜ੍ਹਕੇ ਨਾਲ ਤਰ ਹੋਇਆ ਪਿਆ ਸੀ ਇੱਕ ਰਾਹਗੀਰ ਤੋਂ ਉਸਨੇ ਟਾਈਮ ਪੁੱਛਿਆ ਤਾਂ ਚਾਰ ਵੱਜ ਚੁੱਕੇ ਸਨ ਉਸਨੇ ਉੱਠ ਕੇ ਨਲਕੇ ਤੋਂ ਹੱਥ-ਮੂੰਹ ਧੋਤਾ ਤੇ ਦੋ-ਤਿੰਨ ਜੋੜੇ ਬੂਟਾਂ ਦੇ, ਜੋ ਪਾਲਿਸ਼ ਕਰਨ ਲਈ ਆਏ ਪਏ ਸਨ, ਉਹ ਪਾਲਿਸ਼ ਕਰਨ ਲੱਗ ਪਿਆ ਇੱਕ-ਦੋ ਗਾਹਕ ਹੋਰ ਉਸ ਕੋਲ ਆ ਗਏ ਪਤਾ ਹੀ ਨਹੀਂ ਲੱਗਾ ਕਿ ਘੰਟਾ ਕਦੋਂ ਬੀਤ ਗਿਆ ਕੰਮ ਤੋਂ ਜ਼ਰਾ ਵਿਹਲਾ ਹੋਇਆ ਈ ਸੀ ਕਿ ਸਾਹਮਣਿਉਂ ਉਹੀ ਸਰਦਾਰ ਜੀ ਸਕੂਟਰ ਲਈ ਆਉਂਦੇ ਦਿਸੇ ‘ਹਾਂ ਫਿਰ ਪੁੱਤਰਾ, ਤਿਆਰ ਐਂ, ਚੱਲੀਏ?’ ਕੋਲ ਆ ਕੇ ਸਰਦਾਰ ਜੀ ਨੇ ਪੁੱਛਿਆ ‘ਹਾਂ ਜੀ ਸਰਦਾਰ ਜੀ, ਬੱਸ ਦੋ ਮਿੰਟ ਠਹਿਰੀਏ’  ਛੋਟੂ ਨੇ ਛੇਤੀ-ਛੇਤੀ ਆਪਣਾ ਸਾਮਾਨ ਬੈਗ ‘ਚ ਪਾਇਆ ਤੇ ਬੈਗ ਮੋਢੇ ‘ਤੇ ਟੰਗਦਿਆਂ ਬੋਲਿਆ ‘ਚਲੀਏ ਬਾਊ ਜੀ’  ਰਸਤੇ ਵਿੱਚ ਛੋਟੂ ਉਹੀ ਸਵੇਰ ਵਾਲੀਆਂ ਸੋਚਾਂ ਸੋਚ ਰਿਹਾ ਸੀ ਕਿ ਆਖਰ ਇਨ੍ਹਾਂ ਨੇ ਕੀ ਕੰਮ ਕਰਵਾਉਣਾ ਹੈ ਮੈਥੋਂ? ਇਸ ਘੰਟੇ ਕੁ ‘ਚ ਚਾਲੀ-ਪੰਜਾਹ ਰੁਪਏ ਮੈਂ ਹੋਰ ਵੀ ਕਮਾ ਲੈਣੇ ਸਨ ਪਰ ਉਹ ਬੋਲਿਆ ਕੁਝ ਨਾ ਸਰਦਾਰ ਜੀ ਨੇ ਇੱਕ ਵੱਡੀ ਸਾਰੀ ਕੋਠੀ ਕੋਲ ਆ ਕੇ ਸਕੂਟਰ ਰੋਕਿਆ ਤੇ ਕਹਿਣ ਲੱਗੇ, ‘ਲਓ ਜੀ ਪੁੱਤਰ ਜੀ, ਆਪਣਾ ਘਰ ਆ ਗਿਆ’ ਥੱਲੇ ਉੱਤਰ ਕੇ ਛੋਟੂ ਨੇ ਬੈਗ ਮੋਢੇ ‘ਤੇ ਲਟਕਾਇਆ ਤੇ ਸਰਦਾਰ ਜੀ ਦੇ ਪਿੱਛੇ ਘਰ ਅੰਦਰ ਦਾਖਲ ਹੋ ਗਿਆ ਐਨੀ ਵੱਡੀ ਆਲੀਸ਼ਾਨ ਕੋਠੀ ਦੇਖ ਕੇ ਉਹ ਹੈਰਾਨ ਹੋ ਗਿਆ ਲੱਗਦਾ ਸੀ ਕਿ ਜਿਵੇਂ ਕਿਸੇ ਹੋਰ ਹੀ ਦੁਨੀਆਂ ਵਿੱਚ ਆ ਗਿਆ ਹੋਵੇ ਪਰ ਐਨੀ ਵੱਡੀ ਕੋਠੀ ਵਿੱਚ ਉਸਨੂੰ ਸਿਵਾਏ ਸਰਦਾਰ ਜੀ ਦੇ ਹੋਰ ਕੋਈ ਵੀ ਨਹੀਂ ਦਿਸਿਆ ਉਹ ਬੜਾ ਹੈਰਾਨ ਹੋਇਆ ਕੀ ਐਨੇ ਵੱਡੇ ਘਰ ਵਿੱਚ ਸਰਦਾਰ ਜੀ ਇੱਕਲੇ ਰਹਿੰਦੇ ਨੇ? ਛੋਟੂ ਅਜੇ ਸੋਚ ਹੀ ਰਿਹਾ ਸੀ ਕਿ ਸਰਦਾਰ ਜੀ ਨੇ ਕਿਹਾ, ‘ਐਂ ਕਰ ਪੁੱਤਰਾ, ਆਹ ਪਾਣੀ ਪੀ ਬੈਗ ਲਾਹ ਕੇ ਐਥੇ ਰੱਖ ਦੇ ਤੇ ਅਹੁ ਸਾਹਮਣੇ ਬਾਥਰੂਮ ‘ਚ ਜਾ ਕੇ ਨਹਾ ਲੈ ਪਹਿਲਾਂ ਬਾਕੀ ਗੱਲਾਂ ਆਪਾਂ ਬਾਅਦ ‘ਚ ਕਰਾਂਗੇ’ ਛੋਟੂ ਨੇ ਉਵੇਂ ਹੀ ਕੀਤਾ
ਛੋਟੂ ਅੱਜ ਪਹਿਲੀ ਵਾਰ ਇਹ ਸਭ ਕੁਝ ਦੇਖ ਰਿਹਾ ਸੀ ਘਰ, ਫਰਸ਼, ਬੈੱਡ, ਸੋਫੇ, ਬਾਥਰੂਮ, ਨਹਾ ਕੇ ਜਦੋਂ ਬਾਹਰ ਆਇਆ ਤਾਂ ਸਰਦਾਰ ਜੀ ਨੇ ਉਸਨੂੰ ਇੱਕ ਨਵਾਂ ਕੁੜਤਾ-ਪਜਾਮਾ ਪਾਉਣ ਲਈ ਦਿੱਤਾ ਜੋ ਉਸਦੇ ਬਿਲਕੁਲ ਮੇਚ ਦਾ ਸੀ ਫਿਰ ਦੋਹਾਂ ਨੇ ਏ.ਸੀ. ਦੀ ਠੰਢਕ ਵਿੱਚ ਬੈਠ ਕੇ ਚਾਹ ਪੀਤੀ ਛੋਟੂ ਦਾ ਰੋਮ-ਰੋਮ ਜਿਵੇਂ ਕਿਸੇ ਅਦੁੱਤੀ ਨਜ਼ਾਰੇ ਨਾਲ ਨੱਚ ਰਿਹਾ ਸੀ ਇੱਕ ਵੀਹ-ਬਾਈ ਸਾਲ ਦੀ ਕੁੜੀ, ਜੋ ਪਹਿਲਾਂ ਚਾਹ ਫੜਾ ਕੇ ਗਈ ਸੀ, ਉਹੀ ਖਾਲੀ ਕੱਪ ਚੁੱਕ ਕੇ ਲੈ ਗਈ ਪਰ ਹੋਰ ਕੋਈ ਘਰ ਵਿੱਚ ਛੋਟੂ ਨੂੰ ਨਜ਼ਰ ਨਹੀਂ ਸੀ ਆਇਆ ਸਰਦਾਰ ਜੀ, ਜਿਸਦਾ ਨਾਂਅ ਕਰਤਾਰ ਸਿੰਘ ਸੀ, ਉਸਨੇ ਪਹਿਲਾਂ ਆਪਣੇ ਬਾਰੇ ਜਾਣਕਾਰੀ ਦਿੱਤੀ ਤੇ ਫੇਰ ਛੋਟੂ ਤੋਂ ਉਸ ਦੇ ਪਰਿਵਾਰ ਬਾਰੇ ਪੁੱਛਿਆ  ਛੋਟੂ ਦਾ ਤਾਂ ਪਰਿਵਾਰ ਸੀ ਹੀ ਕਿੱਡਾ ਕੁ ਬਿਮਾਰ ਮਾਂ, ਸ਼ਰਾਬੀ ਬਾਪ, ਇੱਕ ਝੁੱਗੀ ਤੇ ਇੱਕ ਉਹ ਆਪ ਪਰ ਸਰਦਾਰ ਦੀ ਜ਼ਿੰਦਗੀ ‘ਚ ਬੜੀਆਂ ਵੱਡੀਆਂ ਸੁਨਾਮੀ ਲਹਿਰਾਂ ਆਈਆਂ ਸਨ ਉਸਦਾ ਇੱਕ ਛੋਟਾ ਭਰਾ ਸੀ ਬੀਰਦਵਿੰਦਰ, ਜਿਸਨੂੰ ਪਿਆਰ ਨਾਲ ਸਾਰੇ ‘ਬਾਰੂ’ ਕਹਿੰਦੇ ਸਨ ਮਾਂ-ਪਿਉ ਛੋਟੇ ਹੁੰਦਿਆਂ ਹੀ ਚੱਲ ਵੱਸੇ ਸਨ ਉਦੋਂ ਉਹ ਪਿੰਡ ਵਿੱਚ ਰਹਿੰਦੇ ਸਨ ਕਰਤਾਰ ਸਿੰਘ ਨੇ ਛੋਟੇ ਭਰਾ ਤੇ ਬਾਕੀ ਕਬੀਲਦਾਰੀ ਆਪਣੇ ਮੋਢਿਆਂ ‘ਤੇ ਚੁੱਕ ਲਈ ਦਸਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਜ਼ਮੀਨ ਚੰਗੀ ਸੀ ਪਰ ਬਾਰੂ ਨੂੰ ਉਸਨੇ ਖੂਬ ਪੜ੍ਹਾਇਆ-ਲਿਖਾਇਆ ਤੇ ਇੱਕ ਚੰਗੀ ਸਰਕਾਰੀ ਨੌਕਰੀ ‘ਤੇ ਲਵਾਇਆ ਫਿਰ ਬਾਰੂ ਦਾ ਵਿਆਹ ਵੀ ਬੜੇ ਧੂਮ-ਧੜੱਕੇ ਨਾਲ ਕੀਤਾ ਪਰ ਕਰਤਾਰ ਨੇ ਆਪ ਵਿਆਹ ਨਹੀਂ ਸੀ ਕਰਵਾਇਆ ਬਾਰੂ ਦੇ ਵਿਆਹ ਤੋਂ ਅੱਠ-ਦਸ ਸਾਲ ਬਾਅਦ ਤੱਕ ਤਾਂ ਘਰ ‘ਚ ਖੂਬ ਰੌਣਕਾਂ ਰਹੀਆਂ ਬਾਰੂ ਦੇ ਦੋ ਜਵਾਕ ਇੱਕ ਕੁੜੀ ਤੇ ਇੱਕ ਮੁੰਡਾ ਵੀ ਹੋ ਗਏ ਕਰਤਾਰ ਆਪ ਉਨ੍ਹਾਂ ਨੂੰ ਸਕੂਲ ਛੱਡ ਕੇ ਆਉਂਦਾ ਪਰ ਫਿਰ ਬਾਰੂ ਦੀ ਘਰ ਵਾਲੀ ਨੇ ਬਾਰੂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਖੌਰੇ ਕਰਤਾਰ ਦੇ ਹਿੱਸੇ ਆਉਂਦੀ ਜ਼ਮੀਨ ਦਾ ਲਾਲਚ ਸੀ ਜਾਂ ਕੁਝ ਹੋਰ? ਬਾਰੂ ਵੀ ਕੰਨਾਂ ਦਾ ਕੱਚਾ ਹੀ ਨਿੱਕਲਿਆ ਦੋਵਾਂ ਭਰਾਵਾਂ ੋ’ਚ ਫਰਕ ਪੈਣਾ ਸ਼ੁਰੂ ਹੋ ਗਿਆ ਪਹਿਲਾਂ ਤਾਂ ਕਰਤਾਰ ਨੇ ਸਥਿਤੀ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਹਾਲਾਤ ਉਸਦੇ ਵੱਸੋਂ ਬਾਹਰ ਹੋ ਗਏ ਸੋ ਉਸਨੇ ਸਭ ਕੁਝ ਸਮਝਦਿਆਂ ਹੋਇਆਂ ਘਰ ਬਾਰੂ ਦੇ ਨਾਂਅ ਕਰ ਦਿੱਤਾ ਪਰ ਆਪਣੇ ਹਿੱਸੇ ਦੀ ਜ਼ਮੀਨ ਆਪਣੇ ਕੋਲ ਹੀ ਰੱਖੀ ਬਾਰੂ ਦੇ ਹਿੱਸੇ ਦੀ ਅੱਧੀ ਜ਼ਮੀਨ ਵੀ ਉਸ ਦੇ ਨਾਂਅ ਲਵਾ ਦਿੱਤੀ ਕਰਤਾਰ ਆਪ ਸ਼ਹਿਰ ਆ ਗਿਆ ਇੱਕ ਛੋਟਾ ਜਿਹਾ ਘਰ ਖਰੀਦ ਲਿਆ ਸ਼ੁਰੂ ਵਿੱਚ ਤਾਂ ਉਹ ਬਹੁਤ ਟੁੱਟਿਆ ਰਿਹਾ ਬੱਸ ਅੰਦਰ ਵੜ ਕੇ ਹੀ ਪਿਆ ਰਹਿੰਦਾ ਖਾਣ-ਪੀਣ ਨੂੰ ਵੀ ਦਿਲ ਨਾ ਕਰਦਾ ਪਰ ਫੇਰ ਉਸਦਾ ਇੱਕ ਮਿੱਤਰ ਜੋ ਉਸੇ ਹੀ ਸ਼ਹਿਰ ਵਿੱਚ ਰਹਿੰਦਾ ਸੀ ਉਸਨੂੰ ਕੁਝ ਕਿਤਾਬਾਂ ਪੜ੍ਹਨ ਲਈ ਦੇ ਗਿਆ ਕਰਤਾਰ ਉਹਨਾਂ ਕਿਤਾਬਾਂ ਨੂੰ ਜਿਵੇਂ-ਜਿਵੇਂ ਪੜ੍ਹਦਾ ਗਿਆ, ਉਵੇਂ-ਉਵੇਂ ਉਹ ਫੇਰ ਜ਼ਿੰਦਗੀ ਨਾਲ ਜੁੜਦਾ ਗਿਆ ਲੋਕਾਂ ਨਾਲ ਮੇਲ-ਜੋਲ ਵਧਾਇਆ ਇੱਕ-ਦੋ ਸਮਾਜਿਕ ਸੰਸਥਾਵਾਂ ਨਾਲ ਰਲ ਕੇ ਸਮਾਜਿਕ ਕੰਮਾਂ ‘ਚ ਹਿੱਸਾ ਲੈਣ ਲੱਗਾ ਜ਼ਮੀਨ ਦਾ ਠੇਕਾ-ਹਿੱਸਾ ਆ ਜਾਂਦਾ ਸੀ ਉਹ ਘਰ ਵੇਚ ਕੇ ਉਸਨੇ ਇੱਕ ਵੱਡੀ ਕੋਠੀ ਖਰੀਦ ਲਈ ਤੇ ਜਿੰਦਗੀ ਫੇਰ ਰਵਾਂ ਕਰ ਲਈ ਹੁਣ ਸਰਦਾਰ ਪੂਰੀ ਤਰ੍ਹਾਂ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਨਾਲ ਜੁੜ ਗਿਆ ਸੀ ਦੋ-ਤਿੰਨ ਸੰਸਥਾਵਾਂ ਦਾ ਤਾਂ ਪ੍ਰਧਾਨ ਵੀ ਬਣਾ ਦਿੱਤਾ ਗਿਆ ਤੇ ਫੇਰ ਇੱਕ ਦਿਨ ਜਦ ਉਸਨੇ ਚੌਕ ‘ਚੋਂ ਲੰਘਦੇ ਹੋਇਆਂ ਛੋਟੂ ਨੂੰ ਆਪਣੇ ਬੂਟ ਪਾਲਿਸ਼ ਕਰਨ ਲਈ ਕਿਹਾ ਤਾਂ ਉਸਦੇ ਅੰਦਰੋਂ ਜਿਵੇਂ ਕੁਝ ਟੁੱਟਿਆ ਸੀ ਕੁਝ ਜੁੜਿਆ ਸੀ ਤੇ ਫੇਰ ਉਸਨੇ ਅਗਲੇ ਹੀ ਦਿਨ ਇੱਕ ਫੈਸਲਾ ਕਰ ਲਿਆ ਸੀ
ਛੇ ਤੋਂ ਉੱਪਰ ਟਾਈਮ ਹੋ ਗਿਆ ਸੀ ‘ਹਾਂ ਜੀ ਬੇਟਾ, ਜਾਣਾ ਫਿਰ?’ ਕਰਤਾਰ ਸਿੰਘ ਨੇ ਪੁੱਛਿਆ ਤਾਂ ਛੋਟੂ ਨੇ ਹਾਂ ਵਿੱਚ ਸਿਰ ਹਿਲਾਇਆ ਕਰਤਾਰ ਸਿੰਘ ਨੇ ਉਸਨੂੰ ਸੌ ਦਾ ਨੋਟ ਦਿੰਦਿਆਂ ਕਿਹਾ, ‘ਲੈ ਬਈ ਪੁੱਤਰ, ਤੇਰਾ ਘੰਟਾ ਜੋ ਮੈਂ ਖਰਾਬ ਕੀਤਾ, ਇਹ ਉਹਦੀ ਕਮਾਈ ਹੈ’ ਛੋਟੂ ਹੈਰਾਨ ਤੇ ਅਵਾਕ ਰਹਿ ਗਿਆ ਉਹ ਸੋਚਣ ਲੱਗਾ ਕਿ ਬਾਊ ਜੀ ਨੂੰ ਕਿਵੇਂ ਪਤਾ ਲੱਗ ਗਿਆ, ਜੋ ਮੈਂ ਸੋਚ ਰਿਹਾ ਸੀ ਖੈਰ! ਉਸਨੇ ਝਿਜਕਦਿਆਂ ਸੌ ਦਾ ਨੋਟ ਫੜ ਲਿਆ ਕਰਤਾਰ ਸਿੰਘ ਨੇ ਸਕੂਟਰ ਸਟਾਰਟ ਕੀਤਾ ਤੇ ਛੋਟੂ ਨੂੰ ਪਿੱਛੇ ਬਿਠਾ ਉਸਦੀਆਂ ਝੁੱਗੀਆਂ ਤੱਕ ਛੱਡਣ ਚਲਾ ਗਿਆ ਅੱਗੇ ਜਾ ਕੇ ਦੇਖਿਆ ਤਾਂ ਛੋਟੂ ਦੀ ਝੁੱਗੀ ਕੋਲ ਨਾਲ ਦੀਆਂ ਝੁੱਗੀਆਂ ਵਾਲੇ 8-10 ਮਰਦ-ਔਰਤਾਂ ਤੇ ਬੱਚੇ ਖੜ੍ਹੇ ਸਨ ਛੋਟੂ ਨੇ ਕਾਹਲੀ-ਕਾਹਲੀ ਅੱਗੇ ਜਾ ਕੇ ਦੇਖਿਆ ਤਾਂ ਉਸਦੀ ਮਾਂ ਨੂੰ ਇੱਕ ਚਾਦਰ ਵਿਛਾ ਕੇ ਥੱਲੇ ਪਾਇਆ ਹੋਇਆ ਸੀ ਦੋ ਔਰਤਾਂ ਉਸਦੇ ਲਾਗੇ ਬੈਠੀਆਂ ਸਨ ਛੋਟੂ ਨੂੰ ਵੇਖ ਉਹਨਾਂ ਰੋਣਾ ਸ਼ੁਰੂ ਕਰ ਦਿੱਤਾ ਛੋਟੂ ਵੀ ਸਮਝ ਗਿਆ ਕਿ ਉਹਦੀ ਮਾਂ ਹੁਣ ਨਹੀਂ ਰਹੀ ਉਹ ਵੀ ਧਾਹੀਂ ਮਾਰ-ਮਾਰ ਰੋਣ ਲੱਗਾ ਤੇ ਆਪਣੀ ਮਾਂ ਨੂੰ ਲਿਪਟ ਗਿਆ ਏਨੇ ਨੂੰ ਕਰਤਾਰ ਸਿੰਘ ਵੀ ਉੱਥੇ ਆ ਗਿਆ ਤੇ ਉਹਨੇ ਆ ਕੇ ਛੋਟੂ ਨੂੰ ਸੰਭਾਲਿਆ ਥੋੜ੍ਹੀ ਦੇਰ ਬਾਅਦ ਉਸਦਾ ਪਿਉ ਛਿੱਬੂ ਵੀ ਸ਼ਰਾਬ ਦੇ ਨਸ਼ੇ ‘ਚ ਲੜਖੜਾਉਂਦਾ ਹੋਇਆ ਆ ਗਿਆ ਰੋਣ ਦੀ ਬਜਾਏ ਉਹ ਉੱਥੇ ਖੜ੍ਹੇ ਲੋਕਾਂ ਨੂੰ ਹੀ ਅਵਾ-ਤਵਾ ਬੋਲਣ ਲੱਗ ਪਿਆ ਦੋ ਜਣੇ ਉਹਨੂੰ ਫੜ ਕੇ ਕਿਸੇ ਹੋਰ ਝੁੱਗੀ ਕੋਲ ਬਿਠਾ ਆਏ ਕਰਤਾਰ ਸਿੰਘ ਨੇ ਉੱਥੇ ਖੜ੍ਹੇ ਇੱਕ-ਦੋ ਜਣਿਆਂ ਨਾਲ ਗੱਲ ਕੀਤੀ ਤੇ ਇੱਕ ਜਣੇ ਨੂੰ ਸਕੂਟਰ ‘ਤੇ ਬਿਠਾ ਸ਼ਮਸ਼ਾਨ ਘਾਟ ਵੱਲ ਚੱਲ ਪਏ ਅਰਥੀ, ਲੱਕੜਾਂ, ਘਿਓ, ਖਿੱਲਾਂ ਆਦਿ ਦਾ ਇੰਤਜ਼ਾਮ ਕੀਤਾ ਸ਼ਮਸ਼ਾਨ ਘਾਟ ‘ਚ ਸੂਚਿਤ ਕਰਕੇ ਵਾਪਸ ਆ ਗਏ ਛੋਟੂ ਦੀ ਮਾਂ ਨੂੰ ਏਨੇ ਚਿਰ ਨੂੰ ਔਰਤਾਂ ਨੇ ਨਵ੍ਹਾ ਦਿੱਤਾ ਸੀ ਉਸਦੀ ਲੋਥ ਨੂੰ ਅਰਥੀ ‘ਤੇ ਪਾਇਆ ਤੇ ਸਿਵਿਆਂ ਵੱਲ ਲੈ ਤੁਰੇ ਪਿੱਛੇ ਬੱਸ ਦਸ-ਬਾਰਾਂ ਕੁ ਮਰਦ ਤੇ ਔਰਤਾਂ ਹੀ ਸਨ ਛੋਟੂ ਵੀ ਰੋਂਦਾ-ਰੋਂਦਾ ਅੱਗੇ ਜਾ ਰਿਹਾ ਸੀ ਛਿੱਬੂ ਨੂੰ ਵੀ ਦੋ ਜਣੇ ਫੜ ਕੇ ਪਿੱਛੇ-ਪਿੱਛੇ ਲਿਆ ਰਹੇ ਸਨ ਸਿਵਿਆਂ ‘ਚ ਜਾ ਕੇ ਛੋਟੂ ਦੀ ਮਾਂ ਨੂੰ ਚਿਖਾ ‘ਤੇ ਪਾਇਆ ਤੇ ਛੋਟੂ ਤੋਂ ਅਗਨ ਭੇਟ ਕਰਵਾਈ ਛੋਟੂ ਨੂੰ ਸੰਭਾਲਦਿਆਂ ਕਰਤਾਰ ਸਿੰਘ ਦੀਆਂ ਵੀ ਭੁੱਬਾਂ ਨਿੱਕਲ ਗਈਆਂ ਫਿਰ ਉਸਨੇ ਆਪਣੇ-ਆਪ ਨੂੰ ਸੰਭਾਲਿਆ ਹਨ੍ਹੇਰਾ ਹੋ ਚੱਲਿਆ ਸੀ ਦੋ ਜਣਿਆਂ ਨੂੰ ਉੱਥੇ ਰੋਕ ਕੇ ਬਾਕੀ ਸਾਰੇ ਪਰਤ ਗਏ ਛੋਟੂ, ਛਿੱਬੂ ਤੇ ਇੱਕ ਹੋਰ ਜਣਾ ਉਨ੍ਹਾਂ ਦੇ ਨਾਲ ਝੁੱਗੀ ਦੇ ਬਾਹਰ ਬੈਠ ਗਏ ਕਰਤਾਰ ਸਿੰਘ ਵਾਪਸ ਆਪਣੇ ਘਰ ਮੁੜ ਗਿਆ
ਆਖ਼ਰੀ ਰਸਮਾਂ ਤੱਕ ਸਾਰੀ ਜਿੰਮੇਵਾਰੀ ਕਰਤਾਰ ਸਿੰਘ ਨੇ ਹੀ ਨਿਭਾਈ ਤੇ ਖਰਚ ਵੀ ਸਾਰਾ ਆਪ ਹੀ ਕੀਤਾ ਦੋ-ਤਿੰਨ ਦਿਨ ਤਾਂ ਛਿੱਬੂ ਵੀ ਘਰ ਹੀ ਰਿਹਾ ਪਰ ਚੌਥੇ ਦਿਨ ਤੋਂ ਫਿਰ ਪਤਾ ਨਹੀਂ ਸਵੇਰ ਤੋਂ ਸ਼ਾਮ ਤੱਕ ਕਿੱਥੇ ਰਿਹਾ? ਸ਼ਾਮ ਨੂੰ ਵਾਪਿਸ ਆਇਆ ਤਾਂ ਆਉਂਦਿਆਂ ਹੀ ਛੋਟੂ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਕੁਝ ਦੇਰ ਤਾਂ ਗਾਲ੍ਹਾਂ ਦਾ ਇਹ ਸਿਲਸਿਲਾ ਜਾਰੀ ਰਿਹਾ ਪਰ ਜਦ ਉਹ ਛੋਟੂ ‘ਤੇ ਹੱਥ ਚੁੱਕਣ ਲੱਗਾ ਤਾਂ ਕਰਤਾਰ ਸਿੰਘ ਨੇ ਉਹਦਾ ਹੱਥ ਫੜ ਕੇ ਪਰ੍ਹੇ ਧੱਕਾ ਮਾਰ ਕੇ ਸੁੱਟ ਦਿੱਤਾ ਤੇ ਗਰਜਦਿਆਂ ਕਿਹਾ ਕਿ ਜੇਕਰ ਉਸਨੇ ਫਿਰ ਅਜਿਹਾ ਕੀਤਾ ਤਾਂ ਉਹ ਉਸਨੂੰ ਪੁਲਿਸ ਨੂੰ ਫੜ੍ਹਾ ਦੇਵੇਗਾ ਇਸ ‘ਤੇ ਛਿੱਬੂ ਥਿੜਕ ਗਿਆ ਤੇ ਚੁੱਪ ਕਰਕੇ ਪਰ੍ਹੇ ਜਾ ਕੇ ਲੇਟ ਗਿਆ ਤੇ ਸੌਂ ਗਿਆ ਛੋਟੂ ਕੋਲ ਇੱਕ ਹੋਰ ਜਣੇ ਨੂੰ ਛੱਡ ਕੇ ਕਰਤਾਰ ਸਿੰਘ ਵੀ ਆਪਣੇ ਘਰ ਆ ਗਿਆ
ਆਖ਼ਰੀ ਰਸਮਾਂ ਤੋਂ ਬਾਅਦ ਦੋ-ਤਿੰਨ ਦਿਨ ਕਰਤਾਰ ਸਿੰਘ ਨੂੰ ਕਿਤੇ ਬਾਹਰ ਕਿਸੇ ਕੰਮ ਲਈ ਜਾਣਾ ਪੈ ਗਿਆ ਚੌਥੇ-ਪੰਜਵੇਂ ਦਿਨ ਜਦ ਉਹ ਵਾਪਸ ਸ਼ਹਿਰ ਆ ਰਿਹਾ ਸੀ ਤਾਂ ਛੋਟੂ ਨੂੰ ਉਸੇ ਚੌਕ ‘ਚ ਬੂਟ ਪਾਲਿਸ਼ ਕਰਦਿਆਂ ਵੇਖ ਕੇ ਉਸ ਵੱਲ ਨੂੰ ਹੋ ਤੁਰਿਆ ਉਸਨੂੰ ਵੇਖ ਕੇ ਛੋਟੂ ਵੀ ਕੰਮ ਛੱਡ ਕੇ ਖੜ੍ਹਾ ਹੋ ਗਿਆ ਤੇ ਕਰਤਾਰ ਸਿੰਘ ਨੂੰ ਚਿੰਬੜ ਗਿਆ ਕਰਤਾਰ ਸਿੰਘ ਨੂੰ ਮਹਿਸੂਸ ਹੋਇਆ ਕਿ ਛੋਟੂ ਰੋ ਰਿਹਾ ਸੀ ਜਦੋਂ ਉਸਨੇ ਧਿਆਨ ਨਾਲ ਵੇਖਿਆ ਤਾਂ ਛੋਟੂ ਸੱਚਮੁੱਚ ਹੀ ਅੱਖਾਂ ਭਰੀ ਖੜ੍ਹਾ ਸੀ ਕਰਤਾਰ ਸਿੰਘ ਦੇ ਪੁੱਛਣ ਤੇ ਛੋਟੂ ਕਹਿਣ ਲੱਗਾ ਕਿ ਮਾਂ ਦੀਆਂ ਆਖ਼ਰੀ ਰਸਮਾਂ ਤੋਂ ਬਾਅਦ ਉਸਦਾ ਪਿਉ ਛਿੱਬੂ ਉਸਨੂੰ ਫੇਰ ਕੰਮ ਕਰਨ ਲਈ ਇੱਥੇ ਛੱਡ ਗਿਆ ਅੱਜ ਤਿੰਨ ਦਿਨ ਹੋ ਗਏ ਰੋਜ਼ ਸ਼ਾਮ ਨੂੰ ਉਹ ਛੋਟੂ ਨੂੰ ਕੁੱਟਮਾਰ ਕੇ ਉਸਦੀ ਦਿਨਭਰ ਦੀ ਕਮਾਈ ਖੋਹ ਲੈਂਦਾ ਹੈ ਛੋਟੂ ਦੁਆਰਾ ਢਾਬੇ ਤੋਂ ਲਿਆਂਦੀ ਰੋਟੀ ਖਾ ਕੇ ਫੇਰ ਦਾਰੂ ਪੀਣ ਲੱਗ ਪੈਂਦਾ ਹੈ ਸਵੇਰੇ ਆਂਢ-ਗੁਆਂਢ ਦੀਆਂ ਝੁੱਗੀਆਂ ‘ਚੋਂ ਕੋਈ ਉਹਨਾਂ ਦੋਹਾਂ ਨੂੰ ਰੋਟੀ ਦੇ ਜਾਂਦਾ ਹੈ ਦੁਪਹਿਰੇ ਉਹ ਚਾਹ ਨਾਲ ਕੁਝ ਖਾ ਕੇ ਗੁਜ਼ਾਰਾ ਕਰ ਲੈਂਦਾ ਹੈ ਇਹ ਸੁਣ ਕੇ ਕਰਤਾਰ ਸਿੰਘ ਨੇ ਉਸਨੂੰ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਨਾ ਤਾਂ ਉਹ ‘ਛੋਟੂ’ ਅੱਜ ਆਪਣੇ ਪਿਉ ਕੋਲ ਜਾਵੇਗਾ ਤੇ ਨਾ ਹੀ ਅੱਜ ਤੋਂ ਬਾਅਦ ਉਹ ਬੂਟ ਪਾਲਿਸ਼ ਕਰੇਗਾ ਉਸਨੇ ਛੋਟੂ ਨੂੰ ਸਾਮਾਨ ਸਮੇਟਣ ਲਈ ਕਿਹਾ ਤੇ ਸਕੂਟਰ ਸਟਾਰਟ ਕਰਕੇ ਉਸਨੂੰ ਪਿੱਛੇ ਬਿਠਾ ਲਿਆ ਘਰ ਜਾ ਕੇ ਉਹਨਾਂ ਦੋਹਾਂ ਨੇ ਰੋਟੀ ਖਾਧੀ ਛੋਟੂ ਨੂੰ ਉਸਦਾ ਕਮਰਾ ਦਿਖਾ ਕੇ ਕਿਹਾ ਕਿ ਅੱਜ ਤੋਂ ਉਹ ਉਸ ਕੋਲ ਹੀ ਰਹੇਗਾ ਤੇ ਇਹ ਉਸਦਾ ਕਮਰਾ ਹੈ ਛੋਟੂ ਕਰਤਾਰ ਸਿੰਘ ਨੂੰ ਚਿੰਬੜ ਕੇ ਫੇਰ ਰੋਣ ਲੱਗ ਪਿਆ ਕਰਤਾਰ ਸਿੰਘ ਕਹਿਣ ਲੱਗਾ, ‘ਨਹੀਂ ਪੁੱਤਰਾ, ਹੁਣ ਤੂੰ ਕਦੇ ਨਹੀਂ ਰੋਏਂਗਾ ਅੱਜ ਤੋਂ ਬਾਅਦ ਤੂੰ ਮੇਰਾ ਪੁੱਤਰ ਹੈਂ ਕੱਲ੍ਹ ਤੋਂ ਕਿਸੇ ਕੰਮ ‘ਤੇ ਨਹੀਂ, ਸਕੂਲ ਜਾਏਂਗਾ ਤੇ ਤੇਰਾ ਨਾਂਅ ਛੋਟੂ ਨਹੀਂ, ਸੁਰਿੰਦਰ ਸਿੰਘ ਹੋਵੇਗਾ, ਠੀਕ ਹੈ!’ ਛੋਟੂ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ, ‘ਜੈਸੇ ਆਪ ਠੀਕ ਸਮਝੋ ਬਾਊ ਜੀ!’ ਤੇ ਅਗਲੇ ਦਿਨ ਕਰਤਾਰ ਸਿੰਘ ਨੇ ਉਸਨੂੰ ਨੇੜੇ ਦੇ ਇੱਕ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਪਿਤਾ ਵਾਲੇ ਖਾਨੇ ਵਿੱਚ ਆਪਣਾ ਨਾਂਅ ਦਰਜ ਕਰਵਾਇਆ
ਸੁਰਿੰਦਰ ਸਕੂਲ ਜਾਣ ਲੱਗ ਪਿਆ ਪੰਜਾਬੀ ਬੋਲਣੀ ਵੀ ਹੌਲੀ-ਹੌਲੀ ਸਿੱਖ ਲਈ ਕਰਤਾਰ ਸਿੰਘ ਦੇ ਘਰ ਵੀ ਜਿਵੇਂ ਰੌਣਕ ਆ ਗਈ ਕਰਤਾਰ ਸਿੰਘ ਨੂੰ ਜਾਪਦਾ ਕਿ ਜਿਵੇਂ ਸੁਰਿੰਦਰ ਉਸ ਦਾ ਆਪਣਾ ਹੀ ਖੂਨ ਹੋਵੇ ਸੁਰਿੰਦਰ ਵੀ ਆਪਣੇ ਬਾਊ ਜੀ ਦਾ ਬਹੁਤ ਮੋਹ ਕਰਦਾ ਛਿੱਬੂ ਨੂੰ ਤਾਂ ਜਿਵੇਂ ਉਹ ਉੱਕਾ ਹੀ ਭੁੱਲ ਚੁੱਕਾ ਸੀ ਨਰਕ ਤੋਂ ਸਵਰਗ ਵੱਲ ਉਸ ਲਈ ਜਿਵੇਂ ਬਹੁਤ ਵੱਡੀ ਖਿੜਕੀ ਖੁੱਲ੍ਹ ਗਈ ਸੀ ਤੇ ਫਿਰ ਇੱਕ ਦਿਨ ਖ਼ਬਰ ਮਿਲੀ ਕਿ ਛਿੱਬੂ ਆਪਣੀ ਝੁੱਗੀ ਦੇ ਸਾਹਮਣੇ ਹੀ ਸ਼ਰਾਬੀ ਹਾਲਤ ਵਿੱਚ ਰਾਤ ਵੇਲੇ ਕਿਸੇ ਟਰੱਕ ਥੱਲੇ ਆ ਕੇ ਮਰ ਗਿਆ ਬਾਕੀ ਝੁੱਗੀਆਂ ਵਾਲਿਆਂ ਨੇ ਹੀ ਉਸ ਦਾ ਸਸਕਾਰ ਕੀਤਾ ਤੇ ਬੱਸ….
ਸੁਰਿੰਦਰ ਨੂੰ ਦੁੱਖ ਤਾਂ ਹੋਇਆ ਪਰ ਛੇਤੀ ਹੀ ਉਸਨੇ ਇਸ ਘਟਨਾ ਬਾਰੇ ਸੋਚਣਾ ਛੱਡ ਆਪਣੀ ਪੜ੍ਹਾਈ, ਬਾਊ ਜੀ ਤੇ ਘਰ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸਕੂਲ ਤੋਂ ਬਾਅਦ ਉਹ ਕਾਲਜ ਜਾਣ ਲੱਗ ਪਿਆ ਕਰਤਾਰ ਸਿੰਘ ਹੁਣ ਕਾਫੀ ਉਮਰ ਦਾ ਹੋਣ ਕਰਕੇ ਬੱਸ ਘਰ ਹੀ ਰਹਿੰਦਾ ਸੀ ਇੱਕ ਮਾਈ ਘਰ ਦਾ ਕੰਮ ਕਰਨ ਲਈ ਰੱਖੀ ਹੋਈ ਸੀ ਰੋਟੀ ਤੋਂ ਲੈ ਕੇ ਸਾਫ-ਸਫਾਈ ਤੱਕ ਦੇ ਸਾਰੇ ਕੰਮ ਉਹੀ ਕਰਦੀ ਕਾਲਜ ‘ਚ ਹੀ ਸੁਰਿੰਦਰ ਦੀ ਕਿਸੇ ਕੁੜੀ ਨਾਲ ਨੇੜਤਾ ਹੋ ਗਈ ਉਸਨੇ ਇਸ ਬਾਰੇ ਆਪਣੇ ਬਾਊ ਜੀ ਨੂੰ ਵੀ ਦੱਸ ਦਿੱਤਾ ਬੀ. ਏ. ਕਰਨ ਉਪਰੰਤ ਸੁਰਿੰਦਰ ਨੂੰ ਕਰਤਾਰ ਸਿੰਘ ਨੇ ਮਿਊਂਸਪਲ ਕਮੇਟੀ ਵਿੱਚ ਆਪਣਾ ਅਸਰ-ਰਸੂਖ ਵਰਤ ਕੇ ਕਲਰਕ ਲਵਾ ਦਿੱਤਾ ਉਸ ਕੁੜੀ ਦੇ ਘਰ ਵਾਲਿਆਂ ਦੀ ਸਹਿਮਤੀ ਨਾਲ ਦੋਹਾਂ ਦਾ ਵਿਆਹ ਸਾਦਾ ਤੇ ਬਿਨਾ ਕਿਸੇ ਦਾਜ-ਦਹੇਜ ਦੇ ਕਰ ਦਿੱਤਾ ਕੁੜੀ ਵੀ ਕਿਸੇ ਸਕੂਲ ਵਿੱਚ ਪੜ੍ਹਾਉਣ ਲੱਗ ਪਈ ਹੁਣ ਕਰਤਾਰ ਸਿੰਘ ਨੂੰ ਆਪਣਾ ਘਰ ਤੇ ਪਰਿਵਾਰ ਪੂਰਾ ਹੋਇਆ ਲੱਗਦਾ ਉਸਦੀਆਂ ਸੱਧਰਾਂ ਨੂੰ ਬੂਰ ਜੋ ਪੈ ਗਿਆ ਸੀ ਪਰ ਉਸਦੀ ਸਿਹਤ ਹੌਲੀ-ਹੌਲੀ ਉਸ ਦਾ ਸਾਥ ਛੱਡ ਰਹੀ ਸੀ ਤੇ ਇੱਕ ਦਿਨ ਜਦ ਸੁਰਿੰਦਰ ਤੇ ਉਸ ਦੀ ਵਹੁਟੀ ਇਕੱਠੇ ਡਿਊਟੀ ਤੋਂ ਘਰ ਆਏ ਤਾਂ ਉਹਨਾਂ ਦੇ ਘਰ ਲੋਕਾਂ ਦੀ ਭੀੜ ਜਿਹੀ ਖੜ੍ਹੀ ਹੋਈ ਸੀ ਸੁਰਿੰਦਰ ਨੇ ਅੱਗੇ ਹੋ ਕੇ ਦੇਖਿਆ ਤਾਂ ਉਸਦੇ ਬਾਊ ਜੀ ਸਵਾਸ ਤਿਆਗ ਚੁੱਕੇ ਸਨ ਸੁਰਿੰਦਰ ਅੱਜ ਫਿਰ ਯਤੀਮ ਹੋ ਗਿਆ ਸੀ ਉਹ ਬਾਊ ਜੀ ਦੇ ਗਲ ਲੱਗ ਏਨਾ ਰੋਇਆ ਕਿ ਉੱਥੇ ਖੜ੍ਹੇ ਸਭ ਔਰਤਾਂ-ਮਰਦਾਂ ਦੀਆਂ ਅੱਖਾਂ ‘ਚੋਂ ਵੀ ਹੰਝੂ ਵਹਿ ਤੁਰੇ ਸੁਰਿੰਦਰ ਨੂੰ ਲੋਕਾਂ ਜ਼ਰਾ ਸੰਭਾਲਿਆ ਤਾਂ ਉੱਥੇ ਬੈਠਾ ਵਕੀਲ ਜਿਹੜਾ ਕਰਤਾਰ ਸਿੰਘ ਦੇ ਮਰਨ ਤੋਂ ਪਹਿਲਾਂ ਹੀ ਸ਼ਾਇਦ ਉੱਥੇ ਆ ਗਿਆ ਸੀ, ਸਭ ਦੇ ਸਾਹਮਣੇ ਕਰਤਾਰ ਸਿੰਘ ਦੀ ਵਸੀਅਤ ਪੜ੍ਹ ਕੇ ਸੁਣਾਉਣ ਲੱਗਾ, ‘ਮੈਂ ਕਰਤਾਰ ਸਿਘ ਆਪਣੇ ਸਭ ਹੋਸ਼-ਹਵਾਸ ਵਿੱਚ ਆਪਣੀ ਸਾਰੀ ਚੱਲ-ਅਚੱਲ ਜਾਇਦਾਦ ਬੇਟੇ ਸੁਰਿੰਦਰ ਸਿੰਘ ਨੇ ਨਾਂਅ ਕਰ ਦਿੱਤੀ ਹੈ ਮੇਰੀ ਮੌਤ ਉਪਰੰਤ ਸੁਰਿੰਦਰ ਸਿੰਘ ਹੀ ਮੇਰੀ ਸਭ ਜਾਇਦਾਦ ਦਾ ਮਾਲਕ ਹੋਵੇਗਾ’ ਸੁਣ ਸੁਰਿੰਦਰ ਸਿੰਘ ਫੇਰ ਧਾਹੀਂ ਰੋਣ ਲੱਗ ਪਿਆ ਸ਼ਾਮ ਹੋ ਚੁੱਕੀ ਸੀ ਆਂਢੀ-ਗੁਆਂਢੀ ਕਰਤਾਰ ਸਿੰਘ ਦੇ ਸਸਕਾਰ ਦੀ ਤਿਆਰੀ ਕਰਨ ਲਈ ਸੁਰਿੰਦਰ ਨਾਲ ਸਲਾਹ-ਮਸ਼ਵਰਾ ਕਰ ਸ਼ਮਸ਼ਾਨ ਵੱਲ ਹੋ ਤੁਰੇ…
ਕੁਲਵਿੰਦਰ ਵਿਰਕ,
ਕੋਟਕਪੂਰਾ(ਫਰੀਦਕੋਟ)
ਮੋ. 78146-54133